ਫਿਰੋਜਪੁਰ (ਏਜੰਸੀਆ )¸ਡੀ. ਆਰ. ਐੱਮ. ਫਿਰੋਜ਼ਪੁਰ ਅਤੇ ਸਟੇਸ਼ਨ ਸੁਪਰਡੈਂਟ ਹਰਿਦੁਆਰ ਦੇ ਨਾਂ 'ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਧਮਕੀ ਭਰਿਆ ਪੱਤਰ ਪਹੁੰਚਿਆ ਹੈ, ਜਿਸ ਵਿਚ ਦੇਸ਼ ਦੇ ਕਈ ਧਾਰਮਿਕ ਅਤੇ ਸਮਾਜਿਕ ਅਸਥਾਨ ਉਡਾਉਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਕਈ ਅਤਿ ਵਿਸ਼ੇਸ਼ ਲੋਕਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਅਫਜ਼ਲ ਗੁਰੂ ਅਤੇ ਕਸਾਬ ਨੂੰ ਫਾਂਸੀ ਦੇਣ ਦੇ ਬਦਲੇ 'ਚ ਇਹ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ 9 ਤੇ 10 ਮਈ ਨੂੰ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਕਰੀਮ ਅੰਸਾਰੀ ਨਾਮੀ ਵਿਅਕਤੀ ਨੇ 2 ਵੱਖ-ਵੱਖ ਪੱਤਰਾਂ ਵਿਚ ਅਫਜ਼ਲ ਗੁਰੂ ਅਤੇ ਕਸਾਬ ਨੂੰ ਫਾਂਸੀ ਦੇਣ 'ਤੇ ਰੋਸ ਜਤਾਇਆ ਹੈ। ਹਰਿਦੁਆਰ ਦੇ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ ਮਿਲੇ ਪੱਤਰ ਵਿਚ ਕਿਹਾ ਗਿਆ ਹੈ ਕਿ ਹਰਿ ਕੀ ਪੌੜੀ, ਭਾਰਤ ਮਾਤਾ ਮੰਦਰ, ਚੰਡੀ ਦੇਵੀ ਮੰਦਰ, ਯਮਨੋਤਰੀ ਮੰਦਰ, ਹਰਿਦੁਆਰ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਹੋਰਨਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਿਲਟਰੀ ਕੈਂਪਸ, ਏਅਰਪੋਰਟ, ਗੋਲਡਨ ਟੈਂਪਲ ਅੰਮ੍ਰਿਤਸਰ, ਦੁਰਗਿਆਣਾ ਮੰਦਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਧਾਰਮਿਕ ਅਸਥਾਨ, ਪਟਿਆਲਾ ਦਾ ਕਾਲੀ ਮਾਤਾ ਮੰਦਰ, ਦਮਦਮਾ ਸਾਹਿਬ ਬਠਿੰਡਾ ਨੂੰ 9 ਮਈ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਪੱਤਰ ਵਿਚ 10 ਮਈ ਨੂੰ ਫਿਰੋਜ਼ਪੁਰ ਕੈਂਟ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਅਟਾਰੀ, ਪਠਾਨਕੋਟ, ਜੰਮੂ ਚੱਕੀ ਬੈਂਕ, ਲੁਧਿਆਣਾ, ਜਲੰਧਰ, ਫਗਵਾੜਾ ਅਤੇ ਹੋਰ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਨਿਸ਼ਾਨਾ ਬਣਾਏ ਜਾਣਗੇ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ, ਆਸ਼ੂਤੋਸ਼ ਜੀ ਮਹਾਰਾਜ, ਬਾਬਾ ਰਾਮਦੇਵ, ਆਸਾ ਰਾਮ ਬਾਪੂ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਪੱਤਰਾਂ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ ਅਤੇ ਪੱਤਰ ਵਿਚ ਜੰਮੂ ਦਾ ਪਤਾ ਲਿਖ ਕੇ ਕਰੀਮ ਅੰਸਾਰੀ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਲਿਖਿਆ ਹੈ। ਪੱਤਰ ਵਿਚ ਅਫਜ਼ਲ ਅਤੇ ਕਸਾਬ ਦੀ ਮੌਤ ਦਾ ਬਦਲਾ ਜ਼ਰੂਰ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ।
ਇਨ੍ਹਾਂ ਦੋ ਵੱਖ-ਵੱਖ ਪੱਤਰਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਝ ਇਸ ਨਾਂ 'ਤੇ ਪਹਿਲਾਂ ਵੀ ਧਮਕੀ ਭਰੇ ਪੱਤਰ ਆ ਚੁੱਕੇ ਹਨ ਪਰ ਫੇਰ ਵੀ ਪੁਲਸ ਤੰਤਰ ਨੇ ਚੌਕਸੀ ਵਧਾ ਦਿੱਤੀ ਹੈ। ਉਕਤ ਸਾਰੀਆਂ ਥਾਵਾਂ 'ਤੇ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਪੁਲਸ ਦੀ ਤਾਇਨਾਤੀ ਵਧਾ  ਦਿੱਤੀ ਗਈ ਹੈ ਅਤੇ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਇਕ ਪੱਤਰ 22 ਅਪ੍ਰੈਲ ਨੂੰ  ਡੀ. ਆਰ. ਐੱਮ. ਫਿਰੋਜ਼ਪੁਰ ਦੇ ਨਾਂ ਆਇਆ ਸੀ, ਜਿਸ ਤੋਂ ਬਾਅਦ ਬਾਦਲਾਂ ਸਮੇਤ ਹੋਰਨਾਂ  ਦੀ  ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਦੂਸਰਾ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ਵਿਵਸਥਾ ਹੋਰ ਪੁਖਤਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।