www.sabblok.blogspot.com
ਇਹ ਤੱਥ ਇਕ ਵਾਰ ਨਹੀਂ ਵਾਰ-ਵਾਰ ਸਾਹਮਣੇ ਆਇਆ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਵੇਚਣ
ਦੇ ਮਾਮਲੇ 'ਚ ਵੱਡੀਆਂ ਬਹੁ-ਕੌਮੀ ਕੰਪਨੀਆਂ ਵਿਕਾਸਸ਼ੀਲ ਦੇਸ਼ਾਂ ਦੇ ਬਾਜ਼ਾਰਾਂ 'ਚ ਘੁਸਣ
ਲਈ ਤਾਂ ਹਰ ਹਥਕੰਡਾ ਵਰਤਦੀਆਂ ਹਨ, ਪਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਵਿਕਾਸਸ਼ੀਲ
ਦੇਸ਼ਾਂ ਦੇ ਆਪਣੇ ਗ੍ਰਾਹਕਾਂ ਨੂੰ ਪ੍ਰਵਾਣਿਤ ਮਿਆਰਾਂ ਅਨੁਸਾਰ ਵਸਤਾਂ ਨਹੀਂ ਵੇਚਦੀਆਂ।
ਪ੍ਰਵਾਣਿਤ ਮਿਆਰਾਂ ਤੋਂ ਹੇਠਾਂ ਉਤਪਾਦ ਵੇਚਣ 'ਚ ਇਨ੍ਹਾਂ ਬਹੁ-ਕੌਮੀ ਕੰਪਨੀਆਂ ਨੂੰ
ਮੁਨਾਫਾ ਹੋਰ ਵਧਾਉਣ 'ਚ ਸਫ਼ਲਤਾ ਮਿਲਦੀ ਹੈ, ਪਰ ਗ੍ਰਾਹਕਾਂ ਦੀ ਸਿਹਤ ਨੂੰ ਨੁਕਸਾਨ
ਪਹੁੰਚਾਉਣ ਦੀ ਕੀਮਤ 'ਤੇ ਹੀ। ਇਸ ਦੇ ਨਾਲ ਹੀ ਇਹ ਕੰਪਨੀਆਂ ਵਿਕਾਸਸ਼ੀਲ ਦੇਸ਼ਾਂ ਦੇ
ਵਾਤਾਵਰਣ ਦੀ ਸੰਭਾਲ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਉਂਦੀਆਂ ਹਨ। ਇਸ ਮਾਮਲੇ 'ਚ
ਸਾਫਟਡ੍ਰਿੰਕਸ (ਕੋਕਾ ਕੋਲਾ, ਪੈਪਸੀ ਆਦਿ) ਬਣਾਉਣ ਵਾਲੀਆਂ ਬਹੁ-ਕੌਮੀ ਕੰਪਨੀਆਂ ਦੀ
ਕਾਰਗੁਜ਼ਾਰੀ ਸਰਕਾਰ ਨੂੰ ਵੀ ਕਟਹਿਰੇ 'ਚ ਖੜ੍ਹਾ ਕਰਨ ਵਾਲੀ ਹੈ। ਕਈ ਸਾਲ ਪਹਿਲਾਂ ਸਾਇੰਸ
ਐਂਡ ਇਨਵਾਇਰਮੈਂਟ ਫਾਊਂਡੇਸ਼ਨ ਨੇ ਇਹ ਤੱਥ ਸਾਹਮਣੇ ਲਿਆਂਦਾ ਸੀ ਕਿ ਭਾਰਤ 'ਚ ਜੋ ਠੰਢੇ
(ਕੋਕਾ ਕੋਲਾ, ਪੈਪਸੀ ਆਦਿ) ਵੇਚੇ ਜਾ ਰਹੇ ਹਨ, ਉਨ੍ਹਾਂ 'ਚ ਕੀੜੇਮਾਰ ਦਵਾਈ ਦੀ ਮਾਤਰਾ
ਪ੍ਰਵਾਣਿਤ ਮਿਆਰ ਤੋਂ ਕਿਤੇ ਜ਼ਿਆਦਾ ਹੈ। ਹਾਲਾਂਕਿ ਇਹ ਤੱਥ ਸਾਹਮਣੇ ਆਉਣ ਬਾਅਦ ਭਾਰਤੀ
ਲੋਕਾਂ ਨੇ ਕੁਝ ਦੇਰ ਲਈ ਇਨ੍ਹਾਂ ਠੰਢਿਆਂ ਦੀ ਵਰਤੋਂ ਘਟਾਈ, ਪਰ ਸਾਫਟਡ੍ਰਿੰਕਸ ਦੀ 10
ਹਜ਼ਾਰ ਕਰੋੜ ਰੁਪਏ ਦੀ ਮੰਡੀ 'ਤੇ ਪੂਰਾ ਕਬਜ਼ਾ ਰੱਖਦੀਆਂ ਇਹ ਦੋਨੋਂ ਕੰਪਨੀਆਂ ਆਪਣਾ
ਕਾਰੋਬਾਰ ਚਲਾਈ ਰੱਖਣ 'ਚ ਕਾਮਯਾਬ ਰਹੀਆਂ ਅਤੇ ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਦੀ ਛਹਿਬਰ
ਲਗਾਤਾਰ ਚੱਲਦੀ ਰਹੀ।
ਹੁਣ ਅਮਰੀਕੀ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ਼ ਡਾਇਆਬੀਟੀਜ਼, ਡਾਇਜੇਸਟਿਵ ਐਂਡ ਕਿਡਨੀ
ਡਿਸੀਸ ਨੇ ਜੋ ਰਿਪੋਰਟ ਜਾਰੀ ਕੀਤੀ ਹੈ, ਉਹ ਠੰਢਿਆਂ ਦੇ ਮਾਰੂ ਅਸਰ ਬਾਰੇ ਹੈਰਾਨ ਕਰਨ
ਵਾਲੀ ਹੈ। ਇਸ ਅਦਾਰੇ ਅਨੁਸਾਰ ਦੁਨੀਆ 'ਚ 1 ਲੱਖ 80 ਹਜ਼ਾਰ ਲੋਕ ਸਾਲਾਨਾ ਸਾਫਟਡ੍ਰਿੰਕਸ
ਦੀ ਜ਼ਿਆਦਾ ਵਰਤੋਂ ਕਰਨ ਕਰਕੇ ਜਾਨ ਗੁਆ ਰਹੇ ਹਨ। ਅਦਾਰੇ ਦੇ ਡਾਇਰੈਕਟਰ ਦਾ ਕਹਿਣਾ ਹੈ
ਕਿ ਵੱਖ-ਵੱਖ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਾਰੇ ਖੋਜ
ਕਰਨ ਬਾਅਦ ਇਹ ਨਤੀਜੇ ਸਾਹਮਣੇ ਆਏ ਹਨ। ਦੱਸਿਆ ਗਿਆ ਹੈ ਕਿ ਮਿੱਠਾ ਕਰਨ ਵਾਲੇ ਬਣਾਉਟੀ
ਤੱਤ ਠੰਢਿਆਂ ਦੀ ਆਦਤ ਪੱਕੀ ਕਰਦੇ ਹਨ। ਇਸ ਵਿਚਲਾ ਫਾਸਫੋਰਿਕ ਏਸਿਡ ਪਥਰੀ ਪੈਦਾ ਕਰਨ ਦਾ
ਖ਼ਤਰਾ ਖੜ੍ਹਾ ਕਰਦਾ ਹੈ। ਕੈਰਾਮਲ ਕਲਰ ਇਕ ਬੋਤਲ 'ਚ 30 ਮਾਈਕ੍ਰੋਗ੍ਰਾਮ ਵੀ ਕੈਂਸਰ ਪੈਦਾ
ਕਰ ਸਕਦਾ ਹੈ, ਜਦ ਕਿ ਇਹ 140 ਮਾਈਕ੍ਰੋਗ੍ਰਾਮ ਤੱਕ ਪਾਇਆ ਗਿਆ ਹੈ। ਫੂਡ ਡਾਇਜ਼
ਇਕਾਗਰਤਾ ਭੰਗ ਕਰਨ ਵਾਲਾ ਸਾਬਤ ਹੁੰਦਾ ਹੈ। ਕੰਨਸੰਨਟ੍ਰੇਟਿਡ ਸ਼ੂਗਰ (ਹਾਈਫ੍ਰਕਟੋਜ਼
ਡਾਰਨ ਸੀਰਪ) ਬੋਤਲ 'ਚ ਅੱਠ ਚੱਮਚ ਤੱਕ ਹੁੰਦੀ ਹੈ, ਜਿਹੜੀ ਕਲੈਸਟਰੋਲ ਵਧਾਉਂਦੀ ਹੈ ਤੇ
ਡਾਇਆਬਿਟੀਜ਼ ਟਾਇਪ-2 ਦਾ ਵੀ ਨਤੀਜਾ ਕੱਢ ਸਕਦੀ ਹੈ। ਇਸ ਤੋਂ ਇਲਾਵਾ ਠੰਢੇ 'ਚ ਇਸਪਾਰਟੇਮ
ਹੁੰਦਾ ਹੈ, ਜੋ ਮਨੁੱਖੀ ਸਰੀਰ 'ਚ ਮਿਥੇਨੋ ਬਣਾਉਂਦਾ ਹੈ, ਜੋ ਕੈਂਸਰ ਲਈ ਜ਼ਿੰਮੇਵਾਰ ਹੋ
ਸਕਦਾ ਹੈ। ਇਸ ਰਿਪੋਰਟ ਨੇ ਅਮਰੀਕਾ ਦੀ ਹੀ ਇਕ ਪ੍ਰਸਿੱਧ ਸੰਸਥਾਇੰਸਟੀਚਿਊਟ ਫਾਰ ਹੈਲਥ
ਐਟਰਿਕਸ'' ਦੇ ਵਿਸ਼ਵ ਦੀਆਂ ਬਿਮਾਰੀਆਂ ਬਾਰੇ 2010 ਦੇ ਅਧਿਐਨ ਦੀ ਪੁਸ਼ਟੀ ਕੀਤੀ ਹੈ,
ਜਿਸ 'ਚ ਕਿਹਾ ਗਿਆ ਸੀ ਕਿ ਭਾਰਤ 'ਚ 2010 'ਚ 95 ਹਜ਼ਾਰ 427 ਲੋਕਾਂ ਦੀ ਮੌਤ ਦੀ ਇਕ
ਮੁੱਖ ਵਜ੍ਹਾ ਸਾਫਟਡ੍ਰਿੰਕਸ ਦੀ ਵਰਤੋਂ ਹੈ। ਇਸ ਤੋਂ ਇਲਾਵਾ ਜੋ ਭਾਰਤੀ ਬਿਮਾਰ ਹੋਏ ਜਾਂ
ਬਿਮਾਰੀ ਦੀ ਕਗਾਰ 'ਤੇ ਪਹੁੰਚੇ ਉਨ੍ਹਾਂ ਦੀ ਗਿਣਤੀ ਵੱਖਰੀ ਹੈ ਅਤੇ ਬਿਮਾਰੀਆਂ ਦਾ ਖਰਚਾ
ਝੱਲਦਿਆਂ ਜਿਨ੍ਹਾਂ ਭਾਰਤੀਆਂ ਦਾ ਕਚੂਮਰ ਨਿਕਲਿਆ, ਉਨ੍ਹਾਂ ਦੀ ਗਿਣਤੀ ਦਾ ਕੁਝ ਪਤਾ ਹੀ
ਨਹੀਂ। ਇਸ ਗਿਣਤੀ ਦਾ ਪਤਾ ਕਰਨਾ ਸਰਕਾਰ ਦਾ ਹੀ ਕੰਮ ਹੈ। ਭਾਰਤ 'ਚ ਵਿਕਦੇ ਠੰਢਿਆਂ ਦੀ
ਅਸਲੀਅਤ ਲੋਕਾਂ ਸਾਹਮਣੇ ਲਿਆਉਣ ਲਈ ਸਰਕਾਰ ਨੂੰ ਭਰੋਸੇਯੋਗ ਜਾਂਚ ਕਰਵਾਉਣੀ ਚਾਹੀਦੀ ਹੈ
ਤਾਂ ਕਿ ਭਾਰਤੀ ਲੋਕਾਂ ਨੂੰ ਠੰਢਿਆਂ ਬਾਰੇ ਦਰੁਸਤ ਤਸਵੀਰ ਮਿਲ ਸਕੇ।
No comments:
Post a Comment