jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਸ੍ਰੀ ਹੇਮਕੁੰਟ ਸਾਹਿਬ .ਗੁ: ਗੋਬਿੰਦਘਾਟ ਦੀ ਇਮਾਰਤ 'ਚ ਪਾਣੀ ਭਰਿਆ

www.sabblok.blogspot.com


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਜਲ ਪ੍ਰਵਾਹ......ਗਏ ਹਜ਼ਾਰਾਂ ਸ਼ਰਧਾਲੂ ਵੱਖ-ਵੱਖ ਥਾਵਾਂ 'ਤੇ ਫਸੇ.......



-ਉਤਰਾਖੰਡ 'ਚ ਭਾਰੀ ਬਰਸਾਤ ਨਾਲ ਅਲਕਨੰਦਾ ਨਦੀ 'ਚ ਆਏ ਹੜ੍ਹ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਗਏ ਹਜ਼ਾਰਾਂ ਯਾਤਰੂ ਵੱਖ-ਵੱਖ ਥਾਵਾਂ 'ਤੇ ਫਸ ਗਏ ਹਨ | ਅਲਕਨੰਦਾ ਨਦੀ 'ਚ ਆਏ ਹੜ੍ਹ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਮੱੁਖ ਪੜਾਓ ਗੁਰਦੁਆਰਾ ਸ੍ਰੀ ਗੋਬਿੰਦਘਾਟ ਦੀ ਇਮਾਰਤ 'ਚ ਪਾਣੀ ਭਰ ਗਿਆ ਅਤੇ ਇਕ ਹੈਲੀਕਾਪਟਰ ਤੇ ਦੋ ਦਰਜਨ ਦੇ ਕਰੀਬ ਵਾਹਨ ਪਾਣੀ 'ਚ ਵਹਿ ਗਏ ਹਨ | ਸੰਗਤਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ 'ਤੇ ਪਹੰੁਚਾਉਣ ਦੇ ਰਾਹਤ ਕਾਰਜ ਜਾਰੀ ਹਨ, ਜਿਸ ਲਈ ਫੌਜ ਦਿਨ-ਰਾਤ ਸੰਗਤਾਂ ਦੀ ਮਦਦ ਕਰ ਰਹੀ ਹੈ | ਇਸ ਤਬਾਹੀ ਨਾਲ ਸੰਗਤਾਂ ਚਿੰਤਾ ਵਿਚ ਹਨ ਅਤੇ ਇਸ ਬਰਸਾਤ 'ਚ ਕ੍ਰਿਕਟਰ ਹਰਭਜਨ ਸਿੰਘ ਪਰਿਵਾਰ ਸਮੇਤ ਸੰਗਤਾਂ ਨਾਲ ਗੁਰਦੁਆਰਾ ਗੋਬਿੰਦ ਧਾਮ ਵਿਖੇ ਅਤੇ ਹੋਰ ਸੰਗਤਾਂ ਗੁਰਦੁਆਰਾ ਜੋਸ਼ੀ ਮੱਠ, 5 ਸਿੱਖ ਬਟਾਲੀਅਨ, ਆਈ. ਟੀ. ਬੀ. ਪੀ. ਅਤੇ ਹੋਰ ਸਰਕਾਰੀ ਥਾਵਾਂ 'ਤੇ ਰੁਕੀਆਂ ਹੋਈਆਂ ਹਨ | ਇਤਿਹਾਸਕ ਅਸਥਾਨ ਬਦਰੀਨਾਥ ਵਿਖੇ ਬੱਦਲ ਫਟਣ ਨਾਲ ਗੁਰਦੁਆਰਾ ਸ੍ਰੀ ਗੋਬਿੰਦਘਾਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਜਲ ਪ੍ਰਵਾਹ ਹੋ ਗਏ ਹਨ, ਉਥੇ ਨਾਲ ਹੀ ਯਾਤਰੂਆਂ ਦੇ ਦੋ ਦਰਜਨ ਤੋਂ ਵੱਧ ਵਾਹਨ ਅਲਕਨੰਦਾ ਨਦੀ ਵਿਚ ਰੁੜ ਗਏ ਹਨ | ਲਗਾਤਾਰ ਬਰਸਾਤ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੁਕ ਗਈ ਹੈ ਅਤੇ ਯਾਤਰੂ ਗੋਬਿੰਦ ਧਾਮ ਤੇ ਹੋਰ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ |
'ਅਜੀਤ' ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦੁਆਰਾ ਤਪ ਅਸਥਾਨ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਗਏ ਬਾਬਾ ਤਰਨਜੀਤ ਸਿੰਘ ਅਤੇ ਹਰਜੀਤ ਸਿੰਘ ਬਿਜਲੀਵਾਲ ਨੇ ਟੈਲੀਫੋਨ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਬੱਦਲ ਫਟਣ ਨਾਲ ਅਤੇ ਬਦਰੀਨਾਥ ਸਥਿਤ ਡੈਮ 'ਚੋਂ ਇਕਦਮ 8 ਲੱਖ ਕਿਊਸਕ ਪਾਣੀ ਛੱਡਣ ਨਾਲ ਅਲਕਨੰਦਾ ਨਦੀ 'ਚ ਹੜ੍ਹ ਆ ਗਿਆ, ਜਿਸ ਨਾਲ ਮੁੱਖ ਪੜਾਓ ਗੁਰਦੁਆਰਾ ਸ੍ਰੀ ਗੋਬਿੰਦਘਾਟ ਵਿਖੇ ਬੀਤੀ ਰਾਤ ਕਰੀਬ 11.30 ਵਜੇ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਦੇ ਵਾਹਨ ਟੈਂਪੂ ਟਰੇਕਸ ਨੰਬਰ ਪੀ.ਬੀ.-02.ਬੀ.ਕੇ.9890 ਸਮੇਤ ਦੋ ਦਰਜਨ ਵਾਹਨ ਪਾਣੀ ਵਿਚ ਵਹਿ ਗਏ ਹਨ | ਇਸ ਤੋੋਂ ਇਲਾਵਾ ਪਾਣੀ ਨੇ ਗੁਰਦੁਆਰਾ ਸ੍ਰੀ ਗੋਬਿੰਦਘਾਟ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਤੇ ਪਾਣੀ ਦੀ ਤਬਾਹੀ ਦੇ ਰੁਖ ਤੋਂ ਸੰਗਤਾਂ ਬੁਰੀ ਤਰ੍ਹਾਂ ਭੈਅਭੀਤ ਹੋਈਆਂ ਹਨ ਅਤੇ ਯਾਤਰਾ 'ਤੇ ਗਏ ਬੱਚੇ, ਬਜ਼ੁਰਗਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਤਬਾਹੀ 'ਚ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸੰਗਤਾਂ ਦੀ ਰੱਖਿਆ ਕਰ ਰਹੇ ਹਨ, ਉਥੇ ਫੌਜ ਸੰਗਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੰੁਚਾ ਕੇ ਲੰਗਰ ਅਤੇ ਰਹਿਣ ਲਈ ਪ੍ਰਬੰਧ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਨਾਲ ਸੜਕ ਸੁਰੱਖਿਆ ਸੰਗਠਨ ਵਲੋਂ ਰਾਹਤ ਕਾਰਜ ਵੀ ਠੱਪ ਹੋਏ ਹਨ | ਹਜ਼ਾਰਾਂ ਸੰਗਤਾਂ ਗੁਰਦੁਆਰਾ ਜੋਸ਼ੀ ਮੱਠ ਅਤੇ ਹੋਰ ਥਾਂਵਾਂ 'ਤੇ ਰੁਕੀਆਂ ਹੋਈਆਂ ਹਨ ਅਤੇ ਜਾਣਕਾਰੀ ਅਨੁਸਾਰ ਮੌਸਮ ਦੀ ਭਾਰੀ ਬੇਰੁਖੀ ਕਾਰਨ ਗੁਰਦੁਆਰਾ ਸ੍ਰੀ ਗੋਬਿੰਦਘਾਟ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਸਰੂਪਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦਾ ਸਟਾਫ ਜੋਸ਼ੀ ਮੱਠ ਆ ਗਿਆ ਹੈ | ਇਸ ਸਬੰਧੀ ਜਦ ਗੁਰਦੁਆਰਾ ਜੋਸ਼ੀ ਮੱਠ ਦੇ ਮੈਨੇਜਰ ਭਾਈ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਬਰਸਾਤ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮਾਰਗ 'ਚ ਚਾਰ ਮੁੱਖ ਪੁਲ ਵੀ ਪਾਣੀ ਨਾਲ ਬੈਠ ਗਏ ਹਨ | ਉਨ੍ਹਾਂ ਦੱਸਿਆ ਕਿ ਸੰਗਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ ਅਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ | ਥਾਣਾ ਜੋਸ਼ੀ ਮੱਠ ਦੇ ਐਸ. ਐਚ. ਓ. ਨੇ ਫੋਨ ਰਾਹੀਂ ਦੱਸਿਆ ਕਿ ਸੰਗਤਾਂ ਨੂੰ ਗੁਰਦੁਆਰਾ ਸਾਹਿਬ, ਇੰਡੋ ਤਿਬਤੀਅਨ ਬਾਰਡਰ ਪੁਲਿਸ, ਫੌਜ ਅਤੇ ਹੋਰ ਥਾਵਾਂ 'ਤੇ ਵਿਸ਼ੇਸ਼ ਪ੍ਰਬੰਧਾਂ ਰਾਹੀਂ ਲਿਆਂਦਾ ਗਿਆ ਹੈ, ਜਿਨ੍ਹਾਂ 'ਚ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਈ. ਟੀ. ਬੀ. ਪੀ. ਕੈਂਪ 'ਚ ਠਹਿਰਾਇਆ ਗਿਆ ਹੈ |
ਹੇਮਕੁੰਟ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਯਾਤਰਾ ਮੁਲਤਵੀ
ਲੁਧਿਆਣਾ, 17 ਜੂਨ (ਪਰਮੇਸ਼ਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਪਹਾੜੀ ਇਲਾਕੇ ਵਿਚ ਢਿਗਾਂ ਡਿਗਣ ਤੇ ਨਦੀਆਂ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਆ ਰਹੀਆਂ ਔਕੜਾਂ ਨੂੰ ਵੇਖਦਿਆਂ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਕਮੇਟੀ ਨੇ ਅਗਲੇ ਕੁਝ ਦਿਨਾਂ ਲਈ ਯਾਤਰਾ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ | ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ: ਮਦਨ ਸਿੰਘ ਨੇ 'ਅਜੀਤ' ਦੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਕਈ ਥਾਵਾਂ 'ਤੇ ਢਿਗਾਂ ਡਿਗਣ ਤੋਂ ਇਲਾਵਾ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਦੇ ਵਿਚਾਲੇ ਪੈਦਲ ਰਸਤੇ 'ਤੇ ਬਣੇ ਦੋ ਪੁਲ ਵੀ ਮੀਂਹਾਂ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਹਨ | ਇਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਫਿਲਹਾਲ ਕੁੱਝ ਦਿਨ ਲਈ ਇਹ ਯਾਤਰਾ ਮੁਲਤਵੀ ਰਹੇਗੀ ਤੇ ਹਾਲਾਤ ਠੀਕ ਹੋਣ 'ਤੇ ਸੰਗਤਾਂ ਨੂੰ ਸੂਚਿਤ ਕੀਤਾ ਜਾਵੇਗਾ |

 

No comments: