jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਜਗਮੀਤ ਬਰਾੜ ਲੜਨਗੇ ਬਠਿੰਡਾ ਤੋਂ ਚੋਣ


  
ਜਗਰਾਓਂ.02 ਜੂਨ.– ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ। ਹੁਣ ਤੱਕ ਇਸ ਹਲਕੇ ਤੋਂ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਸਾਂਝੇ ਮੋਰਚੇ ਨਾਲ ਚੋਣ ਗਠਜੋੜ ਹੋਣ ‘ਤੇ ਪੀ. ਪੀ. ਪੀ. ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਲੜਨ ਦੀਆਂ ਕਿਆਸ-ਅਰਾਈਆਂ ਲੱਗ ਰਹੀਆਂ ਸਨ ਪਰ ਤਾਜ਼ਾ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਖਾਸ ਦਿਲਚਸਪੀ ਨਾ ਦਿਖਾਏ ਜਾਣ ਅਤੇ ਮਨਪ੍ਰੀਤ ਬਾਦਲ ਦੀ ਅੱਖ ਫਿਰੋਜ਼ਪੁਰ ਹਲਕੇ ‘ਤੇ ਟਿਕੀ ਹੋਣ ਕਾਰਨ ਕਾਂਗਰਸ ਹਾਈ ਕਮਾਂਡ ਇਸ ਹਲਕੇ ਤੋਂ ਕਿਸੇ ਹੋਰ ਮਜ਼ਬੂਤ ਉਮੀਦਵਾਰ ਦੀ ਭਾਲ ‘ਚ ਹੈ। ਕਾਂਗਰਸੀ ਸੂਤਰਾਂ ਦੀ ਸੂਚਨਾ ਤੋਂ ਇਲਾਵਾ ਖੁਦ ਜਗਮੀਤ ਬਰਾੜ ਵਲੋਂ ਬਠਿੰਡਾ ਹਲਕੇ ‘ਚ ਅਚਾਨਕ ਵਧਾਈ ਗਈ ਸਰਗਰਮੀ ਇਸ ਗੱਲ ਦਾ ਸਬੂਤ ਮੰਨੀ ਜਾ ਸਕਦੀ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਬਠਿੰਡਾ ‘ਚ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ‘ਚ ਤਕੜੇ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ ਤਾਂ ਜੋ ਪੂਰਾ ਬਾਦਲ ਪਰਿਵਾਰ ਚੋਣ ਪ੍ਰਚਾਰ ਲਈ ਇਸ ਹਲਕੇ ਤੱਕ ਹੀ ਸੀਮਤ ਹੋ ਕੇ ਰਹਿ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਜਗਮੀਤ ਬਰਾੜ ਇਕ ਵਾਰ ਫਿਰ ਆਪਣੇ ਰਵਾਇਤੀ ਸਿਆਸੀ ਵਿਰੋਧੀ ਬਾਦਲ ਪਰਿਵਾਰ ਨੂੰ ਟੱਕਰ ਦੇਣਗੇ। ਹਰਸਿਮਰਤ ਨੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਇਹ ਚੋਣ ਜਿੱਤੀ ਸੀ। ਜਗਮੀਤ ਬਰਾੜ ਕਿਉਂਕਿ ਪਹਿਲਾਂ ਵੀ ਬਾਦਲ ਪਰਿਵਾਰ ਨਾਲ ਸਿਆਸੀ ਮੈਦਾਨ ‘ਚ ਲੋਹਾ ਲੈਂਦੇ ਆਏ ਹਨ ਅਤੇ 1999 ‘ਚ ਇਕ ਵਾਰ ਉਹ ਫਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਰਾ ਵੀ ਚੁੱਕੇ ਹਨ, ਇਸ ਲਈ ਕਾਂਗਰਸ ਹਾਈ ਕਮਾਂਡ ਇਸ ਹਲਕੇ ਤੋਂ ਉਨ੍ਹਾਂ ਨੂੰ ਉਤਾਰਨ ਦਾ ਮਨ ਬਣਾ ਰਹੀ ਹੈ। ਫਿਰੋਜ਼ਪੁਰ ਹਲਕੇ ਤੋਂ ਜਗਮੀਤ ਬਰਾੜ ਨੇ ਦੋ ਵਾਰ ਚੋਣ ਲੜੀ ਪਰ ਦੋਵੇਂ ਵਾਰ ਉਹ ਹਾਰ ਗਏ, ਇਸ ਲਈ ਉਹ ਤੀਜੀ ਵਾਰ ਫਿਰੋਜ਼ਪੁਰ ਤੋਂ ਚੋਣ ਮੈਦਾਨ ‘ਚ ਨਹੀਂ ਉਤਰਨਗੇ। ਇਸ ਤੋਂ ਇਲਾਵਾ ਜਗਮੀਤ ਬਰਾੜ ਦੀਆਂ ਪਿਛਲੇ ਦਿਨਾਂ ਦੀਆਂ ਬਠਿੰਡਾ ਹਲਕੇ ‘ਚ ਵਧੀਆਂ ਸਰਗਰਮੀਆਂ, ਅੱਜ ਇਕ ਜੂਨ ਨੂੰ ਉਨ੍ਹਾਂ ਦੀ ਅਗਵਾਈ ‘ਚ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਬਾਦਲ ਤੱਕ ਕੱਢੀ ਗਈ ਇਨਸਾਫ ਯਾਤਰਾ ਵੀ ਇਸੇ ਪਾਸੇ ਇਸ਼ਾਰਾ ਕਰਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਗਮੀਤ ਬਰਾੜ 15 ਅਗਸਤ ਨੂੰ ਬਠਿੰਡਾ ‘ਚ ਇਕ ਵੱਡੀ ਰੈਲੀ ਕਰਨ ਜਾ ਰਹੇ ਹਨ, ਜਿਸ ‘ਚ ਕਾਂਗਰਸ ਹਾਈ ਕਮਾਂਡ ਦੇ ਕਿਸੇ ਅਹਿਮ ਨੇਤਾ ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ। ਜਗਮੀਤ ਬਰਾੜ ਵਲੋਂ ਆਜ਼ਾਦੀ ਦਿਵਸ ਨੂੰ ਹੀ ਇਸ ਰੈਲੀ ਲਈ ਚੁਣੇ ਜਾਣ ਪਿੱਛੇ ਵੀ ਇਕ ਅਹਿਮ ਕਾਰਨ ਹੈ। ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਪਹਿਲਾਂ ਅਕਾਲੀ ਲੀਡਰ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਤੇ ਐਮਰਜੈਂਸੀ ਖਤਮ ਹੋਣ ਮਗਰੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਹ ਤਿਰੰਗਾ ਲਹਿਰਾਉਣ ਫਰੀਦਕੋਟ ਪਹੁੰਚੇ। ਜਗਮੀਤ ਬਰਾੜ ਨੂੰ ਇਸ ਸਮੇਂ ਸਟੇਜ ਤੋਂ ਦੂਰ ਰੱਖਣ ਦੇ ਯਤਨ ਕੀਤੇ ਗਏ ਸਨ ਪਰ ਜਦੋਂ ਉਹ ਕਿਸੇ ਤਰ੍ਹਾਂ ਸਟੇਜ ‘ਤੇ ਪਹੁੰਚ ਗਏ ਤਾਂ ਤੱਤਕਾਲੀਨ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਗਮੀਤ ਬਰਾੜ ਨੂੰ ਅਕਾਲੀ ਹੋਣ ਨਾਤੇ ਬੋਲਣ ਦਾ ਮੌਕਾ ਦੇ ਦਿੱਤਾ ਸੀ ਪਰ ਜਦੋਂ ਜਗਮੀਤ ਬਰਾੜ ਨੇ ਭਾਸ਼ਣ ‘ਚ ਨਿਸ਼ਾਨਾ ਮੁੱਖ ਮੰਤਰੀ ਬਾਦਲ ਨੂੰ ਬਣਾਇਆ ਤਾਂ ਸਿਆਸੀ ਮਤਭੇਦ ਹੋਰ ਤਿੱਖੇ ਹੋ ਗਏ। ਬਾਅਦ ‘ਚ ਜਗਮੀਤ ਬਰਾੜ ਖਿਲਾਫ ਆਜ਼ਾਦੀ ਦਿਵਸ ਮੌਕੇ ਤਿਰੰਗੇ ਦਾ ਅਪਮਾਨ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ, ਜਿਥੋਂ ਬਰਾੜ ਦੇ ਅਕਾਲੀ ਪਰਿਵਾਰ ਦੇ ਰਸਤੇ ਬਾਦਲ ਪਰਿਵਾਰ ਨਾਲੋਂ ਅਲੱਗ ਹੋ ਗਏ।
ਦੱਸਿਆ ਜਾਂਦਾ ਹੈ ਕਿ ਜਗਮੀਤ ਬਰਾੜ ਨੇ 35 ਵਰ੍ਹਿਆਂ ਮਗਰੋਂ ਇਸੇ ਘਟਨਾ ਦੇ ਪ੍ਰਸੰਗ ‘ਚ ਆਪਣੇ ਸਿਆਸੀ ਭਵਿੱਖ ਸਬੰਧੀ ਐਲਾਨ ਦਾ ਦਿਨ ਆਜ਼ਾਦੀ ਦਿਵਸ ਭਾਵ 15 ਅਗਸਤ ਚੁਣਿਆ ਹੈ। ਜੇਕਰ ਜਗਮੀਤ ਸਿੰਘ ਬਰਾੜ ਬਠਿੰਡਾ ਤੋਂ ਲੋਕ ਸਭਾ ਚੋਣ ਲੜਦੇ ਹਨ ਤਾਂ ਇਸ ‘ਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੂੰ ਇਕ ਮਜ਼ਬੂਤ ਉਮੀਦਵਾਰ ਮਿਲ ਜਾਵੇਗਾ ਪਰ ਹਰਸਿਮਰਤ ਕੌਰ ਬਾਦਲ, ਦੂਜੇ ਸ਼ਬਦਾਂ ‘ਚ ਬਾਦਲ ਪਰਿਵਾਰ ਨੂੰ ਮੌਜੂਦਾ ਦੌਰ ‘ਚ ਟੱਕਰ ਦੇਣਾ ਕੋਈ ਆਸਾਨ ਗੱਲ ਨਹੀਂ। ਜੇਕਰ ਹਰਸਿਮਰਤ ਕੌਰ ਬਾਦਲ ਦੀ ਬਤੌਰ ਐੱਮ. ਪੀ. ਕਾਰਗੁਜ਼ਾਰੀ ਦੇਖੀ ਜਾਵੇ ਤਾਂ ਇਹ ਵੀ ਵਧੀਆ ਰਹੀ ਹੈ। ਉਸ ਦੇ ਮੁਕਾਬਲੇ ਦੂਜੇ ਅਕਾਲੀ ਐੱਮ. ਪੀ. ਕਾਰਗੁਜ਼ਾਰੀ ਦੇ ਪੈਮਾਨੇ ‘ਚ ਬੌਣੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ‘ਚ ਜੇ ਐਤਕੀਂ ਜਗਮੀਤ ਬਰਾੜ ਤੇ ਹਰਸਿਮਰਤ ਕੌਰ ਬਾਦਲ ‘ਚ ਮੁਕਾਬਲਾ ਹੁੰਦਾ ਹੈ ਤਾਂ ਇਹ ਪੰਜਾਬ ਦੀਆਂ ਹੋਰਨਾਂ ਲੋਕ ਸਭਾ ਸੀਟਾਂ ਦੇ ਮੁਕਾਬਲੇ ਵਧੇਰੇ ਦਿਲਚਸਪ ਹੋਵੇਗਾ।


No comments: