ਚੰਡੀਗੜ੍ਹ- ਉਤਰਾਖੰਡ 'ਚ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਦੀ ਬੀਤੇ ਦਿਨੀਂ ਯਾਤਰਾ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ 'ਚ ਸਿੱਖ ਸ਼ਰਧਾਲੂ ਉਥੇ ਦਰਸ਼ਨਾਂ ਲਈ ਗਏ ਹੋਏ ਸਨ ਪਰ ਭਾਰੀ ਮੀਂਹ ਦੇ ਚੱਲਦੇ ਉਹ ਉਥੇ ਹੀ ਫਸ ਗਏ ਹਨ। ਭਾਰੀ ਮੀਂਹ ਕਾਰਨ ਉਤਰਾਖੰਡ 'ਚ ਸੜਕੀ ਮਾਰਗ ਬਿਲਕੁਲ ਠੱਪ ਹੋ ਗਿਆ ਹੈ ਜਿਸ ਕਾਰਨ ਸੂਬੇ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਗਿਆ ਹੈ। ਪੰਜਾਬ ਸਰਕਾਰ ਵਲੋਂ ਹੇਮਕੁੰਟ ਸਾਹਿਬ ਦੀ ਯਾਤਰਾ 'ਚ ਫਸੇ ਸ਼ਰਧਾਲੂਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਲਈ ਬੁੱਧਵਾਰ ਨੂੰ ਇਕ ਪ੍ਰਾਈਵੇਟ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਇਕ ਚਾਰ ਮੈਂਬਰੀ ਟੀਮ ਵੀ ਗਠਿਤ ਕੀਤੀ ਹੈ ਜੋ ਇਸ ਇਲਾਕੇ ਦਾ ਦੌਰਾ ਕਰਕੇ ਉਥੋਂ ਦੀ ਸਥਿਤੀ ਦਾ ਜਾਇਜ਼ਾ ਲਵੇਗੀ।
ਜ਼ਿਕਰਯੋਗ ਹੈ ਕਿ ਉਤਰਾਖੰਡ 'ਚ ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਰੀ ਗਿਣਤੀ 'ਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਸਥਾਨਕ ਲੋਕ ਅਤੇ ਫੌਜ ਦੇ ਜਵਾਨ ਕੋਸ਼ਿਸਾਂ ਕਰ ਰਹੇ ਹਨ।