www.sabblok.blogspot.com
ਤੇਰੇ ਸਾਹਾਂ ਵਿੱਚ ਮੇਰੇ ਪ੍ਰਾਣ ਵੇ,
ਜੋੜੀਆਂ ਜੱਗ ਥੋੜੀਆਂ,
ਬਣਾਇਆ ਰੱਬ ਤੇਰਾ ਮੇਰਾ ਹਾਣ ਵੇ,
28
ਅਪ੍ਰੈਲ - ਸੁਪ੍ਰੀਤ ਦੀ ਮੰਗਣੀ ਜਦੋਂ ਬਾਹਰੋਂ ਆਏ ਮੁੰਡੇ ਨਾਲ ਹੋਈ ਤਾਂ ਸੁਪ੍ਰੀਤ ਬੜੀ
ਖੁਸ਼ ਸੀ ਕਿ ਉਸਦੇ ਸੁਪਨੇ ਸੱਚ ਹੋ ਰਹੇ ਹਨ। ਉਹ ਵੀ ਇੱਕ ਦਿਨ ਬਾਹਰ ਚਲੀ ਜਾਵੇਗੀ ਅਤੇ
ਖੁੱਲੀ ਫਿਜ਼ਾ ਵਿੱਚ ਉਡਾਰੀਆਂ ਲਾਏਗੀ। ਕਈ ਵਾਰ ਇਹ ਸੋਚ ਕੇ ਸੁਪ੍ਰੀਤ ਹੋਰ ਵੀ ਖੁਸ਼ੀ
ਮਹਿਸੂਸ ਕਰਦੀ ਕਿ ਜੋ ਕੁਝ ਉਹ ਇੱਥੇ ਰਹਿ ਕੇ ਨਹੀਂ ਕਰ ਸਕਦੀ ਉਹ ਬਾਹਰ ਜਾ ਕੇ ਜਰੂਰ
ਕਰੇਗੀ। ਉਹ ਚਾਹੁੰਦੀ ਸੀ ਬਾਹਰਲੇ ਖੁੱਲੇ ਡੁੱਲੇ ਮਾਹੌਲ ਵਿੱਚ ਉਹ ਆਪਣੀ ਕਲਾ ਨੂੰ ਆਪਣੇ
ਅੰਦਰਲੇ ਕਲਾਕਾਰ ਨੂੰ ਹੋਰ ਵੀ ਨਿਖਾਰੇਗੀ। ਜੋ ਔਕੜਾਂ ਜਾਂ ਬੰਦਸ਼ਾਂ ਸਮਾਜ ਇੱਥੇ ਲਗਾਉਂਦਾ
ਹੈ ਉਹ ਸਭ ਤੋਂ ਮੁਕਤ ਹੋ ਕੇ ਅੱਗੇ ਵਧੇਗੀ। ਕਿਉਂਕਿ ਸੁਪ੍ਰੀਤ ਨੂੰ ਲਿਖਣ ਦਾ ਸ਼ੌਂਕ ਸੀ
ਤੇ ਉਸਦੇ ਘਰ ਵਾਲੇ ਇਸ ਗੱਲੋਂ ਬਹੁਤੇ ਖੁਸ਼ ਨਹੀਂ ਸਨ ਕਿ ਸੁਪ੍ਰੀਤ ਕੁਝ ਲਿਖੇ ਤੇ ਉਸਦੀ
ਫੋਟੋ ਕਿਸੇ ਅਖਬਾਰ ਜਾ ਰਸਾਲੇ ਵਿੱਚ ਛਪੇ। ਇਸੇ ਕਰਕੇ ਸੁਪ੍ਰੀਤ ਨੇ ਆਪਣੀਆਂ ਰਚਨਾਵਾਂ
ਅਖਬਾਰਾਂ ਨੂੰ ਭੇਜਣੀਆਂ ਬੰਦ ਕਰ ਦਿੱਤੀਆਂ। ਇਸੇ ਕਾਰਨ ਹੀ ਸੁਪ੍ਰੀਤ ਨੇ ਬਾਹਰ ਜਾਣ ਦਾ
ਮਨ ਬਣਾ ਲਿਆ। ਉਹ ਬੈਠੀ ਬੈਠੀ ਕਈ ਵਾਰ ਸੁਪਨਿਆਂ ਵਿੱਚ ਗੁਆਚ ਜਾਂਦੀ ਤਾਂ ਉਸਦੀਆਂ
ਸਹੇਲੀਆਂ ਉਸ ਨੂੰ ਆ ਹਲੂਣਦੀਆਂ ਤਾਂ ਜਾ ਕੇ ਉਹ ਹਕੀਕਤ ਵਿੱਚ ਮੁੜਦੀ। ਕਾਲਜ ਦੀ ਪੜਾਈ ਵੀ
ਉਸਦੀ ਅਜੇ ਪੂਰੀ ਨਹੀਂ ਸੀ ਹੋਈ, ਜਦੋਂ ਉਸਦੇ ਸਹੁਰਿਆਂ ਨੇ ਵਿਆਹ ਦੀ ਮੰਗ ਕਰਨੀ ਸ਼ੁਰੂ
ਕਰ ਦਿੱਤੀ। ਸੁਪ੍ਰੀਤ ਆਪਣੀ ਐਮ ਏ ਫਾਈਨਲ ਦੀ ਪੜਾਈ ਵੀ ਪੂਰੀ ਨਾ ਕਰ ਸਕੀ ਸੀ ਕਿ ਉਸਦਾ
ਵਿਆਹ ਧਰ ਦਿੱਤਾ ਗਿਆ। ਬੇਸ਼ੱਕ ਸੁਪ੍ਰੀਤ ਨੂੰ ਆਪਣੀ ਪੜਾਈ ਪੂਰੀ ਨਾ ਕਰ ਸਕਣ ਦਾ ਦੁੱਖ
ਸੀ। ਪਰ ਫਿਰ ਵੀ ਉਸਨੂੰ ਬਾਹਰ ਜਾਣ ਦੀ ਜਿਆਦਾ ਖੁਸ਼ੀ ਸੀ ਜਿਸ ਕਰਕੇ ਉਹ ਆਪਣੀ ਪੜਾਈ ਦੇ
ਗਮ ਨੂੰ ਜਿਵੇਂ ਭੁੱਲ ਹੀ ਗਈ ਸੀ। ਉਸਨੂੰ ਸਿਰਫ਼ ਇੱਕੋ ਹੀ ਦੁੱਖ ਸੀ ਕਿ ਇਸ ਸਾਲ ਉਹ ਆਪਣੇ
ਕਾਲਜ ਦਾ ਮੈਗਜ਼ੀਨ ਤਿਆਰ ਨਹੀਂ ਸੀ ਕਰਵਾ ਸਕਦੀ । ਜੋ ਕਿ ਉਸਦਾ ਪਹਿਲਾ ਸ਼ੌਂਕ ਹੁੰਦਾ ਸੀ।
ਉਹ ਕਾਲਜ ਦੀ ਜਿੱਥੇ ਇੱਕ ਵਧੀਆ ਲੇਖਿਕਾ ਤੇ ਸ਼ਾਇਰਾ ਸੀ ਅਤੇ ਉੱਥੇ ਇੱਕ ਵਧੀਆ ਬੁਲਾਰੀ
ਵੀ ਸੀ। ਇਸ ਕਰਕੇ ਉਸਦੇ ਕਾਲਜ ਵਾਲੇ ਵੀ ਉਸਦੀ ਕਮੀ ਮਹਿਸੂਸ ਕਰਦੇ ਸਨ। ਪਰ ਫਿਰ ਵੀ
ਸੁਪ੍ਰੀਤ ਨੇ ਆਪਣੇ ਕਾਲਜ ਦੇ ਮੈਗਜ਼ੀਨ ਲਈ ਇੱਕ ਰਚਨਾ ਲਿਖ ਕੇ ਭੇਜ ਹੀ ਦਿੱਤੀ ਸੀ । ਜੋ
ਕਾਲਜ ਵੱਲੋਂ ਬੜੇ ਮਾਣ ਨਾਲ ਛਾਪੀ ਗਈ ਸੀ ਅਤੇ ਇੱਕ ਚਿੱਠੀ ਜੋ ਸੁਪ੍ਰੀਤ ਦੇ ਨਾਂ ਕਾਲਜ
ਵੱਲੋਂ ਆਈ ਸੀ ਉਸ ਵਿੱਚ ਇਹ ਬੜਾ ਗੂੜਾ ਕਰਕੇ ਲਿਖਿਆ ਗਿਆ ਸੀ ਕਿ ਸੁਪ੍ਰੀਤ ਬਾਹਰ ਜਾ ਕੇ
ਵੀ ਆਪਣੀ ਬੋਲੀ ਆਪਣੀ ਲਿਖਣ ਕਲਾ ਨੂੰ ਮਰਨ ਨਾ ਦੇਵੀਂ ਤੇਰੇ ਵਿੱਚੋਂ ਅੰਮ੍ਰਿਤਾ ਪ੍ਰੀਤਮ,
ਅਜੀਤ ਕੌਰ ਵਰਗੀ ਕੋਈ ਪੰਜਾਬੀ ਦੀ ਮਹਾਨ ਲੇਖਿਕਾ ਨਜ਼ਰ ਆਉਂਦੀ ਹੈ। ਸੁਪ੍ਰੀਤ ਨੇ ਇਸਦਾ
ਜਵਾਬ ਤਾਂ ਕੋਈ ਨਾ ਦਿੱਤਾ ਪਰ ਅੰਦਰੋ ਅੰਦਰੀ ਇਹ ਜ਼ਰੂਰ ਸੋਚ ਰਹੀ ਸੀ ਕਿ ਮੈਂ ਮਰਦੇ ਦਮ
ਤੱਕ ਲਿਖਦੀ ਰਹਾਂਗੀ ਅਤੇ ਮਾਂ ਬੋਲੀ ਪੰਜਾਬੀ ਦਾ ਕਰਜ਼ਾ ਲਾਹੁੰਦੀ ਰਹਾਂਗੀ। ਸਮਾਂ ਬੀਤਦਾ
ਗਿਆ ਤੇ ਸੁਪ੍ਰੀਤ ਵਿਆਹ ਤੋਂ ਬਾਅਦ ਜਲਦ ਹੀ ਪੈਰਿਸ ਆ ਗਈ । ਉਹ ਨਵੀਂ ਦੁਨੀਆਂ ਵਿੱਚ ਆ
ਕੇ ਬੜੀ ਖੁਸ਼ ਸੀ। ਉਸਦਾ ਘਰਵਾਲਾ ਰਣਜੀਤ ਕਦੇ ਉਸਨੂੰ ਡਿਜ਼ਨੀ ਲੈਂਡ ਵਿਖਾਉਣ ਲੈ ਜਾਂਦਾ
ਅਤੇ ਆਖਦਾ ਸੁਪ੍ਰੀਤ ਦੇਖ ਇਹ ਦੁਨੀਆਂ ਦੀ ਆਪਣੀ ਕਿਸਮ ਦੀ ਇੱਕੋ ਇੱਕ ਆਨੰਦ ਲੈਣ ਵਾਲੀ
ਜਗਾ੍ਹ ਹੈ। ਜਿੱਥੇ ਤੁਸੀਂ ਸਾਰਾ ਦਿਨ ਬੜੇ ਆਰਾਮ ਕੱਟ ਸਕਦੇ ਹੋ ਪਰ ਫਿਰ ਵੀ ਇਸ ਨੂੰ
ਘੁੰਮ ਕੇ ਦੇਖ ਨਹੀਂ ਸਕਦੇ, ਪਰ ਨਾਲ ਹੀ ਸਾਰਾ ਦਿਨ ਘੁੰਮ ਘੁੰਮ ਕੇ ਥੱਕਦੇ ਵੀ ਨਹੀਂ ਹੋ।
ਸੁਪ੍ਰੀਤ ਡਿਜ਼ਨੀ ਲੈਂਡ ਦੇ ਪੰਘੂੜਿਆਂ ਵਿੱਚ ਬਹਿ ਕੇ ਜਿੱਥੇ ਆਨੰਦ ਮਾਣਦੀ ਰਹੀ ਸੀ ਉੱਥੇ
ਬਹੁਤ ਉਚਾਈ ਵਾਲੇ ਪੰਘੂੜਿਆਂ ਤੋਂ ਡਰਦੀ ਵੀ ਸੀ ਤੇ ਆਖਦੀ ਸੀ ਜੀ, ਤੁਸੀਂ ਤਾਂ ਡਰਦੇ
ਨਹੀਂ, ਮੇਰੀ ਤਾਂ ਜਾਨ ਨਿਕਲਦੀ ਜਾਂਦੀ ਇਨ੍ਹਾਂ ਨੂੰ ਦੇਖ ਕੇ ਹੀ ਤੇ ਚੜਾਂਗੀ ਕਿਸ ਤਰਾਂ ?
ਰਣਜੀਤ ਉਸਨੂੰ ਹੌਂਸਲਾ ਦਿੰਦੇ ਹੋਏ ਆਖਦਾ ਇਹ ਇੰਡੀਆ ਨਹੀਂ ਇਹ ਫਰਾਂਸ ਆ ਮੇਰੀਏ ਜਾਨੇ!
ਇੱਥੇ ਹਰ ਚੀਜ਼ ਬਣਾਉਂਦੇ ਸਮੇਂ ਹਰ ਤਰ੍ਹਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਂਦਾ।
ਉਹ ਇਸੇ ਤਰ੍ਹਾਂ ਹੀ ਮਸਤੀ ਕਰਦੇ ਤੇ ਘੁੰਮਦੇ ਫਿਰਦੇ ਡਿਜ਼ਨੀਲੈਂਡ ਘੁੰਮਦੇ ਰਹੇ ਅਤੇ
ਉਨ੍ਹਾਂ ਦਾ ਦਿਨ ਬਹੁਤ ਵਧੀਆ ਬੀਤਿਆ। ਇਸੇ ਤਰ੍ਹਾਂ ਜਦੋਂ ਰਣਜੀਤ ਨੇ ਸੁਪ੍ਰੀਤ ਨੂੰ ਆਈਫਲ
ਟਾਵਰ ਦਿਖਾਇਆ ਤਾਂ ਉਹ ਸੁਪ੍ਰੀਤ ਨੂੰ ਉਸਦੇ ਉੱਪਰ ਲੈ ਗਿਆ। ਉੱਥੇ ਜਾ ਕੇ ਰਣਜੀਤ ਨੇ
ਇੱਕ ਬੀਅਰ ਦਾ ਗਲਾਸ ਲੈ ਲਿਆ ਤੇ ਲੱਗਾ ਘੁੱਟ ਭਰਨ, ਪਰ ਸੁਪ੍ਰੀਤ ਆਈਫਲ ਟਾਵਰ ਨੂੰ ਬੜੀ
ਸੰਜੀਦਗੀ ਨਾਲ ਦੇਖ ਰਹੀ ਸੀ। ਉਹ ਆਈਫ਼ਲ ਟਾਵਰ ਬਾਰੇ ਹੋਰ ਜਾਨਣ ਲਈ ਇੱਕ ਛੋਟੀ ਜਿਹੀ
ਕਿਤਾਬ ਲੈਣ ਲੱਗੀ ਤਾਂ ਰਣਜੀਤ ਬੋਲਿਆ ਇਸ ਵਿੱਚੋਂ ਕੀ ਲੱਭਣਾ ਤੈਨੂੰ? ਜਿਸ ਨਾਲ ਸੁਪ੍ਰੀਤ
ਨੂੰ ਝਟਕਾ ਜਿਹਾ ਲੱਗਾ ਪਰ ਉਸਨੇ ਜ਼ਾਹਰ ਨਾ ਹੋਣ ਦਿੱਤਾ ਤੇ ਕਿਤਾਬ ਲੈ ਹੀ ਲਈ ਤੇ ਪੜਨ
ਲੱਗੀ ਕਿ ਕਦੋਂ ਤੇ ਕਿਸ ਨੇ ਇਸ ਵਿਸ਼ਾਲ ਟਾਵਰ ਨੂੰ ਬਣਾਇਆ। ਜਦੋਂ ਉਸਨੇ ਰਣਜੀਤ ਨੂੰ
ਦੱਸਣਾ ਚਾਹਿਆ ਕਿ ਇਸ ਟਾਵਰ ਦਾ ਇਤਿਹਾਸ ਕੀ ਹੈ? ਤਾਂ ਰਣਜੀਤ ਨੇ ਕਿਹਾ ਸੁਪ੍ਰੀਤ ਮੈਨੂੰ
ਇਹ ਸੋਹਣਾ ਲੱਗਦਾ, ਜਗਾ੍ਹ ਸੋਹਣੀ ਆ, ਰੌਣਕ ਸ਼ੌਣਕ ਆ ਬੱਸ! ਯਾਰਾਂ ਨੂੰ ਕੋਈ ਮਤਲਬ ਨੀ
ਕਿਸ ਨੇ ਬਣਾਇਆ ਤੇ ਕਿਉਂ ਬਣਾਇਆ, ਕਾਹਦੇ ਲਈ ਬਣਾਇਆ? ਉਸਦਾ ਜਵਾਬ ਬੜਾ ਰੁੱਖਾ ਜਿਹਾ ਸੀ।
ਜਦੋਂ ਕਦੇ ਰਣਜੀਤ ਸੁਪ੍ਰੀਤ ਨੂੰ ਪੈਰਿਸ ਦੀਆਂ ਸੜਕਾ ਤੇ ਸੈਰ ਕਰਵਾਉਂਦਾ ਤਾਂ ਵੀ ਉਹ
ਉਨ੍ਹਾਂ ਸੜਕਾਂ ਦੀ ਰੌਣਕ ਜਾਂ ਚਮਕ ਦਮਕ ਨੂੰ ਹੀ ਮੁੱਖ ਰੱਖਦਾ। ਉਹ ਸੁਪ੍ਰੀਤ ਨੂੰ ਆਖਦਾ
ਵੀ, ਕਿ ਇਨ੍ਹਾਂ ਸੜਕਾਂ ਤੇ ਕਿੰਨੀ ਚਹਿਲ ਪਹਿਲ ਹੈ, ਲੋਕ ਕਿੰਨੇ ਸੋਹਣੇ ਲੱਗਦੇ ਹਨ ਤੁਰੇ
ਫਿਰਦੇ। ਜਵਾਬ ਵਿੱਚ ਸੁਪ੍ਰੀਤ ਉਸਨੂੰ ਆਖਦੀ ਕਿ ਹਾਂ ਲੋਕ ਵੀ ਸੋਹਣੇ ਹਨ ਤੇ ਸੜਕਾਂ ਵੀ
ਸਾਫ਼ ਸੁਥਰੀਆਂ ਤੇ ਖੁੱਲੀਆਂ ਡੁੱਲੀਆਂ। ਸੱਚ ਹੀ ਕਿਸੇ ਕਵਿਤਾ ਦੇ ਵਿਸ਼ਾਲ ਹਿਰਦੇ ਵਾਂਗ ਇਹ
ਸੜਕਾਂ ਵੀ ਕਈ ਕਹਾਣੀਆਂ ਨੂੰ ਆਪਣੇ ਵਿੱਚ ਸਮੋਈ ਬੈਠੀਆਂ ਹਨ। ਉਹ ਦੋ ਸੋਹਣੇ ਜਵਾਨ ਜੋੜੇ
ਸਾਡੇ ਵਾਂਗ ਪਿਆਰ ਦੀਆਂ ਤੰਦਾਂ ਵਿੱਚ ਬੱਝੇ ਪਏ ਹਨ, ਕਾਸ਼ ਕੋਈ ਉਨ੍ਹਾਂ ਨੂੰ ਆਪਣੇ
ਸ਼ਬਦਾਂ ਵਿੱਚ ਪਰੋ ਕੇ ਕਿਸੇ ਸੋਹਣੀ ਰਚਨਾ ਨੂੰ ਉਜਾਗਰ ਕਰੇ ਤਾਂ ਕਿ ਇੱਕ ਸਦੀਵੀ ਲੋਕ ਗੀਤ
ਬਣ ਜਾਵੇ। ਤੂੰ ਆਹ ਕੀ ਲੈ ਕੇ ਬਹਿਗੀ, ਐਂਵੇ ਮੂਡ ਆਫ਼ ਨਾ ਕਰ ਯਾਰ। ਮੈਂ ਘੜੀ ਘੁੰਮਣ
ਫਿਰਨ ਲਈ ਆਇਆ ਹਾਂ, ਤੂੰ ਹੋਰ ਈ ਗੱਲਾਂ ਵਿੱਚ ਉਲਝ ਗਈ। ਕੋਈ ਹੋਰ ਗੱਲ ਕਰ! ਰਣਜੀਤ ਨੇ
ਸੁਪ੍ਰੀਤ ਨੂੰ ਝਾੜ ਕੇ ਰੱਖ ਦਿੱਤਾ। ਸੁਪ੍ਰੀਤ ਨੂੰ ਇੱਕ ਵਾਰ ਫਿਰ ਝੱਟਕਾ ਜਿਹਾ ਲੱਗਾ ਪਰ
ਉਸਨੇ ਮਹਿਸੂਸ ਨਾ ਹੋਣ ਦਿੱਤਾ। ਜਿਸ ਤਰ੍ਹਾਂ ਦੀਆਂ ਰਣਜੀਤ ਨੂੰ ਗੱਲਾਂ ਪਸੰਦ ਸਨ ਉਹ
ਉਸੇ ਤਰਾਂ ਦੀਆਂ ਕਰਨ ਲੱਗ ਪਈ ਪਰ ਦਿਲੋਂ ਉਹ ਬੜੀ ਮਾਯੂਸ ਜਿਹੀ ਹੋ ਗਈ। ਉਹ ਘੁੰਮਦੇ
ਘਮਾਉਂਦੇ ਘਰ ਆ ਗਏ। ਰੋਟੀ ਬਾਹਰੋਂ ਹੀ ਖਾਧੀ ਹੋਣ ਕਰਕੇ ਉਹ ਆਉਂਦਿਆਂ ਹੀ ਬੈੱਡ ਰੂਮ
ਵਿੱਚ ਸਾਉਣ ਲਈ ਜਾ ਵੜੇ। ਰਣਜੀਤ ਤਾਂ ਜਲਦੀ ਹੀ ਸੌਂ ਗਿਆ ਪਰ ਸੁਪ੍ਰੀਤ ਨੂੰ ਨੀਂਦ ਨਹੀਂ ਆ
ਰਹੀ ਸੀ। ਉਹ ਇਹੀ ਸੋਚੀ ਜਾਂਦੀ ਸੀ ਕਿ ਮੈਂ ਕਿਸ ਤਰ੍ਹਾਂ ਰਣਜੀਤ ਨੂੰ ਸਮਝਾਵਾਂ ਕਿ
ਪੜਨਾ ਲਿਖਣਾ ਵੀ ਜ਼ਰੂਰੀ ਹੈ। ਚੰਗਾ ਤੇ ਵਧੀਆ ਸਾਹਿਤ ਪੜਨ ਨਾਲ ਜਿੱਥੇ ਦਿਮਾਗ ਦਾ ਵਿਕਾਸ
ਹੁੰਦਾ ਹੈ। ਉੱਥੇ ਰੂਹ ਨੂੰ ਵੀ ਸ਼ਾਂਤੀ ਮਿਲਦੀ ਹੈ। ਜਿਸ ਨਾਲ ਇਨਸਾਨ ਦਾ ਮਨ ਟਿਕਾਅ ਵਿੱਚ
ਰਹਿੰਦਾ ਹੈ ਅਤੇ ਇਨਸਾਨ ਬਹੁਤ ਸਾਰੀਆਂ ਮਾੜੀਆਂ ਆਦਤਾਂ ਤੋਂ ਬਚਿਆ ਰਹਿੰਦਾ ਹੈ। ਇਨ੍ਹਾਂ
ਸੋਚਾਂ ਵਿੱਚ ਸੁਪ੍ਰੀਤ ਨੂੰ ਦੇਰ ਰਾਤ ਕਿਤੇ ਜਾ ਕੇ ਨੀਂਦ ਆਈ। ਕੁਝ ਮਹੀਨੇ ਲੰਘਦੇ
ਲੰਘਦੇ ਸਾਲ ਬੀਤ ਗਿਆ। ਇਸ ਸਮੇਂ ਦੌਰਾਨ ਸੁਪ੍ਰੀਤ ਨੇ ਕਦੇ ਵੀ ਪੈੱਨ ਫੜ ਕੇ ਨਹੀਂ ਸੀ
ਦੇਖਿਆ। ਉਹ ਘਰ ਦੇ ਹੋਰ ਕੰਮਾਂ ਵਿੱਚ ਹੀ ਰੁੱਝੀ ਰਹਿੰਦੀ। ਸਮਾਂ ਬੀਤਣ ਦੇ ਨਾਲ ਨਾਲ
ਸੁਪ੍ਰੀਤ ਨੂੰ ਆਪਣਾ ਅਤੀਤ ਚੇਤੇ ਆਉਣ ਲੱਗ ਪਿਆ ਸੀ, ਤੇ ਹੁਣ ਸੁਪ੍ਰੀਤ ਦਾ ਧਿਆਨ ਕਦੇ
ਕਦੇ ਆਪਣੇ ਕਾਲਜ ਵੱਲ ਮੁੜ ਜਾਂਦਾ ਸੀ ਜਾਂ ਉਸਨੂੰ ਆਪਣੀਆਂ ਸਹੇਲੀਆਂ ਯਾਦ ਆਉਣ ਲੱਗਦੀਆਂ
ਸਨ। ਸੁਪ੍ਰੀਤ ਨੂੰ ਆਪਣੇ ਕਾਲਜ ਵਿੱਚ ਬਿਤਾਏ ਪਲ ਕਦੇ ਕਦੇ ਕੁਝ ਸੋਚਣ 'ਤੇ ਮਜਬੂਰ ਕਰ
ਦਿੰਦੇ ਸਨ। ਉਸਨੂੰ ਕਾਲਜ ਤੋਂ ਆਈ ਚਿੱਠੀ ਵਾਰ ਵਾਰ ਚੇਤੇ ਆAੁਂਦੀ ਤੇ ਉਹ ਕਈ ਵਾਰ ਬੈਚੇਨ
ਹੋ ਉੱਠਦੀ। ਪਰ ਕਦੇ ਵੀ ਉਸਨੇ ਰਣਜੀਤ ਨਾਲ ਇਹ ਗੱਲ ਸਾਂਝੀ ਨਾ ਕੀਤੀ। ਉਹ ਪਹਿਲਾਂ ਵਾਂਗ
ਹੁਣ ਰੁੱਝੀ ਰੁੱਝੀ ਨਾ ਰਹਿੰਦੀ ਕਿਉਂਕਿ ਉਸਦੀ ਰੂਹ ਕੁਝ ਹੋਰ ਵੀ ਕਰਨਾ ਲੋਚਦੀ ਸੀ। ਜਿਸ
ਕਰਕੇ ਉਸਦਾ ਸਮਾਂ ਬੀਤਦਾ ਨਹੀਂ ਸੀ। ਉਹ ਕੁਝ ਨਾ ਕੁਝ ਲਿਖਣਾ ਚਾਹੁੰਦੀ ਪਰ ਆਪਣੇ ਘਰ
ਵਾਲੇ ਨੂੰ ਪਹਿਲਾਂ ਦੱਸਣਾ ਚਾਹੁੰਦੀ ਸੀ ਕਿ ਉਹ ਲਿਖਣ ਦਾ ਸ਼ੌਂਕ ਰੱਖਦੀ ਹੈ। ਪਰ ਇਸ
ਗੱਲੋਂ ਉਹ ਡਰਦੀ ਸੀ ਕਿ ਰਣਜੀਤ ਕਿਤੇ ਇਸ ਦਾ ਗੁੱਸਾ ਹੀ ਨਾ ਮਨਾ ਜਾਏ। ਕਿਉਂਕਿ ਉਹ ਇਹ
ਮਹਿਸੂਸ ਕਰ ਚੁੱਕੀ ਸੀ ਕਿ ਰਣਜੀਤ ਦਾ ਰੁਝਾਨ ਸਾਹਿਤ ਵਾਲੇ ਪਾਸੇ ਨੂੰ ਨਹੀਂ ਸੀ। ਇਸੇ
ਕਰਕੇ ਸੁਪ੍ਰੀਤ ਆਪਣੇ ਲਿਖਣ ਦੇ ਸ਼ੌਂਕ ਕਰਕੇ ਆਪਣੀ ਵਿਆਹੁਤਾ ਜਿੰæਦਗੀ ਨੂੰ ਵੀ ਖਰਾਬ
ਨਹੀਂ ਸੀ ਕਰਨਾ ਚਾਹੁੰਦੀ। ਇਸ ਕਰਕੇ ਸੁਪ੍ਰੀਤ ਨੇ ਇਸੇ ਖਿੱਚੋ ਤਾਣ ਵਿੱਚ ਹੀ ਦੋ ਸਾਲ ਦਾ
ਸਮਾ ਲੰਘਾ ਦਿੱਤਾ। ਇਸ ਸਮੇਂ ਵਿੱਚ ਉਹ ਕੁਝ ਵੀ ਲਿਖ ਨਾ ਸਕੀ ਪਰ ਕਈ ਮਜਮੂਨ ਉਸਦੇ
ਦਿਮਾਗ ਵਿੱਚ ਘੁੰਮਦੇ ਰਹਿੰਦੇ ਅਤੇ ਅੰਦਰੋ ਅੰਦਰੀ ਹੀ ਦਮ ਤੋੜ ਜਾਂਦੇ। ਇਨ੍ਹਾਂ ਬਹੁਤ
ਸਾਰਿਆਂ ਦੀਆਂ ਆਹਾਂ ਕਈ ਵਾਰ ਸੁਪ੍ਰੀਤ ਨੂੰ ਰਾਤ ਵੇਲੇ ਸੌਣ ਵੀ ਨਾ ਦਿੰਦੀਆਂ ਤਾਂ
ਸੁਪ੍ਰੀਤ ਬੈਚੇਨ ਜਿਹੀ ਹੋ ਜਾਂਦੀ। ਅੰਤ ਨੂੰ ਇੱਕ ਦਿਨ ਸੁਪ੍ਰੀਤ ਨੇ ਕਲਮ ਚੁੱਕ ਹੀ ਲਈ
ਅਤੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਵੈਸੇ ਤਾਂ ਸੁਪ੍ਰੀਤ ਕਹਾਣੀ ਵੀ ਬਹੁਤ ਸੋਹਣੀ ਲਿਖਦੀ
ਸੀ ਪਰ ਸ਼ੁਰੂਆਤ ਉਸਨੇ ਕਵਿਤਾ ਤੋਂ ਹੀ ਕੀਤੀ। ਕਿਉਂਕਿ ਸੁਪ੍ਰੀਤ ਅਨੁਸਾਰ ਕਵਿਤਾ ਜ਼ਿਆਦਾ
ਕੋਮਲ ਤੇ ਸਹਿਜ ਹੁੰਦੀ ਹੈ ਇਸ ਨਾਲ ਦਿਲ ਨੂੰ ਹਲਕਾ ਕਰਨਾ ਜਾਂ ਆਪਣੇ ਦਿਲ ਦੇ ਭਾਵਾਂ ਨੂੰ
ਬਿਆਨ ਬਹੁਤ ਸਰਲ ਤੇ ਆਸਾਨ ਹੁੰਦਾ ਹੈ। ਉਸ ਨੇ ਆਪਣੀ ਚੁੱਕੀ ਹੋਈ ਕਲਮ ਨੂੰ ਫਿਰ ਸਾਹ ਨਾ
ਲੈਣ ਦਿੱਤਾ ਅਤੇ ਲਿਖਣ ਲਈ ਕਦੇ ਨਾ ਕਦੇ ਵਕਤ ਕੱਢ ਹੀ ਲੈਂਦੀ। ਪਹਿਲਾਂ ਵਾਂਗ ਉਹ ਰਣਜੀਤ
ਨਾਲ ਕਈ ਵਾਰ ਸਾਹਿਤ ਤੇ ਕੋਈ ਗੱਲ ਕਰਨਾ ਚਾਹੁੰਦੀ ਤਾਂ ਉਹ ਗੱਲ ਨੂੰ ਹੋਰ ਪਾਸੇ ਪਾ
ਦਿੰਦਾ। ਜਿਸ ਤੋਂ ਸੁਪ੍ਰੀਤ ਉਦਾਸ ਤਾਂ ਹੋ ਜਾਂਦੀ, ਪਰ ਨਾ ਤਾਂ ਉਸਨੇ ਹੌਂਸਲਾ ਛੱਡਿਆ
ਅਤੇ ਨਾ ਹੀ ਰਣਜੀਤ ਨੂੰ ਇਹ ਅਹਿਸਾਸ ਹੋਣ ਦਿੱਤਾ ਕਿ ਮੈਂ ਲਿਖਦੀ ਹਾਂ। ਉਸਦੀ ਡਾਇਰੀ
ਵਿੱਚ ਜਿੱਥੇ ਬਹੁਤ ਸਾਰੀਆਂ ਕਵਿਤਾਵਾਂ ਸਨ, ਉੱਥੇ ਬਹੁਤ ਸਾਰੀਆਂ ਕਹਾਣੀਆਂ ਤੇ ਲੇਖ ਵੀ
ਸਨ। ਉਹ ਆਪਣੀਆਂ ਇਨ੍ਹਾਂ ਰਚਨਾਵਾਂ ਨੂੰ ਦਿਨ ਵੇਲੇ 'ਕੱਲੀ ਬੈਠ ਕੇ ਪੜਿਆ ਵੀ ਕਰਦੀ ਸੀ
ਅਤੇ ਕਈ ਵਾਰ ਪੜਦੀ ਪੜਦੀ ਸੋਚਾਂ ਵਿੱਚ ਵੀ ਡੁੱਬ ਜਾਂਦੀ ਸੀ ਕਿ ਪਹਿਲਾਂ ਉਸਦੇ ਪੇਕੇ ਘਰ
ਵਾਲੇ ਉਸਦਾ ਲਿਖਣਾ ਪਸੰਦ ਨਹੀਂ ਸੀ ਕਰਦੇ, ਜਿਸ ਕਰਕੇ ਉਹ ਘਰਦਿਆਂ ਤੋਂ ਚੋਰੀਂ ਲਿਖ ਕੇ
ਕਾਲਜ ਦੇ ਮੈਗਜ਼ੀਨ ਵਿੱਚ ਛਾਪਦੀ ਸੀ। ਤੇ ਸੋਚਿਆ ਕਰਦੀ ਸੀ ਜਦੋਂ ਮੈਂ ਬਾਹਰ ਚਲੀ ਗਈ ਤਾਂ
ਬਾਹਰ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਲਿਖਾਂਗੀ ਤੇ ਦੱਸਾਂਗੀ ਕਿ ਮੇਰੀ ਕਲਾ ਇੱਥੇ ਦਮ
ਤੋੜ ਰਹੀ ਸੀ ਤੇ ਮੈਂ ਬਾਹਰ ਆ ਕੇ ਆਪਣੀ ਕਲਾ ਨੂੰ ਬਚਾ ਲਿਆ। ਪਰ ਉਸਦੀ ਸੋਚ ਕਿਸੇ ਇੱਕ
ਸਿੱਟੇ 'ਤੇ ਨਾ ਪਹੁੰਚ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਕਿ ਕੀ ਮੈਂ ਆਪਣੀ ਕਲਾ ਨੂੰ
ਹੋਰ ਵੀ ਜਿਆਦਾ ਕੈਦ ਕਰ ਲਿਆ ਹੈ ਜਾਂ ਮੈਂ ਆਪਣੀ ਕਲਾ ਨੂੰ ਬਚਾ ਸਕਣ ਵਿੱਚ ਕਾਮਯਾਬ ਹੋ
ਜਾਵਾਂਗੀ। ਇਸੇ ਦਵੰਦ ਯੁੱਧ ਵਿੱਚ ਹੀ ਉਹ ਕਈ ਵਾਰ ਕੁਝ ਵੀ ਲਿਖ ਨਾ ਸਕਦੀ ਤੇ ਬੈਚੇਨ ਹੋ
ਜਾਂਦੀ। ਸੁਪ੍ਰੀਤ ਦੇ ਹੁਣ ਬੱਚੇ ਵੀ ਹੋ ਗਏ ਸਨ ਤੇ ਉਸਦੇ ਰੁਝੇਵੇਂ ਹੋਰ ਵੱਧ ਗਏ ਪਰ ਉਹ
ਲਿਖਣ ਦਾ ਸਮਾਂ ਕੱਢ ਹੀ ਲੈਂਦੀ ਤੇ ਆਪਣੀ ਰੂਹ ਨੂੰ ਸ਼ਾਂਤ ਕਰ ਲੈਂਦੀ। ਬੱਚਿਆਂ ਨੂੰ ਦੇਖ
ਦੇਖ ਕੇ ਉਹ ਬੱਚਿਆਂ ਤੇ ਵੀ ਕੁਝ ਨਾ ਕੁਝ ਲਿਖ ਲੈਂਦੀ ਤੇ ਵਾਰ ਵਾਰ ਬੱਚਿਆਂ ਦੇ ਸਾਹਮਣੇ
ਪੜਨ ਬੈਠ ਜਾਂਦੀ। ਜਿਵੇਂ ਬੱਚੇ ਨਾ ਹੋਣ ਉਸਦੇ ਸਰੋਤੇ ਹੋਣ ਤੇ ਬੱਚੇ ਉਸਨੂੰ ਪੜਦੀ ਦੇਖ
ਕੇ ਜਦੋਂ ਤਾੜੀਆਂ ਮਾਰਦੇ ਤਾਂ ਸੁਪ੍ਰੀਤ ਹੋਰ ਵੀ ਜਿਆਦਾ ਖੁਸ਼ ਹੁੰਦੀ ਕਿ ਉਸਦੇ ਸਰੋਤੇ
ਉਸਨੂੰ ਦੇਖ ਖੁਸ਼ ਹੋ ਰਹੇ ਹਨ ਤੇ ਖੁਸ਼ੀ ਵਿੱਚ ਤਾੜੀਆਂ ਮਾਰਦੇ ਹਨ। ਪਰ ਸੁਪ੍ਰੀਤ ਦੇ ਘਰ
ਵਾਲਾ ਰਣਜੀਤ ਇਸ ਗੱਲੋਂ ਅਨਜਾਣ ਸੀ। ਸੁਪ੍ਰੀਤ ਨੇ ਕਈ ਵਾਰ ਗੁਰਦਵਾਰਾ ਸਾਹਿਬ ਦੀ
ਲਾਇਬ੍ਰੇਰੀ ਤੋਂ ਵੀ ਕਿਤਾਬਾਂ ਘਰ ਲਿਆਂਦੀਆਂ ਸਨ ਕਿ ਸ਼ਇਦ ਇਹ ਪੜ ਕੇ ਰਣਜੀਤ ਦਾ ਧਿਆਨ
ਕੁਝ ਬਦਲ ਜਾਵੇ ਪਰ ਉਹ ਭਲਾ ਪੁਰਸ਼ ਪੜਨਾ ਲਿਖਣਾ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਛੱਡ ਆਇਆ
ਸੀ। ਉਸ ਤੋਂ ਬਾਅਦ ਸ਼ਾਇਦ ਹੀ ਕਦੇ ਉਸਨੇ ਕੋਈ ਕਿਤਾਬ ਦਾ ਮੂੰਹ ਦੇਖਿਆ ਹੋਵੇ। ਭਾਂਵੇ ਉਹ
ਬਾਰਾਂ ਪੜਿਆ ਸੀ ਪਰ ਸਾਹਿਤ ਪੱਖੋਂ ਜ਼ੀਰੋ ਹੀ ਆਖ ਸਕਦੇ ਹਾਂ। ਇੱਕ ਦਿਨ ਸੁਪ੍ਰੀਤ ਨੇ
ਆਪਣੇ ਮਨ ਨਾਲ ਇੱਕ ਫੈਸਲਾ ਕੀਤਾ ਕਿ ਮੈਂ ਕਦੋਂ ਤੱਕ ਇਸ ਤਰ੍ਹਾਂ ਲੁਕ ਲੁਕ ਲਿਖਦੀ
ਰਹਾਂਗੀ । ਕਿਉਂਨਾ ਰਣਜੀਤ ਨੂੰ ਇਸ ਬਾਰੇ ਦੱਸ ਦਿਆਂ। ਸ਼ਾਇਦ ਰਣਜੀਤ ਇਹ ਦੇਖ ਕੇ ਖੁਸ਼ ਹੋ
ਜਾਵੇ ਜਿਸਦੀ ਉਸਨੂੰ ਬਹੁਤੀ ਆਸ ਤਾਂ ਨਹੀਂ ਸੀ ਪਰ ਫਿਰਵੀ ਸੁਪ੍ਰੀਤ ਇੱਕ ਵਾਰ ਉਸਨੂੰ
ਦੱਸਣਾ ਤਾਂ ਚਾਹੁੰਦੀ ਸੀ। ਉਹ ਇਹ ਵੀ ਸੋਚਦੀ ਜੇ ਰਣਜੀਤ ਨਾ ਵੀ ਖੁਸ਼ ਹੋਇਆ ਤਾਂ ਮੈਂ
ਮਿੰਨਤਾਂ ਤਰਲੇ ਕਰਕੇ ਮਨਾ ਲਵਾਂਗੀ। ਰਣਜੀਤ ਐਡਾ ਵੀ ਕਠੋਰ ਦਿਲ ਨੀ ਹੈਗਾ ਜੋ ਮੇਰੀ ਖੁਸ਼ੀ
ਲਈ ਮੈਨੂੰ ਇਤਨੀ ਵੀ ਛੋਟ ਨਾ ਦੇ ਸਕੇ ਕਿ ਮੈਂ ਪੰਜਾਬੀ ਬੋਲੀ ਲਈ ਕੁਝ ਨਾ ਕਰ ਸਕਾਂ।
ਆਖਰਕਾਰ ਉਸਦੀ ਵੀ ਤਾਂ 'ਮਾਂ ਬੋਲੀ' ਹੈ। ਉਸਨੇ ਇਸ ਤਰ੍ਹਾਂ ਦੇ ਕਈ ਖਿਆਲਾਂ ਨਾਲ ਆਪਣੇ
ਆਪ ਨੂੰ ਇਸ ਲਈ ਤਿਆਰ ਕਰ ਲਿਆ ਕਿ ਅੱਜ ਰਣਜੀਤ ਦਾ ਵਧੀਆ ਮੂਡ ਦੇਖ ਕੇ ਉਸਨੂੰ ਆਪਣੀ
ਡਾਇਰੀ ਦਿਖਾ ਹੀ ਦੇਵਾਂਗੀ। ਬਾਕੀ ਉਸਨੇ ਰੱਬ ਤੇ ਛੱਡ ਦਿੱਤਾ ਤੇ ਆਪਣੇ ਕੰਮ ਲੱਗ ਗਈ।
ਜਦੋਂ ਸ਼ਾਮ ਨੂੰ ਰਣਜੀਤ ਕੰਮ ਤੋਂ ਘਰ ਆਇਆ ਤਾਂ ਦੇਖਣ ਨੂੰ ਉਹ ਖੁਸ਼ ਲੱਗਦਾ ਸੀ ਤੇ
ਸੁਪ੍ਰੀਤ ਨੇ ਉਸਨੂੰ ਨਹਾ ਆਉਣ ਲਈ ਕਿਹਾ ਤੇ ਆਪ ਉਸ ਲਈ ਚਾਹ ਬਣਾਉਣ ਲੱਗ ਪਈ। ਜਦੋਂ
ਰਣਜੀਤ ਨਹਾ ਕੇ ਬਾਹਰ ਆਇਆ ਤਾਂ ਸੁਪ੍ਰੀਤ ਨੇ ਪੁੱਛਿਆ ਕਿ ਕਿਸ ਤਰ੍ਹਾਂ ਰਿਹਾ ਅੱਜ ਦਾ
ਦਿਨ, ਅਸਲ ਵਿੱਚ ਉਹ ਰਣਜੀਤ ਦੇ ਸਾਰੇ ਦਿਨ ਦੇ ਕੰਮ ਕਾਰ ਤੋਂ ਉਸਦੇ ਮੂਡ ਦਾ ਅੰਦਾਜ਼ਾ
ਲਗਾਉਣਾ ਚਾਹੁੰਦੀ ਸੀ। ਹਾਂ ਬਹੁਤ ਵਧੀਆ ਰਿਹਾ ਅੱਜ ਦਾ ਦਿਨ, ਤੂੰ ਦੱਸ ਕਿਵੇਂ ਏ। ਰਣਜੀਤ
ਨੇ ਇੱਕੋ ਟੱਕ ਜਵਾਬ ਦੇ ਕੇ ਤੇ ਸਵਾਲ ਕਰ ਦਿੱਤਾ। ਬੱਸ ਬਹੁਤ ਵਧੀਆ ਜੀ। ਸੁਪ੍ਰੀਤ ਨੇ
ਬੱਸ ਇੰਨਾ ਹੀ ਜਵਾਬ ਦਿੱਤਾ। ਬੱਚਿਆਂ ਨੂੰ ਨਾ ਦੇਖ ਕੇ ਰਣਜੀਤ ਨੇ ਅਸਚਰਜ ਜਿਹਾ ਹੋ ਕੇ
ਪੁੱਛਿਆ ਬੱਚੇ ਕੀ ਕਰਦੇ ਨੇ ਬੜੀ ਸ਼ਾਂਤੀ ਆ ਅੱਜ ਘਰ ਵਿੱਚ? ਅੱਜ ਠੰਡ ਹੋਣ ਕਰਕੇ ਜਲਦੀ
ਸੌਂ ਗਏ ਨੇ ਸੁਪ੍ਰੀਤ ਨੇ ਜਵਾਬ ਦਿੱਤਾ ਸੁਪ੍ਰੀਤ ਨੇ ਦੇਖਿਆ ਰਣਜੀਤ ਨਾਲ ਗੱਲ ਕਰ ਲੈਣੀ
ਚਾਹੀਦੀ ਹੈ ਤਾਂ ਉਹ ਝਿਜਕਦੀ ਹੋਈ ਬੋਲੀ ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨਾ
ਚਾਹੁੰਦੀ ਹਾਂ। ਗੁੱਸੇ ਤਾਂ ਨਹੀਂ ਹੋਵੋਗੇ ਜੇ ਚੰਗੀ ਨਾ ਲੱਗੀ ਤਾਂ। ਤੇਰੀ ਐਸੀ ਕਿਹੜੀ
ਗੱਲ ਜੋ ਮੈਨੂੰ ਚੰਗੀ ਨਾ ਲੱਗੇ, ਤੂੰ ਕਰ ਤੇ ਸਹੀ ਆਪਾਂ ਕਿਹੜੇ ਤੇਰੇ ਤੋਂ ਭੱਜੇ ਹੋਏ
ਆਂ। ਰਣਜੀਤ ਨੇ ਇੰਨ੍ਹਾਂ ਆਖ ਕੇ ਸੁਪ੍ਰੀਤ ਦਾ ਹੌਂਸਲਾ ਹੋਰ ਵਧਾ ਦਿੱਤਾ ਤੇ ਉਹ ਭੱਜ ਕੇ
ਅੰਦਰ ਗਈ ਤੇ ਹੱਥ ਵਿੱਚ ਇੱਕ ਕਾਲੇ ਰੰਗ ਦੀ ਡਾਇਰੀ ਲੈ ਕੇ ਹਨੇਰੀ ਵਾਂਗ ਮੁੜ ਆਈ। ਰਣਜੀਤ
ਹੈਰਾਨ ਜਿਹਾ ਹੋ ਕੇ ਸੁਪ੍ਰੀਤ ਵੱਲ ਦੇਖ ਰਿਹਾ ਸੀ ਕਿ ਸੁਪ੍ਰੀਤ ਕਿਹੜੀ ਗੱਲ ਕਰਨੀ
ਚਾਹੁੰਦੀ ਹੈ। ਕੀ ਹੋਵੇਗਾ ਇਸ ਡਾਇਰੀ ਵਿੱਚ ਜੋ ਦਿਖਾਉਣਾ ਚਾਹੁੰਦੀ ਹੈ। ਸੁਪ੍ਰੀਤ ਨੇ
ਆਉਂਦੇ ਹੀ ਕਿਹਾ
ਤੂੰ ਮੇਰਾ ਮੈਂ ਤੇਰੀ ਜਾਨ ਵੇ,ਤੇਰੇ ਸਾਹਾਂ ਵਿੱਚ ਮੇਰੇ ਪ੍ਰਾਣ ਵੇ,
ਜੋੜੀਆਂ ਜੱਗ ਥੋੜੀਆਂ,
ਬਣਾਇਆ ਰੱਬ ਤੇਰਾ ਮੇਰਾ ਹਾਣ ਵੇ,
ਰਣਜੀਤ ਨੇ ਸੁਪ੍ਰੀਤ ਨੂੰ ਕਿਹਾ ਕੀ ਬੁਝਾਰਤਾਂ ਜਿਹੀ ਆਂਪਾ ਰਹੀ ਏਂ। ਮੇਰੇ ਕੁਝ ਨੀ ਸਮਝ
ਵਿੱਚ ਆਉਂਦਾ ਗੱਲ ਸਿੱਧੀ ਸਾਦੀ ਦੱਸ ਕੀ ਕਹਿਣਾ ਚਾਹੁੰਨੀ ਏਂ। ਰਣਜੀਤ ਥੋੜਾ ਜਿਹਾ
ਗੁੱਸੇ ਹੋ ਗਿਆ ਲੱਗਦਾ ਸੀ। ਸੁਪ੍ਰੀਤ ਨੇ ਰੱਬ ਰੱਬ ਕਰਕੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ
ਲਿਖਣ ਦਾ ਸ਼ੌਂਕ ਹੈ ਤੇ ਮੈਂ ਕਦੇ ਕਦੇ ਕੁਝ ਨਾ ਕੁਝ ਲਿਖ ਲੈਂਦੀ ਹਾਂ। ਮੈਨੂੰ ਇਹ ਚੰਗਾ
ਨਹੀਂ ਲੱਗਦਾ ਕਿ ਮੈਂ ਤੁਹਾਡੇ ਤੋਂ ਚੋਰੀ ਲਿਖਾਂ। ਮੈਂ ਜੋ ਵੀ ਲਿਖਿਆ ਹੈ ਉਹ ਸਭ ਇਸ
ਡਾਇਰੀ ਵਿੱਚ ਹੈ। ਪਲੀਜ਼ ਮੈਨੂੰ ਗੁੱਸੇ ਨਾ ਹੋਣਾ ਮੈਂ ਲਿਖੇ ਬਗੈਰ ਰਹਿ ਨਹੀਂ ਸਕਦੀ।
ਰਣਜੀਤ ਉਪਰਾ ਜਿਹਾ ਦੇਖ ਕੇ ਕਹਿਣ ਲੱਗਾ ਬੱਸ ਇਹੀ ਕਮੀ ਸੀ ਸਾਡੇ ਟੱਬਰ ਵਿੱਚ, ਚਲੋ ਉਹ
ਤੂੰ ਪੂਰੀ ਕਰ ਦਿੱਤੀ। ਸੁਪ੍ਰੀਤ ਤੈਨੂੰ ਪਤਾ ਲੋਕ ਕੀ ਕਹਿਣਗੇ? ਅਖੇ ਫਲਾਣੇ ਦੇ ਘਰਵਾਲੀ
ਅਖਬਾਰਾਂ ਵਿੱਚ ਲਿਖਦੀ ਆ। ਐਨੀ ਮੇਰੀ ਜਾਣ ਪਹਿਚਾਣ ਆ ਏਥੇ ਤੇ ਤੂੰ ਲਿਖਣ ਬਾਰੇ ਆਖਦੀ ਪਈ
ਏਂ। ਜੇ ਤੁਹਾਨੂੰ ਨਹੀਂ ਪਸੰਦ ਹਨ ਤਾਂ ਮੈਂ ਅੱਗੇ ਤੋਂ ਨਹੀਂ ਲਿਖਾਂਗੀ। ਸੁਪ੍ਰੀਤ
ਇੰਨ੍ਹਾਂ ਹੀ ਮਸਾਂ ਆਖ ਸਕੀ ਤੇ ਉਸਦਾ ਰੋਣਾ ਨਿੱਕਲ ਗਿਆ। ਨਹੀਂ ਨਹੀਂ ਮੇਰਾ ਇਹ ਮਤਲਬ ਨੀ
ਸੁਪ੍ਰੀਤ ਕਿ ਤੂੰ ਲਿਖ ਨਾ, ਪਰ ਤੂੰ ਤਾਂ ਜਾਣਦੀ ਏ ਆਪਣੇ ਸਮਾਜ ਨੂੰ ਕਿ…………ਰਣਜੀਤ ਨੇ
ਗੱਲ ਨੂੰ ਵਿਚੇ ਹੀ ਅਧੂਰਾ ਜਿਹਾ ਛੱਡ ਦਿੱਤਾ। ਸੁਪ੍ਰੀਤ ਨੇ ਕਿਹਾ ਤੁਸੀਂ ਇੱਕ ਵਾਰ ਪੜੋ
ਤੇ ਸਹੀਂ ਤੇ ਦੱਸੋ ਕਿਸ ਤਰ੍ਹਾਂ ਦੀਆਂ ਲੱਗਦੀਆਂ ਮੇਰੀਆਂ ਰਚਨਾਵਾਂ। ਜੇ ਕੁਝ ਗਲਤ ਲੱਗਾ
ਜਾਂ ਤੁਹਾਨੂੰ ਚੰਗਾ ਨਾ ਲੱਗਾ ਤਾਂ ਮੈਂ ਹੁਣੇ ਤੁਹਾਡੇ ਸਾਹਮਣੇ ਪਾੜ ਦਵਾਂਗੀ। ਸੁਪ੍ਰੀਤ
ਕਿਸੇ ਵੀ ਹਾਲਤ ਵਿੱਚ ਰਣਜੀਤ ਦਾ ਦਿਲ ਜਿੱਤਣਾ ਚਾਹੁੰਦੀ ਸੀ ਤਾਂ ਕਿ ਉਹ ਹੋਰ ਵੀ ਜਿਆਦਾ
ਲਿਖ ਸਕੇ। ਚੱਲ ਠੀਕ ਆ ਇੱਥੇ ਰੱਖ ਦੇ ਮੈਂ ਦੇਖ ਲੈਂਦਾ ਹਾਂ ਕਿ ਕੀ ਲਿਖਿਆ ਤੂੰ, ਰਣਜੀਤ
ਨੇ ਸੁਪ੍ਰੀਤ ਨੂੰ ਇੰਨ੍ਹਾਂ ਆਖ ਕੇ ਰੋਟੀ ਬਣਾਉਣ ਦਾ ਆਖ ਦਿੱਤਾ। ਸੁਪ੍ਰੀਤ ਨੂੰ ਥੋੜਾ
ਜਿਹਾ ਹੌਂਸਲਾ ਜਿਹਾ ਮਿਲ ਗਿਆ ਤੇ ਉਹ ਰਸੋਈ ਵਿੱਚ ਆਪਣੇ ਕੰਮ ਵਿੱਚ ਜਾ ਰੁੱਝੀ। ਉਨ੍ਹਾਂ
ਨੇ ਰੋਟੀ ਖਾਂਧੀ ਪਰ ਰੋਟੀ ਖਾਂਦਿਆਂ ਵੀ ਨਾ ਸੁਪ੍ਰੀਤ ਨੇ ਅਤੇ ਨਾ ਹੀ ਰਣਜੀਤ ਨੇ ਕੋਈ
ਗੱਲ ਕੀਤੀ। ਸੁਪ੍ਰੀਤ ਅੰਦਰੋਂ ਚਾਹੁੰਦੀ ਸੀ ਕਿ ਰਣਜੀਤ ਕੋਈ ਗੱਲ ਛੇੜੇ ਪਰ ਰਣਜੀਤ ਨੇ
ਕੋਈ ਵੀ ਗੱਲ ਨਾ ਛੇੜੀ। ਸੁਪ੍ਰੀਤ ਇਹ ਨਹੀਂ ਸੀ ਜਾਣਦੀ ਕਿ ਰਣਜੀਤ ਨੇ ਉਸਦੀ ਡਾਇਰੀ ਪੜੀ
ਹੈ ਜਾਂ ਨਹੀਂ। ਰਾਤ ਵੀ ਉਸਨੇ ਪਾਸੇ ਲੈਂਦਿਆਂ ਹੀ ਗੁਜ਼ਾਰ ਦਿੱਤੀ, ਪਰ ਰਣਜੀਤ ਨੂੰ ਕੋਈ
ਸਵਾਲ ਨਾ ਕੀਤਾ। ਦੂਜੇ ਦਿਨ ਸਵੇਰ ਨੂੰ ਰਣਜੀਤ ਰੋਜ਼ ਦੀ ਤਰ੍ਹਾਂ ਕੰਮ 'ਤੇ ਚਲਾ ਗਿਆ।
ਸੁਪ੍ਰੀਤ ਨੇ ਦੇਖਿਆ ਕਿ ਉਸਦੀ ਡਾਇਰੀ ਕਿਤੇ ਨਜ਼ਰ ਨਹੀਂ ਆ ਰਹੀ। ਉਹ ਇੱਧਰ ਉੱਧਰ ਭਾਲਣ
ਲੱਗੀ ਤੇ ਡਾਇਰੀ ਕਿਤੇ ਵੀ ਉਸਦੇ ਨਜ਼ਰੀਂ ਨਾ ਪਈ। ਸੁਪ੍ਰੀਤ ਸੋਚਣ ਲੱਗੀ ਰਣਜੀਤ ਆਪਣੇ ਨਾਲ
ਕੰਮ ਤੇ ਲੈ ਗਿਆ ਹੋਵੇਗਾ ਤਾਂ ਜਦੋਂ ਵਿਹਲ ਮਿਲੇ ਪੜ ਲਵੇਗਾ। ਉਸਨੂੰ ਅੰਦਰੋ ਅੰਦਰੀ
ਤਸੱਲੀ ਜਿਹੀ ਮਿਲ ਗਈ। ਪਰ ਉਸਦਾ ਮਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਰਣਜੀਤ
ਉਸਦਾ ਲਿਖਣਾ ਪ੍ਰਵਾਨ ਕਰ ਲਵੇਗਾ। ਜੱਕੋ ਤੱਕੀ ਵਿੱਚ ਸੁਪ੍ਰੀਤ ਘਰ ਦੇ ਕੰਮ ਲੱਗ ਗਈ। ਪਰ
ਉਸਦੀਆਂ ਅੱਖਾਂ ਆਪਣੀ ਡਾਇਰੀ ਨੂੰ ਘਰ ਦੇ ਹਰ ਖੂੰਜੇ ਵਿੱਚ ਟੋਲ ਰਹੀਆਂ ਸਨ। ਸਫਾਈ ਕਰਦੇ
ਸਮੇਂ ਜਦੋਂ ਸੁਪ੍ਰੀਤ ਨੇ ਕੁਝ ਸੁੱਟਣ ਲਈ ਕੂੜੇ ਵਾਲੀ ਟੋਕਰੀ ਦਾ ਮੂੰਹ ਖੋਲਿਆ ਤਾਂ ਉਸ
ਵਿੱਚ ਸੁਪ੍ਰੀਤ ਦੀ ਡਾਇਰੀ ਪਈ ਦੇਖ ਕੇ ਸੁਪ੍ਰੀਤ ਦੇ ਪੈਰਾਂ ਥੱਲਿਉਂ ਜ਼ਮੀਨ ਨਿੱਕਲ ਗਈ ਤੇ
ਸੁਪ੍ਰੀਤ ਨੂੰ ਸਭ ਕੁਝ ਘੁੰਮਦਾ ਹੋਇਆ ਨਜ਼ਰ ਆ ਰਿਹਾ ਸੀ। ਉਸਨੇ ਬੜੀ ਜਲਦੀ ਨਾਲ ਡਾਇਰੀ
ਨੂੰ ਚੁੱਕ ਕੇ ਆਪਣੇ ਮੱਥੇ ਨਾਲ ਲਾਇਆ ਤੇ ਉਸਦੀਆਂ ਭੁੱਬਾਂ ਨਿੱਕਲ ਗਈਆਂ। ਉਹ ਅੱਜ ਆਪਣੇ
ਆਪ ਬੇੜੀਆਂ ਵਿੱਚ ਜਕੜੀ ਹੋਈ ਇੱਕ ਅਬਲਾ ਮਹਿਸੂਸ ਕਰ ਰਹੀ ਸੀ। ਉਹ ਕਦੇ ਸੋਚ ਵੀ ਨਹੀਂ ਸੀ
ਸਕਦੀ ਕਿ ਰਣਜੀਤ ਇੰਨ੍ਹੇ ਤੰਗ ਨਜ਼ਰੀਏ ਦਾ ਮਾਲਿਕ ਹੈ। ਸੁਪ੍ਰੀਤ ਨੂੰ ਇਹ ਗੱਲ ਬਾਰ ਬਾਰ
ਕੁਝ ਕਹਿ ਰਹੀ ਸੀ ਕਿ ਸੁਪ੍ਰੀਤ ਤੂੰ ਇਹ ਕੀ ਕੀਤਾ? ਜਿਸ ਕਰਕੇ ਤੂੰ ਬਾਹਰ ਨੂੰ ਮੂੰਹ
ਕੀਤਾ ਸੀ , ਅੱਜ ਤੈਨੂੰ ਤੇ ਤੇਰੇ ਅੰਦਰਲੀ ਕਲਾ ਨੂੰ ਤੇਰਾ ਬਾਹਰ ਦਾ ਸੁਪਨਾ ਹੀ ਖਾ ਗਿਆ ।
ਕਾਸ਼ ਤੂੰ ਬਾਹਰ ਨਾ ਆਉਂਦੀ ਤਾਂ ਸ਼ਾਇਦ ਪੰਜਾਬ ਵਿੱਚ ਤੇਰਾ ਅੱਜ ਕੁਝ ਹੋਰ ਹੋਣਾ ਸੀ। ਤੂੰ
ਬਾਹਰ ਤਾਂ ਆਈ ਸੀ ਕਿ ਇੱਥੇ ਲੋਕਾਂ ਦੀ ਸੋਚ ਬੜੀ ਖੁੱਲੀ ਡੁੱਲੀ ਹੈ। ਪਰ ਨਹੀਂ ਸਾਡੇ
ਲੋਕ ਬਾਹਰ ਆ ਕੇ ਵੀ ਆਪਣੀ ਤੰਗ ਸੋਚ ਨੂੰ ਨਾਲ ਲਈ ਫਿਰਦੇ ਹਨ। ਇਨ੍ਹਾਂ ਨੇ ਆਪਣੀ ਤੰਗ
ਸੋਚ ਦਾ ਚੋਲਾ ਲਾਹੁਣ ਦੀ ਬਜਾਏ ਹੋਰ ਵੀ ਘੁੱਟ ਕੇ ਫੜ ਲਿਆ ਹੈ ਅਤੇ ਇਸ ਘੁੱਟੇ ਹੋਏ ਚੋਲੇ
ਵਿੱਚ ਪਤਾ ਨਹੀਂ ਕਿੰਨੀਆਂ ਕਲਾਵਾਂ ਦਾ ਕਤਲ ਰੋਜ਼ ਹੁੰਦਾ ਹੋਵੇਗਾ। ਕਿੰਨੀਆਂ ਸੁਪ੍ਰੀਤਾਂ
ਘੁਟ ਘੁਟ ਕੇ ਮਰਦੀਆਂ ਹੋਣਗੀਆਂ ਤੇ ਉਨ੍ਹਾਂ ਦੀਆਂ ਡਾਇਰੀਆਂ ਨੇ ਕਿਸੇ ਲਾਇਬ੍ਰੇਰੀ ਦਾ
ਸ਼ਿੰਗਾਰ ਬਣਨਾ ਹੁੰਦਾ ਹੈ ਜਾਂ ਕਿਸੇ ਘਰ ਵਿੱਚ ਬੜੇ ਸਤਿਕਾਰ ਨਾਲ ਪੜੀਆਂ ਜਾਣੀਆਂ
ਹੁੰਦੀਆਂ ਹਨ, ਬਹੁਤ ਵਾਰ ਕੂੜੇਦਾਨਾਂ ਦਾ ਹਿੱਸਾ ਬਣ ਕੇ ਦਮ ਤੋੜ ਜਾਂਦੀਆਂ ਹਨ। ਪਰ ਕਿਉਂ
ਕਿਉਂ ? ਇਹ ਸਵਾਲ ਵਾਰ ਵਾਰ ਸੁਪ੍ਰੀਤ ਦੇ ਕੰਨਾਂ ਵਿੱਚ ਗੂੰਜ ਰਿਹਾ ਸੀ।
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
No comments:
Post a Comment