ਚੰਡੀਗੜ੍ਹ- ਪੰਜਾਬ ਕਾਂਗਰਸ ਨੇ ਸੂਬੇ ਦੇ ਪੁਲਸ ਮੁਖੀ ਸੁਮੇਧ ਸੈਨੀ ਵੱਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਦਿੱਤੀ ਗਈ ਕਲੀਨ ਚਿਟ ਨੂੰ ਨਕਾਰ ਦਿੱਤਾ ਹੈ। ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਇਸ ਸੰਬੰਧੀ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਇਕ ਮੰਗ ਪੱਤਰ ਦੇ ਕੇ ਨਸ਼ਾ ਤਸਕਰੀ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਤੋਂ ਇਲਾਵਾ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਗਈ ਹੈ। ਬਾਜਵਾ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਖੁਦ ਇਸ ਮਾਮਲੇ ਵਿਚ ਮਜੀਠੀਆ ਨੂੰ ਕਲੀਨ ਚਿਟ ਦੇ ਰਹੇ ਹਨ ਤਾਂ ਸੂਬੇ ਦੇ ਪੁਲਸ ਮੁਖੀ ਕਿਵੇਂ ਕੈਬਨਿਟ ਮੰਤਰੀ ਦੇ ਖਿਲਾਫ ਬੋਲ ਸਕਦੇ ਹਨ।
ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਤਸਕਰੀ ਦੇ ਮਾਮਲੇ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ ਨੇ ਇਸ ਮਾਮਲੇ ਵਿਚ ਸਰਕਾਰ ਖਿਲਾਫ ਲਗਾਤਾਰ ਹਮਲਾਵਰ ਰੁਖ ਤਿਆਰ ਕੀਤਾ ਹੋਇਆ ਹੈ। ਕਾਂਗਰਸ ਦੇ ਇਸ ਹਮਲੇ ਦਾ ਜਵਾਬ ਸਰਕਾਰ ਕਿਸ ਤਰ੍ਹਾਂ ਦੇਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ।