jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਅੰਬ ਸਾਹਿਬ ਦੀ 23 ਏਕੜ ਜ਼ਮੀਨ ਵੇਚੀ?

www.sabblok.blogspot.com

hardeep singh mohaliਮੁਹਾਲੀ,( 17 ਜੂਨ, ਦਰਸ਼ਨ ਸਿੰਘ ਸੋਢੀ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਪ-ਚੁਪੀਤੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਦੀ ਕਰੀਬ 23 ਏਕੜ ਜ਼ਮੀਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜ਼ਮੀਨ ਕਿਸੇ ਸ਼ਰਧਾਲੂ ਨੇ ਗੁਰਦੁਆਰੇ ਨੂੰ ਦਾਨ ਕੀਤੀ ਸੀ। ਉਧਰ ਗਮਾਡਾ ਨੇ ਅੰਦਰਖਾਤੇ ਮੁਹਾਲੀ ਨੇੜਲੇ ਪਿੰਡ ਪ੍ਰੇਮਗੜ੍ਹ ਵਿਚਲੀ ਗੁਰਦੁਆਰਾ ਅੰਬ ਸਾਹਿਬ ਦੀ 55 ਵਿੱਘੇ ਜ਼ਮੀਨ ਐਕੁਆਇਰ ਕਰ ਲਈ ਹੈ। ਇਹੀ ਨਹੀਂ ਸ਼੍ਰੋਮਣੀ ਕਮੇਟੀ ਨੇ 19 ਕਰੋੜ ਰੁਪਏ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਜੋਂ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਿੱਚ ਬਕਾਇਦਾ ਮਤਾ ਵੀ ਪਾਸ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪਿੰਡ ਭਾਗੋਮਾਜਰਾ ਵਿਚਲੀ ਜ਼ਮੀਨ ਨੂੰ ਵੇਚਣ ਦੀ ਤਾਕ ਵਿੱਚ ਹੈ ਜਦੋਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਮੀਡੀਆ ਕੋਲ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਕਿ ਗੁਰਦੁਆਰਾ ਅੰਬ ਸਾਹਿਬ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਵੇਚੀ ਜਾਵੇਗੀ।
ਇਸੇ ਦੌਰਾਨ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਦੀ ਅਗਵਾਈ ਹੇਠ ਗਮਾਡਾ ਦੇ ਮੁੱਖ ਪ੍ਰਸ਼ਾਸਕ ਏ.ਕੇ. ਸਿਨਹਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰੇਮਗੜ੍ਹ ਵਿਚਲੀ ਜ਼ਮੀਨ ਦੀ ਮਾਰਕੀਟ ਕੀਮਤ ਘੱਟੋ-ਘੱਟ 300 ਕਰੋੜ ਹੈ ਪਰ ਇਹ ਜ਼ਮੀਨ ਗੁਰਦੁਆਰੇ ਨੂੰ ਭੇਟ ਕੀਤੀ ਗਈ ਸੀ। ਲਿਹਾਜ਼ਾ, ਇਸ ਨੂੰ ਕਿਸੇ ਵੀ ਕੀਮਤ ’ਤੇ ਵੇਚਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਇਸ ਜ਼ਮੀਨ ਦੀ ਥਾਂ ’ਤੇ 24 ਏਕੜ ਜ਼ਮੀਨ ਦਾ ਇੱਕ ਇਕੱਠਾ ਟੁਕੜਾ ਦੇਵੇ ਤੇ ਉੱਥੇ ਸ਼੍ਰੋਮਣੀ ਕਮੇਟੀ ਸੁਪਰਸ਼ਪੈਸਲਿਟੀ ਹਸਪਤਾਲ ਜਾਂ ਕੋਈ ਸਿੱਖਿਆ ਇੰਸਟੀਚਿਊਟ ਬਣਾਵੇ ਜਿਸ ਦਾ ਇਲਾਕੇ ਦੇ ਲੋਕਾਂ ਨੂੰ ਲਾਭ ਮਿਲ ਸਕੇ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਗਮਾਡਾ ਵੱਲੋਂ ਖੋਹੀ ਜਾ ਰਹੀ ਇਸ ਜ਼ਮੀਨ ਨਾਲ ਗੁਰਦੁਆਰੇ ਤੇ ਸ਼੍ਰੋਮਣੀ ਕਮੇਟੀ ਸੰਸਥਾ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਇਸੇ ਦੌਰਾਨ ਉਨ੍ਹਾਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਏ.ਕੇ. ਸਿਨਹਾ ਨਾਲ ਮੀਟਿੰਗ ਕੀਤੀ। ਇਸ ਮੌਕੇ ਭਾਈ ਹਰਦੀਪ ਸਿੰਘ ਨੇ ਮੰਗ ਕੀਤੀ ਕਿ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਪ੍ਰੇਮਗੜ੍ਹ (ਸੈਣੀ ਮਾਜਰਾ) ਵਿਚਲੀ 23 ਏਕੜ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਫੌਰੀ ਰੱਦ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਜ਼ਮੀਨ ਵੇਚਣ ਦੀ ਸਹਿਮਤੀ ਦੇਣ ਵਾਲਾ ਮਤਾ ਰੱਦ ਕਰੇ। ਉਨ੍ਹਾਂ ਕਿਹਾ ਕਿ ਜੇ ਰਾਧਾ ਸੁਆਮੀ ਸਤਿਸੰਗ ਨੂੰ 200 ਏਕੜ ਤੋਂ ਵੱਧ ਜ਼ਮੀਨ (ਜੋ ਕੁਝ ਸਾਲ ਪਹਿਲਾਂ ਖਰੀਦੀ ਗਈ ਸੀ) ਨੂੰ ਇਕੱਠਾ ਕੀਤਾ ਜਾ ਸਕਦਾ ਹੈ ਤਾਂ ਗੁਰਦੁਆਰਾ ਅੰਬ ਸਾਹਿਬ ਦੀ ਪੁਰਾਣੀ ਜਾਇਦਾਦ ਖੁਰਦ-ਬੁਰਦ ਕਰਨਾ ਤੇ ਕਰਵਾਉਣਾ ਕਿਸ ਤਰ੍ਹਾਂ ਵਾਜਬ ਹੈ।
ਮੀਟਿੰਗ ਵਿੱਚ ਭਾਈ ਹਰਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ (ਜਾਇਦਾਦਾਂ) ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਦੀ ਮੈਂਬਰ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਗਿੱਲ ਲਾਂਡਰਾਂ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ, ਗੁਰਦੁਆਰਾ ਸਾਚਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਬੇਦੀ, ਗੁਰਦੁਆਰਾ ਸਾਹਿਬ ਬੀਬੀ ਭਾਨੀ ਫੇਜ਼-7 ਦੇ ਪ੍ਰਧਾਨ ਮਹਿੰਦਰ ਸਿੰਘ, ਬਿਕਰਮਜੀਤ ਸਿੰਘ ਸੋਢੀ, ਸੁਖਪਾਲ ਸਿੰਘ ਛੀਨਾ, ਸਤਵੀਰ ਸਿੰਘ ਖਾਲਸਾ, ਮੇਜਰ ਸਿੰਘ ਤੇ ਸੁਖਬੀਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਸੰਗਤ ਦੀ ਮਰਜ਼ੀ ਮੁਤਾਬਿਕ ਕੀਤੀ ਕਾਰਵਾਈ: ਮੱਕੜ
ਸੰਪਰਕ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਸੰਗਤ ਦੀ ਭਾਵਨਾ ਨਾਲ ਹੀ ਕੀਤੀ ਗਈ ਹੈ ਪਰ ਕੁਝ ਵਿਅਕਤੀਆਂ ਨੂੰ ਬਿਨਾਂ ਵਜ੍ਹਾ ਰੌਲਾ ਪਾਉਣ ਦੀ ਆਦਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਗਮਾਡਾ ਵੱਲੋਂ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿੱਚ ਮਿਲਣ ਵਾਲੇ ਪੈਸਿਆਂ ਨੂੰ ਕਿਸੇ ਹੋਰ ਮੰਤਵ ਲਈ ਨਹੀਂ ਵਰਤਿਆ ਜਾਵੇਗਾ ਸਗੋਂ ਇਨ੍ਹਾਂ ਪੈਸਿਆਂ ਨਾਲ ਕਿਸੇ ਹੋਰ ਢੁੱਕਵੀਂ ਥਾਂ ’ਤੇ ਜ਼ਮੀਨ ਖਰੀਦੀ ਜਾਵੇਗੀ। ਜਥੇਦਾਰ ਮੱਕੜ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰੇ ਦੀ ਜ਼ਮੀਨ ਵਿੱਚ ਡਿਗਰੀ ਕਾਲਜ ਖੋਲ੍ਹਿਆ ਜਾਵੇਗਾ। ਇਸ ਸਬੰਧੀ ਲਗਭਗ ਮੁੱਢਲੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਬਸ ਰਸਮੀ ਐਲਾਨ ਕਰਨਾ ਹੀ ਬਾਕੀ ਹੈ।

No comments: