ਪਟਿਆਲਾ, (ਪੀ ਟੀ ਆਈ )-ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਵੈਲਥ ਟੈਕਸ ਦੇ ਮਾਮਲੇ 'ਚ ਕਾਂਗਰਸ ਨੂੰ ਹਾਰਿਆ ਹੋਇਆ ਸਿਪਾਹੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਦਬਾਅ ਅੱਗੇ ਕੇਂਦਰ ਦੇ ਵਿੱਤ ਮੰਤਰੀ ਨੂੰ ਲੋਕ ਸਭਾ ਵਿਚ ਇਹ ਬਿਆਨ ਦੇ ਕੇ ਵੈਲਥ ਟੈਕਸ ਨੂੰ ਵਾਪਸ ਕਰਵਾਉਣਾ ਪਿਆ ਤੇ ਇਹ ਪੰਜਾਬ ਦੇ ਕਿਸਾਨਾਂ ਤੇ ਅਕਾਲੀ ਵਰਕਰਾਂ ਦੀ ਜਿੱਤ ਹੈ। ਪ੍ਰੋ. ਚੰਦੂਮਾਜਰਾ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਐੱਮ. ਡੀ. ਸਹਿਕਾਰਤਾ ਬੈਂਕ, ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸ. ਜੀ. ਪੀ. ਸੀ., ਹਰਮੀਤ ਸਿੰਘ ਪਠਾਣਮਾਜਰਾ ਪ੍ਰਧਾਨ ਯੂਥ ਅਕਾਲੀ ਦਲ, ਜਗਜੀਤ ਸਿੰਘ ਕੋਹਲੀ ਓ. ਐੱਸ. ਡੀ. ਪ੍ਰੋ. ਚੰਦੂਮਾਜਰਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ, ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰ ਸਿੰਘ ਚੱਢਾ, ਮੂਸਾ ਖਾਨ ਕੌਮੀ ਮੀਤ ਪ੍ਰਧਾਨ, ਜੋਗਿੰਦਰ ਸਿੰਘ ਛਾਂਗਾ ਅਤੇ ਹੋਰ ਵੀ ਨੇਤਾ ਮੌਜੂਦ ਸਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕ ਦਿੱਲੀ ਵਲੋਂ ਲਗਾਏ ਗਏ ਜਜ਼ੀਆ ਟੈਕਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਦੇ ਤੇ ਸਮੇਂ-ਸਮੇਂ 'ਤੇ ਪੰਜਾਬੀਆਂ ਨੇ ਜਜ਼ੀਆ ਟੈਕਸ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਤੇ ਅੱਜ ਵੀ ਪੰਜਾਬ ਦੇ ਬਹਾਦਰ ਲੋਕਾਂ ਤੇ ਅਕਾਲੀ ਵਰਕਰਾਂ ਦੇ ਕੀਤੇ ਐਲਾਨ ਮੁਤਾਬਕ ਕੇਂਦਰ ਦੀ ਸਰਕਾਰ ਨੂੰ ਝੁੱਕਣਾ ਪਿਆ ਹੈ, ਜਿਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸੀ ਕਦੇ ਵੀ ਪੰਜਾਬ ਦੇ ਨਾਲ ਨਹੀਂ ਹਨ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੂਝ-ਬੂਝ ਕਾਰਨ ਹੀ ਪੰਜਾਬ ਦੇ ਕਾਂਗਰਸੀ ਜ਼ੀਰੋ ਹੋ ਕੇ ਰਹਿ ਗਏ ਹਨ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਪੰਜਾਬ ਵਿਚ ਧਰਨਿਆਂ ਦਾ ਐਲਾਨ ਨਾ ਕਰਦਾ ਤੇ ਵਿਧਾਨ ਸਭਾ ਸੈਸ਼ਨ ਬੁਲਾਉੁਣ ਦੀ ਮੰਗ ਨਾ ਕਰਦਾ ਤਾਂ ਕਾਂਗਰਸ ਜਜ਼ੀਆ ਟੈਕਸ ਨੂੰ ਪੰਜਾਬ ਵਿਚ ਲਾਗੂ ਕਰਵਾ ਦਿੰਦੀ।  ਪ੍ਰੋ. ਚੰਦੂਮਾਜਰਾ ਨੇ ਅੱਜ 1984 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਲੀਨ ਚਿੱਟ ਮਿਲਣ ਦੇ ਮਾਮਲੇ ਨੂੰ ਬੇਹੱਦ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ, ਜਿਸਨੇ ਲੱਖਾਂ ਸਿੱਖਾਂ ਦੇ ਹਿਰਦੇ ਛੱਲਣੀ ਕਰ ਦਿੱਤੇ ਹਨ।