www.sabblok.blogspot.com
ਅੱਜ ਵੀ ਮੇਰੇ ਜ਼ਿਹਨ 'ਚ ਮੱਦੇ ਨਾਲ਼ ਸਾਂਝੇ ਹੋਏ ਆਖ਼ਰੀ ਬੋਲ ਗੂੰਜ ਰਹੇ ਹਨ,
ਤੇ ਸੋਚਦਾ ਹਾਂ ਕਿ ਆਪਣੀ ਅਸਲੀ ਹੋਂਦ ਗੁਆ ਕੇ
ਕਿਹੜੀ ਝੂਠੀ ਹੋਂਦ ਦੇ ਚੱਕਰਾਂ 'ਚ ਪਿਆ ਫਿਰਦਾ ਹਾਂ?
ਉਥੇ ਆਪਣੇ ਸਨ, ਜੇ ਵੱਢਦੇ ਵੀ ਸੀ ਤਾਂ ਛਾਵੇਂ ਤਾਂ ਸੁੱਟਦੇ
ਸਨ..........!!!
ਕੇਹੀ ਖੇਡ ਰਚਾਈ ਹੈ, ਰਚਣਹਾਰ ਨੇ! ਪਤਾ ਨਹੀਂ ਕਦੋਂ, ਕੌਣ ''ਹੈ''
ਤੋਂ ''ਸੀ'' ਹੋ
ਜਾਏ। ਕੱਲ ਤੱਕ ਜਗਰੂਪ ਮੇਰੇ ਪਿੰਡ ਦੀ ਸੱਥ ਦੀ ਰੌਣਕ ਸੀ ਪਰ ਅੱਜ........? ਅੱਜ ਤੜਕਸਾਰ ਜਦੋਂ ਮੋਬਾਈਲ ਚੁੱਕਿਆ ਤਾਂ ਇੰਗਲੈਂਡ ਵੱਸਦੇ
ਤਾਏ ਦੇ ਪੁੱਤ ਸ਼ਮਸ਼ੇਰ ਵੀਰ ਦਾ ਸੁਨੇਹਾ ਪੜ੍ਹਿਆ, ''ਮੱਦਾ ਸਿੰਘ ਨੋ ਮੋਰ''। ਇਕ ਵਾਰ ਤਾਂ ਯਕੀਨ ਨਹੀਂ ਆਇਆ ਕਿ ਮੱਦੇ ਜਿਹੇ ਜਰਵਾਣੇ
ਨੂੰ ਅਚਾਨਕ ਇਹ ਕੀ ਹੋ ਗਿਆ। ਮੁੜ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਨੇ ਆਪਣੀ ਲਪੇਟ 'ਚ ਲੈ ਲਿਆ। ਕੁਝ ਇਕ ਰਿਸ਼ਤੇ ਇਹੋ ਜਿਹੇ ਹੁੰਦੇ ਹਨ,
ਜਿਨ੍ਹਾਂ ਨਾਲ ਭਾਵੇਂ ਅਸੀਂ ਹਰ ਰੋਜ਼ ਨਹੀਂ
ਵਿਚਰਦੇ, ਪਰ ਫੇਰ ਵੀ ਸਾਡੇ ਦਿਲ
ਦੇ ਕਿਸੇ ਕੋਨੇ 'ਚ ਉਨ੍ਹਾਂ ਲਈ ਇਕ ਖ਼ਾਸ
ਥਾਂ ਹੁੰਦੀ ਹੈ। ਮੱਦਾ ਨਾ ਤਾਂ ਕੋਈ ਮਸ਼ਹੂਰ ਹਸਤੀ ਸੀ, ਨਾ ਹੀ ਅਮੀਰ ਜਾਂ ਸ਼ਾਹੂਕਾਰ ਸੀ ਤੇ ਨਾ ਹੀ ਜ਼ਿੰਦਗੀ 'ਚ ਕੋਈ ਵੱਖਰਾ ਮਾਰ੍ਹਕਾ ਮਾਰਿਆ ਸੀ, ਬੱਸ ਸਧਾਰਣ ਕਿਰਸਾਣ ਦੇ ਘਰ ਜਨਮ ਲੈ ਕੇ, ਜ਼ਿੰਦਗੀ ਨਾਲ ਦੋ ਚਾਰ ਹੁੰਦਿਆਂ ਇਸ ਫਾਨੀ ਜਹਾਨ ਨੂੰ
ਅਲਵਿਦਾ ਕਹਿ ਗਿਆ। ਲੋਕਾਂ ਲਈ ਆਮ ਤੇ ਮੇਰੇ ਲਈ ਇਸ ਖ਼ਾਸ ਇਨਸਾਨ ਦੀ ਅਹਿਮੀਅਤ ਨੇ ਅੱਜ ਮੈਨੂੰ ਇਹ
ਚਾਰ ਸ਼ਬਦ ਲਿਖਣ ਲਈ ਮਜਬੂਰ ਕਰ ਦਿੱਤਾ ।
ਉਸ ਦਾ ਪੱਕਾ ਨਾਂ ਜਗਰੂਪ ਸਿੰਘ ਸੀ।ਸਾਡੇ ਪਿੰਡ 'ਚ ਤਕਰੀਬਨ ਹਰ ਗੋਤ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ ਦੋ ਕੁ ਘਰ ਨੱਤਾਂ ਨਾਲ ਸੰਬੰਧਿਤ ਹਨ। ਉਹ
ਗੁਰਦਿਆਲ ਸਿੰਘ ਨੱਤ ਦਾ ਸਭ ਤੋਂ ਛੋਟਾ ਮੁੰਡਾ ਸੀ। ਇਹ ਤਾਂ ਸ਼ਾਇਦ ਮੱਦੇ ਦੇ ਗੁਆਂਢੀਆਂ ਨੂੰ ਵੀ
ਨਾ ਪਤਾ ਲੱਗੇ ਕਿ ਜਗਰੂਪ ਸਿੰਘ ਕੌਣ ਹੋਇਆ, ਕਿਉਂਕਿ
ਸਾਰਾ ਪਿੰਡ ਉਸ ਨੂੰ ਨੱਤਾਂ ਦਾ ਮੱਦਾ ਕਰ ਕੇ ਹੀ ਜਾਣਦਾ ਸੀ। ਖੁੱਲ੍ਹੇ ਹੱਡ-ਪੈਰਾਂ ਦਾ ਹੋਣ ਕਾਰਨ
ਸ਼ਾਇਦ ਉਸ ਨੂੰ ਬਚਪਨ 'ਚ ਮੱਦਾ ਮੱਦਾ ਕਹਿ ਕੇ
ਚਿੜਾਉਂਦੇ ਹੁੰਦੇ ਸੀ, ਜੋ ਬਾਅਦ 'ਚ ਉਸ ਦੀ ਪਹਿਚਾਣ ਹੀ ਬਣ ਗਈ। ਜ਼ਿਹਨ 'ਚ ਮੱਦੇ ਨਾਲ਼ ਪੁਗਾਈ ਸਾਂਝ ਦੀਆਂ ਕੁਝ ਕੁ ਯਾਦਾਂ ਘੁੰਮ
ਰਹੀਆਂ ਹਨ। ਅੱਜ ਮੱਦੇ ਦੇ ਤੁਰ ਜਾਣ ਕਰਕੇ ਭਰਿਆ ਦਿਲ ਹੌਲਾ ਕਰਨਾ ਚਾਹੁੰਦਾ ਹਾਂ ਪਰ ਸਮਝ ਨਹੀਂ
ਲਗਦੀ, ਕੀਹਦੇ ਨਾਲ਼ ਕਰਾਂ। ਇਹੋ ਜਿਹੇ ਮੌਕੇ 'ਤੇ ਵਿਦੇਸ਼ ਵਿਓ ਵਰਗਾ ਲੱਗਦਾ ਹੈ। ਦਿਲ ਕਰਦੈ ਉੱਡ ਕੇ ਪਿੰਡ
ਪਹੁੰਚ ਜਾਵਾਂ ਤੇ ਜਾ ਕੇ ਅੰਬੋਂ ਤੇ ਚਾਚੀ ਦੇ ਇਸ ਦੁੱਖ 'ਚ ਸ਼ਰੀਕ ਹੋਵਾਂ!
ਮੇਰਾ ਪਿੰਡ ''ਦੇਸੂ ਮਾਲਕਾਨਾ'' ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਪੈਂਦਾ ਹੈ। ਪਿੰਡ ਦੀ ਕੋਈ ਇਤਿਹਾਸਿਕ ਪ੍ਰਾਪਤੀ ਤਾਂ
ਨਹੀਂ ਹੈ ਪਰ ਜਦੋਂ ਦੀ ਭਾਖੜਾ ਨਹਿਰ ਨਿਕਲੀ ਹੈ, ਸਾਡੇ
ਬਰਾਨੀ ਇਲਾਕੇ ਨੂੰ ਆਬਾਦ ਕਰ ਗਈ ਹੈ। ਪਿੰਡ ਦੇ ਚੜ੍ਹਦੇ ਵਾਲੇ ਪਾਸੇ ਨਹਿਰ ਦਾ ਹੈੱਡ ਹੈ,
ਜਿੱਥੋਂ ਦੋ ਸੂਏ ਅਤੇ ਦੋ ਕੱਸੀਆਂ ਨਿਕਲਦੀਆਂ ਹਨ।
ਭਾਖੜਾ ਦੇ ਨੀਲੇ ਪਾਣੀ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਇਹਨਾਂ ਸੂਇਆਂ ਤੇ ਕੱਸੀਆਂ 'ਚ ਚੁੱਭੀਆਂ ਮਾਰ ਸਾਡਾ ਬਚਪਨ ਬੀਤਿਆ।
ਸੰਨ ੧੯੭੨ ਦੀ ਗੱਲ ਹੈ, ਜਦੋਂ ਮੈਨੂੰ ਮਹਿਜ਼ ਪੌਣੇ ਤਿੰਨ ਸਾਲ ਦੇ ਨੂੰ ਸਾਡੇ ਘਰ ਕੋਲ
ਰਹਿੰਦੇ ਡਰਾਇੰਗ ਮਾਸਟਰ ਗੁਰਦਰਸ਼ਨ ਸਿੰਘ ਜੀ ਗੋਦੀ ਚੁੱਕ ਕੇ ਸਕੂਲ ਲੈ ਗਏ। ਅਗਾਂਹ ਹੈੱਡ ਮਾਸਟਰ
ਸਾਹਿਬ ਨੇ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ, ਕਹਿੰਦੇ
ਹਾਲੇ ਉਮਰ ਛੋਟੀ ਹੈ। ਚਲੋ ਜੀ, ਕਾਗ਼ਜ਼ਾਂ 'ਚ ਹੀ ਜਨਮ ਮਿਤੀ ਬਦਲਣੀ ਸੀ, ਸੋ ਬਦਲ ਦਿੱਤੀ। ਕੱਚੀ ਪਹਿਲੀ ਜਮਾਤ 'ਚ ਪਹਿਲਾ ਦਿਨ ਹੁਣ ਮੇਰੇ ਭਾਵੇਂ ਚੇਤੇ ਨਹੀਂ ਹੈ ਪਰ ਘਰ ਦੇ
ਅਤੇ ਮਾਸਟਰ ਜੀ ਦੱਸਦੇ ਹਨ ਕਿ ਸਾਰੀ ਜਮਾਤ 'ਚ
ਨੱਤਾਂ ਦਾ ਮੱਦਾ ਉਮਰ 'ਚ ਅਤੇ ਕੱਦ ਕਾਠ 'ਚ ਸਭ ਤੋਂ ਵੱਡਾ ਸੀ। ਮੱਦੇ ਕਾ ਘਰ ਸਾਡੇ ਘਰ ਦੇ ਨੇੜੇ ਸੀ।
ਸਾਡਾ ਚਾਰ ਕੁ ਮਰਲੇ ਥਾਂ, ਜਿੱਥੇ ਅਸੀਂ ਛੱਟੀਆਂ
ਦਾ ਛੌਰ ਲਾਉਂਦੇ ਹੁੰਦੇ ਸੀ ਜਾਂ ਰੂੜੀ ਸਿੱਟਦੇ ਹੁੰਦੇ ਸੀ। ਉਹ ਮੱਦੇ ਕੇ ਘਰ ਨਾਲ ਕੰਧ ਸਾਂਝਾ
ਸੀ। ਬੱਸ ਇਸੇ ਕਾਰਨ ਮੇਰੀ ਉਂਗਲ ਮੱਦੇ ਦੇ ਹੱਥ ਫੜਾ ਦਿੱਤੀ ਗਈ ਤੇ ਉਹ ਜ਼ਿੰਮੇਵਾਰੀ ਨਾਲ ਮੈਨੂੰ
ਸਕੂਲ ਲਿਆਉਣ ਲਿਜਾਣ ਲੱਗ ਪਿਆ ਸੀ। ਭਾਵੇਂ ਪਿੰਡ 'ਚ
ਪੀੜ੍ਹੀਆਂ ਦੇ ਫ਼ਰਕ ਕਾਰਣ ਉਹ ਮੇਰਾ ਚਾਚਾ ਲਗਦਾ ਸੀ ਪਰ ਕੱਚੀ ਪਹਿਲੀ ਦੀ ਯਾਰੀ ਨੇ ਕਦੇ ਚਾਚਾ ਹੋਣ
ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ਸੀ। ਹਰ ਰੋਜ਼ ਦਾ ਸਾਥ ਪੱਕੀ ਯਾਰੀ 'ਚ ਤਬਦੀਲ ਹੋ ਗਿਆ।
ਜਿੰਨਾ ਕੁ ਮੈਨੂੰ ਹੁਣ ਯਾਦ ਹੈ, ਮੱਦੇ ਕੇ ਘਰ ਦੇ ਸਾਹਮਣੇ ਸਰਕਾਰੀ ਟੂਟੀ ਲੱਗੀ ਸੀ,
ਜਿੱਥੋਂ ਸਾਰਾ ''ਵਿਹੜਾ'' ਪਾਣੀ
ਭਰਦਾ ਹੁੰਦਾ ਸੀ। ਐਨ ਸਾਹਮਣੇ ਸਾਡਾ ਚੌਂਤਰਾ ਸੀ, ਜਿੱਥੇ
ਬਹਿ ਕੇ ਸਾਡਾ ਵੱਡਾ ਬਾਬਾ ਪਰਤਾਪ ਸਿੰਘ ਆਪਣੀ ਲੰਬੜਦਾਰੀ ਚਲਾਉਂਦਾ ਹੁੰਦਾ ਸੀ। ਇਕ ਦਿਨ ਮੰਡੀ
ਤੋਂ ਕੁਝ ਬਾਊ, ਬਾਬਾ ਜੀ ਕੋਲ ਆਏ ਤੇ
ਕਹਿੰਦੇ ਕਿ ਅਸੀਂ ਕਾਲਾਂਵਾਲੀ 'ਚ ਅੰਗਰੇਜ਼ੀ ਸਕੂਲ
ਖੋਲ੍ਹਿਐ, ਤੁਸੀਂ ਓਥੇ ਆਪਣੇ
ਜੁਆਕ ਪੜ੍ਹਨੇ ਲਾ ਦਿਓ। ਤਿੰਨ ਜਮਾਤਾਂ ਪਿੰਡ ਦੇ ਸਕੂਲ 'ਚ ਕਰ ਕੇ ਮੈਂ ਮੰਡੀ ਕਾਲਾਂਵਾਲੀ ਪੜ੍ਹਨ ਲੱਗ ਪਿਆ ਪਰ ਮੱਦੇ
ਨਾਲੋਂ ਸਾਂਝ ਹਾਲੇ ਟੁੱਟੀ ਨਹੀਂ ਸੀ। ਸਕੂਲ ਤੋਂ ਆਉਣ ਸਾਰ ਅਸੀਂ ਸੂਏ ਤੇ ਨਹਾਉਣ ਚਲੇ ਜਾਂਦੇ ਸਾਂ
ਤੇ ਘਰ ਦਿਆਂ ਨੇ ਵੀ ਮੱਦੇ ਨਾਲ ਜਾਣ ਤੋਂ ਕਦੇ ਨਾ ਰੋਕਣਾ ਕਿਉਂਕਿ ਸਾਊ ਸੁਭਾਅ ਦਾ ਮੱਦਾ ਸ਼ੁਰੂ
ਤੋਂ ਹੀ ਜ਼ਿੰਮੇਵਾਰ ਬੰਦਾ ਸੀ।
ਮੱਦੇ ਦੇ ਕੱਦ-ਕਾਠ ਦਾ ਲਾਹਾ ਅਸੀਂ ਸਾਰੇ ਹਾਣੀ ਅਕਸਰ ਹੀ
ਲੈਂਦੇ ਸੀ। ਆਥਣ ਵੇਲੇ ਜਦੋਂ ਮਹਿਲਾਂ ਵਾਲਿਆਂ ਦੀ ਬੋਤੀ ਜਵਾਰ ਦਾ ਲੱਧਾ ਲੈ ਕੇ ਸਾਡੇ ਚੌਂਤਰੇ
ਕੋਲ ਦੀ ਲੰਘਦੀ ਤਾਂ ਮੱਦਾ ਦਲਬੀਰ ਸਿਉਂ ਬਾਬੇ ਤੋਂ ਅੱਖ ਬਚਾ ਕੇ ਦੋ ਚਾਰ ਗੰਨੇ ਖਿੱਚ ਲੈਂਦਾ ਤੇ
ਫੇਰ ਸਾਨੂੰ ਛਿੱਲਣ ਲੱਗਿਆਂ ਸਿਖਾਉਂਦਾ ਕਿ ਛਿਲਕਾ ਕਿਵੇਂ ਲੰਮਾ ਰੱਖਣੈ ? ਉਸ ਵਕਤ ਸਾਡੇ ਕੋਲ ਕਿਹੜਾ ਖੇਡਣ ਨੂੰ ਐਂਗਰੀ ਬਰਡ ਸੀ,
ਅਸੀਂ ਤਾਂ ਉਸ ਛਿਲਕੇ ਦੀਆਂ ਚੀਜ਼ਾਂ ਬਣਾ ਬਣਾ ਕੇ
ਹੀ ਖੇਡਣਾ ਹੁੰਦਾ ਸੀ। ਮੱਦਾ ਅਕਸਰ ਹੀ ਮੈਨੂੰ ਉਨ੍ਹਾਂ ਤੀਲ੍ਹਿਆਂ ਦਾ ਇਕ ਜਹਾਜ਼ ਬਣਾ ਕੇ ਦਿੰਦਾ
ਹੁੰਦਾ ਸੀ। ਲੀਰਾਂ ਦੀ ਖੁੱਦੋ ਮੜ੍ਹਨ 'ਚ ਸੋਥੇ ਵਾਲੇ ਤਾਰੇ
ਬਾਬੇ ਤੋਂ ਬਾਅਦ ਮੱਦਾ ਹੀ ਤਜ਼ਰਬੇਕਾਰ ਸੀ। ਬਾਬਾ ਤਾਂ ਕਦੇ ਕਦੇ ਸਾਨੂੰ ਲਲਕਰ ਦਿੰਦਾ ਪਰ ਮੱਦੇ
ਤੋਂ ਜਦੋਂ ਜੀ ਕਰਦਾ, ਖੁੱਦੋ ਮੜ੍ਹਾ ਲੈਂਦੇ
ਸੀ। ਮੱਦੇ ਦੀ ਮੜ੍ਹੀ ਖੁੱਦੋ ਏਨੀ ਕੁ ਕਰੜੀ ਹੁੰਦੀ ਸੀ ਕਿ ਅੱਜ ਵੀ ਮੇਰੀ ਸੇਲ੍ਹੀ ਦੇ ਉਤੇ ਇਕ
ਨਿਸ਼ਾਨ ਹੈ, ਜੋ ਗੀਤੇ ਲੰਬੜਦਾਰ
ਨਾਲ ਡੰਡਾ-ਡੁੱਕ ਖੇਡਦਿਆਂ ਪਿਆ ਸੀ।
ਵਕਤ ਬੀਤਦਾ ਗਿਆ, ਮੱਦਾ ਪੰਜ ਸੱਤ ਪੜ੍ਹ ਕੇ ਖੇਤੀ ਕਰਨ ਲੱਗ ਪਿਆ। ਅਸੀਂ ਪਿੰਡ
ਵਾਲਾ ਘਰ ਵੇਚ ਕੇ ਮੰਡੀ ਜਾ ਘਰ ਪਾਇਆ। ਓਧਰ ਮੱਦੇ ਦਾ ਵਿਆਹ ਹੋ ਗਿਆ ਤੇ ਮੇਲ ਜੋਲ ਵੀ ਕਦੇ ਕਦਾਈਂ
'ਤੇ ਸੀਮਤ ਹੋ ਗਿਆ । ਕਦੇ ਕਦੇ ਲੋਕ ਲੱਜੋਂ ਮੱਦੇ
ਨੂੰ ਚਾਚਾ ਕਹਿ ਦੇਣਾ ਪਰ ਮਗਰੋਂ ਦੋਹਾਂ ਨੇ ਹੱਸ ਪੈਣਾ। ਮੈਂ ਕਾਲਾਂਵਾਲੀ ਤੋਂ ਬਠਿੰਡੇ ਨੂੰ ਹੋ
ਤੁਰਿਆ। ਮੱਦਾ ਕਬੀਲਦਾਰੀ 'ਚ ਉਲਝ ਗਿਆ ਤੇ ਰੱਬੀ
ਸਬੱਬੀਂ ਹੀ ਮੇਲ ਹੋਣਾ। ਮੁੜ ਭਾਵੇਂ ਮੱਦੇ ਦੀ ਦਾੜ੍ਹੀ ਅੱਧੀ ਚਿੱਟੀ ਹੋ ਗਈ ਪਰ ਉਹ ਜੁੱਸੇ ਦਾ
ਭਰਵਾਂ ਤੇ ਰੋਹਬਦਾਰ ਦਿੱਖ ਦਾ ਮਾਲਕ ਸੀ। ਅਸੀਂ ਜਦੋਂ ਵੀ ਕਦੇ ਮਿਲਣਾ ਤਾਂ ਮੈਂ ਕੋਲ ਖੜ੍ਹੇ
ਲੋਕਾਂ ਨੂੰ ਇਕ ਗੱਲ ਕਹਿਣੀ ਕਿ ਤੁਸੀਂ ਮੰਨ ਸਕਦੇ ਹੋ ਕਿ ਅਸੀਂ ਦੋਨੋਂ ਜਮਾਤੀ ਹਾਂ। ਕਿਸੇ ਨੇ
ਯਕੀਨ ਨਾ ਕਰਨਾ ਤੇ ਕਈਆਂ ਨੇ ਤਾਂ ਇਹ ਵੀ ਕਹਿ ਦੇਣਾ ਕਿ ਤੇਰਾ ਨਹੀਂ ਤੇਰੇ ਪਾਪਾ ਜੀ ਦਾ ਜਮਾਤੀ
ਹੋਣਾ ਮੱਦਾ।
ਮੱਦੇ ਨਾਲ ਮੇਰੀਆਂ ਅਖੀਰ ਦੀਆਂ ਕੁਝ ਮੁਲਾਕਾਤਾਂ 'ਚ ਇਕ 2006
ਦੀ ਗੱਲ ਹੈ। ਜਦੋਂ ਮੈਂ ਬਠਿੰਡੇ ਆਈਲਟਸ ਦੀ ਤਿਆਰੀ ਕਰ ਰਿਹਾ ਸੀ ਤਾਂ ਇਕ ਦਿਨ ਮੈਨੂੰ ਹਨੂਮਾਨ
ਚੌਂਕ ਕੋਲ ਇਕ ਹਸਪਤਾਲ ਮੂਹਰੇ ਬੈਠਾ ਮੱਦਾ ਦਿਸ ਪਿਆ। ਮੈਂ ਕਾਰ ਰੋਕ ਕੇ ਉਸ ਕੋਲ ਆਇਆ। ਉਹ ਵੀ
ਹੁਣ ਮੈਨੂੰ ਮਿੰਟੂ ਜਾਂ ਲਾਡ 'ਚ ਮਿੰਕੂ ਕਹਿਣ ਦੀ
ਥਾਂ ਲੰਬੜਦਾਰਾ ਕਹਿ ਕੇ ਹੀ ਬੁਲਾਉਂਦਾ ਸੀ। ਜਦੋਂ ਮੈਂ ਉਸ ਨੂੰ ਹਸਪਤਾਲ ਆਉਣ ਦਾ ਕਾਰਣ ਪੁੱਛਿਆ
ਤਾਂ ਉਸ ਨੇ ਮੁੰਡਾ ਢਿੱਲਾ ਹੋਣ ਬਾਰੇ ਦੱਸਿਆ। ਮੈਂ ਕਾਰ ਇੱਕ ਪਾਸੇ ਲਾ ਕੇ ਉਸ ਨਾਲ ਦੁੱਖ ਸੁੱਖ
ਕਰਨ ਲੱਗ ਪਿਆ। ਗੱਲਾਂ ਗੱਲਾਂ 'ਚ ਮੈਨੂੰ ਕਹਿੰਦਾ
ਕਿਧਰੋਂ ਆ ਰਿਹਾ ਸੀ ਲੰਬੜਦਾਰਾ? ਮੈਂ ਕਿਹਾ ਕਿ ਕਲਾਸ
ਲਾ ਕੇ ਆਇਆ ਹਾਂ। ਉਹ ਹੈਰਾਨ ਜਿਹਾ ਹੋ ਕੇ ਕਹਿੰਦਾ ''ਓਏ ਲੰਬੜਦਾਰਾ! ਹਾਲੇ ਵੀ ਪੜ੍ਹੀ ਜਾਨੈ''? ਜਦੋਂ ਨੂੰ ਮੈਂ ਕੋਈ ਜਵਾਬ ਦਿੰਦਾ, ਆਪ ਹੀ ਕਹਿੰਦਾ ''ਓਏ ਪਤੰਦਰਾ ! ਜੁਗੜੇ ਹੋ ਗਏ, ਹੁਣ ਤੱਕ ਤਾਂ ਤੂੰ ਸਾਰੀ ਪੜ੍ਹਾਈ ਮੁਕਾ ਦਿੱਤੀ ਹੋਣੀ ਆ''। ਉਸ ਦੀ ਭੋਲੀ ਜਿਹੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ।
ਉਹ ਨਾਲ ਹੀ ਮੈਨੂੰ ਉਲਾਂਭਾ ਦੇ ਗਿਆ ਕਿ ਜੇ ਤੂੰ ਮੰਡੀ ਪੜ੍ਹਨ ਨਾ ਲਗਦਾ ਤਾਂ ਅੱਜ ਮੈਂ ਵੀ ਤੇਰੇ
ਜਿੰਨਾ ਪੜ੍ਹ ਜਾਣਾ ਸੀ।
ਦੂਜੀ ਵਾਰ 2010 'ਚ ਜਦੋਂ ਮੈਂ ਇੰਡੀਆ ਗਿਆ ਸਾਂ ਤਾਂ ਅਚਾਨਕ ਪਾਪਾ ਜੀ ਇੱਕ
ਐਕਸੀਡੈਂਟ 'ਚ ਸਭ ਨੂੰ ਅਲਵਿਦਾ
ਕਹਿ ਗਏ। ਉਨ੍ਹਾਂ ਦੇ ਭੋਗ ਤੋਂ ਚਾਰ ਕੁ ਦਿਨਾਂ ਮਗਰੋਂ ਮੱਦਾ ਮੇਰੇ ਕੋਲ ਆਇਆ ਤੇ ਕਹਿੰਦਾ,
''ਲੰਬੜਦਾਰਾ! ਉਦੋਂ ਕੱਠ-ਬੱਠ 'ਚ ਤੈਨੂੰ ਕਹਿ ਨਹੀਂ ਹੋਇਆ, ਸੋ ਅੱਜ ਕਹਿਣ ਆਇਆ ਹਾਂ ਕਿ ਤੂੰ ਹੁਣ ਬਾਹਰਲੇ ਮੁਲਕ ਨਾ
ਜਾਈਂ। ਤੈਨੂੰ ਵਫ਼ਾ ਨਹੀਂ ਕੀਤਾ ਯਾਰ। ਦੇਖ ਕਿੱਡੀ ਸੱਟ ਖਾਧੀ ਆ। ਘੋੜੇ ਵਰਗਾ ਪਿਆ ਸੀ ਸਾਡਾ ਬਾਈ,
ਨਾਲੇ ਕੀ ਕਮੀ ਹੈ ਤੇਰੇ ਕੋਲ ਸੁੱਖ ਨਾਲ ਇੱਥੇ''
? ਉਹ ਵਾਰ ਵਾਰ ਮੈਨੂੰ ਇਹੀ ਜਤਾ ਰਿਹਾ ਸੀ ਕਿ ਹੁਣ
ਮੈਂ ਭਾਰਤ ਹੀ ਰਹਾਂ। ਮੈਂ ਗੱਲ ਬਦਲਣ ਲਈ ਉਸ ਨੂੰ ਕਿਹਾ, ''ਚਾਚਾ ਯਾਰ ਕੋਈ ਕੱਚੀ ਪਹਿਲੀ ਵਾਲੀ ਗੱਲ ਸੁਣਾ''।
''ਲੈ ਸੁਣ ਲੈ ਫੇਰ! ਉਦੋਂ ਦੋ ਵਾਰੀ ਤਾਂ ਤੂੰ ਮੇਰੇ ਸਾਹਮਣੇ
ਆਪਣੀ ਕੱਛ ਭਿਓਂ ਲਈ ਸੀ, ਹੁਣ ਭਾਵੇਂ ਬਣਿਆ ਫਿਰ
ਨਾਢੂ ਖਾਨ!''
ਮੈਂ ਆਸਾ-ਪਾਸਾ ਜਿਹਾ ਤੱਕਿਆ ਤੇ ਕਿਹਾ, ''ਕਿਉਂ ਝੂਠ ਬੋਲੀ ਜਾਨੈਂ ਚਾਚਾ''?
''ਕੀਹਦੀ ਸੌਂਹ ਲੱਗੇ ? ਭਾਬੀ ਤੇਰੀਆਂ ਪੱਟੀਆਂ-ਪੁਟੀਆਂ ਪੋਚ ਕੇ, ਪੂਛਾਂ ਵਾਲਾ ਸੂਰਮਾ ਪਾ ਕੇ, ਮੇਰੀ ਗੋਦੀ ਚਾੜ੍ਹ ਦਿੰਦੀ ਸੀ। ਇਕ ਦਿਨ ਤੇਰੇ ਲਾਲ ਕੱਛ
ਪਾਈ, ਪੂਰੀ ਬੈਲਟ-ਬੁਲਟ ਲੱਗੀ। ਮੈਨੂੰ ਖੋਲ੍ਹਣ ਦਾ
ਹਿਸਾਬ ਜਾ ਨਹੀਂ ਆਇਆ। ਏਨੇ ਚਿਰ 'ਚ ਤੂੰ ਤਾਂ ਚਲਾ
ਦਿੱਤਾ ਪਰਨਾਲਾ। ਮੈਨੂੰ ਪਤੈ ਕਿ ਮੈਂ ਇਕ ਹੱਥ 'ਚ ਲਮਕਾ ਕੇ ਕਿਵੇਂ ਤੁਹਾਡੇ ਘਰੇ ਲਿਆ ਸੁੱਟਿਆ ਸੀ।
ਲੈ ਲਗਦੇ ਹੱਥ ਦੂਜੀ ਵੀ ਸੁਣ ਲੈ; ਇਕ ਵਾਰੀ ਪਿੜਾ 'ਚ ਦਾਵੀ-ਦੁਕੜੇ ਖੇਡ ਰਹੇ ਸੀ ਕਿ ਤੈਨੂੰ ਤੇਹ ਲੱਗ ਆਈ ।
ਮੈਂ ਕਣਕ ਦੇ ਬੋਹਲ ਕੋਲ ਪਏ ਤੌੜੇ 'ਚੋਂ ਪਾਣੀ ਦੀ ਬਾਟੀ
ਭਰ ਕੇ ਦੇ ਦਿੱਤੀ, ਤੂੰ ਉੱਤੋਂ ਦੀ ਪੀਈ
ਜਾਵੇਂ ਤੇ ਥਲੋਂ ਦੀ ਕੱਢੀ ਜਾਵੇ। ਮੈਨੂੰ ਤਾਂ ਉਦੋਂ ਪਤਾ ਲੱਗਿਆ, ਜਦੋਂ ਤਾਏ ਗੁਰਚਰਨ ਨੇ ਚਲਾਵੀਂ ਬਹੁਕਰ ਮਾਰੀ ਸਾਡੇ ਵੱਲ
ਨੂੰ''।
ਉਸ ਦੀਆਂ ਗੱਲਾਂ ਨੇ ਮੇਰੇ ਉੱਤੇ ਟੁੱਟੇ ਪਹਾੜ ਨੂੰ ਥੋੜ੍ਹਾ
ਹੌਲਾ ਕਰ ਦਿੱਤਾ ਸੀ । ਜਾਂਦਾ-ਜਾਂਦਾ ਵੀ ਕਹਿੰਦਾ ਜਾਏ, ''ਜੇ ਆਪਣਾ ਆੜੀ ਮੰਨਦੈਂ ਤਾਂ ਹੁਣ ਨਾ ਜਾਈਂ ਬਾਹਰ, ਤੈਨੂੰ ਉਸ ਮੁਲਕ ਨੇ ਵਫ਼ਾ ਨਹੀਂ ਕੀਤੀ''। ਮੈਂ ਬਹਾਨੇ ਜਿਹੇ ਬਣਾਉਣ ਲੱਗਿਆ ਤਾਂ ਕਹਿੰਦਾ,
''ਤੇਰੇ ਤੋਂ ਗੱਲਾਂ 'ਚ ਕਿਹੜਾ ਜਿੱਤੇ ? ਜਦੋਂ ਪਾਈਆ ਕੁ ਦਾ ਸੀ, ਉਦੋਂ ਨਹੀਂ ਸੀ ਮੰਨਦਾ, ਹੁਣ ਤਾਂ ਸੁੱਖ ਨਾਲ ਡੂਢ ਮਣ ਪੱਕੇ ਦਾ ਹੈਂ''।
ਮੱਦੇ ਨਾਲ ਮੇਰੀ ਆਖ਼ਰੀ ਮੁਲਾਕਾਤ 2011 'ਚ ਹੋਈ, ਜਦੋਂ
ਮੈਂ ਪਾਪਾ ਜੀ ਦੀ ਬਰਸੀ ਲਈ ਇੰਡੀਆ ਗਿਆ। ਉਹ ਬੋਹੜਾਂ ਹੇਠ ਪੰਜ-ਸੱਤ ਬੰਦਿਆਂ ਨਾਲ਼ ਬੈਂਚ 'ਤੇ ਬੈਠਾ ਸੀ। ਮੈਂ ਸਾਰੀ ਪੰਚਾਇਤ ਨੂੰ ਹੱਥ ਚੱਕ ਕੇ ਜੀਪ
ਆਪਣੇ ਪੁਰਾਣੇ ਘਰ ਵੱਲ ਮੋੜ ਦਿੱਤੀ। ਪਰ ਜੀਪ ਤਾਏ ਜਗਰਾਜ ਸਿਉਂ ਕੇ ਨੌਹਰੇ 'ਚ ਠੱਲ੍ਹਣ ਤੋਂ ਬਾਅਦ ਪੈਰ ਮੱਲੋ-ਮੱਲੀ ਬੋਹੜਾਂ ਵੱਲ ਮੁੜ
ਪਏ। ਉਥੇ ਜਾ ਕੇ ਸਾਰਿਆਂ ਨਾਲ ਦੁੱਖ-ਸੁੱਖ ਸਾਂਝਾ ਕੀਤਾ। ਤਾਇਆ ਬਲਦੇਵ ਸਿੰਘ ਬਾੜੀ ਵਾਲਾ ਮੈਨੂੰ
ਗੁਰਦੁਆਰਾ ਸਾਹਿਬ ਦੀ ਨਵੀਂ ਪੈ ਰਹੀ ਇਮਾਰਤ ਦਿਖਾਉਣ ਲੈ ਗਏ। ਜਦੋਂ ਮੈਂ ਉੱਥੋਂ ਵਾਪਸ ਬੋਹੜ ਹੇਠ
ਆਇਆ ਤਾਂ ਇਕ ਦੋ ਛੋਟੇ ਛੋਟੇ ਜੁਆਕ ਸਾਈਕਲ 'ਤੇ
ਝੂਟੇ ਲੈ ਰਹੇ ਸੀ। ਮੈਨੂੰ ਮੱਦਾ ਕਹਿੰਦਾ ਕਿ ਇਹਨਾਂ ਦੀ ਫ਼ੋਟੋ ਖਿੱਚ ਦੇ। ਜਦੋਂ ਮੈਂ ਉਨ੍ਹਾਂ ਦੀ
ਫ਼ੋਟੋ ਖਿੱਚ ਰਿਹਾ ਸੀ ਤਾਂ ਇਕ ਜੁਆਕ ਮੇਰਾ ਹੁਲੀਆ ਜੇਹਾ ਦੇਖ ਕੇ ਮੈਨੂੰ ਹਿੰਦੀ 'ਚ ਪੁੱਛਣ ਲੱਗਿਆ ਕਿ "ਤੁਮ ਕਹਾਂ ਕੇ ਰਹਿਣੇ ਵਾਲੇ
ਹੋ"? ਸਾਰੇ ਹੱਸਣ ਲਗ ਗਏ ਪਰ
ਮੇਰੀ ਬੋਲਤੀ ਬੰਦ ਹੋ ਗਈ। ਮੱਦੇ ਨੇ ਮੇਰੀ ਚੁੱਪ ਤੋੜੀ ਤੇ ਕਹਿੰਦਾ, ''ਨਾ ਲੰਬੜਦਾਰਾ ! ਤੈਨੂੰ ਕਿਹਾ ਸੀ ਕਿ ਨਾ ਜਾ ਬਾਹਰਲੇ
ਮੁਲਕ। ਹੁਣ ਦੇਖ ਲਾ ਤੇਰੇ ਪਿੰਡ ਦੇ ਜੁਆਕ ਹੀ ਨਹੀਂ ਪਛਾਣਦੇ ਤੈਨੂੰ, ਐਵੇਂ ਹਵਾ ਕਰੀ ਜਾਨੈਂ ਸਾਡੇ ਤੇ''। ਮੱਦੇ ਦੀ ਗੱਲ ਮੇਰੇ ਧੁਰ ਅੰਦਰ ਤੱਕ ਲਹਿ ਗਈ । ਮੈਂ
ਚੁੱਪ ਕਰ ਕੇ ਜੀਪ ਚੁੱਕੀ ਤੇ ਵਾਪਸ ਮੰਡੀ ਆ ਗਿਆ। ਘਰ ਦੇ ਪੁੱਛਣ ਕਿ ਕੀਹਦੇ ਕੀਹਦੇ ਘਰ ਜਾ ਆਇਐਂ?
ਮੈਂ ਕਿਹਾ ਇਕੱਲੇ ਗੁਰੂ ਦੇ ਘਰ ਹੀ ਗਿਆ ਸੀ,
ਬੱਸ ਉੱਥੋਂ ਹੀ ਵਾਪਸ ਆ ਗਿਆ''।
No comments:
Post a Comment