ਜਲੰਧਰ. ਐੱਮ. ਐੱਸ. ਲੋਹੀਆ
9 ਮਈ  ਬੀਤੇ ਦਿਨੀਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 6 ਟਰੈਵਲ ਏਜੰਟਾਂ ਦੇ ਦਫ਼ਤਰਾਂ 'ਤੇ ਛਾਪੇਮਾਰੀ ਕਰਕੇ 7 ਵਿਅਕੀਤਆਂ ਨੂੰ ਕਾਬੂ ਕੀਤਾ ਗਿਆ ਸੀ | ਅੱਜ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਵਲੋਂ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ 20 ਅਤੇ ਪੰਜਾਬ ਯੂਨੀਵਰਸਿਟੀ ਦੀਆਂ 6 ਜਾਅਲੀ ਡਿਗਰੀਆਂ ਬਰਾਮਦ ਕੀਤੀਆਂ ਗਈਆਂ | ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਅਕਾਸ਼ ਧੀਰ ਪੁੱਤਰ ਮਨਮੋਹਨ ਧੀਰ ਵਾਸੀ ਸੈਦਾਂ ਗੇਟ ਅਤੇ ਸੁਪ੍ਰੀਤ ਸਿੰਘ ਉਰਫ਼ ਮਨੂੰ ਪੁੱਤਰ ਬਲਵੀਰ ਸਿੰਘ ਵਾਸੀ ਗਹਿਰੀ ਮੰਡੀ ਅੰਮਿ੍ਤਸਰ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਮਾਡਲ ਟਾਊਨ) ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸੋਮ ਨਾਥ ਦੀ ਅਗਵਾਈ ਹੇਠ ਕੀਤੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਦੇ ਦੋ ਹੋਰ ਸਾਥੀ ਹਨ | ਉਨ੍ਹਾਂ ਦੀ ਪਹਿਚਾਣ ਮਨਦੀਪ ਸਿੰਘ ਉਰਫ਼ ਲੱਕੀ ਪੁੱਤਰ ਰਣਜੀਤ ਸਿੰਘ ਵਾਸੀ ਦਿਆਲ ਨਗਰ, ਮੁਨੀਸ਼ ਕੁਮਾਰ ਦੱਸੀ ਜਾ ਰਹੀ ਹੈ | ਮੁਨੀਸ਼ ਕੁਮਾਰ ਦੀ ਪੁਲੀ ਅਲੀ ਮੁਹਲੇ ਕੰਪਿਊਟਰਾਂ ਦੀ ਦੁਕਾਨ ਹੈ ਅਤੇ ਮਨਦੀਪ ਸਿੰਘ ਦਾ ਬੱਸ ਅੱਡੇ ਕੋਲ ਟਰੈਵਲ ਏਜੰਸੀ ਦਾ ਦਫ਼ਤਰ ਹੈ | ਇਹ ਚਾਰੋ ਵਿਅਕਤੀ ਵਿਦੇਸ਼ ਭੇਜਣ ਦੇ ਨਾਂਅ 'ਤੇ ਅਨਪੜ੍ਹ ਵਿਅਕਤੀਆਂ ਨੂੰ ਵੀ ਡਿਗਰੀਆਂ ਬਣਾ ਕੇ ਦੇ ਦਿੰਦੇ ਸਨ | ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਵਿਅਕਤੀ ਵਿਦਿਆਰਥੀ ਦਾ ਸਾਰਾ ਵੇਰਵਾ ਲੈ ਕੇ ਉਸ ਦੀ ਜ਼ਰੂਰਤ ਅਨੁਸਾਰ ਡਿਗਰੀਆਂ ਤਿਆਰ ਕਰ ਦਿੰਦੇ ਸਨ | ਡਿਪਲੋਮੇ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਲਈ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ, ਅਮਨਜੋਤ ਕੌਰ ਪੁੱਤਰੀ ਫਕੀਰ ਸਿੰਘ ਅਤੇ ਪਿ੍ਕਸ਼ਤ ਸ਼ਰਮਾ ਪੁੱਤਰ ਸੁਖਦੇਵ ਰਾਜ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ |