ਚੱਲੀਆਂ ਕੁਰਸੀਆਂ; ਉਤਰੀਆਂ ਪੱਗਾਂ
ਮੋਗਾ (ਪਵਨ ਗਰੋਵਰ, ਜਗਸੀਰ ਸ਼ਰਮਾ)- ਭਾਵੇਂ ਮੋਗਾ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਜਿੱਤ ਦਰਜ ਕਰ ਲਈ ਹੈ ਪ੍ਰੰਤੂ ਅਜੇ ਤਕ ਵੀ ਪਿੰਡਾਂ ਅਤੇ ਸ਼ਹਿਰ 'ਚ ਅਕਾਲੀ ਕਈ ਧੜਿਆਂ 'ਚ ਵੰਡੇ ਹੋਣ ਕਰਕੇ ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦੌਰਾਨ ਆਪਸੀ ਤਕਰਾਰਬਾਜ਼ੀਆਂ ਅਤੇ ਖਹਿਬਾਜ਼ੀਆਂ 'ਚ ਉਲਝ ਰਹੇ ਹਨ। ਪਿਛਲੇ 5 ਦਿਨਾਂ ਤੋਂ ਮੋਗਾ ਵਿਧਾਨ ਸਭਾ ਹਲਕੇ ਅੰਦਰ ਸੰਗਤ ਦਰਸ਼ਨਾਂ ਰਾਹੀਂ ਗ੍ਰਾਂਟਾਂ ਦੇ ਗੱਫੇ ਦੇ ਕੇ ਇਲਾਕਾ ਨਿਵਾਸੀਆਂ ਦੇ ਦੁਖੜੇ ਸੁਣ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਮੌਕੇ ਅੱਜ ਪਿੰਡ ਜੋਗੇਵਾਲਾ ਵਿਖੇ ਅਕਾਲੀ ਦਲ ਦੇ ਦੋ ਧੜਿਆਂ ਦਾ ਆਪਸ 'ਚ ਭੇੜ ਹੋ ਗਿਆ, ਜਿਸ ਦੌਰਾਨ ਕੁਝ ਅਕਾਲੀ ਆਗੂਆਂ ਦੀਆਂ ਪੱਗਾਂ ਵੀ ਲੱਥ ਗਈਆਂ। ਮੌਕੇ 'ਤੇ ਹਾਜ਼ਰ ਪੁਲਸ ਕਰਮਚਾਰੀਆਂ ਨੇ ਦੋਵਾਂ ਧਿਰਾਂ ਦੇ ਆਗੂਆਂ ਨੂੰ ਸ਼ਾਂਤ ਕਰਵਾਇਆ। ਮੌਕੇ ਤੋਂ ਇਕੱਤਰ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਜੋਗੇਵਾਲਾ ਵਿਖੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਪਿੰਡ ਦੇ ਹੀ ਇਕ ਧੜੇ ਨੇ ਪਿੰਡ 'ਚ ਇਕ ਹੋਰ ਜਿੰਮਨੇਜੀਅਮ ਬਣਾਉਣ ਦੀ ਮੰਗ ਰੱਖੀ। ਜਿਸ 'ਤੇ ਦੂਸਰੇ ਧੜੇ ਨੇ ਵਿਰੋਧ ਕਰਦਿਆਂ ਕਿਹਾ ਕਿ 600 ਵੋਟਾਂ ਵਾਲੇ ਪਿੰਡ 'ਚ ਪਹਿਲਾਂ ਹੀ ਜਿਮ ਬਣੇ ਹੋਏ ਹਨ ਅਤੇ ਹੁਣ ਹੋਰ ਜਿਮ ਦੀ ਲੋੜ ਨਹੀਂ। ਜਿਸ 'ਤੇ ਪਿੰਡ ਦੇ ਹੀ ਇਕ ਅਕਾਲੀ ਆਗੂ ਦੇ ਭਤੀਜੇ ਨੇ ਮੌਜੂਦਾ ਪੰਚ ਦੇ ਲੱਤ ਮਾਰੀ ਅਤੇ ਉਹ ਡਿੱਗ ਪਿਆ। ਉਪਰੰਤ ਦੋਵਾਂ ਧਿਰਾਂ ਜਮ ਕੇ ਭਿੜੀਆਂ। ਜਿਸ ਦੌਰਾਨ ਕਈ ਆਗੂਆਂ ਤੇ ਵਰਕਰਾਂ ਦੀਆਂ ਪੱਗਾਂ ਉਤਰੀਆਂ ਅਤੇ ਅਕਾਲੀਆਂ ਨੇ ਪੁਲਸ ਦੀ ਹਾਜ਼ਰੀ 'ਚ ਕੁਰਸੀਆਂ ਵੀ ਚਲਾਈਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਹਲਕੇ ਦੇ ਪਿੰਡ ਕਾਲੀਏਵਾਲਾ ਅਤੇ ਚੜਿੱਕ ਸਮੇਤ ਹੋਰ ਕਈ ਪਿੰਡਾਂ 'ਚ ਵੀ ਟਕਸਾਲੀ ਅਤੇ ਨਵੇਂ ਬਣੇ ਅਕਾਲੀਆਂ ਦਰਮਿਆਨ ਤਿੱਖੀਆਂ ਨੋਕਾਂ ਝੋਕਾਂ ਹੋਈਆਂ ਹਨ। ਇਸ ਸਬੰਧੀ ਜਦੋਂ ਪਾਰਟੀ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਝਗੜੇ ਸਬੰਧੀ ਉਨ੍ਹਾਂ ਨੂੰ ਕੋਈ ਇਲਮ ਨਹੀਂ ਅਤੇ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਵੇਗਾ ਤਾਂ ਉਹ ਪਾਰਟੀ ਅਨੁਸ਼ਾਸਨ ਬਹਾਲ ਰੱਖਣ ਲਈ ਗਲਤੀ ਕਰਨ ਵਾਲੇ ਆਗੂ ਜਾਂ ਵਰਕਰ ਨੂੰ ਪਾਰਟੀ ਨਿਯਮਾਂ ਅਨੁਸਾਰ ਸਜ਼ਾ ਦੇਣਗੇ। ਇਸ ਸਬੰਧੀ ਜਦੋਂ ਜ਼ਿਲਾ ਪੁਲਸ ਮੁਖੀ (ਕਾਰਜਕਾਰੀ) ਗੁਰਪ੍ਰੀਤ ਸਿੰਘ ਤੂਰ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਸਬੰਧਿਤ ਡਿਪਟੀ ਅਤੇ ਥਾਣਾ ਮੁਖੀ ਨੂੰ ਜਾਂਚ ਕਰਨ ਦੇ ਲਈ ਆਖ ਦਿੱਤਾ ਗਿਆ ਹੈ।