www.sabblok.blogspot.com
ਪ੍ਰਧਾਨ ਮੰਤਰੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ
ਨਵੀਂ
ਦਿੱਲੀ, 26 ਅਪ੍ਰੈਲ (ਜਗਤਾਰ ਸਿੰਘ)- ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ
ਸੀਚੇਵਾਲ ਨੇ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ
ਧਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵੱਲ
ਦਿਵਾਇਆ, ਜਿਸ ਵਿਚ ਅਜੇ ਵੀ ਗੰਦਾ ਪਾਣੀ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ
ਨੂੰ ਕਾਲੀ ਵੇਈਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਵੇਈਂ
ਨੂੰ ਪੰਜਾਬ ਸਰਕਾਰ ਨੇ ਪਵਿੱਤਰ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ 'ਚ ਇਸ ਗੰਦੇ
ਪਾਣੀ ਪੈ ਰਹੇ ਹਨ। ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਵੀ
ਦਿੱਤਾ। ਮੁਲਾਕਾਤ ਤੋਂ ਬਾਅਦ ਸੰਤ ਸੀਚੇਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ
ਕਿ ਉਕਤ ਮੁਲਾਕਾਤ ਦਾ ਮਕਸਦ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਦਾ ਮਸਲਾ ਪ੍ਰਧਾਨ ਮੰਤਰੀ
ਦੇ ਧਿਆਨ ਵਿਚ ਲਿਆਉਣਾ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ
ਦਾ ਧਿਆਨ ਉਸ ਅਧੂਰੇ ਪ੍ਰਾਜੈਕਟ ਵੱਲ ਦਿਵਾਇਆ ਜਿਸ ਤਹਿਤ 2200 ਕਰੋੜ ਰੁਪਏ ਦੀ ਵਿਸ਼ੇਸ਼
ਗਰਾਂਟ ਨਾਲ ਪੰਜਾਬ ਦੇ ਦਰਿਆਵਾਂ ਨੂੰ 30 ਨਵੰਬਰ 2011 ਤੱਕ ਸਾਫ ਕਰਨ ਦਾ ਟੀਚਾ ਮਿਥਿਆ
ਗਿਆ ਸੀ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਦਰਿਆਵਾਂ ਵਿਚ ਪੈ ਰਹੇ
ਜ਼ਹਿਰੀਲੇ ਪਾਣੀਆਂ ਤੋਂ ਕਾਫੀ ਚਿੰਤਤ ਹਨ ਅਤੇ ਅਤੇ ਦਰਿਆਵਾਂ ਨੂੰ ਸਾਫ ਕਰਨ ਦੇ
ਪ੍ਰਾਜੈਕਟ ਵਿਚ ਹੋ ਰਹੀ ਦੇਰੀ ਦੇ ਕਾਰਨਾਂ ਬਾਰੇ ਪਤਾ ਲਗਾਉਣਗੇ। ਮੁਲਾਕਾਤ ਦੌਰਾਨ ਸੰਤ
ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਕਾਲਾ ਸੰਘਿਆ ਡਰੇਨ, ਬੁੱਢਾ
ਨਾਲਾ, ਚਿੱਟੀ ਵੇਈਂ ਸਮੇਤ ਪੰਜਾਬ ਦੀਆਂ ਹੋਰ ਡਰੇਨਾਂ ਕਿਵੇਂ ਜ਼ਹਿਰ ਦੇ ਨਾਲੇ ਬਣ ਕੇ ਵਗ
ਰਹੀਆਂ ਹਨ। ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ੴ ਚੈਰੀਟੇਬਲ ਟਰੱਸਟ ਵੱਲੋਂ ਕੀਤੇ
ਜਾ ਰਹੇ ਕੰਮਾਂ ਬਾਰੇ ਅੰਗਰੇਜ਼ੀ 'ਚ ਤਿਆਰ ਕੀਤੀ ਰੰਗਦਾਰ ਵਿਸ਼ੇਸ਼ ਪੁਸਤਕ ਵੀ ਭੈਂਟ
ਕੀਤੀ ਅਤੇ ਲਿਖਤੀ ਤੌਰ 'ਤੇ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਪਾਣੀ ਦੇ ਕੁਦਰਤੀ ਸਰੋਤਾਂ
ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇ.ਪੀ.
ਨੇ ਸੰਤ ਸੀਚੇਵਾਲ ਵੱਲੋਂ ਉਠਾਇਆ ਮੁੱਦਿਆਂ ਦੀ ਪ੍ਰੋੜਤਾ ਕਰਦਿਆਂ ਪ੍ਰਧਾਨ ਮੰਤਰੀ ਡਾ
ਮਨਮੋਹਨ ਸਿੰਘ ਨੂੰ ਦੱਸਿਆ ਕਿ ਕਾਲਾ ਸੰਘਿਆ ਡਰੇਨ ਦਾ ਮਾਮਲਾ ਬੜਾ ਗੰਭੀਰ ਬਣਿਆ ਹੋਇਆ
ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵੱਲ ਉਚੇਚਾ ਧਿਆਨ ਦੇਣ।
ਇਸ ਮੌਕੇ ਸੰਤ ਸੀਚੇਵਾਲ ਨਾਲ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਅਮਰੀਕ
ਸਿੰਘ ਸੰਧੂ ਹਾਜ਼ਰ ਸਨ।
No comments:
Post a Comment