ਬਠਿੰਡਾ,--- - ਸੂਤਰਾਂ ਦੀ ਮੰਨੀਏ ਤਾਂ ਬੜੇ ਅਚੰਭੇ ਵਾਲੀ ਗੱਲ ਹੈ ਕਿ ਇਥੇ ਇਕ ਢਾਬੇ ਵਾਲਾ ਬੱਕਰਾ ਕਹਿ ਕੇ ਲੋਕਾਂ ਨੂੰ ਕੁੱਤੇ ਦਾ ਮੀਟ ਹੀ ਖੁਆ ਰਿਹਾ ਹੈ। ਉਹ ਹੁਣ ਤੱਕ ਲੋਕਾਂ ਨੂੰ ਸੈਂਕੜੇ ਕੁੱਤੇ ਖੁਆ ਚੁੱਕਾ ਹੈ। ਢਾਬੇ ਦੇ ਨੇੜਲੇ ਇਲਾਕੇ 'ਚੋਂ ਕੁੱਤੇ ਗਾਇਬ ਹੋ ਗਏ ਹਨ, ਜਦੋਂਕਿ ਪੁਲਸ ਦੀ ਭੂਮਿਕਾ ਵੀ ਸ਼ੱਕੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਦੇਸ਼ਾਂ ਵਿਚ ਹਰ ਤਰ੍ਹਾਂ ਦੇ ਜਾਨਵਰ ਤੇ ਪੰਛੀ ਨੂੰ ਖਾ ਲਿਆ ਜਾਂਦਾ ਹੈ ਪਰ ਭਾਰਤ ਵਿਚ ਕੁਝ ਚੋਣਵੇਂ ਜਾਨਵਰਾਂ ਤੇ ਪੰਛੀਆਂ ਦਾ ਮੀਟ ਹੀ ਖਾਣ ਤੇ ਖੁਆਉਣ ਦੀ ਇਜਾਜ਼ਤ ਹੈ, ਜਦੋਂਕਿ ਜੰਗਲੀ ਜੀਵਾਂ, ਗਊਵੰਸ਼, ਕੁੱਤਾ, ਬਿੱਲੀ, ਕਬੂਤਰ ਆਦਿ 'ਤੇ ਪਾਬੰਦੀ ਲੱਗੀ ਹੋਈ ਹੈ ਪਰ ਫਿਰ ਵੀ ਭਾਰਤ ਵਿਚ ਪਾਬੰਦੀਆਂ ਦੀਆਂ ਧੱਜੀਆਂ ਉਡ ਰਹੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਜ਼ਿਲਾ ਬਠਿੰਡਾ ਦੀ ਬੱਲੂਆਣਾ ਚੌਕੀ ਅਧੀਨ ਪੈਂਦੇ ਖੇਤਰ ਵਿਚ ਇਕ ਅਜਿਹਾ ਢਾਬਾ ਹੈ, ਜਿਥੇ ਲੋਕਾਂ ਨੂੰ ਕੁੱਤੇ ਦਾ ਮੀਟ ਹੀ ਪਰੋਸਿਆ ਜਾਂਦਾ ਹੈ, ਜਿਸ ਨੂੰ ਉਹ ਬੱਕਰੇ ਦਾ ਮੀਟ ਕਹਿੰਦੇ ਹਨ। ਢਾਬਾ ਮਾਲਕ ਪਹਿਲਾਂ ਮੀਟ ਦਾ ਖੋਖਾ ਲਾਉਂਦਾ ਸੀ। ਫਿਰ ਉਸਨੇ ਬੱਕਰੇ ਕਹਿ ਕੇ ਕੁੱਤੇ ਦਾ ਮੀਟ ਵੇਚਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਹ ਪੈਸਿਆਂ 'ਚ ਖੇਡਣ ਲੱਗਾ ਕਿਉਂਕਿ ਬੱਕਰਿਆਂ ਲਈ ਪੈਸਾ ਦੇਣਾ ਪੈਂਦਾ ਹੈ, ਜਦੋਂਕਿ ਆਵਾਰਾ ਕੁੱਤਿਆਂ ਨੂੰ ਸਿਰਫ਼ ਫੜਨ ਦੀ ਹੀ ਲੋੜ ਹੁੰਦੀ ਹੈ। ਹੋਰ ਤਾਂ ਹੋਰ ਇਸ ਰੋਡ 'ਤੇ ਹਾਦਸੇ 'ਚ ਮਰਨ ਵਾਲੇ ਕੁੱਤੇ ਵੀ ਇਸੇ ਢਾਬੇ 'ਤੇ ਪਹੁੰਚਦੇ ਹਨ। ਹੁਣ ਤੱਕ ਇਥੇ 150 ਤੋਂ 250 ਕੁੱਤਿਆਂ ਦਾ ਮੀਟ ਲੋਕ ਡਕਾਰ ਚੁੱਕੇ ਹਨ, ਜਦੋਂਕਿ ਢਾਬੇ ਵਾਲੇ ਦੀ ਚਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਪਹਿਲਾਂ ਬਹੁਤ ਸਾਰੇ ਕੁੱਤੇ ਸਨ ਪਰ ਹੁਣ ਸਾਰੇ ਗਾਇਬ ਹੋ ਗਏ ਹਨ। ਪਹਿਲਾਂ ਕੁੱਤਿਆਂ ਦੇ ਗਾਇਬ ਹੋਣ ਵੱਲ ਧਿਆਨ ਨਹੀਂ ਗਿਆ, ਜਦੋਂ ਤੋਂ ਉਕਤ ਮਾਮਲਾ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਕੁੱਤੇ ਕਿਥੇ ਗਏ। ਵਿਰਕ ਕਲਾਂ ਦਾ ਇਕ ਵਿਅਕਤੀ ਸਾਹਮਣੇ ਵੀ ਆਇਆ ਸੀ, ਜਿਸ ਨੇ ਢਾਬੇ ਦੇ ਬੰਦਿਆਂ ਨੂੰ ਕੁੱਤੇ ਵਢਦੇ ਦੇਖਿਆ ਸੀ ਪਰ ਹੁਣ ਉਹ ਚੁੱਪ ਹੋ ਗਿਆ ਹੈ। ਇਸ ਗੱਲ ਨੂੰ ਲੈ ਕੇ ਲੋਕਾਂ 'ਚ ਖਾਸਾ ਗੁੱਸਾ ਤੇ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਤੇ ਦਾ ਮੀਟ ਬੱਕਰੇ ਦੇ ਮੀਟ 'ਚ ਮਿਲਾ ਕੇ ਖੁਆਇਆ ਜਾਂਦਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਵੀ ਨਾ ਪਵੇ। ਇਸ ਸਬੰਧ ਵਿਚ ਬੱਲੂਆਣਾ ਚੌਕੀ ਦੇ ਮੁਖੀ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਧਿਆਨ ਵਿਚ ਹੈ ਪਰ ਇਸ ਸਬੰਧੀ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਧੂੰਆਂ ਉਠਿਆ ਹੈ ਤਾਂ ਅੱਗ ਦੀ ਸੰਭਾਵਨਾ ਵੀ ਹੈ ਇਸ ਲਈ ਉਹ ਅਸਲੀਅਤ ਜਾਣਨ 'ਚ ਲੱਗ ਗਏ ਹਨ। ਇਸੇ ਦੌਰਾਨ ਥਾਣਾ ਸਦਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਮਾਮਲੇ ਬਾਰੇ ਪਤਾ ਨਹੀਂ ਪਰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਦੂਜੇ ਪਾਸੇ ਜਾਨਵਰਾਂ ਦੀ ਰੱਖਿਆ ਖਾਤਰ ਬਣੀ ਅੰਤਰਰਾਸ਼ਟਰੀ ਸੰਸਥਾ ਪੇਟਾ ਦੇ ਮੈਂਬਰ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਉਹ ਵੀ ਇਸ ਮਾਮਲੇ 'ਚ ਦਖਲ ਦੇਣਗੇ ਤੇ ਵੱਖਰੇ ਤੌਰ 'ਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।