ਹੁਸ਼ਿਆਰਪੁਰ 11
ਜੂਨ -- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਪਿੰਡ ਚੱਕ ਗੁੱਜਰਾਂ ਦੇ ਕੋਲ ਇਕ
ਪੈਟਰੋਲ ਪੰਪ ਦੇ ਪਿਛਲੇ ਪਾਸੇ ਸਥਿਤ ਗੋਦਾਮ 'ਚ ਛਾਪਾ ਮਾਰ ਕੇ ਪੁਲਸ ਨੇ ਇਕ ਪ੍ਰਮੁੱਖ
ਬ੍ਰਾਂਡ ਦੀ ਸੀਮੈਂਟ ਕੰਪਨੀ ਦਾ ਭਾਰੀ ਮਾਤਰਾ 'ਚ ਨਕਲੀ ਸੀਮੈਂਟ ਬਰਾਮਦ ਕੀਤਾ।
ਹੁਸ਼ਿਆਰਪੁਰ ਵਿਖੇ ਏ. ਸੀ. ਸੀ. ਸੀਮੈਂਟ ਵਲੋਂ ਸੀ. ਐਂਡ ਐੱਫ. ਦੇ ਮਾਲਕ ਨੀਰਜ ਗੁਪਤਾ
ਨੇ ਪੁਲਸ ਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਕਤ ਗੋਦਾਮਾਂ 'ਚ ਏ. ਸੀ. ਸੀ. ਬ੍ਰਾਂਡ ਦਾ
ਨਕਲੀ ਸੀਮੈਂਟ ਬੋਰੀਆਂ 'ਚ ਭਰਿਆ ਜਾਂਦਾ ਹੈ। ਇਹ ਬ੍ਰਾਂਡਿਡ ਸੀਮੈਂਟ ਪਾਕਿਸਤਾਨੀ ਸੀਮੈਂਟ
ਤੇ ਭਾਰਤ ਦੇ ਕੁੱਝ ਹੋਰ ਸਸਤੇ ਸੀਮੈਂਟ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਥਾਣਾ
ਮੰਡਿਆਲਾ ਦੇ ਇੰਚਾਰਜ ਏ. ਐੱਸ. ਆਈ. ਗੋਬਿੰਦਰ ਕੁਮਾਰ ਨੇ ਸ਼ਿਕਾਇਤ ਮਿਲਣ 'ਤੇ ਉਕਤ
ਗੋਦਾਮ 'ਚ ਛਾਪਾ ਮਾਰਿਆ ਤਾਂ ਉਥੇ ਬੋਰੀਆਂ 'ਚ ਸੀਮੈਂਟ ਮਿਕਸ ਕਰ ਰਹੇ ਕੁੱਝ ਵਿਅਕਤੀ
ਫਰਾਰ ਹੋ ਗਏ। ਛਾਪੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. (ਆਰ) ਹਰਿੰਦਰਪਾਲ ਸਿੰਘ
ਪਰਮਾਰ ਤੇ ਥਾਣਾ ਬੁਲ੍ਹੋਵਾਲ ਦੇ ਇੰਚਾਰਜ ਐੱਸ. ਐੱਚ. ਇੰਸਪੈਕਟਰ ਹਰਨੀਲ ਸਿੰਘ ਵੀ ਮੌਕੇ
'ਤੇ ਪਹੁੰਚ ਗਏ।
ਡੀ.
ਐੱਸ. ਪੀ. ਪਰਮਾਰ ਨੇ ਦੱਸਿਆ ਕਿ ਪੁਲਸ ਨੇ ਗੋਦਾਮ 'ਚੋਂ 417 ਪਾਕਿਸਤਾਨੀ ਸੀਮੈਂਟ ਦੀਆਂ
ਬੋਰੀਆਂ, 40 ਬੋਰੀਆਂ ਇਕ ਹੋਰ ਭਾਰਤੀ ਬ੍ਰਾਂਡ ਸੀਮੈਂਟ ਅਤੇ 243 ਬੋਰੀਆਂ ਏ. ਸੀ. ਸੀ.
ਸੀਮੈਂਟ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਇਕ ਟਰੱਕ ਨੰ. ਪੀ. ਬੀ. 05 ਐੱਫ-9793 ਨੂੰ ਵੀ
ਕਬਜ਼ੇ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸੂਤਰਾਂ
ਅਨੁਸਾਰ ਇਸ ਮਾਮਲੇ 'ਚ ਸ਼ਹਿਰ ਦੀਆਂ ਵੱਡੀਆਂ ਮਛਲੀਆਂ ਵੀ ਫਸਣ ਦੀ ਸੰਭਾਵਨਾ ਹੈ।
|
No comments:
Post a Comment