ਨਵੀਂ ਦਿੱਲੀ- ਪਾਕਿਸਤਾਨ ਦੀ ਜੇਲ 'ਚ 23 ਸਾਲ ਤੱਕ ਸੜਣ ਤੋਂ ਬਾਅਦ ਕੈਦੀਆਂ ਦੀ ਕੁੱਟਮਾਰ ਨਾਲ ਜ਼ਖਮੀ ਹੋ ਕੇ ਮਰਨ ਵਾਲੇ ਸਰਬਜੀਤ ਨੂੰ ਭਲੇ ਹੀ ਇਨਸਾਫ ਨਹੀਂ ਮਿਲਿਆ, ਪਰ ਉਹ ਦੋਹਾਂ ਮੁਲਕਾਂ ਦੇ ਇਤਿਹਾਸ 'ਚ 'ਅਮਰ' ਹੋ ਗਿਆ ਹੈ। 19 ਮਾਰਚ 1962 ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਭਿੱਖੀਵਿੰਡ 'ਚ ਪੈਦਾ ਹੋਏ ਸਰਬਜੀਤ ਦੀ ਦਰਦਨਾਕ ਕਹਾਣੀ ਕਈ ਸਾਲਾਂ ਤੱਕ ਦੋਹਾਂ ਮੁਲਕਾਂ ਦੀਆਂ ਅਖਬਾਰਾਂ 'ਚ ਸੁਰਖੀਆਂ ਬਣੀ ਪਰ ਉਸ ਦੀ ਮੌਤ ਨੇ ਨਿਆਂ ਵਿਵਸਥਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।
ਕਬੱਡੀ ਦਾ ਬਿਹਤਰੀਨ ਖਿਡਾਰੀ ਸਰਬਜੀਤ ਮੈਟ੍ਰਿਕ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਲਈ ਖੇਤਾਂ 'ਚ ਟਰੈਕਟਰ ਚਲਾ ਕੇ ਜੀਵਨ ਬਤੀਤ ਕਰਦਾ ਸੀ ਅਤੇ 1984 'ਚ ਉਸ ਦਾ ਸੁਖਪ੍ਰੀਤ ਕੌਰ ਨਾਲ ਵਿਆਹ ਹੋ ਗਿਆ। ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਿਤਾਉਣ ਲੱਗਾ। ਉਸ ਦੇ ਘਰ ਦੋ ਧੀਆਂ ਪੂਨਮਦੀਪ ਅਤੇ ਸਵਪਨਦੀਪ ਨੇ ਜਨਮ ਲਿਆ ਪਰ ਉਸ ਨੂੰ ਕੀ ਪਤਾ ਸੀ ਕਿ ਕਿਸਮਤ ਉਸ ਨੂੰ ਪਾਕਿਸਤਾਨ ਦੀ ਜੇਲ 'ਚ ਲੈ ਜਾਵੇਗੀ।
8 ਅਗਸਤ 1990 ਉਸ ਦੀ ਜ਼ਿੰਦਗੀ ਦਾ ਸਭ ਤੋਂ ਮਨਹੂਸ ਦਿਨ ਸੀ। ਉਹ ਸ਼ਰਾਬ ਦੇ ਨਸ਼ੇ 'ਚ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਗਿਆ ਕਿਉਂਕਿ ਉਸ ਵੇਲੇ ਸਰਹੱਦ 'ਤੇ ਤਾਰ-ਵਾੜ ਨਹੀਂ ਹੁੰਦੀ ਸੀ। ਇਕ ਪਾਕਿਸਤਾਨੀ ਕਰਨਲ ਨੇ ਉਸ ਨੂੰ ਫੜ ਕੇ 7 ਦਿਨ ਤੱਕ ਕੈਦ ਵਿਚ ਰੱਖਿਆ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ 'ਚ ਉਸ ਨੂੰ ਮਨਜੀਤ ਸਿੰਘ ਦੇ ਨਾਂ ਨਾਲ ਪੇਸ਼ ਕੀਤਾ ਗਿਆ ਕਿਉਂਕਿ ਇਸੇ ਨਾਂ ਨਾਲ ਉਸ ਦੇ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਉਸ 'ਤੇ 'ਤੋਂ ਭਾਰਤ ਵਲੋਂ ਜਾਸੂਸੀ ਕਰਨ ਦਾ ਦੋਸ਼ ਵੀ ਲੱਗਾ ਸੀ। ਇਥੋਂ ਸਰਬਜੀਤ ਦੀ ਦਰਦ ਭਰੀ ਕਹਾਣੀ ਸ਼ੁਰੂ ਹੋਈ।
ਸਰਬਜੀਤ ਦੇ ਵਕੀਲ ਅਤੇ ਭਾਰਤ-ਪਾਕਿ ਸ਼ਾਂਤੀ ਯਤਨਾਂ ਦੇ ਪ੍ਰਧਾਨ ਅਵੈਸ ਖਾਨ ਨੇ ਆਪਣੇ ਮੁਵੱਕਲ 'ਤੇ ਇਕ ਪੁਸਤਕ ਵੀ ਲਿਖੀ। ਜੱਜ ਮਾਰਕੇਂਡਯ ਕਾਟਜੂ ਦੀ ਪ੍ਰਧਾਨਗੀ 'ਚ ਸਰਬਜੀਤ ਸਿੰਘ ਨਾਂ 'ਤੇ ਇਕ ਕਮੇਟੀ ਵੀ ਬਣੀ। ਪੱਤਰਕਾਰ ਕੁਲਦੀਪ ਨਈਅਰ, ਮਹੇਸ਼ ਭੱਟ, ਲਾਹੌਰ ਦੋ ਵਕੀਲ ਮੰਜ਼ੂਰ ਅਹਿਮਦ ਮਲਿਕ ਅਤੇ ਸਾਰਾਹ ਬਿਲਾਲ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਰਾਜਿੰਦਰ ਸੱਚਰ ਪ੍ਰੋ. ਭੀਮ ਸਿੰਘ, ਅਮਰੀਕਾ ਅਤੇ ਬ੍ਰਿਟੇਨ ਦੇ ਵਕੀਲਾਂ ਨੇ ਵੀ ਸਰਬਜੀਤ ਦੇ ਸਮਰਥਨ 'ਚ ਆਵਾਜ਼ ਬੁਲੰਦ ਕੀਤੀ। ਬ੍ਰਿਟੇਨ ਦੇ ਵਕੀਲ ਜੇ. ਸੀ. ਉੱਪਲ ਨੇ ਸਰਬਜੀਤ ਦੇ ਨਾਂ 'ਤੇ ਇਕ ਵੈੱਬਸਾਈਟ ਵੀ ਲਾਂਚ ਕੀਤੀ।
ਅਵੈਸ ਸ਼ੇਖ ਦਾ ਕਹਿਣਾ ਹੈ ਕਿ ਸਰਬਜੀਤ ਨੂੰ 30 ਅਗਸਤ 1990 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 8 ਸਤੰਬਰ 1990 ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਵੇਲੇ ਸਰਬਜੀਤ ਦੇ ਖਿਲਾਫ ਤਿੰਨ ਮੁਕੱਦਮੇ ਦਰਜ ਕੀਤੇ ਗਏ ਸਨ। ਉਸ ਦਾ ਇਕਬਾਲੀਆ ਬਿਆਨ ਕਿਸੇ ਵੀ ਮੁਕੱਦਮੇ 'ਚ ਦਰਜ ਕੀਤਾ ਗਿਆ ਸਗੋਂ ਉਸ ਦਾ ਇਕ ਆਮ ਬਿਆਨ ਦਰਜ ਕੀਤਾ ਗਿਆ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਇਥੋਂ ਤੱਕ ਕਿ ਜੇਲ 'ਚ ਸਰਬਜੀਤ ਦੀ ਕੋਈ ਸ਼ਨਾਖਤੀ ਪਰੇਡ ਵੀ ਨਹੀਂ ਕਰਵਾਈ ਗਈ।
ਸਰਬਜੀਤ ਨੂੰ 'ਰਾਅ' ਦਾ ਏਜੰਟ ਦੱਸਿਆ ਗਿਆ ਅਤੇ ਉਸ ਨੂੰ ਇਕ ਮਨਜੀਤ ਸਿੰਘ ਨਾਮੀ ਵਿਅਕਤੀ ਦੀ ਥਾਂ ਪੇਸ਼ ਕੀਤਾ ਗਿਆ ਜਿਹੜਾ ਕਿ ਭਗੌੜਾ ਸੀ।
ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਨੂੰ ਵੀ 30 ਅਗਸਤ 1990 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਫੌਜ ਨੇ ਉਸ ਨੂੰ ਛੱਡ ਦਿੱਤਾ ਅਤੇ ਉਸ ਦੀ ਥਾਂ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਬਣਾ ਕੇ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ। ਇਹ ਮਨਜੀਤ ਸਿੰਘ ਨਕੋਦਰ ਨੇੜਲੇ ਮਹਿਤਪੁਰ ਦੇ ਪਿੰਡ ਰਾਮੇਵਾਲ ਦਾ ਰਹਿਣ ਵਾਲਾ ਸੀ। ਫੌਜ ਦੀ ਹਿਰਾਸਤ 'ਚੋਂ ਮੁਕਤ ਹੋਣ ਪਿੱਛੋਂ ਮਨਜੀਤ ਸਿੰਘ 1993 'ਚ ਇੰਗਲੈਂਡ ਚਲਾ ਗਿਆ ਅਤੇ ਉਸ ਪਿਛੋਂ 1997 'ਚ ਕੈਨੇਡਾ ਪੁੱਜ ਗਿਆ। ਕੈਨੇਡਾ 'ਚ ਧੋਖਾਧੜੀ ਦੇ ਦੋਸ਼ 'ਚ ਮਨਜੀਤ ਸਿੰਘ ਨੂੰ 1999 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਥੋਂ ਰਿਹਾਅ ਹੋਣ ਪਿੱਛੋਂ ਉਹ 2000 'ਚ ਬ੍ਰਿਟੇਨ ਪੁੱਜ ਗਿਆ ਜਿਥੋਂ 2001 'ਚ ਉਸ ਨੂੰ ਭਾਰਤ ਭੇਜਿਆ ਗਿਆ।
ਦੱਸਿਆ ਜਾਂਦਾ ਹੈ ਕਿ ਮਨਜੀਤ ਸਿੰਘ ਨੇ ਇਸਲਾਮ ਧਰਮ ਕਬੂਲ ਕਰ ਲਿਆ ਸੀ ਅਤੇ ਉਸ ਨੇ ਪਾਕਿਸਤਾਨ 'ਚ ਇਕ ਨਿਕਾਹ ਵੀ ਕਰਵਾਇਆ ਸੀ। ਇਹ ਵੀ ਪਤਾ ਲੱਗਾ ਹੈ ਕਿ 1990 ਦੇ ਬੰਬ ਧਮਾਕਿਆਂ ਸਮੇਂ ਮਨਜੀਤ ਸਿੰਘ ਰੱਤੂ ਦਾ ਇਹ ਵਿਅਕਤੀ ਪਾਕਿਸਤਾਨ 'ਚ ਸੀ ਅਤੇ ਉਸ ਦਾ ਅਲਕਾਇਦਾ ਨਾਲ ਗੂੜਾ ਸਬੰਧ ਸੀ। ਇਸ ਸਭ ਦੇ ਬਾਵਜੂਦ ਮਨਜੀਤ ਸਿੰਘ ਤਾਂ ਸਾਫ ਬਚ ਕੇ ਨਿਕਲ ਗਿਆ ਪਰ ਬੰਬ ਧਮਾਕਿਆਂ ਦਾ ਦੋਸ਼ ਸਰਬਜੀਤ 'ਤੇ ਮੜ੍ਹ ਕੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ।