jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਅਧਿਆਪਕਾਂ ਦਾ ਸ਼ਹਿਰੀ ਮੋਹ, ਵਿਦਿਆਰਥੀ ਰਹੇ ਨੇ ਪਸੀਨੇ ਨਾਲ ਚੋਅ

www.sabblok.blogspot.com

ਚਰਨਜੀਤ ਭੁੱਲਰ
ਬਠਿੰਡਾ, 4 ਜੂਨ
ਇਥੋਂ ਦੇ ਸਕੂਲਾਂ ਦੇ ਕਈ ਅਧਿਆਪਕ ਜੁਗਾੜੀ ਬਣ ਗਏ ਹਨ। ਇਨ੍ਹਾਂ ਅਧਿਆਪਕਾਂ ਨੇ ਆਪਣੀ ਪੋਸਟ ਬਚਾਉਣ ਖਾਤਰ ਜੁਗਾੜ ਲਾਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਸ਼ਹਿਰ ’ਚੋਂ ਤਬਾਦਲਾ ਹੋਣ ਦਾ ਡਰ ਸੀ ਜਿਸ ਕਾਰਨ ਇਹ ਅਧਿਆਪਕ ਰਾਤੋਂ ਰਾਤ ਦਾਨੀ ਵੀ ਬਣ ਗਏ ਹਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀ ਜਾ ਰਹੀ ਰੈਸ਼ਨੇਲਾਈਜ਼ੇਸ਼ਨ ਦੀ ਮਾਰ ਤੋਂ ਬਚਣ ਲਈ ਇਨ੍ਹਾਂ ਅਧਿਆਪਕਾਂ ਨੇ ਆਪਣੀ ਜੇਬ ਵੀ ਢਿੱਲੀ ਕਰ ਲਈ ਹੈ। ਨਵੀਂ ਰੈਸ਼ਨੇਲਾਈਜ਼ੇਸ਼ਨ ਨੀਤੀ ਤਹਿਤ ਬੱਚਿਆਂ ਦੀ ਗਿਣਤੀ ਅਤੇ ਸਕੂਲਾਂ ਵਿਚਲੇ ਕਮਰਿਆਂ ਨੂੰ ਆਧਾਰ ਬਣਾਇਆ ਗਿਆ ਹੈ। ਮੋਟੇ ਹਿਸਾਬ ਨਾਲ ਜਿਸ ਸਕੂਲ ਵਿੱਚ ਬੱਚਿਆਂ ਦੇ ਜਿੰਨੇ ਸੈਕਸ਼ਨ ਹੋਣਗੇ,ਉਸ ਸਕੂਲ ਵਿੱਚ ਓਨੇ ਹੀ ਕਮਰੇ ਹੋਣੇ ਜ਼ਰੂਰੀ ਹਨ, ਜੇਕਰ ਓਨੇ ਕਮਰੇ ਨਹੀਂ ਹੋਣਗੇ ਤਾਂ ਅਧਿਆਪਕ ਸਰਪਲੱਸ ਹੋਣਗੇ ਜਿਨ੍ਹਾਂ ਨੂੰ ਪੇਂਡੂ ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਸ਼ਹਿਰੀ ਅਧਿਆਪਕਾਂ ਨੇ ਸ਼ਿਫਟ ਹੋਣ ਤੋਂ ਬਚਣ ਲਈ ਨਵਾਂ ਜੁਗਾੜ ਲਾਇਆ ਹੈ ਜਿਸ ਨਾਲ ਗਰਮੀ ਵਿੱਚ ਬੱਚਿਆਂ ਦਾ ਦਮ ਜ਼ਰੂਰ ਘੁੱਟੇਗਾ।
ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਵਿੱਚ 2235 ਲੜਕੀਆਂ ਪੜ੍ਹਦੀਆਂ ਹਨ ਅਤੇ ਇਸ ਸਕੂਲ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਦੀਆਂ 96 ਅਸਾਮੀਆਂ ਭਰੀਆਂ ਹੋਈਆਂ ਹਨ। ਸਕੂਲ ਦੀ ਪ੍ਰਿੰਸੀਪਲ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜੋ ਸਰਟੀਫਿਕੇਟ ਦਿੱਤਾ ਗਿਆ ਹੈ,ਉਸ ਅਨੁਸਾਰ ਇਸ ਸਕੂਲ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ 61 ਸੈਕਸ਼ਨ ਬਣਾਏ ਗਏ ਹਨ। ਇਸ ਨੀਤੀ ਅਨੁਸਾਰ ਇਸ ਸਕੂਲ ਵਿੱਚ ਹੁਣ 61 ਕਮਰੇ ਹੋਣੇ ਜ਼ਰੂਰੀ ਹਨ ਪਰ ਸਕੂਲ ਵਿੱਚ ਏਨੇ ਕਮਰੇ ਨਹੀਂ ਹਨ। ਜਿਹੜੇ ਅਧਿਆਪਕਾਂ ਨੂੰ ਆਪਣੀ ਅਸਾਮੀ ਸਰਪਲੱਸ ਹੋ ਕੇ ਤਬਾਦਲਾ ਹੋਣ ਦਾ ਡਰ ਸੀ, ਉਨ੍ਹਾਂ ਨੇ ਪੱਲਿਓਂ ਖਰਚ ਕਰਕੇ ਸਕੂਲ ਦੇ 6 ਕਮਰਿਆਂ ਨੂੰ 12 ਕਮਰਿਆਂ ਵਿੱਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਛੇ ਕਮਰਿਆਂ ਦੇ ਐਨ ਵਿਚਕਾਰ ਪਲਾਈ ਦੀ ਦੀਵਾਰ ਕੱਢ ਦਿੱਤੀ ਗਈ ਹੈ ਜਿਸ ਨਾਲ ਕਮਰਿਆਂ ਦੀ ਗਿਣਤੀ 12 ਹੋ ਗਈ ਹੈ। ਇਹ ਹਵਾਦਾਰ ਕਮਰੇ ਹੁਣ ਗੁਫਾਵਾਂ ਬਣ ਗਏ ਹਨ। ਗਰਮੀਆਂ ਦੇ ਦਿਨਾਂ ਵਿੱਚ ਇਹ ਜੁਗਾੜ ਬੱਚਿਆਂ ਲਈ ਪ੍ਰੇਸ਼ਾਨੀ ਬਣੇਗਾ। ਇੱਥੋਂ ਤੱਕ ਕਿ ਕਈ ਵਰਾਂਡਿਆਂ ਦੇ ਇਕ ਪਾਸੇ ਪਲਾਈ ਲਗਾ ਕੇ ਉਸ ਨੂੰ ਵੀ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਜੇਕਰ ਇਹ ਅਧਿਆਪਕ ਕਮਰਿਆਂ ਵਿੱਚ ਪਲਾਈ ਦੀ ਦੀਵਾਰ ਨਾ ਕੱਢਦੇ ਤਾਂ ਇਸ ਸਕੂਲ ’ਚੋਂ ਤਕਰੀਬਨ 14 ਅਸਾਮੀਆਂ ਸਰਪਲੱਸ ਹੋ ਜਾਣੀਆਂ ਸਨ ਜਿਨ੍ਹਾਂ ਨੂੰ ਸ਼ਿਫਟ ਕੀਤਾ ਜਾਣਾ ਸੀ। ਹੁਣ ਇਸ ਸਕੂਲ ’ਚੋਂ ਸਿਰਫ ਸੱਤ ਅਸਾਮੀਆਂ ਸਰਪਲੱਸ ਹੋਣੀਆਂ ਹਨ ਜੋ ਪਹਿਲਾਂ ਹੀ ਖਾਲੀ ਹਨ। ਇਨ੍ਹਾਂ ਵਿੱਚ ਪੰਜਾਬੀ ਦੀਆਂ ਦੋ, ਹੋਮ ਸਾਇੰਸ ਦੀ ਇਕ, ਮਿਊਜ਼ਿਕ ਦੀਆਂ ਦੋ, ਇਕਨਾਮਿਕਸ ਲੈਕਚਰਾਰ ਦੀ ਇਕ ਅਤੇ ਮੈਥ ਲੈਕਚਰਾਰ ਦੀ ਇਕ ਅਸਾਮੀ ਸ਼ਾਮਲ ਹੈ। ਭਰੀਆਂ ਅਸਾਮੀਆਂ ’ਚੋਂ ਸਿਰਫ ਹਿੰਦੀ ਦੀ ਇਕ ਅਸਾਮੀ ਸਰਪਲੱਸ ਹੋਣੀ ਹੈ।
ਇਸ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਛੇ ਕਮਰਿਆਂ ਨੂੰ 12 ਕਮਰਿਆਂ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਪੱਲਿਓਂ ਪੈਸੇ ਖਰਚ ਕੇ ਪਲਾਈ ਦੀਆਂ ਦੀਵਾਰਾਂ ਕੱਢੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਵਰਾਂਡੇ ਵੀ ਕਵਰ ਕੀਤੇ ਗਏ ਹਨ। ਇਸ ਪ੍ਰਿੰਸੀਪਲ ਮੁਤਾਬਕ ਇਹ ਆਰਜ਼ੀ ਤੌਰ ’ਤੇ ਕੀਤਾ ਗਿਆ ਹੈ ਅਤੇ ਜਦੋਂ ਨਵੇਂ ਕਮਰੇ ਤਿਆਰ ਹੋ ਜਾਣਗੇ ਤਾਂ ਇਹ ਪਲਾਈ ਦੀ ਦੀਵਾਰ ਹਟਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸਾਮੀਆਂ ਬਚਾਉਣ ਲਈ ਅਜਿਹਾ ਨਹੀਂ ਕੀਤਾ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਹਰਕੰਵਲਜੀਤ ਕੌਰ ਨੇ ਕਿਹਾ ਕਿ ਇਸ ਸਕੂਲ ਦੇ ਅਧਿਆਪਕਾਂ ਨੇ ਆਪਣੀਆਂ ਅਸਾਮੀਆਂ ਬਚਾਉਣ ਖਾਤਰ ਪਲਾਈ ਦੀਆਂ ਦੀਵਾਰਾਂ ਕੱਢੀਆਂ ਹਨ। ਉਨ੍ਹਾਂ ਆਖਿਆ ਕਿ ਐਤਕੀਂ ਰੈਸ਼ਨੇਲਾਈਜ਼ੇਸ਼ਨ ਵਿੱਚ ਕਮਰਿਆਂ ਦੀ ਗਿਣਤੀ ਨੂੰ ਵੀ ਅਧਾਰ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰ ਦੇ ਪਰਸ ਰਾਮ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਵਿੱਚ 25 ਸੈਕਸ਼ਨ ਹੋਣ ਦੀ ਗੱਲ ਆਖੀ ਹੈ। ਪਤਾ ਲੱਗਾ ਹੈ ਕਿ ਇਸ ਸਕੂਲ ਦੇ ਅਧਿਆਪਕਾਂ ਨੇ 25 ਕਮਰੇ ਦਿਖਾਉਣ ਲਈ ਹੁਣ ਹੋਰਾਂ ਕਮਰਿਆਂ ਨੂੰ ਵੀ ਕਲਾਸ ਰੂਮ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸਕੂਲ ਦੇ ਸਟੋਰ ਵੀ ਹੁਣ ਕਲਾਸ ਰੂਮ ਵਿੱਚ ਤਬਦੀਲ ਹੋ ਗਏ ਹਨ। ਅਧਿਆਪਕਾਂ ਨੇ ਆਪਣੀਆਂ ਅਸਾਮੀਆਂ ਬਚਾਉਣ ਖਾਤਰ ਅਜਿਹੇ ਪਾਪੜ ਵੇਲੇ ਹਨ।
ਸੂਤਰਾਂ ਅਨੁਸਾਰ ਪਰਸ ਰਾਮ ਸਕੂਲ ’ਚੋਂ ਹੁਣ ਸਿਰਫ ਮੈਥ ਦੀ ਭਰੀ ਹੋਈ ਅਸਾਮੀ ਹੀ ਸ਼ਿਫਟ ਹੋਵੇਗੀ ਜਦੋਂ ਕਿ ਸਿਲਾਈ ਟੀਚਰ ਦੀ ਖਾਲੀ ਅਸਾਮੀ ਸਰਪਲੱਸ ਹੋਵੇਗੀ। ਅਧਿਆਪਕਾਂ ਨੇ ਏਦਾ ਦੇ ਜੁਗਾੜ ਲਗਾ ਕੇ ਆਪਣੀਆਂ ਅਸਾਮੀਆਂ ਬਚਾ ਲਈਆਂ ਹਨ। ਇਸ ਜੁਗਾੜ ਦਾ ਮੁੱਲ ਬੱਚਿਆਂ ਨੂੰ ਮੁੜ੍ਹਕੋ ਮੁੜ੍ਹਕੀ ਹੋ ਕੇ ਤਾਰਨਾ ਪਵੇਗਾ।

No comments: