ਦੋਹਰੇ ਮਾਪਦੰਡ ਅਪਨਾਉਣ ਦਾ ਲਾਇਆ ਦੋਸ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਇਲਜ਼ਾਮ ਲਾਇਆ ਕਿ ਉਹ ਪ੍ਰੋ: ਦਵਿੰਦਰ ਸਿੰਘ ਭੁੱਲਰ ਮਾਮਲੇ 'ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਅਤੇ ਉਨ੍ਹਾਂ ਹੁਣ ਤਕ ਸੌੜੇ ਸਿਆਸੀ ਹਿੱਤਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਸਿੱਖ ਕੌਮ ਦੇ ਹਿੱਤੂ ਹੋਣ ਦਾ ਪ੍ਰਗਟਾਵਾ ਕੀਤਾ ਹੈ। ਬਾਜਵਾ ਨੇ ਕਿਹਾ ਪੰਜਾਬ ਵਿਚ ਰਾਜ ਕਰ ਰਿਹਾ ਅਕਾਲੀ-ਭਾਜਪਾ ਦਾ ਇਕ ਅਪਵਿੱਤਰ ਗਠਜੋੜ ਹੈ, ਇਹ ਦੋਵੇਂ ਰਾਜਨੀਤਿਕ ਪਾਰਟੀਆਂ ਆਪਣੇ ਫਾਇਦੇ ਲਈ ਇਕੱਠੀਆਂ ਹਨ ਅਤੇ ਦੋਵਾਂ ਨੇ ਭੁੱਲਰ ਦੀ ਸਜ਼ਾ ਮੁਆਫੀ ਦੇ ਮਾਮਲੇ 'ਤੇ ਵੱਖ-ਵੱਖ ਸਟੈਂਡ ਲੈ ਰੱਖੇ ਹਨ, ਜਿਸ ਤੋਂ ਸਪਸ਼ਟ ਹੈ ਕਿ ਦੋਵਾਂ ਵਿਚ ਕੋਈ ਸਿਧਾਂਤਕ ਤਾਲਮੇਲ ਨਹੀਂ ਹੈ।
ਬਾਜਵਾ ਦਾ ਕਹਿਣਾ ਹੈ ਕਿ ਬਾਦਲ ਪ੍ਰੋ: ਭੁੱਲਰ ਮਾਮਲੇ ਵਿਚ ਦੂਹਰੇ ਮਾਪਦੰਡ ਅਪਣਾ ਰਹੇ ਹਨ, ਇਕ ਪਾਸੇ ਉਹ ਭੁੱਲਰ ਦੀ ਫਾਂਸੀ ਮੁਆਫੀ ਲਈ ਰੌਲਾ ਪਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪ੍ਰੋ: ਭੁੱਲਰ ਖ਼ਿਲਾਫ 2009 ਦੌਰਾਨ ਹਲਫਨਾਮਾ ਦਾਖਲ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰੋ: ਭੁੱਲਰ ਇਕ ਖ਼ਤਰਨਾਕ ਅੱਤਵਾਦੀ ਹੈ ਅਤੇ ਉਸ ਨੂੰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਦੀ ਹਮਾਇਤ ਪ੍ਰਾਪਤ ਹੈ।
ਬਾਜਵਾ ਦਾ ਕਹਿਣਾ ਹੈ ਕਿ ਬਾਦਲ ਨੂੰ 2009 ਵਿਚ ਵੀ ਪ੍ਰੋ: ਭੁੱਲਰ ਉਤੇ ਰਹਿਮ ਨਹੀਂ ਆਇਆ, ਜਦੋਂ ਭੁੱਲਰ ਦਿੱਲੀ ਦੀ ਤਿਹਾੜ ਜੇਲ ਵਿਚ ਰੋਜ਼ ਮਰ ਰਿਹਾ ਸੀ, ਤਾਂ ਉਸਦੇ ਵਕੀਲ ਨੇ ਭੁੱਲਰ ਨੂੰ ਪੰਜਾਬ ਦੀ ਜੇਲ ਵਿਚ ਰੱਖਣ ਲਈ ਪਟੀਸ਼ਨ ਦਿੱਤੀ ਸੀ। ਉਸ ਸਮੇਂ ਵੀ ਬਾਦਲ ਨੇ ਪੂਰੀ ਸੁਰੱਖਿਆ ਨਾ ਦੇਣ ਦਾ ਬਹਾਨਾ ਲਾਉਂਦੇ ਹੋਏ, ਭੁੱਲਰ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੀ ਹੈ ਅਤੇ ਪ੍ਰੋ: ਭੁੱਲਰ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਜੁਡੀਸ਼ੀਅਲ ਅਤੇ ਪ੍ਰਸ਼ਾਸਨਿਕ ਲਾਭ ਲੈਣ ਦਾ ਪੂਰਾ ਹੱਕ ਹੈ।