ਹੇਮਕੁੰਟ ਸਾਹਿਬ ਟਰੱਸਟ ਦੇ ਚੇਅਰਮੈਨ ਬਿੰਦਰਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ 'ਤੇ ਉÎਠਾਇਆ ਸਵਾਲ
ਚੰਡੀਗੜ (ਪਰਾਸ਼ਰ)-ਨਰਿੰਦਰਜੀਤ ਸਿੰਘ ਬਿੰਦਰਾ ਚੇਅਰਮੈਨ ਉਤਰਾਖੰਡ ਘੱਟ ਗਿਣਤੀ ਕਮਿਸ਼ਨ ਤੇ ਉਪ ਪ੍ਰਧਾਨ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਨੂੰ ਝੁਠਲਾਇਆ ਹੈ ਕਿ ਰਾਜ ਸਰਕਾਰ ਵਲੋਂ ਭੇਜੇ ਗਏ ਹੈਲੀਕਾਪਟਰ ਨੇ ਉਤਰਾਖੰਡ 'ਚ ਹੜ੍ਹ ਕਾਰਨ ਗੋਬਿੰਦਧਾਮ 'ਚ ਫਸੇ ਲੱਗਭਗ 3000 ਸਿੱਖ ਸ਼ਰਧਾਲੂਆਂ ਵਿਚੋਂ 800 ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾ ਦਿੱਤਾ ਹੈ।
ਦੇਹਰਾਦੂਨ ਤੋਂ 'ਜਗ ਬਾਣੀ' ਨਾਲ ਅੱਜ ਫੋਨ 'ਤੇ ਗੱਲਬਾਤ ਕਰਦੇ ਹੋਏ ਬਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭੇਜਿਆ ਗਿਆ ਹੈਲੀਕਾਪਟਰ ਕੱਲ ਤੋਂ ਦੇਹਰਾਦੂਨ ਦੀ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਹੀ ਖੜ੍ਹਾ ਹੈ ਅਤੇ ਉਸਨੇ ਹਾਲੇ ਤਕ ਪ੍ਰਭਾਵਿਤ ਖੇਤਰਾਂ ਤੋਂ ਸਿੱਖ ਸ਼ਰਧਾਲੂਆਂ ਨੂੰ ਕੱਢਣ ਲਈ ਇਕ ਵੀ ਉਡਾਨ ਨਹੀਂ ਭਰੀ। ਇਸ ਹੈਲੀਕਾਪਟਰ 'ਚ ਪੰਜਾਬ ਸਰਕਾਰ ਵਲੋਂ ਕਾਹਨ ਸਿੰਘ ਪੰਨੂ ਦੀ ਅਗਵਾਈ 'ਚ ਭੇਜੀ ਗਈ ਟੀਮ ਇਕ ਸੈਨਿਕ ਹੈਲੀਕਾਪਟਰ ਜ਼ਰੀਏ ਹੇਮਕੁੰਟ ਸਾਹਿਬ 'ਚ ਪਹੁੰਚ ਗਈ ਹੈ, ਪਰ ਉਸਦੇ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
ਬਿੰਦਰਾ ਨੇ ਕਿਹਾ ਕਿ ਉਤਰਾਖੰਡ ਸਰਕਾਰ ਵਲੋਂ ਡੈਕਨ ਏਵੀਏਸ਼ਨ ਦੇ ਦੋ ਹੈਲੀਕਾਪਟਰਾਂ ਅਤੇ ਦੋ ਫੌਜੀ ਹੈਲੀਕਾਪਟਰਾਂ ਦੇ ਜ਼ਰੀਏ ਕੱਲ 300 ਸ਼ਰਧਾਲੂ ਅਤੇ ਅੱਜ 400 ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਪੰਜਾਬ ਸਰਕਾਰ, ਜਿਸਦੀ ਉਤਰਾਖੰਡ 'ਚ ਫਸੇ ਸਿੱਖ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਇਸ ਮਾਮਲੇ 'ਚ ਬਹੁਤ ਪੱਛੜ ਗਈ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪੰਜਾਬ ਸਰਕਾਰ ਵਲੋਂ ਭੇਜਿਆ ਗਿਆ ਹੈਲੀਕਾਪਟਰ ਉਡਾਨ ਭਰਨ ਲਈ ਇਜਾਜ਼ਤ ਨਾ ਮਿਲਣ ਕਾਰਨ ਦੇਹਰਾਦੂਨ 'ਚ ਖੜ੍ਹਾ ਹੈ ਤਾਂ ਬਿੰਦਰਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਇਕ ਐਮਰਜੈਂਸੀ ਸਥਿਤੀ ਹੈ ਅਤੇ ਇਸ ਖੇਤਰ 'ਚ ਪਹਿਲਾਂ ਹੀ ਲੱਗਭਗ 22 ਸੈਨਿਕ ਅਤੇ ਗੈਰ-ਸੈਨਿਕ ਹੈਲੀਕਾਪਟਰ ਲਗਾਤਾਰ ਉਡਾਨਾਂ ਭਰ ਰਹੇ ਹਨ। ਬਿੰਦਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਵੀ ਹੈਲੀਕਾਪਟਰ ਦੇ ਜ਼ਰੀਏ ਸ੍ਰੀ ਹੇਮਕੁੰਟ ਸਾਹਿਬ ਤੋਂ ਜੋਸ਼ੀ ਮੱਠ ਗੁਰਦੁਆਰੇ 'ਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ।
ਇਹ ਹਨ ਪੰਜਾਬ ਸਰਕਾਰ ਦੇ ਦਾਅਵੇ
ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ : ਪੰਨੂ

ਪੰਜਾਬ ਸਰਕਾਰ ਦੇ ਪ੍ਰੈੱਸ ਨੋਟ ਵਿਚ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਕ ਟੀਮ ਬੀਤੇ ਦਿਨ ਗੋਬਿੰਦ ਧਾਮ ਵਿਚ ਪਹੁੰਚ ਗਈ ਸੀ ਅਤੇ ਇਸ ਟੀਮ ਵਲੋਂ ਉਸੇ ਦਿਨ ਹੀ 300 ਸ਼ਰਧਾਲੂਆਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਆ ਸਥਾਨ ਵੱਲ ਲਿਜਾਇਆ ਗਿਆ। ਵਿਸ਼ੇਸ਼ ਸਕੱਤਰ ਕਾਹਨ ਸਿੰਘ ਪੰਨੂ  ਜੋ ਇਸ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਗੋਬਿੰਦ ਧਾਮ ਤੋਂ ਟੈਲੀਫੋਨ 'ਤੇ ਦੱਸਿਆ ਕਿ 500 ਹੋਰ ਸ਼ਰਧਾਲੂਆਂ ਨੂੰ ਅੱਜ ਹੈਲੀਕਾਪਟਰ ਰਾਹੀਂ ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਜਾਵੇਗਾ।  ਪੰਨੂ ਨੇ ਉਥੇ 3000 ਸਿੱਖ ਸ਼ਰਧਾਲੂਆਂ ਦੇ ਫਸੇ ਹੋਣ ਪਰ ਸੁਰੱਖਿਅਤ ਹੋਣ ਦੀ ਗੱਲ ਕਹੀ।
ਪੰਜਾਬ ਸਰਕਾਰ ਨੇ ਕੀਤਾ ਕੰਟਰੋਲ ਰੂਮ ਸਥਾਪਿਤ
ਇਕ ਹੋਰ ਪ੍ਰੈੱਸ ਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਯਾਤਰੀਆਂ ਨੂੰ ਕੱਢਣ ਲਈ ਵਿਸ਼ੇਸ਼ ਤੌਰ 'ਤੇ ਭੇਜੇ ਗਏ ਹੈਲੀਕਾਪਟਰ ਰਾਹੀਂ 300 ਯਾਤਰੀਆਂ ਨੂੰ ਬੀਤੇ ਕੱਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੰਨੂ ਅਨੁਸਾਰ ਜੇਕਰ ਮੌਸਮ ਠੀਕ ਰਿਹਾ ਤਾਂ ਅੱਜ 500 ਹੋਰ ਯਾਤਰੀਆਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾ ਦਿੱਤਾ ਜਾਵੇਗਾ। ਸ਼ੁਰੂਆਤੀ  ਅਨੁਮਾਨ ਅਨੁਸਾਰ ਪੰਜਾਬ ਤੋਂ 3000 ਤੋਂ ਲਗਭਗ ਸ਼ਰਧਾਲੂ ਉਤਰਾਖੰਡ ਵਿਚ ਫਸੇ ਹਨ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਦੇ ਸੰਬੰਧ ਵਿਚ 24 ਘੰਟੇ ਜਾਣਕਾਰੀ ਦੇਣ ਲਈ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਇਸ ਦਾ ਨੰਬਰ 0172-2740397 ਹੈ।