ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (PTI) ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਮੁੱਖੀ ਥਾਪੇ ਜਾਣ ਦਾ ਸਵਾਗਤ ਕਰਦੇ ਹੋਏ ਇਸ ਕਦਮ ਨੂੰ ਯੂ.ਪੀ.ਏ. ਸਰਕਾਰ ਨੂੰ ਚਹੁੰ ਖਾਨੇ ਚਿਤ ਕਰਨ ਵਾਲਾ ਪ੍ਰਭਾਵਸ਼ਾਲੀ ਤੇ ਅਸਰਦਾਇਕ ਪਹਿਲਕਦਮੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਯੂ.ਪੀ.ਏ. ਸਰਕਾਰ ਦੇ ਆਗੂਆਂ ਦੇ ਹੋਸ਼ ਉੁਡ ਗਏ ਹਨ ਜਿਸ ਦਾ ਇਜ਼ਹਾਰ ਉਨ੍ਹਾਂ ਦੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ। ਇਹ ਬਿਆਨ ਮੁੱਖ ਮੰਤਰੀ ਨੇ ਐਤਵਾਰ ਨੂੰ ਇਥੇ’ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਆਸੀ ਆਧਾਰ 'ਤੇ ਕਾਂਗਰਸ ਅਤੇ ਇਸ ਦੇ ਭਾਈਵਾਲਾ ਦੇ ਵਿਰੁੱਧ ਜ਼ਬਰਦਸਤ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਘੱਪਲਿਆਂ ਦੇ ਵਿਚ ਘਿਰੀ ਯੂ.ਪੀ.ਏ. ਸਰਕਾਰ ਦੇ ਦਿਨ ਹੁਣ ਪੁੱਗ ਚੁਕੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਰਗੇ ਸੁਘੜ ਸਿਆਸਤਦਾਨ ਨੂੰ ਭਾਜਪਾ ਦੀ ਚੋਣ ਕਮੇਟੀ ਦਾ ਇੰਚਾਰਜ ਥਾਪੇ ਜਾਣ ਨਾਲ ਯੂ.ਪੀ.ਏ. ਦੀ ਜਰਜਰ ਹੋ ਚੁਕੀ ਇਮਾਰਤ ਹੁਣ ਛੇਤੀ ਹੀ ਢਹਿ ਢੇਰੀ ਹੋ ਜਾਵੇਗੀ।
ਬਾਦਲ ਜੋ’ ਕਿ ਐਤਵਾਰ ਨੂੰ ਆਪਣੀ ਚਾਰ ਦਿਨਾਂ ਸਰਕਾਰੀ ਯਾਤਰਾ 'ਤੇ ਮੁਬੰਈ ਪਹੁੰਚੇ ਹਨ, ਨੇ ਟੈਲੀਫੋਨ ਕਰਕੇ ਮੋਦੀ ਨੂੰ ਉਨਾਂ ਦੀ ਨਿਯੁਕਤੀ ਸਬੰਧੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਭਾਜਪਾ ਦੇ ਕੋਮੀ ਪ੍ਰਧਾਨ ਰਾਜਨਾਥ ਸਿੰਘ ਨੂੰ ਵੀ ਫੋਨ ਕਰਕੇ ਮੋਦੀ ਨੂੰ ਚੋਣ ਕਮੇਟੀ ਦਾ ਇੰਚਾਰਜ ਬਣਾਉਣ ਸਬੰਧੀ ਵਧਾਈ ਦਿੱਤੀ। ਉਨਾਂ ਕਿਹਾ ਕਿ ਇਸ ਨਿਯੁਕਤੀ ਨਾਲ ਯੂ.ਪੀ.ਏ. ਸਰਕਾਰ ਦੇ ਅੰਤ ਦੀਆਂ ਘੜੀਆਂ ਦੀ ਗਿਣਤੀ ਸ਼ੁਰੂ ਹੋ ਗਈ ਹੈ।