jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਕਤਲ ਦੇ ਦੋਸ਼ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਗ੍ਰਿਫ਼ਤਾਰ


ਗੁਰਾਇਆ.25 ਮਈ. - ਪਿੰਡ ਘੁੜਕਾ ਵਿਖੇ ਦੋ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਗੁਰਾਇਆ ਥਾਣੇ ਦੀ ਪੁਲੀਸ ਨੇ  ਇੱਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਬਣਾਈ ਵਿਸ਼ੇਸ਼ ਟੀਮ ਨੂੰ ਪਹਿਲਾਂ ਇਹ ਲੁੱਟ ਦਾ ਮਾਮਲਾ ਲੱਗਾ ਪਰ ਜਿਉਂ ਜਿਉਂ ਪੁਲੀਸ ਗਹਿਰਾਈ ਵਿਚ ਜਾਂਦੀ ਗਈ ਤਾਂ ਪਰਤਾਂ ਖੁੱਲ੍ਹਦੀਆਂ ਗਈਆਂ। ਇਸ ਸਬੰਧੀ ਗੁਰਾਇਆ ਥਾਣਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਡੀ.ਐਸ.ਪੀ. ਫਿਲੌਰ ਪਰਮਜੀਤ ਸਿੰਘ ਪੰਨੂ ਅਤੇ ਐਸ.ਐਚ.ਓ. ਗੁਰਾਇਆ ਸਰਬਜੀਤ ਰਾਏ ਨੇ ਦੱਸਿਆ ਕਿ ਜੋ ਕਹਾਣੀ ਹਕੀਕਤ ਬਣਕੇ ਸਾਹਮਣੇ ਆਈ ਉਸ ਵਿਚ ਇਹ ਜ਼ਾਹਿਰ ਹੋਇਆ ਕਿ ਸੀਤਾ ਰਾਮ (35 ਸਾਲ) ਦਾ ਸਾਲਾ ਸੁਰਜੀਤ ਪਿਛਲੇ ਲੰਬੇ ਅਰਸੇ ਤੋਂ ਵਿਦੇਸ਼ ਗਿਆ ਹੋਇਆ ਹੈ। ਸੀਤਾ ਰਾਮ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੀ ਸਾਲੇਹਾਰ ਸੁਰਿੰਦਰ ਕੌਰ (33 ਸਾਲ) ਨਾਲ ਪ੍ਰੇਮ ਸਬੰਧ ਕਾਇਮ ਕਰ ਲਏ।
ਇਸੇ ਦੌਰਾਨ ਜਦੋਂ ਸੁਰਿੰਦਰ ਕੌਰ ਦਾ ਮਨ ਸੀਤਾ ਰਾਮ ਤੋਂ ਭਰ ਗਿਆ ਤਾਂ ਉਸ ਨੇ ਆਪਣੇ ਪ੍ਰੇਮ ਸਬੰਧ ਪਵਨ ਕੁਮਾਰ ਉਰਫ ਸੋਨੀ (28 ਸਾਲ) ਵਾਸੀ ਪਿੰਡ ਬੀੜ ਬੰਸੀਆਂ ਜੋ ਪੇਂਟਰ ਦਾ ਕੰਮ ਕਰਦਾ ਸੀ, ਨਾਲ ਬਣਾ ਲਏ। ਪਵਨ ਕੁਮਾਰ, ਸੁਰਿੰਦਰ ਕੌਰ ਦੇ ਪਿਆਰ ਵਿਚ ਏਨਾ ਪਾਗਲ ਹੋ ਗਿਆ ਕਿ ਉਹ ਆਪਣੀ ਪ੍ਰੇਮਿਕਾ ਨੂੰ ਹੋਰ ਕਿਸੇ ਨਾਲ ਬਰਦਾਸ਼ਤ ਨਹੀਂ ਕਰ ਸਕਦਾ ਸੀ ਜਦਕਿ ਸੀਤਾ ਰਾਮ ਪੁਰਾਣਾ ਪਿਆਰ ਭੁਲਾ ਨਹੀਂ ਸਕਦਾ ਸੀ। ਉਸ ਦੀ ਜਦੋਂ ਵਾਹ ਪੇਸ਼ ਨਾ ਚੱਲੀ ਤਾਂ ਉਸ ਨੇ ਸੁਰਿੰਦਰ ਕੌਰ ਨੂੰ ਪੁਰਾਣੀਆਂ ਵੀਡੀਓ ਕਲਿੱਪ ਅਤੇ ਫ਼ੋਨ ਰਿਕਾਰਡਿੰਗ ਦਾ ਡਰਾਵਾ ਦੇ ਕੇ ਬਲੈਕ ਮੇਲ ਕਰਨਾ ਚਾਹਿਆ। ਜਿਸ ‘ਤੇ ਸੁਰਿੰਦਰ ਕੌਰ ਨੇ ਆਪਣੇ ਪ੍ਰੇਮੀ ਪਵਨ ਕੁਮਾਰ ਉਰਫ਼ ਸੋਨੀ ਨਾਲ ਮਿਲ ਕੇ  ਸੀਤਾ ਰਾਮ ਨੂੰ ਪਿੰਡ ਮਹਿਸਮਪੁਰ ਤੋਂ ਘੁੜਕਾ ਬੁਲਾਇਆ ਜਿਸ ‘ਤੇ ਪਵਨ ਕੁਮਾਰ ਪਹਿਲਾਂ ਰਸਤੇ ਵਿਚ ਸੀਤਾ ਰਾਮ ਦੀ ਤੇਜ਼ਾਰ ਹਥਿਆਰ ਲੈ ਕੇ ਉਡੀਕ ਕਰਦਾ ਰਿਹਾ ਪਰ ਸੀਤਾ ਰਾਮ ਹੋਰ ਰਸਤੇ ਰਾਹੀਂ ਘੁੜਕਾ ਪੁੱਜ ਗਿਆ।
ਇਸ ਦੌਰਾਨ ਸੁਰਿੰਦਰ ਕੌਰ ਨੇ ਪਵਨ ਨੂੰ ਦੱਸਿਆ ਕਿ ਉਹ ਘੁੜਕਾ ਆ ਜਾਵੇ। ਜਿਸ ‘ਤੇ ਪਵਨ ਕੁਮਾਰ ਘੁੜਕਾ ਆ ਗਿਆ ਤੇ ਸੀਤਾ ਰਾਮ ਪਿੰਡ ਘੁੜਕਾ ਵਿਖੇ ਸੰਗ ਢੇਸੀਆਂ ਸੜਕ ‘ਤੇ ਸਕੂਟਰ ‘ਤੇ ਬੈਠ ਕੇ ਆਪਣੀ ਸਾਲ਼ੇਹਾਰ ਨੂੰ ਫ਼ੋਨ ਕਰ ਰਿਹਾ ਸੀ। ਪਵਨ ਕੁਮਾਰ ਨੇ ਮੂੰਹ ਬੰਨ੍ਹ ਕੇ ਆਪਣਾ ਮੋਟਰਸਾਈਕਲ ਪਿੱਛੇ ਖੜ੍ਹਾ ਕਰਕੇ ਸੀਤਾ ਰਾਮ ‘ਤੇ ਕਿਰਚ ਨਾਲ ਹਮਲਾ ਕਰਕੇ ਮਾਰ ਦਿੱਤਾ। ਦੋਸ਼ੀ ਨੇ ਉਸ ‘ਤੇ ਤਿੰਨ ਵਾਰ ਕੀਤੇ ਜਿਸ ਨਾਲ ਸੀਤਾ ਰਾਮ ਖੇਤ ਵੱਲ ਭੱਜ ਕੇ ਜਾ ਡਿੱਗਿਆ ਜਿੱਥੇ ਉਸ ਦੀ ਤੜਫ਼ ਤੜਫ਼ ਕੇ ਮੌਤ ਹੋ ਗਈ। ਪਵਨ ਕੁਮਾਰ ਪਲ ਪਲ ਦੀ ਸੂਚਨਾ ਸੁਰਿੰਦਰ ਕੌਰ ਨੂੰ ਫ਼ੋਨ ‘ਤੇ ਦਿੰਦਾ ਰਿਹਾ। ਸੁਰਿੰਦਰ ਕੌਰ ਨੇ ਸਵੇਰੇ ਉਠ ਕੇ ਆਪਣਾ ਫ਼ੋਨ ਘਰ ਦੀ ਟੁਆਲਿਟ ਵਿਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਹ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ।
ਡੀ.ਐਸ.ਪੀ. ਫਿਲੌਰ ਪਰਮਜੀਤ ਸਿੰਘ ਪੰਨੂ ਅਤੇ ਐਸ.ਐਚ.ਓ. ਸਰਬਜੀਤ ਰਾਏ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਪ੍ਰੇਮਿਕਾ ਨੂੰ ਸਪੈਸ਼ਲ ਫ਼ੋਨ ਦਿੱਤਾ ਹੋਇਆ ਸੀ। ਦੋਸ਼ੀ ਨੇ ਸੀਤਾ ਰਾਮ ਦਾ ਫ਼ੋਨ ਵੀ ਬੀੜ ਬੰਸੀਆਂ ਦੇ ਛੱਪੜ ਵਿਚ ਸੁੱਟ ਦਿੱਤਾ ਜਿੱਥੋਂ ਪੁਲੀਸ ਨੇ ਫ਼ੋਨ ਬਰਾਮਦ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਸੁਰਿੰਦਰ ਕੌਰ ਆਪਣੇ ਪ੍ਰੇਮ ਵਿਚ ਏਨੀ ਪਾਗਲ ਹੋ ਚੁੱਕੀ ਸੀ ਕਿ ਆਪਣੇ ਸੱਤ ਵਰ੍ਹਿਆਂ ਦੇ ਪੁੱਤਰ ਅਤੇ ਸੱਸ ਨੂੰ ਰੋਜ਼ਾਨਾ ਨੀਂਦ ਦੀਆ ਗੋਲੀਆਂ ਦੇ ਕੇ ਪ੍ਰੇਮੀ ਨੂੰ ਘਰੇ ਬੁਲਾ ਲੈਂਦੀ ਸੀ। ਪੁਲੀਸ ਨੇ ਦੋਸ਼ੀ ਕੋਲੋਂ ਮੋਟਰਸਾਈਕਲ ਨੰਬਰ ਪੀਬੀ 08ਬੀ ਐਨ 6386 ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਰਾਣੇ ਪ੍ਰੇਮੀ ਨਾਲ ਇਸ਼ਕ ਮੱਠਾ ਪੈਣ ‘ਤੇ ਸੁਰਿੰਦਰ ਕੌਰ ਨੇ ਆਪਣੇ ਨਵੇਂ ਪ੍ਰੇਮੀ ਨਾਲ ਮਿਲ ਕੇ ਪੁਰਾਣੇ ਪ੍ਰੇਮੀ ਨੂੰ ਕਤਲ ਕੀਤੇ ਜਾਣ ਦੀ ਇਸ ਘਟਨਾ ਦੀ ਇਲਾਕੇ ਵਿਚ ਚਰਚਾ ਬਣੀ ਹੋਈ ਹੈ।


No comments: