ਨਵੀਂ ਦਿੱਲੀ- 1984 ਦੇ ਸਿੱਖ ਵਿਰੋਧੀ ਦੰਗੇ ਨਾਲ ਜੁੜੇ ਇਕ ਮਾਮਲੇ 'ਚ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਤੋਂ ਹੈਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੱਜ 'ਤੇ ਮੰਗਲਵਾਰ ਨੂੰ ਜੁੱਤੀ ਸੁੱਟੀ। ਕੜਕੜਡੂਮਾ ਸਥਿਤ ਇਕ ਅਦਾਲਤ ਨੇ ਜਿਵੇਂ ਹੀ ਕਾਂਗਰਸ ਨੇਤਾ ਨੂੰ ਇਸ ਮਾਮਲੇ 'ਚ ਬਰੀ ਕੀਤੇ ਜਾਣ ਦਾ ਫੈਸਲਾ ਸੁਣਾਇਆ। ਅਦਾਲਤ ਦੇ ਕਮਰੇ 'ਚ ਮੌਜੂਦ ਕਰਨੈਲ ਨੇ ਜੱਜ 'ਤੇ ਜੁੱਤੀ ਸੁੱਟ ਦਿੱਤੀ। ਬਾਅਦ 'ਚ ਕਰਨੈਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਕਰਨੈਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਮੁਵਕਿਲ ਨੇ ਜੱਜ ਨੂੰ ਮਾਰਨ ਲਈ ਨਹੀਂ ਸਗੋਂ ਜੱਜ ਦੇ ਪ੍ਰਤੀ ਆਪਣਾ ਗੁੱਸਾ ਪ੍ਰਗਟ ਕਰਨ ਲਈ ਜੁੱਤੀ ਸੁੱਟੀ ਹੈ।
ਜ਼ਿਕਰਯੋਗ ਹੈ ਕਿ ਇਕ ਸੰਮੇਲਨ 'ਚ ਸਿੱਖ ਦੰਗਿਆਂ ਨਾਲ ਜੁੜੇ ਇਕ ਪ੍ਰਸ਼ਨ ਦੇ ਉੱਤਰ ਤੋਂ ਹੈਰਾਨ ਹੋ ਕੇ ਇਕ ਅਖਬਾਰ ਦੇ ਸੀਨੀਅਰ ਪੱਤਰਕਾਰ ਜਰਨੈਲ ਸਿੰਘ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ. ਚਿਦਾਂਬਰਮ 'ਤੇ ਜੁੱਤੀ ਸੁੱਟੀ ਸੀ। ਉਸ ਸਮੇਂ ਜਰਨੈਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ 'ਚ ਬਰੀ ਕਰ ਦਿੱਤਾ ਹੈ ਜਦੋਂ ਕਿ 5 ਹੋਰ ਨੂੰ ਦੋਸ਼ੀ ਕਰਾਰ ਦਿੱਤਾ ਹੈ।