ਭੁੱਲਰ ਦੀ ਫਾਂਸੀ ਦੀ ਆੜ 'ਚ ਅੱਤਵਾਦ ਦੁਬਾਰਾ ਲਿਆਉਣ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ
ਕੋਟਕਪੂਰਾ:-ਪੰਜਾਬ ਦੀ ਜਨਤਾ ਨੇ 80ਦੇ ਦਹਾਕੇ ਤੋਂ ਲਗਾਤਾਰ 12 ਸਾਲ ਸੂਬੇ ਵਿਚ ਅੱਤਵਾਦ ਦਾ ਸੰਤਾਪ ਹੰਡਾਇਆ, ਜਿਸ ਦੀ ਕਲਪਨਾ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਦਿਨ ਦੇ ਉਜਾਲੇ ਵਿਚ ਕਰੀਬ 25 ਹਜ਼ਾਰ ਨਿਰਦੋਸ਼ ਵਿਅਕਤੀਆਂ ਨੂੰ ਜਾਨ ਤੋਂ ਹੱਥ ਧੋਣੇ ਪਏ। ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਜਿਨ੍ਹਾਂ ਨੇ ਤੱਤਕਾਲੀਨ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਦੇ ਸਹਿਯੋਗ ਨਾਲ ਪੰਜਾਬ ਵਿਚੋਂ ਅੱਤਵਾਦ ਨੂੰ ਖਤਮ ਕੀਤਾ ਅਤੇ ਖੁਦ ਵੀ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਪਿਛਲੇ ਦਿਨੀਂ ਕੁੱਝ ਦਿਨ ਪਹਿਲਾਂ ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਕੇਂਦਰ ਨੂੰ ਇਸ ਗੱਲ ਤੋਂ ਆਗਾਹ ਕੀਤਾ ਕਿ ਪੰਜਾਬ ਵਿਚ ਫੇਰ ਤੋਂ ਅੱਤਵਾਦੀ ਆਪਣਾ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਖਤਮ ਕਰਨ ਲਈ ਕੁੱਝ ਨਹੀਂ ਕੀਤਾ। ਇਸ ਦਾ ਜ਼ਿੰਦਾ ਸਬੂਤ ਕੋਟਕਪੂਰਾ ਸ਼ਹਿਰ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ, ਜਿੱਥੇ ਐਤਵਾਰ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਵਿਚ 5 ਸਥਾਨਾਂ 'ਤੇ ਬੱਬਰ ਖਾਲਸਾ ਦੇ 6 ਪੋਸਟਰ ਲਾਏ ਗਏ। ਇਹ ਪੋਸਟਰ ਊਸ਼ਾ ਮਾਤਾ ਮੰਦਰ ਪ੍ਰਤਾਪ ਸਿੰਘ ਨਗਰ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪ੍ਰੇਮ ਨਗਰ, ਸਟੱਡੀ ਸਰਕਲ ਦੇ ਦਫਤਰ ਸਿੱਖਾਂ ਵਾਲਾ ਰੋਡ, ਰੇਲਵੇ ਓਵਰ ਬ੍ਰਿਜ ਦੇ ਮੋੜ ਉਪਰ ਤੇ ਸਬ-ਡਵੀਜ਼ਨ ਦੇ ਦਫਤਰ ਦੇ ਗੇਟ ਅੱਗੇ ਲਗਾਏ ਗਏ। ਇਨ੍ਹਾਂ ਵਿਚੋਂ ਪ੍ਰੇਮ ਨਗਰ ਵਾਲਾ ਗੁਰਦੁਆਰਾ ਥਾਣਾ ਸਿਟੀ ਪੁਲਸ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿਚ, ਸਬ-ਡਵੀਜ਼ਨ ਦਫਤਰ, ਰੇਲਵੇ ਓਵਰ ਬ੍ਰਿਜ ਜਿੱਥੇ 24 ਘੰਟੇ ਵਾਹਨਾਂ ਦਾ ਆਉਣਾ ਜਾਣਾ ਰਹਿੰਦਾ ਹੈ ਅਤੇ ਥਾਣਾ ਸਦਰ ਦੇ ਬਿਲਕੁਲ ਸਾਹਮਣੇ ਹੈ। ਸਾਡੇ ਉੱਕਤ ਪ੍ਰਤੀਨਿਧੀ ਨੇ ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਸਿੰਘ ਨਾਲ ਮੋਬਾਈਲ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਬਾਰੇ ਕੋਈ ਪਤਾ ਨਹੀਂ।
ਜ਼ਿਲਾ ਫਰੀਦਕੋਟ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਤੂਰ ਨਾਲ ਮੋਬਾਈਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਰਤੂਤ ਲੱਗਦੀ ਹੈ ਤੇ ਉਹ ਜਲਦੀ ਹੀ ਇਸ ਬਾਰੇ ਪਤਾ ਲਗਾਉਣਗੇ।  ਕੋਟਕਪੂਰਾ ਸਬ ਡਵੀਜ਼ਨ ਦੇ ਨਾਇਬ ਤਹਿਸੀਲਦਾਰ ਰਾਜਾ ਰਵਿੰਦਰ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਕਿ ਤੁਹਾਡੇ ਦਫਤਰ ਅੱਗੇ ਬੱਬਰ ਖਾਲਸਾ ਦਾ ਪੋਸਟਰ ਲਗਾਇਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਥਾਣਾ ਸਿਟੀ ਦੇ ਇੰਚਾਰਜ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।