www.sabblok.blogspot.com
ਹੁਸ਼ਿਆਰਪੁਰ,(ਘੁੰਮਣ)-
ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਫਗਵਾੜਾ ਰੋਡ ਵਿਖੇ ਸਥਿਤ ਸਤਨਾਮ ਹਸਪਤਾਲ ਵਿਖੇ 16
ਸਾਲਾ ਇਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ
ਰਿਸ਼ਤੇਦਾਰਾਂ ਵਲੋਂ ਹਸਪਤਾਲ ਅੰਦਰ ਬੱਚੇ ਦੀ ਮੌਤ ਲਈ ਹਸਪਤਾਲ ਦੇ ਡਾਕਟਰਾਂ ਨੂੰ ਦੋਸ਼ੀ
ਠਹਿਰਾਉਂਦਿਆਂ ਭਾਰੀ ਹੰਗਾਮਾ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਡਾ. ਸੁਖਨੰਦਨ ਦੀ ਜਮ ਕੇ
ਕੁੱਟਮਾਰ ਤੇ ਹਸਪਤਾਲ ਦੀ ਭੰਨ-ਤੋੜ ਵੀ ਕੀਤੀ। ਮ੍ਰਿਤਕ ਬੱਚਾ ਮਨਮੀਤ ਸਿੰਘ ਸੋਢੀ ਪੁੱਤਰ
ਮਹਿੰਦਰਪਾਲ ਸਿੰਘ ਉੜਮੁੜ ਟਾਂਡਾ ਦਾ ਰਹਿਣ ਵਾਲਾ ਸੀ। ਮੌਕੇ 'ਤੇ ਮੌਜੂਦ ਮ੍ਰਿਤਕ ਮਨਮੀਤ
ਸਿੰਘ ਦੀ ਮਾਤਾ ਗੁਰਮੀਤ ਕੌਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ
ਬੱਚੇ ਦੀ ਨੱਕ ਦੀ ਹੱਡੀ ਵਧੀ ਹੋਈ ਹੋਣ ਕਾਰਨ ਇਸੇ ਹਸਪਤਾਲ ਦੀ ਮਹਿਲਾ ਡਾਕਟਰ ਕਮਲਜੀਤ
ਕੌਰ ਨੇ ਨੱਕ ਦੇ ਆਪ੍ਰੇਸ਼ਨ ਲਈ ਅੱਜ ਸਵੇਰੇ ਉਨ੍ਹਾਂ ਨੂੰ ਬੁਲਾਇਆ ਸੀ। ਬੱਚੇ ਨੂੰ ਦਾਖ਼ਲ
ਕਰਨ ਤੋਂ ਬਾਅਦ ਕਰੀਬ 12.45 ਵਜੇ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਪ੍ਰੇਸ਼ਨ
ਥਿਏਟਰ ਵਿਖੇ ਮਨਮੀਤ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ ਹੈ, ਜਦਕਿ
ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਆਪ੍ਰੇਸ਼ਨ ਤੋਂ ਪਹਿਲਾਂ ਬੱਚੇ ਨੂੰ ਬੇਹੋਸ਼ੀ ਦੀ ਵੱਧ
ਦਿੱਤੀ ਗਈ ਮਿਕਦਾਰ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਇਸ ਦੌਰਾਨ ਗੁੱਸੇ 'ਚ ਆਏ
ਲੋਕਾਂ ਨੇ ਡਾਕਟਰ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਡਾਕਟਰ ਨੂੰ ਬਾਹਰ ਕੱਢਿਆ ਤੇ ਉਸਦੀ
ਕੁੱਟਮਾਰ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਐੱਸ.
ਐੱਚ. ਓ. ਬਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਉਕਤ ਡਾਕਟਰ ਨੂੰ
ਲੋਕਾਂ ਦੇ ਸ਼ਿਕੰਜੇ 'ਚੋਂ ਛੁਡਵਾਇਆ ਤੇ ਆਪਣੀ ਗੱਡੀ 'ਚ ਬਿਠਾ ਕੇ ਥਾਣਾ ਮਾਡਲ ਟਾਊਨ ਲੈ
ਗਏ। ਇਸ ਦੌਰਾਨ ਰੋਸ ਵਿਚ ਆਏ ਲੋਕਾਂ ਨੇ ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਜਾਮ ਲਗਾ
ਦਿੱਤਾ ਤੇ ਹਸਪਤਾਲ ਦੇ ਡਾਕਟਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕਤਲ ਦਾ ਮੁਕੱਦਮਾ ਦਰਜ
ਕਰਨ ਦੀ ਮੰਗ ਕੀਤੀ। ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਐੱਸ. ਪੀ. (ਡੀ) ਜਗਮੋਹਣ ਸਿੰਘ
ਨੂੰ ਪਰਿਵਾਰਕ ਮੈਂਬਰਾਂ ਨੇ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਇਸ ਮੌਕੇ ਥਾਣਾ ਮੁਖੀ
ਸਦਰ ਇੰਸਪੈਕਟਰ ਲਖਵੀਰ ਸਿੰਘ ਵੀ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਹੋਏ ਸਨ। ਇਸ
ਸੰਬੰਧੀ ਐੱਸ. ਪੀ. (ਡੀ) ਜਗਮੋਹਣ ਸਿੰਘ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਦੇ
ਬਿਆਨ ਲਏ ਜਾ ਰਹੇ ਹਨ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਿਊਟੀ
ਮੈਜਿਸਟਰੇਟ ਤਹਿਸੀਲਦਾਰ ਹਰਮਿੰਦਰ ਸਿੰਘ ਵੀ ਮੌਕੇ 'ਤੇ ਪਹੁੰਚੇ। ਇਸ ਮੌਕੇ ਕਲਮਜੀਤ ਸਿੰਘ
ਤੁਲੀ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਨਿਰਮਲ ਸਿੰਘ ਤੁਲੀ, ਦਲਜੀਤ ਸਿੰਘ, ਮਨਜੀਤ
ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਰਵੀ ਸਿੰਘ, ਤਰਲੋਕ ਸਿੰਘ,
ਅਵਤਾਰ ਸਿੰਘ, ਮਾ. ਕੁਲਦੀਪ ਸਿੰਘ, ਤਰਲੋਕ ਸਿੰਘ, ਰਿੰਕੂ ਸੋਢੀ, ਨਵਜੀਤ ਕੌਰ, ਜੋਗਿੰਦਰ
ਕੌਰ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
No comments:
Post a Comment