jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 11 January 2014

'ਚਿੱਟੇ' ਨੇ ਕਰ ਦਿੱਤਾ ਪੰਜਾਬ ਦਾ ਭਵਿੱਖ ਕਾਲਾ!

www.sabblok.blogspot.com


 ਅਮ੍ਰਿਤਸਰ ਅਤੇ ਫਿਰੋਜ਼ਪੁਰ ਜਿਲਾ ਪੂਰੀ ਤਰਾਂ ਹੈਰੋਇਨ ਦੇ ਦੈਂਤ ਦੇ ਮੂੰਹ 'ਚ

ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਬਜ਼ੁਰਗ ਅਤੇ ਕੁੜੀਆਂ ਵੀ ਪਏ ਤਬਾਹੀ-ਪੱਥ 'ਤੇ

ਸੂਬੇ ਦੇ ਹਰ ਇਲਾਕੇ 'ਚ ਦਸਤਕ ਦੇ ਦਿੱਤੀ ਤਬਾਹੀ ਨੇ

ਐਕਸ਼ਨ ਲੈਂਣ ਦਾ ਸਮਾਂ, ਨਹੀਂ ਤਾਂ ਸਮਾਂ ਮੌਕਾ ਨਹੀਂ ਦੇਵੇਗਾ

 ਮਲੋਟ (ਮਿੰਟੂ ਗੁਰੂਸਰੀਆ): ਖੁਸ਼ ਹਾਲੀਂ ਵੱਸਦੇ ਪੰਜਾਬ 'ਤੇ ਵਗੀ ਨਸ਼ੇ ਦੀ ਹਨੇਰੀ ਨੇ, ਇਸ ਦੀ ਖੁਸ਼ਹਾਲੀ ਦੀਆਂ ਜੜਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ। ਕੋਈ ਵਿਰਲਾ ਹੀ ਘਰ ਹੋਵੇਗਾ, ਜਿਸ ਦਾ ਸੁੱਖ-ਚੈਨ ਨਸ਼ੇ ਦਾ ਭਾਬੜਾਂ ਨੇ ਰਾਖ ਨਾ ਕੀਤਾ ਹੋਵੇ। ਹਜ਼ਾਰਾਂ ਮਾਵਾਂ ਦੇ ਮੋਛਿਆਂ ਵਰਗੇ ਪੁੱਤ ਨਸ਼ੇ ਦੀ ਅਰਥੀ 'ਤੇ ਪੈ ਕੇ ਕਬਰਾਂ 'ਚ ਸਦਾ ਲਈ ਸਮਾ ਚੁੱਕੇ ਹਨ। ਅਣਗਿਣਤ ਵਿਧਵਾਵਾਂ ਹਨ, ਜਿਨਾਂ ਦੇ ਮੱਥੇ ਦੇ ਸਿੰਦੂਰ ਨੂੰ ਨਸ਼ੇ ਦੇ ਕਾਲੇ ਪੰਜੇ ਨੇ ਪੂੰਂਝ ਸੁੱਟਿਆ। ਨਸ਼ਾ ਪੰਜਾਬ ਦਾ ਨਾਸ ਕਰ ਰਿਹਾ ਹੈ, ਪਰ ਬਾਵਜ਼ੂਦ ਇਸ ਦੇ ਹਕੂਮਤੀ ਸਰੂਰ 'ਚ ਅੰਨੇ ਹਾਕਮ ਇਸ ਤਬਾਹੀ ਤੋਂ ਫ਼ਰੇਬੀ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ। ਇਹੀ ਕਾਰਨ ਹੈ, ਕਿ ਅੱਜ 'ਚਿੱਟੇ' (ਹੈਰੋਇਨ) ਜਿਹਾ ਮਾਰੂ ਨਸ਼ਾ ਪੰਜਾਬ ਦੇ ਭਵਿੱਖ ਨੂੰ ਕਾਲਿਆਂ ਕਰ ਰਿਹਾ ਹੈ। ਖਾਸ ਤੌਰ 'ਤੇ ਦੋ ਸਰਹੱਦੀ ਜਿਲੇ, ਅਮ੍ਰਿਤਸਰ ਅਤੇ ਫਿਰੋਜ਼ਪੁਰ ਤਾਂ ਗਰਕਣ ਦੇ ਕਗ਼ਾਰ 'ਤੇ ਪਹੁੰਚ ਗਏ ਹਨ। ਇਨਾਂ ਦੋ ਜਿਲਿਆਂ ਵਿਚ ਨੌਜ਼ਵਾਨ ਹੀ ਨਹੀਂ, ਬੱਚੇ ਅਤੇ ਬਜ਼ੁਰਗ ਵੀ 'ਚਿੱਟੇ' ਦੇ ਨਸ਼ੇ 'ਚ ਗਲਤਾਣ ਹੋ ਰਹੇ ਹਨ। ਕੱਲ ਤੱਕ ਹੈਰੋਇਨ ਦੇ ਨਾਂਅ ਤੋਂ ਲੋਕ ਖ਼ੌਫ ਖਾਂਦੇ ਸਨ, ਪਰ ਅੱਜ ਵੱਡੀ ਗਿਣਤੀ 'ਚ ਲੋਕ (ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ) ਹੈਰੋਇਨ ਦੇ ਆਦੀ ਹੋ ਕੇ, ਆਪਣੇ ਜੀਵਨ ਦੇ ਨਾਲ-ਨਾਲ ਆਪਣਿਆਂ ਦੇ ਚੈਨ ਨੂੰ ਵੀ ਲਾਂਬੂ ਲਾ ਚੁੱਕੇ ਹਨ।

 ਫਿਰੋਜ਼ਪੁਰ ਅਤੇ ਅਮ੍ਰਿਤਸਰ ਜਿਲਿਆਂ ਦਾ ਦੌਰਾ ਕਰਨ 'ਤੇ ਜੋ ਹੈਰਾਨੀਜਨਕ ਤੱਥ ਪ੍ਰਕਾਸ਼ 'ਚ ਆਏ ਹਨ, ਉਹ ਕਿਸੇ ਗ਼ੈਰਤਮੰਦ ਪੰਜਾਬ ਦੀਆਂ ਰਾਤਾਂ ਦੀਆਂ ਨੀਂਦਾਂ ਖੋਹ ਸਕਦੇ ਹਨ। ਪੰਜਾਬ 'ਚ 'ਚਿੱਟੇ' ਦੇ ਨਾਂਅ ਨਾਲ ਮਸ਼ਹੂਰ ਹੋਈ ਹੈਰੋਇਨ ਵੈਸੇ ਤਾਂ ਪੰਜਾਬ ਦੇ ਸਾਰੇ ਇਲਾਕਿਆਂ ਦੀਆਂ ਰਗਾਂ ਤੱਕ ਪਹੁੰਚ ਚੁੱਕੀ ਹੈ। ਮਾਲਵੇ ਦੇ ਬਠਿੰਡਾ, ਮੁਕਤਸਰ, ਮਲੋਟ, ਪਟਿਆਲਾ, ਬਰਨਾਲਾ, ਲੁਧਿਆਣਾ ਦੇ ਕੁਝ ਹਿੱਸਿਆਂ ਤੋਂ ਇਲਾਵਾ ਦੁਆਬੇ ਦੇ ਜਲੰਧਰ, ਕਪੂਰਥਲਾ ਜਿਲੇ ਵੀ ਇਸ ਦੇ ਚਪੇਟ 'ਚ ਆ ਚੁੱਕੇ ਹਨ। ਪਰ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ, ਫਿਰੋਜ਼ਪੁਰ ਅਤੇ ਅਮ੍ਰਿਤਸਰ ਜਿਲਿਆਂ ਦਾ, ਜਿੱਥੇ ਘਰ-ਘਰ 'ਚਿੱਟੀ' ਅੱਗ ਬਲ ਰਹੀ ਹੈ, ਜਿਸ ਦੇ ਧੂੰਏਂ ਵਿਚ ਨਾ ਸਿਰਫ਼ ਖੂਨ-ਪਸੀਨਿਆਂ ਦੀ ਕਮਾਈ ਫੁਕ ਰਹੀ ਹੈ, ਸਗੋਂ ਮਾਵਾਂ, ਪਤਨੀਆਂ, ਭੈਣਾਂ-ਭਰਾਵਾਂ ਅਤੇ ਪਿਤਾਵਾਂ ਦੀਆਂ ਖੁਸ਼ੀਆਂ ਵੀ ਕਤਲ ਹੋ ਚੁੱਕੀਆਂ ਹਨ। ਇਨਾਂ ਜਿਲਿਆਂ ਵਿਚ ਅੱਜ ਲੋਕ ਚਿੱਟੇ ਦਾ ਨਸ਼ਾ ਇਓਂ ਵਰਤ ਰਹੇ ਹਨ, ਜਿਵੇਂ ਕੁਝ ਸਾਲ ਪਹਿਲਾਂ, ਲੋਮੋਟਿਲ ਦੀਆਂ ਗੋਲੀਆਂ, ਫੈਸੀਡਿਲ ਦੀਆਂ ਸ਼ੀਸ਼ੀਆਂ ਅਤੇ ਪ੍ਰੋਕਸੀਵਨ ਦੇ ਕੈਪਸੂਲ ਵਰਤਦੇ ਸਨ। ਮਤਲਬ, ਜਿਵੇਂ ਇਕ ਦਹਾਕਾ ਪਹਿਲਾਂ ਦੁਕਾਨਾਂ ਤੋਂ ਕੈਪਸੂਲ-ਗੋਲੀਆਂ ਮਿਲਿਆ ਕਰਦੀਆਂ ਸਨ, ਅੱਜ ਉਨਾਂ ਦੀ ਜਗਾ 'ਚਿੱਟੇ' ਨੇ ਲੈ ਲਈ ਹੈ।

ਫਿਰੋਜ਼ਪੁਰ ਅਤੇ ਅਮ੍ਰਿਤਸਰ ਜਿਲੇ ਵਿਚ ਸਭ ਤੋਂ ਚੌਕਾਉਂਣ ਵਾਲੀ ਗੱਲ ਇਹ ਹੈ ਕਿ ਕੁਝ ਸਕੂਲੀ ਬੱਚੇ ਵੀ ਹੈਰੋਇਨ ਦਾ ਨਸ਼ਾ ਕਰਦੇ ਹਨ। ਇੱਥੋਂ ਤੱਕ ਸੱਤਰ-ਅੱਸੀਵੇਂ ਨੂੰ ਪਹੁੰਚ ਚੁੱਕੇ ਬਜ਼ੁਰਗ ਵੀ ਨਸ਼ੇੜੀ ਬਣ ਰਹੇ ਹਨ। ਇਸ ਪ੍ਰਤੀਨਿਧ ਨੇ ਜਦੋਂ ਫਿਰੋਜ਼ਪੁਰ ਜਿਲੇ ਦਾ ਦੌਰਾ ਕੀਤਾ ਤਾਂ ਪਿੰਡ ਪੱਲਾ ਮੇਘਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ, ਜੋ ਵਿਦਿਆਰਥੀ ਹਨ ਨੇ ਦੱਸਿਆ ਕਿ ਉਨਾਂ ਦਾ ਇਕ ਸਹਿਪਾਠੀ ਬਾਰਾਂ ਸਾਲ ਦੀ ਉਮਰ 'ਚ ਹੀ ਚਿੱਟਾ ਪੀਂਣ ਲੱਗ ਪਿਆ ਸੀ, ਜੋ ਸਿਲਸਿਲਾ ਅੱਜ ਵੀ ਜ਼ਾਰੀ ਹੈ ਤੇ ਉਹ ਵਿਦਿਆਰਥੀ ਅੱਜ-ਕੱਲ ਕਾਲਜ 'ਚ ਪੜ ਰਿਹਾ ਹੈ। ਸਰਹੱਦੀ ਜਿਲੇ ਹੋਂਣ ਕਰਕੇ, ਇੱਥੇ ਸਪਲਾਈ ਆਮ ਹੋ ਰਹੀ ਹੈ। ਫੜੀ ਗਈ ਹੈਰੋਇਨ ਤਾਂ ਸਪਲਾਈ ਦਾ ਕੁਝ ਹਿੱਸਾ ਹੈ, ਬਹੁਤੀ ਬਾਹਰਲੇ ਦੇਸ਼ਾਂ 'ਚ ਲੰਧ ਜਾਂਦੀ ਹੈ ਜਾਂ ਲੋਕਾਂ ਦੀਆਂ ਰਗਾਂ ਤੱਕ ਜਾ ਅੱਪੜਦੀ ਹੈ। ਜੋ ਲੋਕ ਪੀਂਦੇ ਹਨ ਉਨਾਂ ਵਿਚੋਂ 80-90 ਫ਼ੀਸਦੀ ਵੇਚਣ ਵੀ ਲੱਗ ਪੈਂਦੇ ਹਨ, ਕਿਉਂਕਿ ਹੈਰੋਇਨ ਮਹਿੰਗੀ ਹੋਂਣ ਕਰਕੇ ਜੇਬ 'ਚੋਂ ਪੀਣੀ ਉਨਾਂ ਦੇ ਵੱਸੋਂ ਬਾਹਰੀ ਗੱਲ ਹੈ।

ਆਮ ਤੌਰ 'ਤੇ ਹੈਰੋਇਨ ਦਾ ਭਾਅ 2000 ਰੂਪੈ ਪ੍ਰਤੀ ਗ੍ਰਾਮ ਹੈ। ਇਕੱਠੀ ਲੈਂਣ ਦੀ ਸੂਰਤ ਵਿਚ ਇਹ 1200 ਤੋਂ 1500 ਨੂੰ ਮਿਲ ਜਾਂਦੀ ਹੈ। ਨਸ਼ੇੜੀ, ਇਕੱਠੇ ਹੋ ਕੇ ਜਾਂ ਇਕੱਲੇ-ਇਕੱਲੇ ਹੈਰੋਇਨ ਇਕੱਠੀ ਲੈ ਕੇ ਅੱਗੇ ਪੁੜੀਆਂ ਬਣਾ-ਬਣਾ ਕੇ ਵੇਚ ਦੇਂਦੇ ਹਨ, ਇਨਾਂ ਪੁੜੀਆਂ ਨੂੰ ਬਿੱਟਾਂ ਕਿਹਾ ਜਾਂਦਾ ਹੈ, ਜੋ ਸੌ ਰੁਪਏ ਤੋਂ ਲੈ ਪੰਜ ਸੌ ਤੱਕ ਦੀਆਂ ਹੁੰਦੀਆਂ ਹਨ, ਇਹੀ ਕਾਰਨ ਹੈ ਕਿ ਅੱਜ ਰਿਕਸ਼ੇ ਵਾਲਾ ਤੇ ਆਮ ਮਜ਼ਦੂਰ ਵੀ 'ਚਿੱਟਾ' ਚੱਖਦਾ ਹੈ। ਇਸ ਤਰਾਂ ਉਨਾਂ ਕੋਲ ਅੱਗੇ ਲਈ ਪ੍ਰਬੰਧ ਵੀ ਹੋ ਜਾਂਦਾ ਹੈ ਤੇ ਪੀਂਣ ਦਾ ਜੁਗਾੜ ਵੀ ਚੱਲਦਾ ਰਹਿੰਦਾ ਹੈ। ਵੱਧ ਰਿਹਾ ਕਰਾਇਮ ਮਹਿੰਗੇ ਨਸ਼ੇ ਦੀ ਹੀ ਦੇਂਣ ਹੈ, ਕਿਉਂਕਿ ਘਰੋਂ ਪੈਸੇ ਨਾ ਮਿਲਣ 'ਤੇ ਨੌਜਵਾਨ ਨਸ਼ੇੜੀ ਲੁੱਟਾਂ-ਖੋਹਾਂ ਕਰਨ ਲੱਗ ਜਾਂਦੇ ਹਨ। ਆਪਣੀ ਪਹਿਚਾਣ ਛੁਪਾ ਕੇ ਕੁਝ ਨਸ਼ੇੜੀਆਂ ਨਾਲ ਗੱਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਕੁਝ ਨਸ਼ੇੜੀ ਸ਼ੌਂਕ-ਸ਼ੌਂਕ 'ਚ ਤਬਾਹੀ ਦੇ ਰਾਹ ਪੈ ਗਏ ਤੇ ਕੁਝ ਨੂੰ ਉਨਾਂ ਦੀ ਬੇਕਾਰੀ ਤੇ ਕਮਜ਼ੋਰ ਮਾਨਸਿਕਤਾ ਇਸ ਦਲਦਲ 'ਚ ਲੈ ਗਈ। ਇਕ ਹੋਰ ਚੌਕਾਉਂਣ ਵਾਲਾ ਤੱਥ ਵੀ ਸਾਹਮਣੇ ਆਇਆ ਹੈ ਕਿ ਕੁੜੀਆਂ ਵੀ ਵੱਡੇ ਪੱਧਰ 'ਤੇ ਇਸ ਨਸ਼ੀਲੇ ਸਰੂਰ 'ਚ ਡੁੱਬੀਆਂ ਹੋਈਆਂ ਹਨ। ਕਮਾਲੇਵਾਲਾ ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਲੜਕਾ ਇਕ ਵਧੀਆ ਖਿਡਾਰੀ ਸੀ, ਉਸ ਦੀ ਦੋਸਤੀ ਇਕ ਅਜਿਹਾ ਕੁੜੀ ਨਾਲ ਹੋ ਗਈ, ਜੋ ਹੈਰੋਇਨ ਪੀਂਦੀ ਸੀ, ਕੁੜੀ ਨੇ ਉਕਤ ਮੁੰਡੇ ਨੂੰ ਵੀ ਹੈਰੋਇਨ ਦਾ ਸਵਾਦ ਵਿਖਾ ਦਿੱਤਾ, ਹੁਣ ਉਹ ਮੁੰਡਾ ਪਛਤਾਉਂਦਾ ਹੈ ਕਿ ਬਿਹਤਰ ਜਿਨਸੀ ਸਬੰਧਾਂ ਦੀ ਚਾਹਤ 'ਚ ਉਸ ਨੇ ਆਪਣਾ ਜੀਵਨ ਨਰਕ ਬਣਾ ਲਿਆ।

 ਅਮ੍ਰਿਤਸਰ ਦੇ ਝਬਾਲ ਕਸਬੇ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਇਕ ਬਜ਼ੁਰਗ ਗਵਾਂਢੀ 65-70 ਸਾਲ ਦੀ ਉਮਰ 'ਚ ਹੈਰੋਇਨ ਦੀ ਟੀਕੇ ਲਾਉਂਦਾ ਹੈ, ਉਸ ਦੀਆਂ ਲੱਤਾਂ ਬੁਰੀ ਤਰਾਂ ਗਲ ਚੁੱਕੀਆਂ ਹਨ, ਪਰ ਉਹ ਹਟਿਆ ਨਹੀਂ। ਗੌਰਤਲਬ ਹੈ ਕਿ, ਕੁਝ ਨਸ਼ੇੜੀ ਤਾਂ ਹੈਰੋਇਨ ਸਨੱਫ਼ (ਸੁੰਘ) ਕਰ ਕੇ ਲੈਂਦੇ ਹਨ ਤੇ ਕੁਝ ਪੰਨੀ (ਫੌਇਲ ਪੇਪਰ) 'ਤੇ ਜਲਾ ਕੇ ਧੂੰਏਂ ਰਾਹੀਂ ਖਿੱਚਦੇ ਹਨ। ਜੋ ਜ਼ਿਆਦਾ ਪੁਰਾਣੇ ਨਸ਼ੇੜੀ ਹਨ, ਉਹ ਟੀਕੇ ਦੇ ਰੂਪ 'ਚ ਲੈਂਦੇ ਹਨ, ਜੋ ਬਹੁਤ ਘਾਤਕ ਤਰੀਕਾ ਹੈ, ਕਿਉਂਕਿ ਨਸ਼ੇੜੀ ਗਰੁੱਪ ਬਣਾ ਕੇ ਕਈ ਵਾਰ ਇਕ ਸਰਿੰਜ ਨਾਲ ਇਕ-ਦੂਜੇ ਨੂੰ ਟੀਕੇ ਲਾਉਂਦੇ ਹਨ, ਜੋ ਏਡਜ਼ ਅਤੇ ਹੈਪਾਟਾਈਟਸ-ਸੀ ਜਿਹੀਆਂ ਬਿਮਾਰੀਆਂ ਦਾ ਕਾਰਕ ਬਣਦਾ ਹੈ। ਲੋਕ ਸ਼ਰੇਆਮ ਕਹਿੰਦੇ ਹਨ ਕਿ ਨਸ਼ੇ ਦੇ ਬੜਾਵੇ 'ਚ ਸਿਆਸੀ ਪੁਸ਼ਤਪਨਾਹੀ ਦੀ ਵੱਡੀ ਭੂਮਿਕਾ ਹੈ, ਕਿਉਂਕਿ ਵੱਡੇ ਤੱਸਕਰ ਸਿਆਸੀ ਨੇੜਤਾ ਵਾਲੇ ਹਨ, ਜਿਨਾਂ ਨੂੰ ਈਮਾਨਦਾਰ ਪੁਲਸ ਅਫ਼ਸਰ ਚਾਹ ਕੇ ਵੀ ਫੜ ਨਹੀਂ ਸਕਦੇ। ਕੁਲ ਮਿਲਾ ਕੇ ਅੱਜ ਪੰਜਾਬ, ਖਾਸ ਤੌਰ 'ਤੇ ਫਿਰੋਜ਼ਪੁਰ ਅਤੇ ਅਮ੍ਰਿਤਸਰ ਜਿਲਿਆਂ 'ਚ ਸਥਿਤੀ ਇਹ ਹੈ ਕਿ ਜੇਕਰ ਕਾਰਗਰ ਕਦਮ ਨਾ ਉਠਾਏ ਗਏ ਤਾਂ ਘਰਾਂ ਦੇ ਵਿਹੜਿਆਂ 'ਚੋ ਜਵਾਨੀਆਂ ਅਤੇ ਖੁਸ਼ੀਆਂ ਪੂਰੀ ਤਰਾਂ ਲੁਪਤ ਹੋ ਜਾਂਣਗੀਆਂ। ਅੱਜ ਲੋੜ ਹੈ, ਨਸ਼ਾ ਤੱਸਕਰੀ 'ਤੇ ਸਖ਼ਤਾਈ ਕਰਨ ਦੇ ਨਾਲ-ਨਾਲ ਉਨਾਂ ਬਾਰੇ ਵੀ ਸੋਚਣ ਦੀ ਜੋ ਇਸ ਦਲਦਲ 'ਚ ਨੱਕ ਤੱਕ ਫਸ ਚੁੱਕੇ ਹਨ, ਇਨਾਂ ਨੂੰ ਵੀ ਮੌਤ ਦੇ ਮੂੰਹ 'ਚ ਨਹੀਂ ਸੁੱਟਿਆ ਜਾ ਸਕਦਾ। ਇਸ ਲਈ ਕੋਈ ਵੱਡੀ ਯੋਜਨਾਂ ਉਲੀਕਣ ਦੀ ਲੋੜ ਹੈ।

ਤੱਸਕਰਾਂ ਦੇ ਮੁੱਢ-ਕਦੀਮੋਂ ਸਫ਼ਾਏ ਤੋਂ ਇਲਾਵਾ ਪਿੰਡ ਪੱਧਰ 'ਤੇ ਰੀ-ਹੈਬਲੀਟੇਸ਼ਨ ਸੈਂਟਰ ਖੋਲੇ ਜਾਣ, ਜਿੱਥੇ ਜਿੰਦਗੀ ਤੋਂ ਬੇਮੁੱਖ ਹੋਏ ਲੋਕਾਂ 'ਚ ਜੀਂਣ ਦਾ ਜਜ਼ਬਾ ਪੈਦਾ ਕੀਤਾ ਜਾਵੇ। ਸਥਿਤੀ ਅਭੀ ਨਹੀਂ ਤੋਂ ਕਭੀ ਨਹੀਂ ਵਾਲੀ ਹੈ, ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਰੈਲੀਆਂ 'ਚ ਸ਼ਬਦੀ ਭਕਾਨੇ ਛੱਡਣ ਦੀ ਥਾਂ ਨਸ਼ੇ ਵਿਰੁੱਧ ਪਾਕ ਨੀਅਤ ਨਾਲ ਜੇਹਾਦ ਵਿੱਢਣ।

No comments: