jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 6 May 2013

ਸੱਜਣ ਕੁਮਾਰ ਮਾਮਲਾ--ਲੁਧਿਆਣਾ-ਦਿੱਲੀ ਮਾਰਗ 'ਤੇ ਕੀਤੀ ਰੇਲ ਸੇਵਾ ਠੱਪ

www.sabblok.blogspot.com

ਜਲੰਧਰ, 5 ਮਈ (ਪੱਤਰ ਪ੍ਰੇਰਕਾਂ ਦੁਆਰਾ)-ਨਵੰਬਰ '84 'ਚ ਵਾਪਰੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਵਿਰੁੱਧ ਅੱਜ ਰੇਲ ਪਟੜੀਆਂ ਉਪਰ ਧਰਨੇ ਦੇਣ ਕਾਰਨ ਲੁਧਿਆਣਾ- ਦਿੱਲੀ ਵਿਚਾਲੇ ਕਈ ਘੰਟੇ ਰੇਲ ਸੇਵਾਵਾਂ ਠੱਪ ਰਹੀਆਂ। ਲੁਧਿਆਣਾ ਤੇ ਅੰਮ੍ਰਿਤਸਰ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲ ਪੱਟੜੀਆਂ ਉਪਰ ਧਰਨੇ ਦਿੱਤੇ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋਈਆਂ ਪ੍ਰਮੁੱਖ ਗੱਡੀਆਂ ਵਿਚ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ ਸਹਿਰਸਾ ਐਕਸਪ੍ਰੈਸ,ਜੰਮੂ- ਚੇਨਈ ਐਕਸਪ੍ਰੈਸ, ਨਿਊ ਦਿੱਲੀ-ਅੰਮ੍ਰਿਤਸਰ ਸੁਪਰਫਾਸਟ, ਛੱਤੀਸਗੜ੍ਹ-ਅੰਮ੍ਰਿਤਸਰ ਐਕਸਪ੍ਰੈਸ, ਹਾਵੜਾ-ਅੰਮ੍ਰਿਤਸਰ ਐਕਸਪ੍ਰੈਸ ਤੇ ਅੰਮ੍ਰਿਤਸਰ-ਮੁੰਬਈ ਪਸ਼ਚਿਮ ਐਕਸਪ੍ਰੈਸ ਸ਼ਾਮਿਲ ਹਨ। ਸਿੱਖ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਰਕਾਰ ਕਦਮ ਚੁੱਕਣ ਵਿਚ ਨਾਕਾਮ ਰਹੀ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਰੇਲ ਆਵਾਜਾਈ ਠੱਪ ਰੱਖੀ
ਲੁਧਿਆਣਾ, (ਗੁਰਿੰਦਰ ਸਿੰਘ)-ਨਵੰਬਰ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਬਰੀ ਕਰਨ ਦੇ ਰੋਸ ਵਜੋਂ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸੈਂਕੜੇ ਵਰਕਰਾਂ ਨੇ ਅੱਜ ਸਵੇਰੇ ਦਿੱਲੀ-ਅੰਮ੍ਰਿਤਸਰ, ਲੁਧਿਆਣਾ-ਧੂਰੀ ਅਤੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਧਰਨਾ ਲਗਾ ਕੇ ਚਾਰ ਘੰਟੇ ਤੋਂ ਵੱਧ ਸਮਾਂ ਰੇਲ ਆਵਾਜਾਈ ਠੱਪ ਰੱਖੀ, ਜਿਸ ਨਾਲ ਦੋਹਾਂ ਪਾਸਿਆਂ ਤੋਂ ਆਉਣਜਾਣ ਵਾਲੀਆਂ ਕਈ ਗੱਡੀਆਂ ਲੁਧਿਆਣਾ ਅਤੇ ਹੋਰਨਾਂ ਸਟੇਸ਼ਨਾਂ 'ਤੇ ਰੁਕੀਆਂ ਰਹੀਆਂ।
ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਸੁਰਜੀਤ ਸਿੰਘ ਦੁੱਗਰੀ, ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ ਅਤੇ ਦੰਗਾ ਪੀੜਤ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਸੈਂਕੜੇ ਵਰਕਰ ਸਵੇਰੇ ਸਵਾ 5 ਵਜੇ ਦੇ ਕਰੀਬ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਲਾਗੇ ਹੀ ਰੇਲ ਲਾਈਨਾਂ 'ਤੇ ਆ ਕੇ ਬੈਠ ਗਏ ਅਤੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। 5 ਵੱਜ ਕੇ 25 ਮਿੰਟ ਦੇ ਕਰੀਬ ਜਿਉਂ ਹੀ ਅੰਬਾਲਾ ਵਾਲੇ ਪਾਸਿਉਂ ਅੰਮ੍ਰਿਤਸਰ ਲਈ ਜਾ ਰਹੀ ਹਾਵੜਾ ਮੇਲ ਐਕਸਪ੍ਰੈਸ ਰੇਲ ਲਾਈਨ 'ਤੇ ਪੁੱਜੀ ਤਾਂ ਵਰਕਰਾਂ ਨੇ ਜੈਕਾਰੇ ਛੱਡਦਿਆਂ ਅੰਮ੍ਰਿਤਸਰ-ਦਿੱਲੀ ਰੇਲ ਲਾਈਨ ਉਪਰ ਧਰਨਾ ਦੇ ਦਿੱਤਾ, ਜਿਸ 'ਤੇ ਕੁਝ ਗਜ਼ ਦੀ ਦੂਰੀ 'ਤੇ ਰੇਲ ਰੁਕ ਗਈ। ਬਾਅਦ ਵਿਚ ਉਨ੍ਹਾਂ ਧੂਰੀ ਜਾਣ ਵਾਲੀ ਇਕ ਹੋਰ ਮਾਲ ਗੱਡੀ ਨੂੰ ਵੀ ਰੇਲ ਲਾਈਨ ਉਪਰ ਰੋਕਿਆ। ਇਹ ਰੇਲ ਗੱਡੀਆਂ ਸਾਢੇ 9 ਵਜੇ ਤੱਕ ਉਥੇ ਹੀ ਖੜ੍ਹੀਆਂ ਰਹੀਆਂ, ਜਿਸ ਕਾਰਨ ਹਾਵੜਾ ਐਕਸਪ੍ਰੈਸ ਗੱਡੀ ਵਿਚ ਸਵਾਰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਤਕਰੀਬਨ ਸਵਾ 9 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆ ਕੇ ਧਰਨਾਕਾਰੀਆਂ ਨੂੰ ਸਮਝਾਬੁਝਾ ਕੇ ਧਰਨਾ ਖ਼ਤਮ ਕਰਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੰਗਾ ਪੀੜਤਾਂ ਦੇ ਨਾਲ ਖੜ੍ਹੀਆਂ ਹਨ ਅਤੇ ਇਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਹੀਲਾ ਵਰਤਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਸਿੱਖ ਕੌਮ ਲਈ ਵੱਖਰੇ ਕਾਨੂੰਨ ਕੰਮ ਕਰ ਰਹੇ ਹਨ, ਜਿਸ ਤਹਿਤ ਸੱਜਣ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ ਗਿਆ ਹੈ, ਜਦ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੇ ਹੱਕ ਵਿਚ ਗਵਾਹੀਆਂ ਹੋਣ ਦੇ ਬਾਵਜੂਦ ਉਸ ਨੂੰ ਫਾਹੇ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸ: ਪ੍ਰਿਤਪਾਲ ਸਿੰਘ ਨੇ ਵੀ ਸੱਜਣ ਕੁਮਾਰ ਨੂੰ ਬਰੀ ਕਰਨ ਦੀ ਕਾਰਵਾਈ ਨੂੰ ਸਿੱਖਾਂ ਦੇ ਜ਼ਖਮਾਂ ਉਪਰ ਨਮਕ ਛਿੜਕਣ ਵਾਲੀ ਕਾਰਵਾਈ ਦੱਸਿਆ।
 
ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ: ਸੁਰਜੀਤ ਸਿੰਘ ਦੁੱਗਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਕੇਂਦਰ ਸਰਕਾਰ ਵੱਲੋਂ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਵੰਬਰ '84 ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਸਾਢੇ ਚਾਰ ਘੰਟੇ ਦੇ ਕਰੀਬ ਠੱਪ ਰਹੀ ਰੇਲ ਆਵਾਜਾਈ ਦੌਰਾਨ ਜਿੱਥੇ ਸ਼ਤਾਬਦੀ ਐਕਸਪ੍ਰੈਸ, ਬਰਾਊਨੀ ਐਕਸਪ੍ਰੈਸ, ਸੁਪਰ ਫਾਸਟ ਅਤੇ ਸੱਚਖੰਡ ਐਕਸਪ੍ਰੈਸ ਸਮੇਤ ਕਈ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੁਕੀਆਂ ਰਹੀਆਂ ਉਥੇ ਕਈ ਗੱਡੀਆਂ ਅੰਬਾਲਾ ਵਾਲੇ ਪਾਸੇ ਹੀ ਰੋਕ ਲਈਆਂ ਗਈਆਂ। ਇਸ ਮੌਕੇ ਭਾਈ ਮੇਜਰ ਸਿੰਘ ਖ਼ਾਲਸਾ, ਭਾਈ ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮਗੰਜ, ਜਗੀਰ ਸਿੰਘ ਗੁਰਦਾਸਪੁਰ, ਹਰਨੇਕ ਸਿੰਘ ਬਰਨਾਲਾ, ਬਿੱਕਰ ਸਿੰਘ ਫਰੀਦਕੋਟ, ਗੁਲਜ਼ਾਰ ਸਿੰਘ ਅੰਮ੍ਰਿਤਸਰ, ਤਜਿੰਦਰ ਸਿੰਘ ਮੁਹਾਲੀ, ਅਵਤਾਰ ਸਿੰਘ ਕਪੂਰਥਲਾ, ਇੰਦਰਜੀਤ ਸਿੰਘ ਨਰੂਲਾ, ਦਵਿੰਦਰ ਸਿੰਘ ਬਿੱਟੂ, ਅਮਰਜੀਤ ਸਿੰਘ ਰਾਜਪਾਲ, ਮਨਜੀਤ ਸਿੰਘ ਚਾਵਲਾ, ਸਤਨਾਮ ਸਿੰਘ ਸੱਤਾ, ਇੰਦਰਪਾਲ ਸਿੰਘ ਵਿੱਕੀ, ਮਨਮੋਹਨ ਸਿੰਘ ਪੱਪੂ, ਬੀਬੀ ਹਰਬੰਸ ਕੌਰ, ਸੁਰਿੰਦਰ ਸਿੰਘ ਦੁੱਗਰੀ, ਸੁਖਵਿੰਦਰ ਸਿੰਘ ਲਾਟੀ, ਦਲਜੀਤ ਸਿੰਘ ਸੋਨੀ, ਅਮਰਜੀਤ ਸਿੰਘ ਦੁੱਗਰੀ, ਮਨਮੋਹਨ ਸਿੰਘ ਹੈਬੋਵਾਲ, ਗੁਰਦੀਪ ਸਿੰਘ ਕਾਹਲੋਂ, ਅਮਰੀਕ ਸਿੰਘ ਹੈਬੋਵਾਲ, ਚਰਨਜੀਤ ਸਿੰਘ ਬੱਬੂ, ਰਜਿੰਦਰ ਸਿੰਘ ਭਾਟੀਆ, ਮਨਜੀਤ ਕੌਰ ਦੁੱਗਰੀ, ਜਗਮੋਹਨ ਕੌਰ ਸੋਨੂੰ ਖਾਲਸਾ, ਸੁਰਜੀਤ ਸਿੰਘ, ਹਰਵਿੰਦਰ ਸਿੰਘ ਰਾਜਪੁਰਾ ਅਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ। — 

No comments: