jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਸਿਡਨੀ ਤੋਂ ਪਰਥ ਤਕ-----------ਹਰਮੰਦਰ ਕੰਗ


www.sabblok.blogspot.com
ਹਰਮੰਦਰ ਕੰਗ (ਆਸਟਰੇਲੀਆ),  ਮੋਬਾਈਲ: 0061434288301

ਸਾਲ ਦੀ ਪਹਿਲੀ ਸਵੇਰ ਮੂੰਹ ਹਨੇਰੇ ਸਾਥੀਆਂ ਸਮੇਤ ਸਿਡਨੀ ਨੂੰ ਅਲਵਿਦਾ ਆਖ ਕੇ ਦੋਵੇਂ ਗੱਡੀਆਂ ਤੋਰ ਲਈਆਂ। ਆਸਟਰੇਲੀਆ ਦੇ ਪੂਰਬੀ ਭਾਗ ਪਰਥ ਵੱਲ ਨੂੰ ਜਾਣਾ ਹੋਵੇ ਤਾਂ ਹਿਊਮ ਹਾਈਵੇਅ ’ਤੇ ਤਕਰੀਬਨ 200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਐਡੀਲੇਡ ਨੂੰ ਜਾਣ ਵਾਲੇ ਕੌਮੀ ਮਾਰਗ ’ਤੇ ਚੜ੍ਹਨਾ ਪੈਂਦਾ ਹੈ ਜਿਸ ਉੱਤੇ ਪਹਿਲਾ ਕਸਬਾ ਵਾਘਾ ਵਾਘਾ ਆਉਂਦਾ ਹੈ। ਇਹ ਸ਼ਾਹਰਾਹ ਕਾਫ਼ੀ ਸਾਫ਼-ਸੁਥਰੇ ਅਤੇ ਖੁੱਲ੍ਹੇ ਹਨ। ਟਰੈਫ਼ਿਕ ਨਾਂ-ਮਾਤਰ ਹੋਣ ਕਰਕੇ ਕਾਰ ਇਸ ਰਾਹ ’ਤੇ ਆਸਾਨੀ ਨਾਲ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦੀ ਹੈ ਤੇ ਸਫ਼ਰ ਵੀ ਚੋਖਾ ਨਿੱਬੜਦਾ ਹੈ। ਸਿਡਨੀ ਤੋਂ ਪਰਥ ਤਕ ਦੇ ਇਸ ਸਫ਼ਰ ਵਿੱਚ ਰੁਕਣ, ਗੱਡੀ ਵਿੱਚ ਤੇਲ ਭਰਵਾਉਣ ਆਦਿ ਦੀ ਸਾਰੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਤਕਰੀਬਨ 4200 ਕਿਲੋਮੀਟਰ ਲੰਮਾ ਸਫ਼ਰ ਚਾਰ ਦਿਨਾਂ ਵਿੱਚ ਤੈਅ ਕਰਨ ਲਈ ਜ਼ਰੂਰੀ ਸੀ ਕਿ ਰੋਜਾਨਾ ਗੱਡੀਆਂ 1000 ਕਿਲੋਮੀਟਰ ਦਾ ਸਫ਼ਰ ਤੈਅ ਕਰਨ। ਅਸੀਂ ਪੂਰਬ ਤੋਂ ਪੱਛਮ ਦਿਸ਼ਾ ਵੱਲ ਜਾ ਰਹੇ ਸੀ। ਇਸ ਲਈ ਸਵੇਰ ਵੇਲੇ ਸੂਰਜ ਦੀਆਂ ਕਿਰਨਾਂ ਕਾਰ ਦੇ ਪਿਛਲੇ ਸ਼ੀਸ਼ੇ ਵਿਚਦੀ ਝਾਤੀ ਮਾਰ ਰਹੀਆਂ ਸਨ। ਖਪਤ ਦਾ ਹਿਸਾਬ ਲਾ ਕੇ ਤਕਰੀਬਨ ਹਰ 400 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਤੇਲ ਦੀ ਟੈਂਕੀ ਫੁੱਲ ਕਰਵਾਉਣੀ ਜ਼ਰੂਰੀ ਸੀ। ਇਨ੍ਹਾਂ ਰਾਹਾਂ ’ਤੇ ਬਹੁਤੇ ਪੈਟਰੋਲ ਪੰਪ ਨਹੀਂ ਹਨ। ਸੋ ਚੰਗਾ ਹੈ ਕਿ ਪੈਟਰੋਲ ਦਾ ਇੱਕ ਕੈਨ ਭਰ ਕੇ ਨਾਲ ਰੱਖ ਲਿਆ ਜਾਵੇ ਤਾਂ ਕਿ ਐਮਰਜੈਂਸੀ ਵਿੱਚ ਵਰਤਿਆ ਜਾ ਸਕੇ ਜਾਂ ਫਿਰ ਪਹਿਲਾਂ ਹੀ ਇੰਟਰਨੈੱਟ ਜ਼ਰੀਏ ਪੈਟਰੋਲ ਪੰਪਾਂ ਬਾਰੇ ਜਾਣ ਲਿਆ ਜਾਵੇ। ਆਪਣੇ ਖਾਣ-ਪੀਣ ਦਾ ਸਾਮਾਨ ਨਾਲ ਲੈਣਾ ਵੀ ਬਿਹਤਰ ਹੈ ਕਿਉਂਕਿ ਰਸਤੇ ਵਿੱਚ ਕਿਤੇ ਵੀ ਭਾਰਤ ਵਾਂਗੂੰ ਨਾ ਤਾਂ ਢਾਬੇ ਹਨ ਅਤੇ ਨਾ ਹੀ ਰਾਹ ਵਿੱਚ ਕੋਈ ਨਲਕਾ ਜਾਂ ਟੂਟੀ ਲੱਗੀ ਹੋਈ ਹੈ। ਦੂਰ-ਦੂਰ ਤਕ ਚਾਰੇ ਪਾਸੇ ਉਜਾੜ ਹੀ ਨਜਰੀਂ ਪੈਂਦਾ ਹੈ। ਰਸਤੇ ਦੇ ਛੋਟੇ-ਛੋਟੇ ਕਸਬਿਆਂ ਵਿੱਚ ਵਸੋਂ ਨਜ਼ਰੀਂ ਪੈਂਦੀ ਹੈ। ਰਸਤੇ ਵਿੱਚ ਥੋੜ੍ਹੀ-ਥੋੜ੍ਹੀ ਵਿੱਥ ’ਤੇ ਸੜਕ ਤੋਂ ਹਟਵੇਂ ਆਰਾਮ ਸਾਥਾਨ ਜ਼ਰੂਰ ਬਣੇ ਹੋਏ ਹਨ ਜਿੱਥੇ ਬੈਠਣ ਵਾਸਤੇ ਦੋ-ਦੋ ਬੈਂਚ ਅਤੇ ਟਾਇਲਟਾਂ ਬਣੀਆਂ ਹੁੰਦੀਆਂ ਹਨ। ਥੋੜ੍ਹੀ-ਥੋੜ੍ਹੀ ਦੂਰੀ ’ਤੇ ਸੜਕ ਦੇ ਦੋਵੇਂ ਪਾਸੇ ਲੱਗੇ ਬੋਰਡਾਂ ਉੱਤੇ ਕਈ ਪ੍ਰਕਾਰ ਦੀਆਂ ਸੂਚਨਾਵਾਂ ਲਿਖੀਆਂ ਮਿਲਦੀਆਂ ਹਨ ਜਿਵੇਂ ਅਗਲੇ ਸਫ਼ਰ ਦੌਰਾਨ ਕੀ ਸਾਵਧਾਨੀ ਵਰਤਣੀ ਹੈ, ਅੱਗੇ ਕਿਹੜਾ ਕਸਬਾ ਆਏਗਾ, ਪੈਟਰੋਲ ਪੰਪ ਜਾਂ ਖਾਣ-ਪੀਣ ਦੇ ਸਾਮਾਨ ਦੀ ਸਹੂਲਤ ਅੱਗੇ ਕਿੰਨੀ ਦੂਰੀ ’ਤੇ ਆਏਗੀ, ਗੱਡੀ ਦੀ ਰਫ਼ਤਾਰ ਕਿੰਨੀ ਰੱਖਣੀ ਹੈ ਆਦਿ। ਲਗਾਤਾਰ ਸਾਢੇ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਚਾਹ ਪੀਣ ਦੀ ਤਲਬ ਜਾਗ ਪਈ ਤੇ ਥੋੜ੍ਹੀ ਭੁੱਖ ਵੀ ਲੱਗ ਰਹੀ ਸੀ। ਥਰਮਸ ਵਿੱਚੋਂ ਕੱਢ ਕੇ ਪੀਤੀ ਗਰਮ-ਗਰਮ ਚਾਹ ਨੇ ਸਭ ਨੂੰ ਅਗਲੇਰੇ ਸਫ਼ਰ ਲਈ ਫਿਰ ਤੋਂ ਤਰੋ-ਤਾਜ਼ਾ ਕਰ ਦਿੱਤਾ ਸੀ। ਭਾਰਤ ਵਿੱਚ ਕਿਸੇ ਵੀ ਸੂਬੇ ਦੇ ਕਿਸੇ ਰਾਹ ’ਤੇ ਚਲੇ ਜਾਓ, ਤੁਹਾਨੂੰ ਢਾਬੇ ਅਤੇ ਵੰਨ-ਸੁਵੰਨੇ ਲੋਕ ਅਤੇ ਹਰੇ-ਭਰੇ ਖੇਤ ਜ਼ਰੂਰ ਨਜ਼ਰੀਂ ਪੈ ਜਾਣਗੇ ਪਰ ਆਸਟਰੇਲੀਆ ਦੇ ਇਨ੍ਹਾਂ ਕੌਮੀ ਸ਼ਾਹਰਾਹਾਂ ’ਤੇ ਵੀ ਅਜਿਹੀਆਂ ਰੌਣਕਾਂ ਨਹੀਂ ਮਿਲਦੀਆਂ। ਆਸਟਰੇਲੀਆ ਦੇ ਪੂਰਬੀ ਖਿੱਤੇ ਦੇ ਸਮੇਂ ਵਿੱਚ ਵੀ ਭਾਰਤ ਨਾਲੋਂ ਤਕਰੀਬਨ ਸਾਢੇ ਪੰਜ ਘੰਟਿਆਂ ਦਾ ਫ਼ਰਕ ਹੈ। ਮੈਨੂੰ ਸੁਰਜੀਤ ਪਾਤਰ ਦੀ ਇੱਕ ਗ਼ਜ਼ਲ ਦੀਆਂ ਸਤਰਾਂ ਆ ਗਈਆਂ:
ਅੱਧੀ ਰਾਤ ਹੋਵੇਗੀ ਮੇਰੇ ਪਿੰਡ ਉੱਤੇ ਇਸ ਵੇਲੇ,
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁੱਤਰਾਂ ਲਾਗੇ ਮਾਵਾਂ,
ਚੱਲ ਪਾਤਰ ਉੱਠ ਢੂੰਢਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ।’’
ਸਫ਼ਰ ਕਰਦੇ-ਕਰਦੇ ਦਿਨ ਪੂਰੀ ਤਰਾਂ ਚੜ੍ਹ ਆਇਆ ਹੈ ਤੇ ਤੇਜ਼ ਧੁੱਪ ਕਾਰਨ ਥੋੜ੍ਹੀ ਗਰਮੀ ਮਹਿਸੂਸ ਹੋਣ ਲੱਗੀ ਹੈ। ਸਾਲ ਦੇ ਪਹਿਲੇ ਦਿਨ ਦੇ ਸਫ਼ਰ ਦੌਰਾਨ ਬੇਸ਼ੱਕ ਮਨ ਵਿੱਚ ਚਾਅ ਵੀ ਸੀ ਪਰ ਲਗਾਤਾਰ ਗੱਡੀ ਚਲਾਉਣ ਕਰਕੇ ਥੋੜ੍ਹਾ ਅਕੇਵਾਂ ਵੀ ਹੋ ਰਿਹਾ ਸੀ। ਕਾਰ ਵਿੱਚ ਰੱਖੀਆਂ ਸਾਰੀਆਂ ਸੀਡੀਜ ਤਕਰੀਬਨ ਇੱਕ ਵਾਰ ਸੁਣ ਲਈਆਂ ਸਨ। ਸੋਚ ਰਹੇ ਸਾਂ ਕਿ ਸ਼ਾਇਦ ਅੱਗੇ ਚੱਲ ਕੇ ਕੋਈ ਰਮਣੀਕ ਜਗ੍ਹਾ ਆਵੇਗੀ ਤਾਂ ਗੱਡੀ ਰੋਕ ਕੇ ਥੋੜ੍ਹਾ ਆਰਾਮ ਵੀ ਕਰਾਂਗੇ ਅਤੇ ਸੁੰਦਰ ਜਗ੍ਹਾ ਦੇ ਵੀ ਦਰਸ਼ਨ ਹੋ ਜਾਣਗੇ ਪਰ ਸੜਕ ਦੇ ਆਲੇ-ਦੁਆਲੇ ਦੂਰ-ਦੂਰ ਤਕ ਖਾਲੀ ਧਰਤ ਹੀ ਦਿਸਦੀ ਸੀ। ਕਿਤੇ-ਕਿਤੇ ਕੋਈ ਖੇਤ ਨਜ਼ਰੀਂ ਪੈਂਦਾ ਸੀ। ਕਈ ਵੱਡੇ-ਵੱਡੇ ਫਾਰਮ ਵੀ ਸਨ ਜਿਨ੍ਹਾਂ ਨੂੰ ਵਾੜ ਕੀਤੀ ਹੋਈ ਸੀ। ਇਨ੍ਹਾਂ ਫਾਰਮਾਂ ਵਿੱਚ ਭੇਡਾਂ, ਘੋੜੇ, ਗਾਵਾਂ ਜਾਂ ਹੋਰ ਪਾਲਤੂ ਪਸ਼ੂ ਘਾਹ ਚਰ ਰਹੇ ਸਨ ਪਰ ਕੋਈ ਮਨੁੱਖ ਨਜ਼ਰ ਨਹੀਂ ਆਇਆ। ਵਾਘਾ ਵਾਘਾ ਟੱਪ ਕੇ ਅੱਗੇ ਛੋਟੇ-ਛੋਟੇ ਕਸਬੇ ਨੁਮਾ ਪਿੰਡ ਆਉਂਦੇ ਹਨ ਜਿਨ੍ਹਾਂ ਦੀ ਵਸੋਂ ਬਹੁਤ ਹੀ ਥੋੜ੍ਹੀ ਹੈ। ਇਨ੍ਹਾਂ ਛੋਟੇ ਕਸਬਿਆਂ ਅਤੇ ਸੜਕ ਦੇ ਨਾਲ-ਨਾਲ ਫੂਡ ਪ੍ਰੋਸੈਸਿੰਗ ਦੀਆਂ ਕਾਫ਼ੀ ਸਾਰੀਆਂ ਫੈਕਟਰੀਆਂ ਨਜ਼ਰ ਆਈਆਂ। ਕਸਬਿਆਂ ਵਿੱਚ ਰਹਿਣ ਵਾਲੇ ਲੋਕ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਸੜਕ ’ਤੇ ਕਿਤੇ-ਕਿਤੇ ਕੋਈ ਕਾਰ ਜਾਂ ਟਰੱਕ ਆਉਂਦਾ ਦਿੱਸਦਾ ਹੈ। ਨਹੀਂ ਤਾਂ ਕੜਕਦੀ ਧੁੱਪ ਵਿੱਚ ਸੜਕ ’ਤੇ ਸੁੰਨ-ਮਸਾਣ ਪਈ ਹੈ ਤੇ ਦਰੱਖਤਾਂ ’ਤੇ ਬੀਂਡੇ ਬੋਲਦੇ ਸੁਣਦੇ ਹਨ। ਖਾਲੀ ਸੜਕ ’ਤੇ ਤੇਜ਼ ਭੱਜ ਰਹੀ ਕਾਰ ਵਾਟਾਂ ਦੀ ਵੈਰੀ ਬਣੀ ਜਾਪਦੀ ਹੈ। ਥੋੜ੍ਹੇ-ਥੋੜ੍ਹੇ ਵਕਫ਼ੇ ਪਿੱਛੋਂ ਸੜਕ ’ਤੇ ਦੌੜ ਰਹੀਆਂ ਕਾਰਾਂ ਨੂੰ ਇੱਕ-ਦੂਜੇ ਦੇ ਅੱਗੇ ਪਿੱਛੇ ਕਰਕੇ ਦੂਜੀ ਕਾਰ ਦੇ ਟਾਇਰਾਂ ’ਤੇ ਨਜ਼ਰ ਮਾਰ ਲਈਦੀ ਸੀ ਕਿ ਕੋਈ ਨਟ ਬੋਲਟ ਤਾਂ ਨਹੀਂ ਢਿੱਲਾ ਹੋ ਗਿਆ ਜਾਂ ਕਾਰ ਦੇ ਟਾਇਰਾਂ ਵਿੱਚ ਹਵਾ ਵਗੈਰਾ ਤਾਂ ਨਹੀਂ ਘਟੀ। ਨਿਊ ਸਾਊਥ ਵੇਲਜ਼ ਸਟੇਟ ਤੋਂ ਅੱਗੇ ਦੋ ਸੌ ਕਿਲੋਮੀਟਰ ਹੋਰ ਸਫ਼ਰ ਕਰ ਕੇ ਸਾਊਥ ਆਸਟਰੇਲੀਆ ਸਟੇਟ ਵਿੱਚ ਦਾਖਲ ਹੋਣਾ ਹੈ। ਸਾਊਥ ਆਸਟਰੇਲੀਆ ਸਟੇਟ ਵਿੱਚ ਦਾਖਲ ਹੋਣ ਤੋਂ ਤਕਰੀਬਨ ਪੰਜਾਹ ਕਿਲੋਮੀਟਰ ਪਹਿਲਾਂ ਸੜਕ ’ਤੇ ਲੱਗੇ ਸੂਚਨਾ ਬੋਰਡਾਂ ’ਤੇ ਲਿਖਿਆ ਹੋਇਆ ਹੈ ਕਿ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਫਲ ਲੈ ਕੇ ਸਾਊਥ ਆਸਟਰੇਲੀਆ ਵਿੱਚ ਦਾਖਲ ਨਹੀਂ ਹੋ ਸਕਦੇ। ਜੇਕਰ ਤੁਹਾਡੇ ਕੋਲ ਕੋਈ ਫਲ ਹੈ ਜਾਂ ਤਾਂ ਉਸ ਨੂੰ ਖਾ ਲਓ ਜਾਂ ਫਿਰ ਸੜਕ  ਕਿਨਾਰੇ ਵਿਸ਼ੇਸ਼ ਤੌਰ ’ਤੇ ਲੱਗੇ ਰੱਬਿਸ਼ ਬਿਨ ਵਿੱਚ ਸੁੱਟ ਦਿਓ। ਇਸ ਦਾ ਕਾਰਨ ਇਹ ਹੈ ਕਿ ਸਾਊਥ ਆਸਟਰੇਲੀਆ ਦੀ ਸਰਕਾਰ ਮੰਨਦੀ ਹੈ ਕਿ ਫਲਾਂ ਜ਼ਰੀਏ ਕਿਸੇ ਦੂਜੇ ਸਟੇਟ ਤੋਂ ਕੋਈ ਬੈਕਟੀਰੀਆ ਜਾਂ ਵਾਇਰਸ ਸਟੇਟ ਵਿੱਚ ਦਾਖਲ ਨਾ ਹੋ ਜਾਵੇ ਕਿਉਂਕਿ ਅਜਿਹਾ ਬੈਕਟੀਰੀਆ ਉੱਥੋਂ ਦੀ ਬਨਸਪਤੀ ਜਾਂ ਮਨੁੱਖੀ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸੇ ਕਰਕੇ ਸਟੇਟ ਦੇ ਬਾਰਡਰ ’ਤੇ ਬਣੇ ਚੈੱਕ ਪੋਸਟ ਉੱਤੇ ਹਰ ਕਾਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਤੋਂ ਮੌਕੇ ’ਤੇ ਪੰਜ ਸੌ ਡਾਲਰ ਦਾ ਜੁਰਮਾਨਾ ਵਸੂਲਿਆ ਜਾਂਦਾ ਹੈ। ਕਾਰ ਵਿੱਚ ਨਾਲ ਲਿਆਂਦੇ ਹੋਏ ਕੇਲੇ ਅਤੇ ਸੇਬਾਂ ਨੂੰ ਇਸੇ ਡਰੋਂ ਅਸੀਂ ਪਹਿਲਾਂ ਹੀ ਰਗੜਾ ਲਾ ਦਿੱਤਾ ਸੀ ਪਰ ਸਾਊਥ ਆਸਟਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਪੁਆਇੰਟ ਅਜਿਹਾ ਆਉਂਦਾ ਹੈ ਜਿੱਥੇ ਆਸਟਰੇਲੀਆ ਦੇ ਤਿੰਨ ਸੂਬਿਆਂ (ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਸਾਊਥ ਆਸਟਰੇਲੀਆ) ਦੀਆਂ ਹੱਦਾਂ ਆਪਸ ਵਿੱਚ ਜੁੜਦੀਆਂ ਹਨ। ਸਾਊਥ ਆਸਟਰੇਲੀਆ ਦੇ ਚੈੱਕ ਪੋਸਟ ’ਤੇ ਅਫ਼ਸਰ ਨੇ ਪੁੱਛਿਆ ਕਿ ਤੁਹਾਡੇ ਕੋਲ ਕੋਈ ਫਲ ਵਗੈਰਾ ਤਾਂ ਨਹੀਂ ਹੈ ਤਾਂ ਮੈਂ ਉਸ ਨੂੰ ਜੁਰਮਾਨਾ ਹੋਣ ਦੇ ਡਰੋਂ ਪਹਿਲਾਂ ਹੀ ਕੇਲੇ-ਸੇਬ ਖਾਣ ਵਾਲੀ ਗੱਲ ਦੱਸੀ। ਉਹ ਮੁਸਕਰਾ ਪਿਆ ਅਤੇ ਸਾਨੂੰ ਸਟੇਟ ਵਿੱਚ ਆਉਣ ’ਤੇ ਜੀ ਆਇਆਂ ਕਹਿਣ ਮਗਰੋਂ ਉਸ ਨੇ ਅੱਗੇ ਵਧਣ ਦਾ ਇਸ਼ਾਰਾ ਕਰ ਦਿੱਤਾ। ਸਾਊਥ ਆਸਟਰੇਲੀਆ ਵਿੱਚ ਦਾਖਲ ਹੁੰਦਿਆਂ ਹੀ ਰਿਵਰਲੈਂਡ ਦਾ ਖੇਤਰ ਸ਼ੁਰੂ ਹੋ ਜਾਂਦਾ ਹੈ। ਇੱਥੋਂ ਦੇ ਦੋ ਵੱਡੇ ਕਸਬੇ ਇਸੇ ਸ਼ਾਹਰਾਹ ’ਤੇ ਪੈਂਦੇ ਹਨ। ਪਹਿਲਾ ਮਿਲਜੂਰਾ ਤੇ ਦੂਜਾ ਰੈੱਨਮਾਰਕ ਹੈ। ਇਸ ਖਿੱਤੇ ਵਿੱਚ ਮੁਰੇ ਨਾਂ ਦਾ ਦਰਿਆ ਵਗਦਾ ਹੈ। ਇਸੇ ਦਰਿਆ ਦਾ ਪਾਣੀ ਇਸ ਖਿੱਤੇ ਵਿੱਚ ਖੇਤੀ ਲਈ ਵਰਤਿਆ ਜਾਂਦਾ ਹੈ। ਮਿਲਜੂਰਾ ਟਾਊਨ ਦੇ ਆਸ ਪਾਸ ਹਜ਼ਾਰਾਂ ਏਕੜ ਰਕਬਾ ਖੇਤੀਯੋਗ ਹੈ ਜਿੱਥੇ ਗੋਰਿਆਂ ਦੇ ਨਾਲ-ਨਾਲ ਬਹੁਤੇ ਪੰਜਾਬੀਆਂ ਦੇ ਵੀ ਵੱਡੇ-ਵੱਡੇ ਫਾਰਮ ਹਨ ਜਿੱਥੇ ਸੰਤਰੇ, ਅੰਗੂਰਾਂ ਦੇ ਬਾਗ਼ਾਂ ਤੋਂ ਇਲਾਵਾ ਕਣਕ, ਮੱਕੀ ਅਤੇ ਬਦਾਮਾਂ ਦੀ ਖੇਤੀ ਕੀਤੀ ਜਾਂਦੀ ਹੈ। ਸਾਡਾ ਪਹਿਲੇ ਦਿਨ ਦਾ ਪੜਾਅ ਰੈੱਨਮਾਰਕ ਹੈ। ਰੈੱਨਮਾਰਕ ਬਹੁਤ ਹੀ ਉਪਜਾਊ ਅਤੇ ਆਬਾਦ ਵੱਡਾ ਕਸਬਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਦੇ ਵੱਡੇ-ਵੱਡੇ ਫਾਰਮ ਹਨ। ਇੱਥੇ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਰੈੱਨਮਾਰਕ ਵਿੱਚ ਆਸਟਰੇਲੀਆ ਪੜ੍ਹਨ ਆਏ ਬਹੁਤੇ ਵਿਦਿਆਰਥੀ ਵੀ ਰਹਿੰਦੇ ਹਨ ਜੋ ਫਰੂਟ ਪਿਕਿੰਗ ਦਾ ਕੰਮ ਕਰ ਕੇ ਚੋਖੀ ਕਮਾਈ ਕਰਦੇ ਹਨ ਕਿਉਂਕਿ ਇੱਥੇ ਖੇਤੀਬਾੜੀ ਦਾ ਕੰਮ ਸਾਰਾ ਸਾਲ ਚੱਲਦਾ ਹੈ। ਅਸੀਂ ਬਾਰਾਂ ਘੰਟਿਆਂ ਵਿੱਚ ਤਕਰੀਬਨ ਗਿਆਰਾਂ ਸੌ ਚਾਲੀ ਕਿਲੋਮੀਟਰ ਦਾ ਸਫ਼ਰ ਨਿਬੇੜ ਕੇ ਆਪਣੇ ਪਹਿਲੇ ਦਿਨ ਦੇ ਰੈਣ ਬਸੇਰੇ ਰੈੱਨਮਾਰਕ ਦਿਨ ਖੜ੍ਹੇ ਹੀ ਪੁੱਜ ਗਏ ਸਾਂ। ਰੈੱਨਮਾਰਕ ਵਿੱਚ ਸਾਡੇ ਮੇਜ਼ਬਾਨ ਬਣੇ ਕਰੀਬੀ ਦੋਸਤਾਂ ਨੇ ਚਾਹ-ਪਾਣੀ ਪਿਲਾਉਣ ਤੋਂ ਬਾਅਦ ਕਾਰ ’ਤੇ ਸਾਨੂੰ ਇਹ ਸਾਰਾ ਕਸਬਾ ਘੁੰਮਾਇਆ। ਇਸ ਕਸਬੇ ਵਿੱਚ ਹਰ ਸਹੂਲਤ ਮੌਜੂਦ ਹੈ। ਇੱਥੇ ਬਹੁ-ਗਿਣਤੀ ਵਿੱਚ ਰਹਿੰਦੇ ਪੰਜਾਬੀ ਇੱਕ-ਦੂਜੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦੇ ਹਨ। ਸਾਊਥ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਇੱਥੋਂ ਤਕਰੀਬਨ 215 ਕਿਲੋਮੀਟਰ ਦੱਖਣ ਵਾਲੇ ਪਾਸੇ ਸਥਿਤ ਹੈ। ਫਰੂਟ ਪਿਕਿੰਗ ਦਾ ਕੰਮ ਪੂਰੇ ਜੋਬਨ ’ਤੇ ਹੁੰਦਾ ਹੈ ਤਾਂ ਐਡੀਲੇਡ ਤੋਂ ਵੀ ਬਹੁਤ ਸਾਰੇ ਲੋਕ ਰੈੱਨਮਾਰਕ ਆ ਕੇ ਇਹ ਕੰਮ ਕਰਦੇ ਹਨ। ਇੱਥੋਂ ਦੇ ਬਾਸ਼ਿੰਦੇ ਸਾਡੇ ਦੋਸਤ ਦੱਸ ਰਹੇ ਸਨ ਕਿ ਸੰਤਰਿਆਂ ਜਾਂ ਅੰਗੂਰਾਂ ਦੇ ਲੱਗੇ ਲਗਾਏ ਬਾਗ਼ ਲੋਕ ਖਰੀਦ ਲੈਂਦੇ ਹਨ ਤੇ ਸੈਂਕੜੇ ਏਕੜ ਫਾਰਮਾਂ ਦੀ ਸਾਂਭ-ਸੰਭਾਲ ਲਈ ਸਿਰਫ਼ ਇੱਕ ਪਰਿਵਾਰ ਦੇ ਦੋ ਜੀਅ ਹੀ ਕਾਫ਼ੀ ਹਨ।
ਸਫ਼ਰ ਦੀ ਥਕਾਵਟ ਕਾਰਨ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ। ਅਜੇ ਪਰਥ ਤਕ 3,000 ਕਿਲੋਮੀਟਰ ਦਾ ਸਫ਼ਰ ਬਾਕੀ ਤਿੰਨ ਦਿਨਾਂ ਵਿੱਚ ਪੂਰਾ ਕਰਨਾ ਹੈ। ਆਸਟਰੇਲੀਆ ਦੇ ਵੱਡੇ ਕੌਮੀ ਸ਼ਾਹਰਾਹਾਂ (ਹਾਈਵੇਅ) ’ਤੇ ਤੁਸੀਂ ਰਾਤ ਨੂੰ ਸਫ਼ਰ ਨਹੀਂ ਕਰ ਸਕਦੇ। ਬੇਸ਼ੱਕ ਰਾਤ ਨੂੰ ਸਫ਼ਰ ਕਰਨ ਦੀ ਸਰਕਾਰੀ ਤੌਰ ’ਤੇ ਕੋਈ ਮਨਾਹੀ ਨਹੀਂ ਪਰ ਖ਼ਾਸਕਰ ਗਰਮੀ ਦੇ ਦਿਨਾਂ ਵਿੱਚ ਜੰਗਲੀ ਜੀਵ ਦਿਨ ਵੇਲੇ ਆਪਣੇ ਟਿਕਾਣਿਆਂ ’ਤੇ ਲੁਕੇ ਰਹਿੰਦੇ ਹਨ ਪਰ ਰਾਤ ਵੇਲੇ ਠੰਢਕ ਮਾਣਨ ਲਈ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆਉਂਦੇ ਹਨ। ਕਈ ਵਾਰੀ ਸੜਕ ਪਾਰ ਕਰਨ ਲੱਗੇ ਇਹ ਜੀਵ-ਜੰਤੂ ਗੱਡੀ ਨਾਲ ਟਕਰਾ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਰਸਤੇ ਵਿੱਚ ਸੜਕ ’ਤੇ ਰਾਤ ਦੇ ਹਨੇਰੇ ਵਿੱਚ ਕਿਸੇ ਵੱਡੇ ਵਾਹਨ ਨਾਲ ਟਕਰਾ ਕੇ ਮਰੇ ਅਜਿਹੇ ਜੀਵ-ਜੰਤੂ ਕਈ ਥਾਵਾਂ ਉੱਤੇ ਦੇਖਣ ਨੂੰ ਮਿਲਦੇ ਹਨ। ਆਸਟਰੇਲੀਆ ਦੇ ਕੌਮੀ ਜਾਨਵਰ ਕੰਗਾਰੂ ਰਾਤਾਂ ਨੂੰ ਸੜਕ ਪਾਰ ਕਰਨ ਲੱਗੇ ਅਕਸਰ ਵਾਹਨ ਨਾਲ ਟਕਰਾ ਕੇ ਮਰ ਜਾਂਦੇ ਹਨ। ਇਸੇ ਕਰਕੇ ਅਸੀਂ ਦੂਜੇ ਦਿਨ ਸਵੇਰ ਦਾ ਹਨੇਰਾ ਹਟਣ ਪਿੱਛੋਂ ਹੀ ਰੈੱਨਮਾਰਕ ਤੋਂ ਅੱਗੇ ਸਫ਼ਰ ’ਤੇ ਚੱਲਣ ਦਾ ਫ਼ੈਸਲਾ ਕੀਤਾ।
ਆਪ ਤਿਆਰ ਹੋ ਕੇ ਗੱਡੀਆਂ ਵਿੱਚ ਤੇਲ-ਪਾਣੀ ਚੈੱਕ ਕਰ ਕੇ ਅਗਲੇ ਸਫ਼ਰ ਲਈ ਕਾਫ਼ਲਾ ਤਿਆਰ ਸੀ। ਮਿੱਤਰਾਂ ਨੇ ਚਾਰ-ਚਾਰ ਪਰੌਂਠੇ ਆਚਾਰ ਧਰ ਕੇ ਨਾਲ ਬੰਨ੍ਹ ਦਿੱਤੇ ਤੇ ਚਾਹ ਦੀਆਂ ਦੋ ਵੱਡੀਆਂ ਥਰਮਸ ਬੋਤਲਾਂ ਭਰ ਕੇ ਨਾਲ ਰੱਖ ਲਈਆਂ। ਲੰਮੇਰੇ ਸਫ਼ਰਾਂ ਵਿੱਚ ਘਰ ਦੀ ਬਣੀ ਹੋਈ ਤੇਜ਼ ਪੱਤੀ ਵਾਲੀ ਚਾਹ ਮਿਲ ਜਾਵੇ ਤਾਂ ਥਕਾਵਟ ਉਤਰ ਜਾਂਦੀ ਹੈ। ਅਗਲੇ ਦੋ ਦਿਨਾਂ ਵਿੱਚ ਘਰ ਦੀ ਪੱਕੀ ਰੋਟੀ ਮਿਲਣੀ ਸੰਭਵ ਨਹੀਂ ਸੀ। ਬਰਗਰਾਂ-ਕੋਕਾਂ ’ਤੇ ਹੀ ਗੁਜ਼ਾਰਾ ਕਰਨਾ ਪੈਣਾ ਸੀ। ਅਗਲੀਆਂ ਦੋ ਰਾਤਾਂ ਵੀ ਰਾਹ ਦੇ ਕਿਸੇ ਹੋਟਲ ਵਿੱਚ ਕੱਟਣੀਆਂ ਪੈਣੀਆਂ ਹਨ। ਰੈੱਨਮਾਰਕ ਤੋਂ ਚੱਲ ਕੇ ਅੱਗੇ ਸਾਊਥ ਆਸਟਰੇਲੀਆ ਦਾ ਇਹ ਇਲਾਕਾ ਕਾਫ਼ੀ ਹਰਿਆ-ਭਰਿਆ ਨਜ਼ਰ ਆਉਂਦਾ ਹੈ। ਜ਼ਿਆਦਾਤਰ ਭਾਗ ਮੈਦਾਨੀ ਹੈ ਪਰ ਕਿਤੇ-ਕਿਤੇ ਪਠਾਰੀ ਭਾਗ ਵੀ ਦੇਖਣ ਨੂੰ ਮਿਲਦਾ ਹੈ। ਅਗਲੇਰੇ ਸਫ਼ਰ ਵਾਲੀ ਸੜਕ ਵੀ ਬਹੁਤ ਹੀ ਵਧੀਆ ਹੈ। ਕਾਰ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੜਕ ’ਤੇ ਆਰਾਮ ਨਾਲ ਭੱਜ ਰਹੀ ਹੈ। ਸਫ਼ਰ ਦੇ ਅਕੇਵੇਂ ਨੂੰ ਖ਼ਤਮ ਕਰਨ ਲਈ ਕਦੇ ਪੰਜਾਬ ਦੀ ਸਿਆਸਤ ਅਤੇ ਕਦੇ ਸੱਭਿਆਚਾਰ ਤੇ ਕਦੇ-ਕਦੇ ਆਸਟਰੇਲੀਆ ਦੇ ਆਪਣੇ ਪਰਵਾਸ ਦੀਆਂ ਗੱਲਾਂ ਕਰਨ ਲੱਗਦੇ ਜਾਂ ਫਿਰ ਮਸਤੀ ਵਿੱਚ ਮਾਣਕ ਦੀਆਂ ਕਲੀਆਂ ਵੀ ਉੱਚੀ ਆਵਾਜ਼ ਵਿੱਚ ਗਾਉਣ ਲੱਗਦੇ ਹਾਂ। ਦੂਰ ਇੱਕ ਖੇਤ ਵਿੱਚ ਟਰੈਕਟਰ ਨਾਲ ਹਲ ਵਾਹ ਰਹੇ ਇਕੱਲੇ ਇੱਕ ਗੋਰੇ ਕਿਸਾਨ ਨੂੰ ਦੇਖ ਕੇ ਮਾਣਕ ਦੀ ਕਲੀ ਆਪਣੇ ਆਪ ਜ਼ੁਬਾਨ ’ਤੇ ਆ ਗਈ।
ਇਸ ਖਿੱਤੇ ਵਿੱਚ ਸਫ਼ਰ ਕਰਦਿਆਂ ਦੁਨੀਆਂ ਸੁੰਨੀ-ਸੁੰਨੀ ਹੀ ਜਾਪਦੀ ਹੈ ਕਿਉਂਕਿ ਦੂਰ-ਦੂਰ ਤਕ ਵੀ ਕੋਈ ਜੀਵ ਨਜ਼ਰ ਨਹੀਂ ਆਉਂਦਾ। ਅੱਗੇ ਚੱਲ ਕੇ ਪੋਰਟ ਪੀਰੀ ਨਾਂ ਦਾ ਕਸਬਾ ਆਉਂਦਾ ਹੈ ਜੋ ਹੌਲੀ-ਹੌਲੀ ਵਿਕਸਤ ਹੋ ਰਿਹਾ ਹੈ। ਇਸ ਇਲਾਕੇ ਦੀ ਮਿੱਟੀ ਵੀ ਲਾਲ ਭਾਹ ਮਾਰਦੀ ਹੈ। ਸੜਕ ਉੱਤੇ ਨਾਂ-ਮਾਤਰ ਆਵਾਜਾਈ ਹੈ। ਕਦੇ-ਕਦੇ ਕੋਈ ਵੱਡਾ ਟਰੱਕ ਜਾਂ ਸੈਲਾਨੀਆਂ ਦੀਆਂ ਕੈਰਾਬੈਨਾਂ ਹੀ ਰਸਤੇ ਵਿੱਚ ਮਿਲਦੀਆਂ ਹਨ। ਇੱਕ ਮਨਮੋਹਣੀ ਜਿਹੀ ਜਗ੍ਹਾ ਦੇਖ ਕੇ ਅਸੀਂ ਥੋੜ੍ਹੀ ਦੇਰ ਲਈ ਰੁਕੇ ਤਾਂ ਇੱਕ ਬਹੁਤ ਵੱਡਾ ਟਰੱਕ ਆ ਕੇ ਰੁਕਿਆ। ਟਰੱਕ ਦਾ ਡਰਾਈਵਰ ਇੱਕ ਗੋਰਾ ਸੀ। ਉਸ ਦੇ ਨਾਲ ਉਸ ਦੀ ਪਤਨੀ, ਦੋ ਸਾਲਾਂ ਦਾ ਪੁੱਤਰ ਤੇ ਉਨ੍ਹਾਂ ਦਾ ਇੱਕ ਛੋਟਾ ਜਿਹਾ ਕੁੱਤਾ ਵੀ ਨਾਲ ਸੀ। ਗੱਲਬਾਤ ਕਰਨ ’ਤੇ ਉਸ ਨੇ ਦੱਸਿਆ ਕਿ ਉਹ ਇੰਟਰਸਟੇਟ (ਅੰਤਰਰਾਜੀ) ਟਰੱਕ ਚਲਾਉਂਦਾ ਹੈ ਤੇ ਜਦੋਂ ਉਹ ਥੱਕ ਜਾਂਦਾ ਹੈ ਤਾਂ ਟਰੱਕ ਉਸ ਦੀ ਪਤਨੀ ਚਲਾਉਂਦੀ ਹੈ। ਮਹੀਨੇ ਵਿੱਚ ਤਿੰਨ ਹਫ਼ਤੇ ਉਹ ਵੱਖ-ਵੱਖ ਰਾਜਾਂ ਵਿੱਚ ਟਰੱਕ ਰਾਹੀਂ ਸਾਮਾਨ ਦੀ ਢੋਆ-ਢੁਆਈ ਕਰਦੇ ਹਨ। ਉਨ੍ਹਾਂ ਕੋਲ ਖਾਣ-ਪੀਣ ਲਈ ਹਫ਼ਤੇ ਭਰ ਦਾ ਸਾਮਾਨ ਤੇ ਸੌਣ ਲਈ ਟਰੱਕ ਵਿੱਚ ਬਹੁਤ ਹੀ ਖੁੱਲ੍ਹਾ ਕੈਬਿਨ, ਬਿਸਤਰਾ ਅਤੇ ਛੋਟੇ ਬੱਚੇ ਅਤੇ ਕੁੱਤੇ ਲਈ ਸਭ ਲੋੜੀਂਦਾ ਸਾਮਾਨ ਹੈ। ਉਨ੍ਹਾਂ ਦਾ ਜਜ਼ਬਾ ਦੇਖ ਕੇ ਸਾਡੇ ਵਿੱਚ ਵੀ ਨਵਾਂ ਜੋਸ਼ ਜਿਹਾ ਭਰ ਗਿਆ। ਉਨ੍ਹਾਂ ਦੇ ਤੁਰਨ ਤੋਂ ਬਾਅਦ ਅਸੀ ਵੀ ਅਗਲੇ ਸਫ਼ਰ ਲਈ ਗੱਡੀ ਸੜਕ ’ਤੇ ਚਾੜ੍ਹ ਲਈ। ਅੱਗੇ ਜਾ ਕੇ ਪੋਰਟ ਅਗੱਸਟਾ ਨਾਂ ਦਾ ਖ਼ੂਬਸੂਰਤ ਸ਼ਹਿਰ ਆਇਆ ਜੋ ਆਸਟਰੇਲੀਆ ਮਹਾਂਦੀਪ ਦੇ ਬਿਲਕੁਲ ਪੈਰਾਂ ਵਿੱਚ ਸਮੁੰਦਰ ਕੰਢੇ ਵੱਸਿਆ ਹੋਇਆ ਹੈ। ਇਸ ਸ਼ਹਿਰ ਵਿੱਚ ਸਮੁੰਦਰ ਦਾ ਪਾਣੀ ਇੱਕ ਨਦੀ ਦੇ ਰੂਪ ਵਿੱਚ ਦਾਖਲ ਹੁੰਦਾ ਹੈ ਜਿਸ ਨੇ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸ ਸ਼ਹਿਰ ਦਾ ਰਮਣੀਕ ਦ੍ਰਿਸ਼ ਦੇਖਿਆਂ ਹੀ ਬਣਦਾ ਹੈ। ਪੋਰਟ ਅਗਸੱਟਾ ਵਿੱਚ ਲੱਗਿਆ ਇੱਕ ਥਰਮਲ ਪਲਾਂਟ ਦੱਖਣੀ ਭਾਗ ਦੇ ਇੱਕ ਵੱਡੇ ਹਿੱਸੇ ਦੀਆਂ ਬਿਜਲਈ ਲੋੜਾਂ ਪੂਰਦਾ ਹੈ। ਅੱਜ ਤੋਂ ਕੋਈ ਚਾਰ ਕੁ ਸਾਲ ਪਹਿਲਾਂ ਇਸ ਸ਼ਹਿਰ ਦੀ ਆਬਾਦੀ ਸੀਮਤ ਸੀ ਪਰ ਚਾਰ ਸਾਲਾਂ ਵਿੱਚ ਹੀ ਇਸ ਖੇਤਰ ਦਾ ਇੰਨਾ ਵਿਕਾਸ ਹੋਇਆ ਹੈ ਕਿ ਇਸ ਦੀ ਆਬਾਦੀ ਚੌਗੁਣੀ ਹੋ ਗਈ ਹੈ। ਵੱਡੇ ਸ਼ਹਿਰਾਂ ਤੋਂ ਆ ਕੇ ਬਹੁਤੇ ਲੋਕਾਂ ਨੇ ਆਪਣੇ ਬਿਜ਼ਨਸ ਇੱਥੇ ਸਥਾਪਤ ਕਰ ਲਏ ਹਨ। ਆਸਟਰੇਲੀਆ ਦੇ ਮੁੱਖ ਵੱਡੇ ਸ਼ਹਿਰਾਂ ਵਿੱਚ ਭੀੜ-ਭੜੱਕਾ ਵਧਣ ਕਾਰਨ ਬਹੁਤੇ ਲੋਕਾਂ ਨੇ ਹੁਣ ਅਜਿਹੇ ਛੋਟੇ ਸ਼ਹਿਰਾਂ ਵੱਲ ਰੁਖ਼ ਕੀਤਾ ਹੈ। ਸਰਕਾਰ ਵੀ ਚਾਹੁੰਦੀ ਹੈ ਕਿ ਅਜਿਹੇ ਖੇਤਰਾਂ ਵਿੱਚ ਆਬਾਦੀ ਨੂੰ ਵਧਾਇਆ ਜਾਵੇ। ਵੱਡੇ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਅਜਿਹੇ ਛੋਟੇ ਸ਼ਹਿਰਾਂ ਵਿੱਚ ਸਰਕਾਰ ਨੇ ਉਪਲੱਬਧ ਕਰਵਾਈਆਂ ਹੋਈਆਂ ਹਨ। ਅਜਿਹੇ ਸ਼ਹਿਰਾਂ ਵਿੱਚ ਆ ਕੇ ਲੋਕਾਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਬਹੁਤ ਸਬਸਿਡੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਤੇ ਜ਼ਮੀਨ ਦੇ ਭਾਅ ਵੀ ਬਹੁਤ ਸਸਤੇ ਰੱਖੇ ਹੋਏ ਹਨ। ਸੂਰਜ ਦੀ ਤਪਸ਼ ਵਧਣ ਦੇ ਨਾਲ-ਨਾਲ ਸਾਡੀ ਭੁੱਖ ਵੀ ਚਮਕ ਰਹੀ ਸੀ। ਪੋਰਟ ਅਗੱਸਟਾ ਪਾਰ ਕਰ ਕੇ ਇੱਕ ਆਰਾਮ ਸਥਾਨ ’ਤੇ ਬੈਠ ਕੇ ਨਾਲ ਲਿਆਂਦੇ ਪਰਾਉਂਠੇ ਖਾਣ ਦਾ ਪ੍ਰੋਗਰਾਮ ਬਣ ਗਿਆ। ਇਸ ਨਾਲ ਤਰੋ-ਤਾਜ਼ਾ ਹੋ ਕੇ ਅਸੀਂ ਤੁਰ ਪਏ। ਰਾਹ ਵਿੱਚ ਬਹੁਤੇ ਥਾਵਾਂ ’ਤੇ ਅਸੀਂ ਮਨਮੋਹਕ ਦ੍ਰਿਸ਼ਾਂ ਨੂੰ ਕੈਮਰੇ ਵਿੱਚ ਵੀ ਕੈਦ ਕੀਤਾ ਪਰ ਰੌਣਕ ਭਰੇ ਸਥਾਨਾਂ ’ਤੇ ਰਹਿਣ ਵਾਲਿਆਂ ਨੂੰ ਅਜਿਹੇ ਦ੍ਰਿਸ਼ ਸੁਪਨੇ ਵਾਂਗ ਹੀ ਜਾਪਦੇ ਹਨ। ਰਸਤੇ ਵਿੱਚ ਛੋਟੇ-ਛੋਟੇ ਕਈ ਕਸਬਿਆਂ ਕਿੰਬਾ, ਯੇਨੀ, ਮਿਲਿੱਪਾ ਆਦਿ ਨੂੰ ਪਾਰ ਕਰਦੇ ਹੋਏ ਅੱਗੇ ਸੀਡੂਨਾਂ ਨਾਮਕ ਕਸਬੇ ਵਿੱਚ ਦੂਜੀ ਰਾਤ ਕੱਟਣ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਨਿਸ਼ਚਤ ਕੀਤਾ ਹੋਇਆ ਸੀ। ਸਿਡਨੀ ਤੋਂ ਸੀਡੂਨਾਂ ਤਕ ਤਕਰੀਬਨ 2100 ਕਿਲੋਮੀਟਰ ਦਾ ਸਫ਼ਰ ਤੈਅ ਹੋ ਚੁੱਕਿਆ ਸੀ। ਸੂਰਜ ਡੁੱਬਣ ਵਿੱਚ ਅਜੇ ਤਕਰੀਬਨ ਦੋ ਘੰਟੇ ਬਾਕੀ ਸਨ। ਪੰਪ ਤੋਂ ਤੇਲ ਪੁਆ ਤੇ ਕੌਫ਼ੀ ਨਾਲ ਬਿਸਕੁਟ ਆਦਿ ਖਾ ਕੇ ਸਭ ਨੇ ਵਿਚਾਰ ਕੀਤਾ ਕਿ ਅਜੇ ਦੋ ਘੰਟੇ ਦਾ ਹੋਰ ਸਫ਼ਰ ਤੈਅ ਕੀਤਾ ਜਾ ਸਕਦਾ ਹੈ ਪਰ ਅੱਗੇ ਜਾ ਕੇ ਰਾਤ ਕੱਟਣ ਦਾ ਵੀ ਵਾਜਬ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਸੀ। ਪੈਟਰੋਲ ਪੰਪ ਮਾਲਕ ਤੋਂ ਅੱਗੇ ਰਾਤ ਕੱਟਣ ਲਈ ਕਿਸੇ ਯੋਗ ਸਥਾਨ ਬਾਰੇ ਪੁੱਛਣ ਉੱਤੇ ਉਸ ਨੇ ਦੱਸਿਆ ਕਿ ਇੱਥੋਂ ਤਕਰੀਬਨ 185 ਕਿਲੋਮੀਟਰ ਦੀ ਦੂਰੀ ’ਤੇ ਇੱਕ ਪੈਟਰੋਲ ਪੰਪ ਹੈ। ਉੱਥੇ ਰਾਤ ਰਹਿਣ ਲਈ ਕਮਰੇ ਵੀ ਮਿਲ ਜਾਂਦੇ ਹਨ ਤੇ ਖਾਣ-ਪੀਣ ਦਾ ਸਾਮਾਨ ਵੀ ਉਪਲੱਬਧ ਹੋਵੇਗਾ। ਮਹਿਜ਼ ਡੇਢ ਕੁ ਘੰਟੇ ਵਿੱਚ ਅਸੀਂ ਦੂਜੇ ਦਿਨ ਦਾ ਸਫ਼ਰ ਮੁਕਾ ਕੇ ਆਪਣੇ ਰੈਣ-ਬਸੇਰੇ ’ਤੇ ਪਹੁੰਚ ਗਏ। ਇਹ ਛੋਟਾ ਜਿਹਾ ਪੈਟਰੋਲ ਪੰਪ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਮਾਰੂਥਲ ਵਿੱਚ ਕੋਈ ਇਕੱਲਾ ਦਰੱਖਤ ਖੜ੍ਹਾ ਹੋਵੇ। ਪੰਪ ਦੇ ਪਿਛਲੇ ਪਾਸੇ ਰਾਤ ਰਹਿਣ ਲਈ ਬਹੁਤ ਹੀ ਸ਼ਾਨਦਾਰ ਕਮਰੇ ਬਣੇ ਹੋਏ ਸਨ। ਟੈਲੀਫੋਨ ਅਤੇ ਇੰਟਰਨੈੱਟ ਦੀ ਵੀ ਸਹੂਲਤ ਸੀ। ਹਨੇਰਾ ਹੋਣ ਤਕ ਪੰਪ ’ਤੇ ਬਣੇ ਕਮਰਿਆਂ ਵਿੱਚ ਰਾਤ ਕੱਟਣ ਵਾਲਿਆਂ ਦੀ ਗਿਣਤੀ ਕਾਫ਼ੀ ਵਧ ਗਈ ਸੀ। ਅਸੀਂ ਮਰੇ ਜਿਹੇ ਮਨ ਨਾਲ ਬਰਗਰ ਖਾ ਕੇ ਗੱਲਾਂ ਕਰਦੇ-ਕਰਦੇ ਸੌਂ ਗਏ।
ਸਵੇਰੇ ਇਸ ਥਾਂ ’ਤੇ ਖੜ੍ਹੇ-ਖੜ੍ਹੇ ਮੈਂ ਆਪਣੀ ਨਿਗ੍ਹਾ ਚਾਰੇ ਪਾਸੇ ਘੁਮਾਈ ਤਾਂ ਦੂਰ-ਦੂਰ ਤਕ ਸਿਵਾਏ ਸਰਕੜੇ ਦੇ ਹੋਰ ਕੁਝ ਵੀ ਨਹੀਂ ਦਿਸਿਆ। ਚਾਹ ਦਾ ਇੱਕ-ਇੱਕ ਕੱਪ ਪੀ ਕੇ ਕਾਫ਼ਲਾ ਅਗਲੇ ਸਫ਼ਰ ਲਈ ਤਿਆਰ ਸੀ। ਸੂਰਜ ਦੇ ਚਮਕਣ ਨਾਲ ਹੀ ਸਵੇਰੇ-ਸਵੇਰੇ ਭੁੱਖ ਚਮਕ ਆਈ। ਨਾਲ ਲਿਆਂਦਾ ਖਾਣ-ਪੀਣ ਦਾ ਸਾਮਾਨ ਵੀ ਖ਼ਤਮ ਹੋ ਚੁੱਕਾ ਸੀ। ਅੱਜ ਤੀਜੇ ਦਿਨ ਦਾ 1200 ਕਿਲੋਮੀਟਰ ਦਾ ਸਫ਼ਰ ਪਹਿਲੇ ਦੋ ਦਿਨਾਂ ਦੇ ਸਫ਼ਰ ਨਾਲੋਂ ਜ਼ਿਆਦਾ ਚੁਣੌਤੀ ਭਰਿਆ ਸੀ। ਇਸ ਸਫ਼ਰ ਵਿੱਚ ਦੂਰ-ਦੂਰ ਤਕ ਪੈਟਰੋਲ ਪੰਪ ਜਾਂ ਖਾਣ-ਪੀਣ ਦੇ ਸਾਮਾਨ ਦੀ ਕੋਈ ਦੁਕਾਨ ਨਹੀਂ ਸੀ। ਦੂਜਾ ਇਸ ਦੌਰਾਨ ਮੋਬਾਈਲ ਜਾਂ ਸੰਚਾਰ ਦਾ ਹੋਰ ਕੋਈ ਸਾਧਨ ਨਹੀਂ ਸੀ ਚੱਲਣਾ। ਸਾਊਥ ਆਸਟਰੇਲੀਆ ਦੇ ਪੱਛਮੀ ਭਾਗ ਦਾ ਇਹ ਇਲਾਕਾ ਥੋੜ੍ਹਾ ਜਿਹਾ ਖੁਸ਼ਕ ਇਲਾਕਾ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਦੇ ਬਹੁਤੇ ਹਿੱਸੇ ’ਤੇ ਖੇਤੀ ਨਹੀਂ ਕੀਤੀ ਜਾਂਦੀ। ਧਰਤੀ ’ਤੇ ਕੁਦਰਤੀ ਬਨਸਪਤੀ ਉੱਗੀ ਹੋਈ ਹੈ। ਰਸਤੇ ਵਿੱਚ ਪੀਨਾਂਗ ਨਾਂ ਦਾ ਇੱਕ ਪਿੰਡ ਆਉਂਦਾ ਹੈ। ਸੜਕ ਇਸ ਪਿੰਡ ਦੇ ਐਨ ਵਿਚਕਾਰ ਦੀ ਲੰਘਦੀ ਹੈ। ਮਸਾਂ 50 ਕੁ ਘਰਾਂ ਦੇ ਇਸ ਪਿੰਡ ਵਿੱਚ ਹਸਪਤਾਲ, ਪੁਲੀਸ ਸਟੇਸ਼ਨ, ਟੈਲੀਫੋਨ, ਬਿਜਲੀ, ਪਾਣੀ ਆਦਿ ਦੀਆਂ ਸਹੂਲਤਾਂ ਉਪਲੱਬਧ ਹਨ।
ਇਸ ਪਿੰਡ ਦੇ ਲੋਕਾਂ ਦਾ ਜੀਵਨ ਖੇਤੀ ’ਤੇ ਹੀ ਨਿਰਭਰ ਹੈ। ਉਹ ਮੱਕੀ, ਕਣਕ, ਸਬਜ਼ੀਆਂ ਆਦਿ ਉਗਾਉਂਦੇ ਹਨ। ਪੀਨਾਂਗ ਪਿੰਡ ਤੋਂ 180 ਕਿਲੋਮੀਟਰ ਅੱਗੇ ਜਾ ਕੇ ਨਲਬਾਰ ਦਾ ਇਲਾਕਾ ਆਉਂਦਾ ਹੈ। ਇੱਕ ਭਾਸ਼ਾ ਵਿੱਚ ਨਲਬਾਰ ਦਾ ਅਰਥ ਹੈ ‘ਦਰੱਖਤਾਂ ਤੋਂ ਸੱਖਣੀ ਧਰਤੀ।’ ਸੱਚਮੁੱਚ ਹੀ ਪੂਰੇ 150 ਕਿਲੋਮੀਟਰ ਦੇ ਸਫ਼ਰ ਦੌਰਾਨ ਦੂਰ-ਦੂਰ ਤਕ ਕੋਈ ਛੋਟਾ-ਮੋਟਾ ਦਰੱਖਤ ਵੀ ਨਹੀਂ ਹੈ। ਇਸ ਇਲਾਕੇ ਵਿੱਚ ਸਫ਼ਰ ਕਰਨ ਦਾ ਵੀ ਆਪਣਾ ਹੀ ਆਨੰਦ ਹੈ। ਇਸ ਖਿੱਤੇ ਵਿੱਚ ਕੋਈ ਵੀ ਦਰੱਖਤ ਪੈਦਾ ਨਾ ਹੋਣ ਦਾ ਕਾਰਨ ਇੱਥੋਂ ਦੀ ਜਲਵਾਯੂ, ਹਵਾ ਜਾਂ ਪੌਣ-ਪਾਣੀ ਹੈ। ਇਸ ਇਲਾਕੇ ਤੋਂ ਅੱਗੇ ਆਸਟਰੇਲੀਆ ਸਰਕਾਰ ਨੇ ਤਕਰੀਬਨ 146 ਕਿਲੋਮੀਟਰ ਲੰਮੀ ਇੱਕ ਸੜਕ ਦਾ ਨਿਰਮਾਣ ਕੀਤਾ ਹੈ। ਇਹ 146 ਕਿਲੋਮੀਟਰ ਲੰਮੀ ਸੜਕ ਤੀਰ ਵਾਂਗ ਬਿਲਕੁਲ ਸਿੱਧੀ ਹੈ। ਇਸ ਸੜਕ ਨੂੰ ਦੁਨੀਆਂ ਦੀਆਂ ਕੁਝ ਚੋਣਵੀਆਂ ਸਿੱਧੀਆਂ ਸੜਕਾਂ ਦੇ ਵਰਗ ਵਿੱਚ ਰੱਖਿਆ ਗਿਆ ਹੈ। ਅੱਗੇ ਚੱਲ ਕੇ ਹਰ 70 ਕਿਲੋਮੀਟਰ ਦੀ ਦੂਰੀ ਪਿੱਛੋਂ ਇਸ ਸੜਕ ਨੂੰ ਦੋਵਾਂ ਪਾਸਿਆਂ ਤੋਂ ਚੌੜਾ ਅਤੇ ਕੰਕਰੀਟ ਨਾਲ ਪੱਕਾ ਕਰ ਕੇ ਹਵਾਈ ਪੱਟੀਆਂ ਬਣਾਈਆਂ ਗਈਆਂ ਹਨ ਜਿਸ ’ਤੇ ਇੱਕ ਹੈਲੀਕਾਪਟਰ ਤੋਂ ਇਲਾਵਾ ਹਵਾਈ ਜਹਾਜ਼ ਵੀ ਲੈਂਡ ਅਤੇ ਟੇਕ ਆਫ ਕਰ ਸਕਦਾ ਹੈ। ਇਸ ਇਲਾਕੇ ਵਿੱਚ ਐਮਰਜੈਂਸੀ ਸਮੇਂ ਸਹੂਲਤਾਂ ਪ੍ਰਦਾਨ ਕਰਨ ਵਾਲਾ ਅਮਲਾ ਹਵਾਈ ਜਹਾਜ਼ ਜਾਂ ਹੈਲੀਕਾਪਟਰ ਨੂੰ ਇਸੇ ਸੜਕ ’ਤੇ ਉਤਾਰਦਾ ਹੈ। ਸਾਊਥ ਆਸਟਰੇਲੀਆ ਸਟੇਟ ਦੀ ਹੱਦ ਖ਼ਤਮ ਹੁੰਦਿਆਂ ਹੀ ਅੱਗੋ ਵੈਸਟਰਨ ਆਸਟਰੇਲੀਆ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿੱਥੇ ਬਾਰਡਰ ਵਿਲੇਜ ਨਾਂ ਦਾ ਇੱਕ ਛੋਟਾ ਜਿਹਾ ਕਸਬਾ ਵੱਸਿਆ ਹੋਇਆ ਹੈ। ਇੱਥੇ ਇੱਕ ਚੈੱਕ ਪੋਸਟ ਵੀ ਬਣੀ ਹੋਈ ਹੈ। ਇਸ ਚੈੱਕ ਪੋਸਟ ’ਤੇ 24 ਘੰਟੇ ਪੁਲੀਸ ਤਾਇਨਾਤ ਰਹਿੰਦੀ ਹੈ ਜੋ ਵੈਸਟਰਨ ਆਸਟਰੇਲੀਆ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਤਲਾਸ਼ੀ ਲੈਣ ਤੋਂ ਇਲਾਵਾ ਸਟੇਟ ਵਿੱਚ ਦਾਖਲ ਹੋਣ ਵਾਲੇ ਆਦਮੀਆਂ ਅਤੇ ਵਾਹਨਾਂ ਦਾ ਪੂਰਾ ਰਿਕਾਰਡ ਆਪਣੇ ਕੋਲ ਰੱਖਦੀ ਹੈ। ਇੱਥੇ ਬਹੁਤੇ ਸੈਲਾਨੀ ਰੁਕਦੇ ਹਨ ਕਿਉਂਕਿ ਇਸ ਪੂਰੀ ਬੈਲਟ ਵਿੱਚ ਇਹੀ ਇੱਕ ਵੱਡਾ ਸਥਾਨ ਹੈ ਜਿੱਥੇ ਪੈਟਰੋਲ ਪੰਪ, ਖਾਣ-ਪੀਣ ਦਾ ਸਾਮਾਨ, ਟੈਲੀਫੋਨ ਦੀ ਸਹੂਲਤ ਅਤੇ ਆਰਾਮ ਘਰ ਅਦਿ ਮਿਲਦੇ ਹਨ। ਬਾਰਡਰ ਵਿਲੇਜ ਤੋਂ ਅੱਗੇ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ 1200 ਕਿਲੋਮੀਟਰ ਦੇ ਪੂਰੇ ਖੇਤਰ ਵਿੱਚ ਸਫ਼ਰ ਦੌਰਾਨ ਸੰਚਾਰ ਦਾ ਕੋਈ ਵੀ ਸਾਧਨ ਕਾਰਗਰ ਨਹੀਂ ਹੈ। ਇਸ ਪੂਰੇ ਇਲਾਕੇ ਵਿੱਚ ਮੋਬਾਈਲ ਦੀ ਰੇਂਜ ਉਪਲੱਬਧ ਨਹੀਂ ਹੈ। ਸੜਕ ਵੀ ਪੂਰੀ ਤਰ੍ਹਾਂ ਸੁੰਨ-ਮਸੁੰਨੀ ਹੀ ਹੈ। ਕਦੇ-ਕਦੇ ਕੋਈ ਕਾਰ ਜਾਂ ਜ਼ਿਆਦਾਤਰ ਟਰੱਕ ਹੀ ਆਉਂਦਾ-ਜਾਂਦਾ ਹੈ। ਫਰੇਜ਼ਰ ਪਰਬਤਾਂ ਦੀ ਲੜੀ ਨਾਲ ਸਜੇ ਇਸ ਇਲਾਕੇ ਦੀ ਸੁੰਦਰਤਾ ਨੂੰ ਦੇਖ ਕੇ ਅੱਖਾਂ ਨਹੀਂ ਰੱਜਦੀਆਂ। ਇਸੇ ਸੜਕ ਦੇ ਕਿਨਾਰੇ ਇੱਕ ਪੈਟਰੋਲ ਪੰਪ ਦੇ ਨਾਲ ਬਣੇ ਇੱਕ ਮਿਊਜ਼ੀਅਮ ਵਿੱਚ ਇਸ ਸ਼ਾਹਰਾਹ ਨੂੰ ਬਣਾਉਣ ਵੇਲੇ ਦੀਆਂ ਤਸਵੀਰਾਂ ਲੱਗੀਆਂ ਹਨ। ਇਸ ਸ਼ਾਹਰਾਹ ’ਤੇ ਚੱਲਦਿਆਂ ਅੱਗੇ ਜਾ ਕੇ ਅਸੀਂ ਆਸਟਰੇਲੀਆ ਮਹਾਂਦੀਪ ਦੇ ਬਿਲਕੁਲ ਪੈਰਾਂ ਵਿੱਚ ਪਹੁੰਚ ਗਏ। ਇੱਥੇ ਆਸਟਰੇਲੀਆ ਦੇ ਦੱਖਣੀ ਭਾਗ ਵਿੱਚ ਇਸ ਮਹਾਂਦੀਪ ਦੀ ਹੱਦ ਮੁੱਕ ਜਾਂਦੀ ਹੈ ਤੇ ਅੱਗੇ ਵਿਸ਼ਾਲ ਸਮੁੰਦਰ ਠਾਠਾਂ ਮਾਰਦਾ ਹੈ। ਤਕਰੀਬਨ 20 ਕਿਲੋਮੀਟਰ ਸੜਕ ਦਾ ਹਿੱਸਾ ਬਿਲਕੁਲ ਸਮੁੰਦਰੀ ਕੰਢੇ ਦੇ ਨਾਲ-ਨਾਲ ਬਣਿਆ ਹੋਇਆ ਹੈ। ਇਸ ਥਾਂ ਦੀ ਸੁੰਦਰਤਾ ਨਿਹਾਰਦਿਆਂ ਅੱਗੇ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਸਫ਼ਰ ਤਾਂ ਮੁਕਾਉਣਾ ਹੀ ਸੀ। ਅਗਲੇਰੇ ਰਸਤੇ ’ਤੇ ਚਲਦਿਆਂ ਕਸਬੇ ਯੁਕਲਾ, ਮਡੂਰਾ, ਬੈਲਾਡੈਨਨ ਨੂੰ ਪਾਰ ਕਰਦੇ ਹੋਏ ਇੱਕ ਹੋਰ ਵੱਡੇ ਕਸਬੇ ਨਾਰਸਮੈੱਨ ਰੁਕਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਦਿਨ ਵੀ ਤਕਰੀਬਨ ਢਲ ਚੁੱਕਿਆ ਸੀ।
ਸਫ਼ਰ ਦੇ ਚੌਥੇ ਦਿਨ ਦੀ ਸਵੇਰ ਨੂੰ ਮਨ ਵਿੱਚ ਬਹੁਤ ਖ਼ੁਸ਼ੀ ਸੀ ਕਿ ਅੱਜ ਮੰਜ਼ਿਲ ਸਰ ਕਰ ਲੈਣੀ ਹੈ ਭਾਵ ਆਸਟਰੇਲੀਆ ਦੇ ਪੱਛਮ ਵਿੱਚ ਘੁੱਗ ਵਸਦੇ ਮਹਾਂਨਗਰ ਪਰਥ ਪਹੁੰਚ ਜਾਣਾ ਹੈ। ਨਾਰਸਮੈੱਨ ਤੋਂ ਪਰਥ ਤਕਰੀਬਨ 800 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਪੂਰੇ ਖੇਤਰ ਵਿੱਚ ਖਾਣਾਂ (ਮਾਈਨਜ਼) ਬਹੁਤ ਹਨ। ਪੱਛਮੀ ਆਸਟਰੇਲੀਆ ਸੋਨੇ ਦੀਆਂ ਖਾਣਾਂ ਦਾ ਇੱਕ ਬਹੁਤ ਵੱਡਾ ਕੇਂਦਰ ਹੈ। ਪੱਛਮੀ ਆਸਟਰੇਲੀਆ ਦੇ ਅਰਥਚਾਰੇ ਦੇ ਵਿਕਾਸ ਵਿੱਚ ਇਨ੍ਹਾਂ ਸੋਨੇ ਦੀਆਂ ਖਾਣਾਂ ਨੇ ਬਹੁਤ ਯੋਗਦਾਨ ਪਾਇਆ ਹੈ। ਲੱਖਾਂ ਲੋਕ ਸੋਨੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਹਨ। ਨਾਰਸਮੈੱਨ ਤੋਂ ਅੱਗੇ ਜਾ ਕੇ ਕਾਲਗੁਰਲੀ ਨਾਂ ਦਾ ਇੱਕ ਵੱਡਾ ਕਸਬਾ ਆਉਂਦਾ ਹੈ। ਇਸ ਸ਼ਹਿਰ ਦੇ ਆਲੇ-ਦੁਆਲੇ ਬਹੁਤ ਵੱਡੀ ਮਾਤਰਾ ਵਿੱਚ ਖਾਣਾਂ ਦੀ ਖੁਦਾਈ ਚੱਲ ਰਹੀ ਹੈ ਜਿੱਥੋ ਕਈ ਤਰ੍ਹਾਂ ਦੀਆਂ ਧਾਤਾਂ ਨਿਕਲਦੀਆਂ ਹਨ ਪਰ ਸੋਨਾ ਮੁੱਖ ਧਾਤ ਹੈ। ਖਾਣਾਂ ਵਿੱਚ ਕੰਮ ਕਰਨ ਵਾਲੇ ਲੋਕ ਕਾਲਗੁਰਲੀ ਕਸਬੇ ਵਿੱਚ ਰਹਿੰਦੇ ਹਨ ਕਿਉਂਕਿ ਇਸ ਕਸਬੇ ਵਿੱਚ ਹਰ ਲੋੜੀਂਦੀ ਵਸਤੂ ਉਪਲੱਬਧ ਹੈ। ਸਮੁੱਚੇ ਆਸਟਰੇਲੀਆ ਤੋਂ ਖਾਣਾਂ ਵਿੱਚ ਕੰਮ ਕਰਨ ਲਈ ਲੋਕ ਇੱਥੇ ਆ ਕੇ ਵਸੇ ਹੋਏ ਹਨ। ਇਸ ਸ਼ਾਹਰਾਹ ’ਤੇ ਬਹੁਤ ਹੀ ਵੱਡੇ ਤੇ ਲੰਮੇ ਟਰੱਕ ਮਿਲਦੇ ਹਨ ਜਿਨ੍ਹਾਂ ਨੂੰ ਰੋਡ ਟਰੇਨਸ ਕਿਹਾ ਜਾਂਦਾ ਹੈ।
ਅਜਿਹੇ ਟਰੱਕਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਟਰੱਕਾਂ ਦੇ ਟਾਇਰਾਂ ਦੀ ਗਿਣਤੀ 64 ਜਾਂ ਇਸ ਤੋਂ ਵੀ ਵੱਧ ਹੁੰਦੀ ਹੈ। ਇਹ ਖਾਣਾਂ ਵਿਚਲੇ ਮਾਲ ਨੂੰ ਦੂਰ-ਨੇੜੇ ਪਹੁੰਚਾਉਣ ਦੇ ਕੰਮਾਂ ਲਈ ਵਰਤੇ ਜਾਂਦੇ ਹਨ। ਅੱਗੇ ਚੱਲ ਕੇ ਕਾਲਗੁਡੀ ਨਾਂ ਦਾ ਟਾਊਨ ਹੈ ਜਿੱਥੇ ਅਸੀਂ ਇੱਕ ਸੋਨੇ ਦੀ ਖਾਣ ਦੇਖੀ। ਵੱਡੀਆਂ ਖਾਣਾਂ ਵਿੱਚ ਜਿੱਥੇ ਖੁਦਾਈ ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਨੂੰ ਦੇਖਣ ਵਾਸਤੇ ਸਰਕਾਰ ਤੋਂ ਵਿਸ਼ੇਸ਼ ਮਨਜ਼ੂਰੀ ਲੈਣੀ ਪੈਂਦੀ ਹੈ। ਆਮ ਲੋਕਾਂ ਨੂੰ ਇੱਥੇ ਜਾਣ ਦੀ ਸਖ਼ਤ ਮਨਾਹੀ ਹੈ। ਪਰਥ ਤਕ ਜਾਂਦੀ ਸੜਕ ਵਿੱਚੋਂ ਥੋੜ੍ਹੀ-ਥੋੜ੍ਹੀ ਵਿੱਥ ’ਤੇ ਆਲੇ-ਦੁਆਲੇ ਨੂੰ ਨਿਕਲਦੀਆਂ ਲਿੰਕ ਸੜਕਾਂ ਮਾਈਨਜ਼ ਤਕ ਜਾਂਦੀਆਂ ਹਨ। ਆਸਟਰੇਲੀਆ ਸਰਕਾਰ ਨੇ ਮੋਟੀ ਕਮਾਈ ਦਾ ਸਾਧਨ ਬਣੀਆਂ ਇਨ੍ਹਾਂ ਖਾਣਾਂ ਦੀ ਖੁਦਾਈ ਵੱਲ ਹੁਣ ਵਿਸ਼ੇਸ਼ ਧਿਆਨ ਦਿੱਤਾ ਹੈ। ਖਾਣਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਅਤੇ ਰਿਆਇਤਾਂ ਦਿੱਤੀਆਂ ਹਨ। ਪਰਥ ਤਕ ਦਾ ਸਫ਼ਰ ਹੁਣ ਸਿਰਫ਼ 350 ਕਿਲੋਮੀਟਰ ਰਹਿ ਗਿਆ ਸੀ। ਪਹਿਲੇ ਤਿੰਨ ਦਿਨਾਂ ਦੇ ਸਫ਼ਰ ਦੇ ਉਲਟ ਇਹ ਸਫ਼ਰ ਕਾਫ਼ੀ ਰੌਣਕ ਭਰਿਆ ਹੈ। ਥੋੜ੍ਹੀ-ਥੋੜ੍ਹੀ ਦੂਰੀ ’ਤੇ ਹੀ ਛੋਟੇ-ਛੋਟੇ ਕਸਬੇ ਆਉਂਦੇ ਹਨ। ਇਹ ਇਲਾਕਾ ਵੀ ਨੀਮ ਪਹਾੜੀ ਹੈ। ਪਹਾੜਾਂ ਵਿੱਚੋਂ ਦੀ ਬਣੀਆਂ ਸੜਕਾਂ ਤੋਂ ਪਰਥ ਸ਼ਹਿਰ ਵੱਲ ਜਾਂਦਿਆਂ ਨੂੰ ਚਿੜੀ ਦੇ ਪੰਜੇ ਕੁ ਜਿੱਡੇ ਨਜ਼ਰ ਆਉਂਦੇ ਪਰਥ ਸ਼ਹਿਰ ਦੀਆਂ ਇਮਾਰਤਾਂ ਦਾ ਦ੍ਰਿਸ਼ ਮਨ ਨੂੰ ਮੋਹ ਲੈਣ ਵਾਲਾ ਸੀ। ਵਿੰਗ-ਵਲੇਵੇਂ ਖਾਂਦੀਆਂ ਸੜਕਾਂ ਤੋਂ ਲੰਘਦੇ ਹੋਏ ਅਸੀਂ ਦਿਨ ਖੜ੍ਹੇ ਹੀ ਪਰਥ ਵਿੱਚ ਦਾਖਲ ਹੋਏ ਤਾਂ ਠੰਢੀ ਹਵਾ ਰੁਮਕ ਰਹੀ ਸੀ। ਇੱਥੇ ਵੱਸਦੇ ਮਿੱਤਰਾਂ ਨੇ ਸਾਡਾ ਸਵਾਗਤ ਕੀਤਾ। ਚਾਰ ਦਿਨਾਂ ਦੇ ਸਫ਼ਰ ਤੋਂ ਬਾਅਦ ਫਿਰ ਇੱਕ ਵਾਰ ਰੌਣਕ ਭਰੇ ਬਾਜ਼ਾਰਾਂ ਦੀਆਂ ਰੋਸ਼ਨੀਆਂ ਅੱਖਾਂ ਚੁੰਧਿਆਉਂਦੀਆਂ ਪ੍ਰਤੀਤ ਹੋਈਆਂ।

No comments: