jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਮੇਰੀ ਜ਼ਿੰਦਗੀ ਨੂੰ ਪ੍ਰਮਾਤਮਾ ਨੇ ਡਿਜ਼ਾਇਨ ਕੀਤਾ ਹੈ-ਬੱਬਲ ਰਾਏ

www.sabblok.blogspot.com

ਬੱਬਲ ਰਾਏ ਅੱਜ ਬਿਨਾਂ ਸ਼ੱਕ ਨੌਜਵਾਨ ਪੀੜ੍ਹੀ ਦਾ ਚਹੇਤਾ ਗਾਇਕ ਹੈ। ਬਹੁਤ ਘੱਟ ਸਮੇਂ ਵਿੱਚ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਗਾਇਕਾਂ ਵਿੱਚ ਉਸਦਾ ਵੀ ਨਾਮ ਸ਼ੁਮਾਰਿਆ ਜਾਂਦਾ ਹੈ। ਸਮਰਾਲਾ ਨਿਵਾਸੀ ਪਿਤਾ ਸਵ. ਮਨਜੀਤ ਸਿੰਘ ਰਾਏ ਮਾਤਾ ਸ੍ਰੀਮਤੀ ਨਿਰਮਲ ਕੌਰ ਦੇ ਲਾਡਲੇ ਇਸ ਨੌਜਵਾਨ ਗਾਇਕ ਦਾ ਪੂਰਾ ਨਾਮ ਸਿਮਰਨਜੀਤ ਸਿੰਘ ਰਾਏ ਹੈ। ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਉਸਦਾ ਛੋਟਾ ਭਰਾ ਹਰਮਨਦੀਪ ਹਨੀ ਹੈ ਜੋ ਉਸਨੂੰ ਜਾਨੋਂ ਵੱਧ ਪਿਆਰ ਕਰਦਾ ਹੈ।
Babbal Rai ਬੱਬਲ ਦੇ ਪਿਤਾ ਜੀ ਸਰਦਾਰ ਮਨਜੀਤ ਸਿੰਘ ਰਾਏ ਆਪਣੇ ਸਮੇਂ ਦੇ ਉੱਘੇ ਰੰਗਕਰਮੀ ਸਨ ਇਸ ਕਰਕੇ ਉਹਨਾਂ ਨਾਲ ਕਲਾਕਾਰਾਂ ਦਾ ਮੇਲ-ਮਿਲਾਪ ਹੋਣ ਕਾਰਨ ਘਰ ’ਚ ਸ਼ੁਰੂ ਤੋਂ ਹੀ ਕਲਾ ਦਾ ਮਾਹੌਲ ਸੀ। ਜਦ ਉਸਦੇ ਪਿਤਾ ਜੀ ਨਾਟਕ ਕਰਨ ਜਾਂਦੇ ਤਾਂ ਉਹਨਾਂ ਨਾਲ ਨਾਟਕ ਦੌਰਾਨ ਕੋਈ ਨਾ ਕੋਈ ਗੀਤ ਗਾਉਂਦਾ ਸੀ। ਇਸ ਤਰਾਂ ਹੀ ਉਸਦੀ ਗਾਇਕੀ ਦੀ ਸ਼ੁਰੂਆਤ ਹੋਈ। ਉਸਨੂੰ ਯਾਦ ਹੈ ਕਿ ਨੈਸ਼ਨਲ ਪਬਲਿਕ ਸਕੂਲ ਸਮਰਾਲਾ ਵਿਖੇ ਕੇ.ਜੀ. ਜਮਾਤ ਵਿੱਚ ਪੜ੍ਹਦਿਆਂ ਉਸਨੇ ਪਹਿਲੀ ਵਾਰ ਸੁਰਿੰਦਰ ਛਿੰਦਾ ਹੁਰਾਂ ਦਾ ਗੀਤ ‘ਯੈਂਕੀ ਲਵ ਯੂ ਲਵ ਯੂ ਕਰਦੇ’ ਗਾਇਆ ਸੀ। ਇਹ ਗੀਤ ਉਸਦੇ ਪਿਤਾ ਜੀ ਦੇ ਮਿੱਤਰ ਗਾਇਕ ਲਾਭ ਜੰਜੂਆ ਨੇ ਤਿਆਰ ਕਰਵਾਇਆ ਸੀ।
ਪਿਤਾ ਜੀ ਸਟੇਜੀ ਸ਼ੋਅਜ਼ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਨਾਟਕਾਂ ਵਿੱਚ ਕੰਮ ਕਰਦੇ ਸਨ ਇਸ ਕਰਕੇ ਬੱਬਲ ਜਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਹ ਉਸਨੂੰ ‘ਝਿਲਮਿਲ ਤਾਰੇ’ ਪੋ੍ਰਗ੍ਰਾਮ ਵਿੱਚ ਲੈ ਗਏ। ਉੱਥੇ ਉਸਨੇ ਮਾਸਟਰ ਤਰਲੋਚਨ ਸਿੰਘ ਜੀ ਦਾ ਲਿਖਿਆ ਗੀਤ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ’ ਗਾਇਆ। ਗਾਉਣ ਦੇ ਨਾਲ-ਨਾਲ ਇਸੇ ਦੌਰਾਨ ਹੀ ਉਸਨੂੰ ਜਲੰਧਰ ਦੂਰਦਰਸ਼ਨ ਦੇ ਹੀ ਨਾਟਕ ‘ਮੰਗੋ’ ਵਿੱਚ ਬਤੌਰ ਬਾਲ-ਕਲਾਕਾਰ ਕੰਮ ਕਰਨ ਦਾ ਵੀ ਮੌਕਾ ਮਿਲਿਆ।
ਉਸਦੇ ਅੰਦਰਲਾ ਕਲਾਕਾਰ ਅਜੇ ਜਵਾਨ ਹੋਣ ਹੀ ਲੱਗਾ ਸੀ ਕਿ ਉਸਦੇ ਪਿਤਾ ਜੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਸ ਵੇਲੇ ਉਹ ਮਹਿਜ਼ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਪਿਤਾ ਦੇ ਜਾਣ ਦਾ ਉਸਨੂੰ ਅਜਿਹਾ ਗ਼ਮ ਲੱਗਾ ਕਿ ਉਸ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਗਏ। ਉਸਦਾ ਗਾਇਕੀ ਤੋਂ ਬੁਰੀ ਤਰਾਂ ਮੋਹ ਭੰਗ ਹੋ ਗਿਆ ਤੇ ਉਹਨੇ ਗਾਉਣਾ ਛੱਡ ਕੇ ਕ੍ਰਿਕਟ ਵਿੱਚ ਆਪਣਾ ਭਵਿੱਖ ਬਣਾਉਣ ਦੀ ਸੋਚੀ। ਇਸੇ ਲਈ ਉਸਨੇ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿੱਚ ਦਾਖਲਾ ਲੈ ਲਿਆ। ਇੱਥੇ ਉੱਘੇ ਕ੍ਰਿਕਟਰ ਯੋਗਰਾਜ ਸਿੰਘ ਦੀ ਦੇਖ-ਰੇਖ ਹੇਠ ਕ੍ਰਿਕਟ ਦੀ ਕੋਚਿੰਗ ਲਈ ਤੇ ਕਈ ਖੇਡ ਪ੍ਰਤੀਯੋਗਤਾਵਾਂ ਜਿੱਤੀਆਂ। ਜਦ ਕ੍ਰਿਕਟ ਵਿੱਚ ਉਸਦੀਆਂ ਪ੍ਰਾਪਤੀਆਂ ਦਾ ਦੌਰ ਸ਼ੁਰੂ ਹੋਇਆ ਸੀ ਕਿ ਉਸਨੂੰ ਇੱਕ ਮੈਚ ਦੌਰਾਨ ਸੱਟ ਲੱਗ ਗਈ ਤੇ ਉਸ ਉਪਰੰਤ 2007 ਵਿੱਚ ਉਸਨੇ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਕੇ ਹੋਰਨਾਂ ਨੌਜਵਾਨਾਂ ਵਾਂਗ ਪੜ੍ਹਾਈ ਲਈ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵੱਲ ਉਡਾਣ ਭਰ ਲਈ।
ਆਸਟ੍ਰੇਲੀਆ ਵਿੱਚ ਪੜ੍ਹਾਈ ਤੇ ਕਮਾਈ ਕਰਦਿਆਂ ਗਾਇਕੀ ਤੇ ਕ੍ਰਿਕਟ ਬਿਲਕੁੱਲ ਵਿਸਰ ਚੁੱਕੀ ਸੀ ਕਿ 3 ਮਾਰਚ 2008 ਨੂੰ ਉਸਦੇ ਜਨਮਦਿਨ ਵਾਲੇ ਦਿਨ ਜਿਸ ਘਰ ਵਿੱਚ ਉਹ ਰਹਿੰਦੇ ਸਨ ਉੱਥੇ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ। ਪਾਰਟੀ ਦੌਰਾਨ ਹੀ ਬੱਬਲ ਨੇ ਦੇਸੀ ਕੁੜੀਆਂ ਦਾ ਆਸਟ੍ਰੇਲੀਆ ਆ ਕੇ ਬਿਲਕੁਲ ਹੀ ਬਦਲ ਜਾਣ ਨੂੰ ਪੇਸ਼ ਕਰਦਾ ਇੱਕ ਗੀਤ ‘ਛੱਲਾ’ ਗਾਇਆ ਜਦ ਉਹ ਗਾ ਰਿਹਾ ਸੀ ਤਾਂ ਇੱਕ ਮਿੱਤਰ ਨੇ ਆਪਣੇ ਮੋਬਾਇਲ ਨਾਲ ਉਸਦਾ ਵੀਡੀਓ ਬਣਾ ਕੇ ਅਗਲੇ ਦਿਨ ਉਸਨੂੰ ‘ਯੂ-ਟਿਊਬ’ ਉੱਪਰ ਪਾ ਦਿੱਤਾ। ਉਸ ਗੀਤ ਨੂੰ ਲੋਕਾਂ ਨੇ ਐਡੀ ਵੱਡੀ ਗਿਣਤੀ ਵਿੱਚ ਦੇਖਿਆ ਤੇ ਪਸੰਦ ਕੀਤਾ ਕਿ ਦਿਨਾਂ ਵਿੱਚ ਹੀ ਇਹ ਗਿਣਤੀ ਲੱਖਾਂ ਪਾਰ ਕਰ ਗਈ। ਫਿਰ ਬੱਬਲ ਨੇ ਉਸ ਵੀਡੀਓ ਉੱਪਰ ਆਪਣਾ ਮੋਬਾਇਲ ਨੰਬਰ ਦੇ ਕੇ ਦੁਬਾਰਾ ਫਿਰ ਉਸ ਨੂੰ ‘ਯੂ-ਟਿਊਬ’ ਉੱਪਰ ਪਾਇਆ। ਲੋਕਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਤੇ ਉਸਨੂੰ ਲੱਗਿਆ ਕਿ ਹੋਰ ਗੀਤ ਵੀ ‘ਯੂ-ਟਿਊਬ’ ਉੱਪਰ ਪਾਉਣੇ ਚਾਹੀਦੇ ਹਨ। ਉਸ ਤੋਂ ਬਾਅਦ ਉਸਨੇ ‘ਨਿੰਕੀ ਜਿੰਨੀ ਜਿੰਦ ਜ਼ਿੰਮੇਵਾਰੀਆਂ ਨੇ ਭਾਰੀ’ ਅਤੇ ‘ਨੀਂ ਤੂੰ ਐਨੇ ਜੋਗੀ ਹੈ ਨੀਂ ਜਿੰਨੀ ਹਵਾ ਕਰਦੀ’, ‘ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ’ ਅਤੇ ‘ਆਸਟ੍ਰੇਲੀਅਨ ਛੱਲਾ-2’ ਜਿਹੇ ਗੀਤ ਬਿਨਾਂ ਸੰਗੀਤ ਤੋਂ ਵੀਡੀਓ ਬਣਾ-ਬਣਾ ਕੇ ਯੂ-ਟਿਊਬ ਉੱਪਰ ਪਾਏ।
ਇਹਨਾਂ ਗੀਤਾਂ ਨੂੰ ਮਿਲੀ ਲੋਕਪ੍ਰਿਯਤਾ ਤੋਂ ਉਤਸ਼ਾਹਤ ਹੋ ਕੇ ਉਸਨੇ ਜਨਵਰੀ 2010 ਵਿੱਚ ਅਨੂੰ-ਮਨੂੰ ਦੇ ਸੰਗੀਤ ਵਿੱਚ ਪਹਿਲੀ ਟੇਪ ‘ਦਾ ਫ਼ਸਟ ਚੈਪਟਰ’ ਰਿਕਾਰਡ ਕਰਵਾਈ ਜਿਸਨੁੰ ਕਿ ਪੁਆਇੰਟ ਜ਼ੀਰੋ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਤੋਂ ਬਾਅਦ 2 ਸਾਲ ਦਾ ਫਿਰ ਵਕਫ਼ਾ ਪੈ ਗਿਆ ਪਰ ਇਸ ਦੌਰਾਨ ਉਸਨੇ ਆਸਟ੍ਰੇਲੀਆ ਵਿਖੇ ਕਾਫ਼ੀ ਸ਼ੋਅਜ਼ ਕੀਤੇ। ਇਹਨੀਂ ਦਿਨੀਂ ਉਸਦਾ ‘ਦੋ ਘੁੱਟ’ ਐਲਬਮ ਵਿੱਚ ਆਇਆ ਗੀਤ ‘ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ੍ਹ ਜਰੀ ਨਾ ਜਾਵੇ’ ਚੁਫ਼ੇਰੇ ਚਰਚਾ ਵਿੱਚ ਹੈ
ਇਸ ਤੋਂ ਬਿਨਾਂ ਹਿੰਦੀ ਫ਼ਿਲਮ ‘ਕਰੁੱਕ’ ਵਿੱਚ ਬੱਬੂ ਮਾਨ ਦੁਆਰਾ ਗਾਇਆ ਗਿਆ ਗੀਤ ‘ਛੱਲਾ’ ਬੱਬਲ ਦੇ ਹੀ ਛੱਲੇ ਤੋਂ ਲਿਆ ਗਿਆ ਸੀ ਜਿਸ ਲਈ ਕਿ ਮਹੇਸ਼ ਭੱਟ ਫ਼ਿਲਮ ਕੰਪਨੀਂ ਨੇ ਬਕਾਇਦਾ ਬੱਬਲ ਤੋਂ ਇਸਦੇ ਅਧਿਕਾਰ ਖਰੀਦੇ ਸਨ ਤੇ ਉਸਦਾ ਨਾਮ ਵੀ ਫ਼ਿਲਮ ਦੇ ਸ਼ੁਰੂ ਵਿੱਚ ਵਿਸ਼ੇਸ਼ ਧੰਨਵਾਦ ਵਜੋਂ ਦਿੱਤਾ ਗਿਆ ਹੈ। ਜਿੰਮੀ ਸ਼ੇਰਗਿੱਲ ਦੀ ਫ਼ਿਲਮ ‘ਰੰਗੀਲੇ’ ਦਾ ਉਸਦੀ ਆਵਾਜ਼ ਵਿੱਚ ਹੋਇਆ ਟਾਈਟਲ ਟਰੈਕ ਵੀ ਅੱਜਕੱਲ੍ਹ ਚੁਫ਼ੇਰੇ ਚਰਚਾ ਵਿੱਚ ਹੈ।
ਗਾਇਕੀ ਦੇ ਨਾਲ-ਨਾਲ ਬਚਪਨ ਵਿੱਚ ਕੀਤੀ ਅਦਾਕਾਰੀ ਅਜੇ ਵੀ ਉਸਦੇ ਚੇਤਿਆਂ ਵਿੱਚ ਵੱਸੀ ਹੋਈ ਹੈ ਇਸਦਾ ਪ੍ਰਦਰਸ਼ਨ ਉਸਨੇ ਫ਼ਿਲਮ ‘ਸਿੰਘ ਵਰਸਜ਼ ਕੌਰ’ ਵਿੱਚ ਵੀ ਕੀਤਾ ਹੈ ਤੇ ਹੁਣ ਜਲਦੀ ਹੀ ਉਸਦੀ ਬਤੌਰ ਨਾਇਕ ਅਗਲੀ ਫ਼ਿਲਮ ਸ਼ੁਰੂ ਹੋਣ ਜਾ ਰਹੀ ਹੈ। ਬੱਬਲ ਦਾ ਮੰਨਣਾ ਹੈ ਕਿ ਉਸਦੀ ਜ਼ਿੰਦਗੀ ਨੂੰ ਪ੍ਰਮਾਤਮਾ ਨੇ ਡਿਜ਼ਾਇਨ ਕੀਤਾ ਹੈ ਤਾਂ ਹੀ ਉਹ ਉਸਨੂੰ ਜਿੱਧਰ ਤੋਰਦਾ ਗਿਆ ਉਹ ਤੁਰਦਾ ਗਿਆ ਤੇ ਉਸਨੂੰ ਸਫ਼ਲਤਾ ਮਿਲਦੀ ਗਈ।
ਕ੍ਰਿਕਟ ਲਈ ਉਸਦਾ ਜਨੂੰਨ ਅਜੇ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਹੁਣ ਵੀ ਹਰ ਐਤਵਾਰ ਜਦ ਉਹ ਵਿਹਲਾ ਹੋਵੇ ਤਾਂ ਮੈਦਾਨ ਵਿੱਚ ਜਾ ਕੇ ਸਾਥੀਆਂ ਨਾਲ ਕ੍ਰਿਕਟ ਖੇਡਦਾ ਹੈ। ਬਹੁਪੱਖੀ ਕਲਾ ਦੇ ਧਨੀ ਇਸ ਨੌਜਵਾਨ ਤੋਂ ਭਵਿੱਖ ਵਿੱਚ ਵੀ ਬਹੁਤ ਆਸਾਂ ਹਨ ਪ੍ਰਮਾਤਮਾ ਉਸਦੀ ਸਦਾ ਚੜ੍ਹਦੀ ਕਲਾ ਰੱਖੇ।
gippy grewal interview ਹਰਿੰਦਰ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-94640-08008
ਈ-ਮੇਲ-harinderbhullar420@yahoo.com

No comments: