jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ



 
ਭਾਈ ਕਨੱਈਆ ਰਾਮ ਤੋਂ ਪ੍ਰਚਲਿਤ ਸੇਵਾਪੰਥੀ ਸਾਧੂਆਂ ਨੇ ਜਿੱਥੇ ਲੋਕਾਂ ਦੇ ਸਰੀਰਕ ਸੁੱਖ-ਆਰਾਮ ਲਈ ਸਰਾਵਾਂ, ਟਿਕਾਣੇ, ਖੂਹ, ਤਲਾਬ, ਦਵਾਖਾਨੇ ਤੇ ਲੰਗਰ ਲਾ ਕੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ। ਉੱਥੇ ਮਾਨਸਿਕ ਸ਼ਾਂਤੀ ਤੇ ਸਦਾਚਾਰਕ ਸਿੱਖਿਆ ਲਈ ਸੁੰਦਰ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ।
ਸੇਵਾਪੰਥੀ ਆਸ਼ਰਮ ਸ਼ਾਹਪੁਰ ਸ਼ਹਿਰ ਤੇ ਹੁਣ ਡੇਰਾ ਬਾਬਾ ਸ਼ਾਮ ਸਿੰਘ ਆਟਾ ਮੰਡੀ ਅੰਮ੍ਰਿਤਸਰ ਦੇ ਮੁਖੀ ਸੇਵਾਦਾਰਾਂ ਦੀ ਸੇਵਾਪੰਥੀ ਸੰਤ ਪ੍ਰਣਾਲੀ ਬ੍ਰਹਮ ਗਿਆਨੀ ਭਾਈ ਕਨੱਈਆ ਰਾਮ ਤੋਂ ਆਰੰਭ ਹੁੰਦੀ ਹੈ, ਉਨ੍ਹਾਂ ਦੇ ਮੁੱਖ ਪ੍ਰਦਰਸ਼ਕਾਂ ਦੀ ਲੜੀ ਵਿਚ ਭਾਈ ਸੇਵਾ ਰਾਮ, ਭਾਈ ਅੱਡਣ ਸ਼ਾਹ, ਭਾਈ ਭੱਲਾ ਰਾਮ, ਸੰਤ ਭਾਈ ਸਹਾਈ ਸਿੰਘ, ਸੰਤ ਭਾਈ ਰਾਮ ਸਿੰਘ, ਸੰਤ ਬਾਬਾ ਸ਼ਾਮ ਸਿੰਘ, ਸੰਤ ਬਾਬਾ ਝੰਡਾ ਸਿੰਘ, ਸੰਤ ਬਾਬਾ ਖੜਕ ਸਿੰਘ ਤੇ ਵਰਤਮਾਨ ਗੱਦੀਨਸ਼ੀਨ ਸੰਤ ਬਾਬਾ ਦਰਸ਼ਨ ਸਿੰਘ ‘ਸੇਵਾਪੰਥੀ’ (ਕਾਰ-ਸੇਵਾ ਵਾਲਿਆਂ) ਤਕ ਪੁੱਜਦੀ ਹੈ।
ਬਾਬਾ ਖੜਕ ਸਿੰਘ ਦਾ ਜਨਮ 2 ਜੇਠ, ਦਿਨ ਮੰਗਲਵਾਰ ਨੂੰ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਖੇ ਬਿਕਰਮੀ ਸੰਮਤ 1952 ਸੰਨ 1895 ਈਸਵੀ ਨੂੰ ਪਿਤਾ ਸ੍ਰ. ਪਾਲਾ ਸਿੰਘ ਦੇ ਗ੍ਰਹਿ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ। ਆਪ ਦਾ ਪਰਿਵਾਰ ਇਕ ਸਾਧਾਰਨ ਪੇਂਡੂ ਪਰਿਵਾਰ ਸੀ, ਜੋ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਕੇ ਆਪਣਾ ਜੀਵਨ ਨਿਰਬਾਹ ਕਰਦਾ ਸੀ। ਜਟਾਵਾਂ ਹੋਣ ਕਰਕੇ ਪਹਿਲਾਂ ਆਪ ਦਾ ਨਾਂ ਬਾਵਾ ਸਿੰਘ ਰੱਖਿਆ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਨਾਂ ਖੜਕ ਸਿੰਘ ਰੱਖਿਆ ਗਿਆ। ਅਜੇ ਆਪ 10 ਸਾਲ ਦੀ ਉਮਰ ਦੇ ਹੀ ਸਨ, ਜਦੋਂ ਆਪ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤਾਂ ਆਪ ਆਪਣੀ ਵੱਡੀ ਭੈਣ ਅੱਤੋ ਪਾਸ ਚਲੇ ਗਏ। ਕੁਝ ਚਿਰ ਉੱਥੇ ਰਹਿਣ ਤੋਂ ਬਾਅਦ ਨਾਨਕੇ ਪਿੰਡ ਮਗਿੰਦਰਪੁਰ ਚਲੇ ਗਏ। ਇੱਥੇ ਬਚਪਨ ਵਿਚ ਹੀ ਸਾਧੂ-ਸੰਤਾਂ, ਮੁਸਾਫਰਾਂ ਨੂੰ ਬੜੇ ਪ੍ਰੇਮ ਨਾਲ ਘਰ ਲੈ ਕੇ ਆਉਂਦੇ, ਪ੍ਰਸ਼ਾਦਾ ਛਕਾਉਂਦੇ।
ਜਦ ਜਵਾਨ ਹੋਏ ਤਾਂ 25 ਸਾਲ ਦੀ ਉਮਰ ਵਿਚ ਆਪ ਫੌਜ ਵਿਚ ਭਰਤੀ ਹੋ ਕੇ ਬਗਦਾਦ ਚਲੇ ਗਏ। ਇੱਥੇ ਆਪ ਨੇ ਸੱਚੇ ਅਤੇ ਸੁੱਚੇ ਸੁਭਾਅ ਦੇ ਮਿੱਠੇ ਬੋਲਾਂ ਸਦਕਾ ਆਪਣੇ ਸਾਥੀਆਂ ਅਤੇ ਅਫਸਰਾਂ ਵਿਚ ਸਤਿਕਾਰ ਪੈਦਾ ਕੀਤਾ। ਦੂਜੇ ਪਾਸੇ ਇਹ ਉਸ ਸਮਾਂ ਸੀ ਜਦ ਜ਼ਲ੍ਹਿਆਂਵਾਲੇ ਬਾਗ ਵਿਚ ਗੋਲੀ ਚੱਲੀ ਸੀ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ। ਧਰਮ ਪ੍ਰਤੀ ਆਪ ਦੀ ਸ਼ਰਧਾ ਅਤੇ ਦੇਸ਼ ਪਿਆਰ ਦੀ ਭਾਵਨਾ ਨੇ ਫੌਜ ਦੀ ਨੌਕਰੀ ਵੱਲੋਂ ਆਪ ਦਾ ਮਨ ਉਪਰਾਮ ਕਰ ਦਿੱਤਾ। ਆਪ ਦੋ ਸਾਲ ਬਾਅਦ 1922 ਵਿਚ ਫੌਜ ਵਿੱਚੋਂ ਤਿਆਗ-ਪੱਤਰ ਦੇ ਕੇ ਪਿੰਡ ਆ ਗਏ। ਅਕਾਲੀ ਲਹਿਰ ਆਪਣੇ ਜ਼ੋਰਾਂ ’ਤੇ ਸੀ ਤੇ ਮਨ ਨੇ ਸਿੱਖੀ ਪਿਆਰ ਵਿਚ ਉਛਾਲਾ ਖਾਧਾ ਤਾਂ ਜੈਤੋ ਦੇ ਮੋਰਚੇ ਵਿਚ 500 ਸਿੱਖਾਂ ਦੇ ਜਥੇ ਸਮੇਤ ਗ੍ਰਿਫ਼ਤਾਰ ਹੋ ਗਏ। 18 ਮਹੀਨੇ ਨਾਭਾ ਜੇਲ੍ਹ ’ਚ ਕੈਦ ਕੱਟੀ, ਰਿਹਾਅ ਹੋਣ ਤੋਂ ਬਾਅਦ ਆਪ ਦੁਬਾਰਾ ਨਾਨਕੇ ਪਿੰਡ ਆ ਗਏ। ਪਿੰਡ ਵਿਚ ਪੱਖਪਾਤ ਤੋਂ ਰਹਿਤ ਫੈਸਲਿਆਂ ਨੂੰ ਨਜਿੱਠਣਾ, ਲੋਕਾਂ ਦੇ ਆਪਸੀ ਵੈਰ-ਵਿਰੋਧ ਦੂਰ ਕਰਨਾ ਆਦਿ ਕੰਮ ਕਰਕੇ ਸ਼ਾਂਤ ਵਾਤਾਵਰਨ ਕਾਇਮ ਕੀਤਾ।
1938 ਵਿਚ ਆਪ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਏ, ਉੱਥੇ ਹੀ ਆਪ ਦਾ ਮੇਲ ਗੁਰੂ ਘਰ ਦੇ ਸੇਵਕ ਬਾਬਾ ਨਿਧਾਨ ਸਿੰਘ ਨਾਲ ਹੋਇਆ। ਉਨ੍ਹਾਂ ਦੇ ਨਾਲ ਹੀ ਲੰਗਰ ਦੀ ਸੇਵਾ ਵਿਚ ਜੁੱਟ ਪਏ। ਉੱਥੇ ਕੁਝ ਦੇਰ ਸੇਵਾ ਕਰਨ ਉਪਰੰਤ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਵਿਖੇ ਜਲ ਛਕਾਉਣ ਦੀ ਸੇਵਾ ਕਰਕੇ ਲੋਕਾਂ ਦੇ ਮਨਾਂ ਨੂੰ ਤ੍ਰਿਪਤ ਅਤੇ ਸ਼ਾਂਤ ਕਰਦੇ ਰਹੇ, ਫਿਰ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ 1938 ਵਿਚ 14 ਅੱਸੂ ਨੂੰ ਖਡੂਰ ਸਾਹਿਬ ਪੁੱਜੇ। ਇਸ ਅਸਥਾਨ ’ਤੇ ਉਸ ਸਮੇਂ ਸੰਤ ਬਾਬਾ ਗੁਰਮੁੱਖ ਸਿੰਘ, ਸੰਤ ਬਾਬਾ ਸਾਧੂ ਸਿੰਘ ਪਟਿਆਲੇ ਵਾਲੇ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਣ ਵਾਲੀ ਸੜਕ ਦੀ ਸੇਵਾ ਕਰਵਾ ਰਹੇ ਸਨ। ਕੁਝ ਦਿਨ ਆਪ ਸੜਕ ਦੀਆਂ ਇੱਟਾਂ ਜੋੜਨ ਦੀ ਸੇਵਾ ਕਰਦੇ ਰਹੇ। ਜਦ ਤੀਜੇ ਦਿਨ ਮਹਾਂਪੁਰਖਾਂ ਤੋਂ ਜਾਣ ਦੀ ਆਗਿਆ ਮੰਗੀ ਤਾਂ ਬਾਬਾ ਸਾਧੂ ਸਿੰਘ ਨੇ ਕਿਹਾ, ‘‘ਪੁਰਖਾ! ਕਿੱਥੇ ਜਾਣਾ ਹੈ? ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ! ਜਿੱਥੇ ਅੰਨ-ਜਲ ਲੈ ਜਾਵੇ।’’ ਇਸੇ ਸਮੇਂ ਇਲਾਕਾ ਝਬਾਲ ਦੀਆਂ ਸੰਗਤਾਂ ਵੱਲੋਂ ਬਾਬਾ ਗੁਰਮੁੱਖ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ ਦੀ ਯਾਦ ਵਿਚ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਉਹ ਇਤਿਹਾਸਕ ਤੇ ਧਾਰਮਿਕ ਮਹਾਨਤਾ ਮੁਤਾਬਕ ਜਚਦੀ ਨਹੀਂ, ਇਸ ਲਈ ਇਸ ਦਾ ਜ਼ਿੰਮਾ ਆਪਣੇ ਹੱਥ ਲਿਆ ਜਾਵੇ ਤਾਂ ਬਾਬਾ ਗੁਰਮੁੱਖ ਸਿੰਘ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੀ ਇਮਾਰਤ ਲਈ ਆਪ ਨੂੰ ਹੁਕਮ ਦਿੱਤਾ, ਜਿੱਥੇ ਪੁੱਜ ਕੇ ਆਪ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਸਰੋਵਰ, ਲੰਗਰ ਹਾਲ, ਸਰਾਂ, ਦੀਵਾਨ ਹਾਲ ਦਾ ਨਿਰਮਾਣ ਕਰਵਾਇਆ। ਬਾਬਾ ਜੀ ਨੇ ਗੁਰਦੁਆਰਾ ਡੇਰਾ ਸਾਹਿਬ ਪੱਠੇਵਿੰਡ, ਗੁਰਦੁਆਰਾ ਸੰਨ੍ਹ ਸਾਹਿਬ ਬਾਸਰ ਕੇ ਗਿੱਲਾਂ, ਗੁਰਦੁਆਰਾ ਮਾਈ ਭਾਗੋ ਪਿੰਡ ਝਬਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਦਾ ਵੀ ਨਿਰਮਾਣ ਕਰਵਾਇਆ। ਬਾਬਾ ਖੜਕ ਸਿੰਘ ਜੀ ਨੇ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਉਸਾਰੀ ਲਈ ਇੱਟਾਂ ਦੇ ਭੱਠੇ ਚਾਲੂ ਕੀਤੇ ਅਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਇੱਟਾਂ ਪਕਵਾਈਆਂ।
ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਦੇ ਲੰਗਰ ਦੀ ਸੇਵਾ ਕਰਵਾਈ। ਬਾਬਾ ਖੜਕ ਸਿੰਘ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਹ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ਨੂੰ ਪੂਰਨ ਰੂਪ ਵਿਚ ਇਕੋ ਜਿਹਾ ਰੱਬ ਦਾ ਘਰ ਸਮਝਦੇ ਸਨ। ਬਾਬਾ ਜੀ ਵਿਛੜਿਆਂ ਨੂੰ ਮਿਲਾਉਂਦੇ ਸਨ ਅਤੇ ਦੁਸ਼ਮਣਾਂ ਨਾਲ ਸੁਲ੍ਹਾ ਕਰਵਾਉਂਦੇ ਸਨ। ਬਾਬਾ ਜੀ ਨੇ ਦੀਨ-ਦੁਖੀਆਂ, ਬਿਰਧਾਂ ਤੇ ਬਿਮਾਰ ਵਿਅਕਤੀਆਂ ਦੀ ਅਥਾਹ ਸੇਵਾ ਕੀਤੀ। ਬਾਬਾ ਖੜਕ ਸਿੰਘ, ਬਾਬਾ ਸ਼ਾਮ ਸਿੰਘ ਤੇ ਬਾਬਾ ਗੁਰਮੁੱਖ ਸਿੰਘ ਵਾਂਗ ਮੱਥਾ ਟਿਕਾਉਣ ਦੇ ਬੜੇ ਵਿਰੁੱਧ ਸਨ। ਉਹ ਹੱਥ ਜੋੜਨ ਤੋਂ ਵੀ ਰੋਕਦੇ ਸਨ।
ਬਾਬਾ ਖੜਕ ਸਿੰਘ ਨੇ ਝਬਾਲ ਤੋਂ ਛੇਹਰਟਾ ਤਕ ਸੜਕ ਬਣਵਾਈ। ਗੁਰੂ ਕੀ ਵਡਾਲੀ ਦੀ ਪਹੁੰਚ ਸੜਕ ਬਣਵਾਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਨੂੰ ਨੰਗਲ-ਰੋਪੜ ਦੀ ਸੜਕ ਨਾਲ ਜੋੜਨ ਲਈ ਪਹੁੰਚ ਸੜਕ ਵਿਚ ਵੱਡਾ ਯੋਗਦਾਨ ਪਾਇਆ। ਬਾਬਾ ਜੀ ਨੇ ਬਾਬਾ ਬੁੱਢਾ ਜੀ ਦੇ ਨਾਂ ’ਤੇ ਡਿਗਰੀ ਕਾਲਜ, ਸੀਨੀਅਰ ਸੈਕੰਡਰੀ ਸਕੂਲ ਤੇ ਪਬਲਿਕ ਸੂਕਲ ਦਾ ਵੀ ਨਿਰਮਾਣ ਕੀਤਾ। ਉਨ੍ਹਾਂ ਸਰੋਵਰਾਂ, ਹੰਸਲੀਆਂ, ਸੜਕਾਂ ਤੇ ਇਮਾਰਤਾਂ ਦਾ ਵੱਡੇ ਪੱਧਰ ’ਤੇ ਨਿਰਮਾਣ ਕਰਵਾਇਆ।
ਬਾਬਾ ਖੜਕ ਸਿੰਘ ਜਿੱਥੇ ਗੁਰਧਾਮਾਂ ਦੀ ਸੇਵਾ ਵਿਚ ਹਿੱਸਾ ਲੈਂਦੇ ਸਨ, ਉੱਥੇ ਪ੍ਰਭੂ ਦੇ ਜੀਵਾਂ ਪ੍ਰਾਣੀਆਂ ਦੇ ਦੁਖੀ ਹਿਰਦਿਆਂ ਦੇ ਕਸ਼ਟ ਨਿਵਾਰਨ ਲਈ ਵੀ ਹਰ ਸਮੇਂ ਤੱਤਪਰ ਰਹਿੰਦੇ ਸਨ। ਬਾਬਾ ਖੜਕ ਸਿੰਘ ਨੇ ਸਿਰਫ਼ ਆਪਣੇ ਦੇਸ਼ ਦੇ ਗੁਰਧਾਮਾਂ ਦੀ ਹੀ ਸੇਵਾ ਨਹੀਂ ਕੀਤੀ ਸਗੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਸਮੇਂ ਪਾਕਿਸਤਾਨ ਦੀ ਹੱਦ ਅੰਦਰ ਜਿਹੜੇ ਗੁਰਦੁਆਰਿਆਂ ਦੀਆਂ ਇਮਾਰਤਾਂ ਢਹਿ ਗਈਆਂ ਸਨ, ਦੀ ਉਸਾਰੀ ਵੀ ਕਰਵਾਈ। ਬਾਬਾ ਖੜਕ ਸਿੰਘ ਜੀ ਹਰ ਸਮੇਂ ਅਰਦਾਸ ਕਰਦੇ ਸਨ ‘ਗੁਰਦੇਵ! ਮੇਰਾ ਮਨ ਤੇ ਤਨ ਆਪਣੀ ਸੇਵਾ ਵਿਚ ਲਾਈ ਰੱਖੀਂ। ਬਾਬਾ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸਨਮਾਨਿਤ ਵੀ ਕੀਤਾ ਗਿਆ। ਹੋਰ ਵੀ ਅਨੇਕਾਂ ਸਿੰਘ ਸਭਾਵਾਂ, ਸਭਾ-ਸੁਸਾਇਟੀਆਂ, ਸਕੂਲਾਂ-ਕਾਲਜਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਡੇਹਰਾ ਸਾਹਿਬ ਦੀ ਸੇਵਾ ਕਰਦਿਆਂ ਹੀ ਬਾਬਾ ਦਰਸ਼ਨ ਸਿੰਘ ਛੋਟੀ ਉਮਰ ਵਿਚ ਹੀ ਬਾਬਾ ਖੜਕ ਸਿੰਘ ਦੀ ਸੇਵਾ ਵਿਚ ਆਏ। ਬਾਬਾ ਜੀ ਦੀ ਦੂਰ-ਦ੍ਰਿਸ਼ਟੀ ਇਸ ਗੱਲ ਤੋਂ ਵੇਖੀ ਜਾ ਸਕਦੀ ਹੈ ਕਿ ਉਨ੍ਹਾਂ ਆਪਣਾ ਸਰੀਰ ਤਿਆਗਣ ਤੋਂ 10 ਸਾਲ ਪਹਿਲਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਹਾਜ਼ਰੀ ਵਿਚ ਭਾਰੀ ਦੀਵਾਨ ਸਾਹਮਣੇ ਬਾਬਾ ਦਰਸ਼ਨ ਸਿੰਘ ਨੂੰ ਆਪਣਾ ਉਤਰਾਧਿਕਾਰੀ ਨਿਸ਼ਚਤ ਕਰ ਦਿੱਤਾ ਸੀ। ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਅਕਾਲ ਪੁਰਖ ਦੇ ਹੁਕਮ ਅਨੁਸਾਰ 30 ਮਈ 1986 ਈਸਵੀ ਨੂੰ 91 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ .

ਕਰਨੈਲ ਸਿੰਘ ਐਮ.ਏ.

www.sabblok.blogspot.com

No comments: