jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 19 June 2013

ਹੇਮਕੁੰਟ ਸਾਹਿਬ ਯਾਤਰਾ ਦੇ ਆਫ਼ਤ ਮਾਰੇ ਯਾਤਰੂਆਂ ਨੂੰ ਤੁਰੰਤ ਮੱਦਦ ਦੀ ਲੋੜ…

www.sabblok.blogspot.com

heranਜਸਪਾਲ ਸਿੰਘ ਹੇਰਾਂ
Editor:DailyPehredar
ਉਤਰਾਖੰਡ ’ਚ ਖ਼ਾਸ ਕਰਕੇ ਹੇਮਕੁੰਟ ਸਾਹਿਬ ਦੇ ਇਲਾਕੇ ’ਚ ਭਾਰੀ ਮੀਂਹ ਦੇ ਰੂਪ ’ਚ ਕੁਦਰਤ ਦੀ ਕਰੋਪੀ ਦਾ ਕਹਿਰ ਵਾਪਰਿਆ ਹੈ। ਇਸ ਇਲਾਕੇ ’ਚ ਧਾਰਮਿਕ ਅਸਥਾਨਾਂ ਦੀ ਬਹੁਤਾਤ ਹੋਣ ਕਾਰਣ ਹਜ਼ਾਰਾਂ-ਲੱਖਾਂ ਸ਼ਰਧਾਲੂ ਇਨ੍ਹਾਂ ਦਿਨਾਂ ’ਚ ਇਸ ਇਲਾਕੇ ’ਚ ਯਾਤਰਾ ਤੇ ਹੁੰਦੇ ਹਨ, ਇਸ ਕਾਰਣ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਉਹ ਵੀ ਹੋ ਰਹੇ ਹਨ। ਭਾਰੀ ਮੀਂਹ ਅਤੇ ਬੱਦਲ ਫੱਟਣ ਕਾਰਣ ਜਿਥੇ ਪਹਾੜੀ ਨਦੀਆਂ, ਦੈਂਤ ਦਾ ਰੂਪ ਧਾਰਣ ਕਰ ਚੁੱਕੀਆਂ ਹਨ, ਉਥੇ ਸੜਕਾਂ ਤੇ ਪੁੱਲਾਂ ਦੇ ਤਾਸ਼ ਦੇ ਪੱਤਿਆਂ ਵਾਗੂੰ ਵਹਿ ਜਾਣ ਕਾਰਣ ਸਾਰੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ, ਜਿਹੜਾ ਜਿਥੇ ਫਸਿਆ ਹੋਇਆ ਹੈ, ਉਥੇ ਹੀ ਬੱਝ ਕੇ ਰਹਿ ਗਿਆ ਹੈ। ਕੁਦਰਤੀ ਆਫ਼ਤ ਦੇ ਸ਼ਿਕਾਰ ਹੋ ਕੇ ਫ਼ਸੇ ਸ਼ਰਧਾਲੂ, ਉਥੇ ਮੁਸੀਬਤ ’ਚ ਹਨ ਅਤੇ ਘਰ ਬੈਠੇ ਉਨ੍ਹਾਂ ਦੇ ਪਰਿਵਾਰ ਵੀ ਸੂਲੀ ਟੰਗੇ ਗਏ ਹਨ। ਸਰਕਾਰ ਵੱਲੋਂ ਰਾਹਤ ਕਾਰਜ ਭਾਵੇਂ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ, ਪ੍ਰੰਤੂ ਕੁਦਰਤ ਅੱਗੇ ਮਨੁੱਖ ਦੀ ਕੀ ਹੈਸੀਅਤ ਹੈ? ਇਹ ਅਹਿਸਾਸ ਅਜਿਹੀਆਂ ਕੁਦਰਤੀ ਆਫ਼ਤਾਂ ਸਮੇਂ ਬਾਖ਼ੂਬੀ ਹੁੰਦਾ ਹੈ। ਹੇਮਕੁੰਟ ਸਾਹਿਬ ਸਿੱਖਾਂ ਦਾ ਧਾਰਮਿਕ ਅਸਥਾਨ ਹੈ, ਜਿਸ ਲਈ ਯਾਤਰਾ ਜੂਨ ਤੋਂ ਸਤੰਬਰ ਤੱਕ ਖੁੱਲਦੀ ਹੈ। ਜੂਨ ਮਹੀਨੇ ਛੁੱਟੀਆਂ ਹੋਣ ਕਾਰਣ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂ ਪਰਿਵਾਰਾਂ ਸਮੇਤ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਹਨ ਅਤੇ ਹਰ ਸਾਲ ਯਾਤਰੂਆਂ ਦੀ ਗਿਣਤੀ ਵਧ ਰਹੀ ਹੈ। ਜੋਸ਼ੀ ਮੱਠ ਤੋਂ ਲੈ ਕੇ ਗੋਬਿੰਦ ਧਾਮ ਤੱਕ ਇਸ ਸਮੇਂ ਹਜ਼ਾਰਾਂ ਦੀ ਗਿਣਤੀ ’ਚ ਸਿੱਖ ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ਲਈ ਰਾਹਤ ਕੰਮਾਂ ਦੇ ਨਾਲ-ਨਾਲ ਉਨ੍ਹਾਂ ਨੂੰ ਉਥੋਂ ਕੱਢਣਾ ਵੀ ਅਤਿ ਜ਼ਰੂਰੀ ਹੈ। ਉਤਰਾਖੰਡ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਫ਼ਤ ਦਾ ਸ਼ਿਕਾਰ ਲੋਕਾਂ ਲਈ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਪ੍ਰੰਤੂ ਇਸ ਸਮੇਂ ਪੰਜਾਬ ਸਰਕਾਰ ਨੂੰ ਵੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਏ ਯਾਤਰੂਆਂ ਦੀ ਸਹਾਇਤਾ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਸਾਮਗਰੀ ਭੇਜੀ ਗਈ ਹੈ, ਪ੍ਰੰਤੂ ਇਸ ਸਾਮਗਰੀ ਨੂੰ ਪੀੜ੍ਹਤ ਸਿੱਖ ਸ਼ਰਧਾਲੂਆਂ ਤੱਕ ਪਹੁੰਚਾਉਣਾ, ਇਸ ਸਮੇਂ ਖ਼ਾਸਾ ਔਖਾ ਹੈ, ਕਿਉਂਕਿ ਉਸ ਲਈ ਹੈਲੀਕਾਪਟਰਾਂ ਦੀ ਵੱਡੀ ਲੋੜ ਹੈ। ਜਿਸ ਦਿਨ ਇਹ ਖ਼ਬਰਾਂ ਆ ਰਹੀਆਂ ਸਨ ਕਿ ਹੇਮਕੁੰਟ ਸਾਹਿਬ ਦੇ ਇਲਾਕੇ ’ਚ ਕੁਦਰਤ ਦਾ ਕਹਿਰ ਵਾਪਰ ਰਿਹਾ ਹੈ ਅਤੇ ਹਜ਼ਾਰਾਂ ਸਿੱਖ ਸ਼ਰਧਾਲੂ ਇਸ ਆਫ਼ਤ ਦਾ ਸ਼ਿਕਾਰ ਹੋ ਗਏ ਹਨ, ਉਸੇ ਦਿਨ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵਿਦੇਸ਼ ਨੂੰ ਉਡਾਰੀ ਮਾਰ ਗਏ। ਇਸ ਸਮੇਂ ਜਦੋਂ ਸੂਬੇ ’ਚ ਇਕ ਪਾਸੇ ਪੰਚਾਇਤੀ ਚੋਣਾਂ ਸ਼ੁਰੂ ਹਨ, ਦੂਜੇ ਪਾਸੇ ਪੰਜਾਬ ਦੇ ਹਜ਼ਾਰਾਂ ਲੋਕ ਉਤਰਾਖੰਡ ਚ ਫਸੇ ਹੋਏ ਹਨ, ਉਸ ਸਮੇਂ ਪੰਜਾਬ ਸਰਕਾਰ ਦਾ ਕੋਈ ਵਾਲੀ-ਵਾਰਿਸ ਹੀ ਮੌਜੂਦ ਨਹੀਂ, ਫਿਰ ਆਪਣੇ ਲੋਕਾਂ ਦੀ ਇਸ ਆਫ਼ਤ ਸਮੇਂ ਬਾਂਹ ਕੌਣ ਫੜ੍ਹੇਗਾ? ਅਸੀਂ ਪਹਿਲਾ ਵੀ ਕਈ ਵਾਰ ਲਿਖਿਆ ਹੈ ਕਿ ਜੇ ਸੂਬੇ ਦੇ ਹਾਕਮਾਂ ਦਾ ਆਪਣੇ ਲੋਕਾਂ ਦੇ ਦੁੱਖ-ਸੁੱਖ ਨਾਲ ਹੀ ਕੋਈ ਸਰੋਕਾਰ ਨਹੀਂ ਤਾਂ ਉਨ੍ਹਾਂ ਦੀ ਸਰਕਾਰ ਨੂੰ ਲੋਕ ਹਿਤੈਸ਼ੀ ਕਿਵੇਂ ਮੰਨਿਆ ਜਾ ਸਕਦਾ ਹੈ? ਪੰਜਾਬ ਸਰਕਾਰ ਦੇ ਉਡਣ ਖਟੋਲੇ, ਜਿਹੜੇ ਬਾਦਲ ਪਰਿਵਾਰ ਨੂੰ ਲੈ ਕੇ ਰੋਜ਼ਾਨਾ ਉ¤ਡੇ ਫ਼ਿਰਦੇ ਹਨ ਅਤੇ ਸੂਬੇ ਦੇ ਖਜ਼ਾਨੇ ਨੂੰ ਆਏ ਦਿਨ ਲੱਖਾਂ ਦਾ ਚੂਨਾ ਲਾਉਂਦੇ ਹਨ, ਉਹ ਸੂਬੇ ਦੇ ਲੋਕਾਂ ਸਿਰ ਆਈ ਬਿਪਤਾ ਸਮੇਂ ਕਿਉਂ ਨਹੀਂ ਵਰਤੇ ਜਾ ਸਕਦੇ? ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਸਿੱਖ ਸ਼ਰਧਾਲੂ ਪ੍ਰਤੀ ਉਤਰਾਖੰਡ ਦੇ ਲੋਕਾਂ ਦਾ ਵਤੀਰਾ, ਬਹੁਤਾ ਵਧੀਆ ਨਹੀਂ ਹੁੰਦਾ, ਇਸ ਲਈ ਇਸ ਆਫ਼ਤ ਸਮੇਂ ਸਿੱਖ ਸ਼ਰਧਾਲੂਆਂ ਨਾਲ ਵਿਤਕਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਆਪਣੇ ਲੋਕਾਂ ਦੀ ਪਿੱਠ ਤੇ ਖੜ੍ਹੇ ਵਿਖਾਈ ਦੇਣਾ ਅਤਿ ਜ਼ਰੂਰੀ ਹੈ। ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਸਿੱਖ ਸੰਗਤਾਂ ਅੱਗੇ ਆ ਕੇ ਹਰ ਸੰਭਵ ਸਹਾਇਤਾ ਕਰਨ ਲਈ ਤੱਤਪਰ ਹਨ, ਪ੍ਰੰਤੂ ਜਿਸ ਤਰ੍ਹਾਂ ਦੀ ਤਬਾਹੀ ਇਸ ਪਹਾੜੀ ਇਲਾਕੇ ’ਚ ਹੋਈ, ਉਸ ਕਾਰਣ ਆਮ ਲੋਕਾਂ ਦਾ ਜੋਸ਼ੀ ਮੱਠ ਜਾਂ ਗੋਬਿੰਦ ਘਾਟ ਤੱਕ ਪੁੱਜਣਾ ਸੰਭਵ ਨਹੀਂ ਰਿਹਾ। ਇਹ ਰਾਹਤ ਕਾਰਜ ਫੌਜ ਤੇ ਸਰਕਾਰਾਂ ਹੀ ਕਰ ਸਕਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾ ਪੰਜਾਬ ਸਰਕਾਰ ਨੂੰ ਫਸੇ ਯਾਤਰੂਆਂ ਸਬੰਧੀ ਸਹੀ-ਸਹੀ ਜਾਣਕਾਰੀ, ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ। ਆਫ਼ਤ ਸਮੇਂ ਅਫ਼ਵਾਹਾਂ ਦਾ ਵੀ ਜ਼ੋਰ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਣ ਬਿਪਤਾ ਮਾਰੇ ਪਰਿਵਾਰਾਂ ਦੀ ਚਿੰਤਾ ਹੋਰ ਵੱਧ ਜਾਂਦੀ ਹੈ। ਦੂਸਰਾ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ, ਹੇਮਕੁੰਟ ਸਾਹਿਬ ਦੇ ਪ੍ਰਬੰਧਕੀ ਬੋਰਡ ਅਤੇ ਉਤਰਾਖੰਡ ਸਰਕਾਰ ਨਾਲ ਮਿਲ ਕੇ, ਪ੍ਰਭਾਵਿਤ ਇਲਾਕਿਆਂ ’ਚ ਸਹਾਇਤਾ ਸਾਮਗਰੀ ਪਹੁੰਚਾਉਣ ਦੇ ਨਾਲ-ਨਾਲ, ਫ਼ਸੇ ਸ਼ਰਧਾਲੂਆਂ ਨੂੰ ਬਾਹਰ ਕੱਢਣ ਲਈ ਤੁਰੰਤ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ, ਹੰਗਾਮੀ ਹਲਾਤਾਂ ਦੇ ਮੱਦੇਨਜ਼ਰ ਸਹਾਇਤਾ ਤੇ ਰਾਹਤ ਕਦਮ ਵੀ ਹੰਗਾਮੀ ਹੀ ਚੁੱਕਣੇ ਪੈਣਗੇ। ਭਾਵੇਂ ਪੰਜਾਬ ਦੇ ਵੱਡੇ ਕਰਤਾ-ਧਰਤਾ ਵਿਦੇਸ਼ ’ਚ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਆਪਣੇ ਆਫ਼ਤ ਮਾਰੇ ਲੋਕਾਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਹਰ ਪ੍ਰਭਾਵੀ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਅੱਜ ਹਜ਼ਾਰਾਂ ਆਫ਼ਤ ਮਾਰੇ ਲੋਕ, ਆਪਣੀ ਸਰਕਾਰ ਤੇ ਕੌਮ ਵੱਲੋਂ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ ਕਿ ਉਨ੍ਹਾਂ ਦੀ ਸਹਾਇਤਾ ਲਈ ਬਹੁੜਣਗੇ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ

No comments: