jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਕਲਮਯਾਰ ਵੀਰੋ ਕੁੱਝ ਤੇ ਨਿਆਂ ਕਰੋ – ਸਤਨਾਮ ਸਿੰਘ ਬੱਬਰ ਜਰਮਨੀ

www.sabblok.blogspot.com

ਕਚ, ਸੱਚ ਤੇ "ਸਾਡਾ ਹੱਕ" – ਬਲਜੀਤ ਬੱਲੀ ਵਲੋਂ ਇਸ ਵਿਸ਼ੇ ਤੇ ਕੀਤੇ ਨਿਰੀਖਣ ਤੇ ਲੇਖ ਪੜ੍ਹਣ ਤੇ ਕੁੱਝ ਵਿਚਾਰ ਕਰਨ ਦਾ ਮਕਸਦ ਇਹ ਨਹੀਂ ਲੈ ਲੈਣਾ ਕਿ ਲੇਖਕ ਦੀ ਸੋਚ ਨਿਰੀ ਪੱਖਪਾਤੀ ਹੋ ਸਕਦੀ ਹੈ, ਨਹੀਂ ਬਿਲਕੁੱਲ ਨਹੀਂ, ਹਾਂ ਅਗਰ ਕਿਤੇ ਪੱਖਪਾਤੀ ਢੰਗ ਨਾਲ ਕੁੱਝ ਐਸਾ ਉਛਾਲਿਆ ਜਾਂਦਾ ਹੈ, ਜੋ ਸਚਾਈ ਨੂੰ ਇੱਕ ਪਾਸੇ ਰੱਖਕੇ ਅਤੇ ਮੁੱਦੇ ਨੂੰ ਵਧਾ ਚੜਾਕੇ ਪੇਸ਼ ਕਰਨ ਦੀ ਕੋਸ਼ਿਸ਼ ਹੋਵੇ ਤਾਂ ਜਾਹਰ ਹੈ, ਕਿਸੇ ਨਾ ਕਿਸੇ ਨੂੰ ਤਾਂ ਕਲੀਅਰ ਕਰਨਾ ਹੀ ਪਵੇਗਾ ਕਿ ਇਹ ਬੇਇਨਸਾਫੀ ਹੈ, ਇਹ ਧੱਕਾ ਹੈ, ਕਲਮਾਂ ਵਾਲਿਆਂ ਦੇ ਹੱਥ ਅਗਰ ਇਹ ਸ਼ਾਸ਼ਤਰ ਹੈ ਤਾਂ ਇਹ ਨਹੀਂ ਕਿ ਇਹ ਸਭ ਕੁੱਝ ਕੱਟ – ਵੱਢ ਕਰ ਕੁਤਰਕੇ ਸਭ ਸਚਾਈ ਦਾ ਚੇਹਰਾ - ਮੋਹਰਾ ਹੀ ਖਤਮ ਕਰ ਦੇਣ ਤੇ ਹੱਕ, ਸੱਚ, ਇਨਸਾਫ ਅਤੇ ਇਨਸਾਨੀਅਤ ਦੀ ਤਬਾਹੀ ਵੱਲ ਧਕੇਲ ਦੇਣ । ਇੱਕ ਵਧੀਆ ਲੇਖਕ ਵਲੋਂ ਭੰਬਲ – ਭੂਸਿਆਂ 'ਚ ਹੀ ਲੋਕਾਈ ਨੂੰ ਪਾਈ ਰੱਖਣਾ ਆਪਣੇ ਲੋਕਾਂ ਨਾਲ ਹੀ ਨਹੀਂ ਬਲਕਿ ਆਪਣੇ ਆਪ ਨਾਲ ਵੀ ਧੋਖਾ ਹੈ ।
ਫਿਲਮਾਂ ਦਾ ਬਣਨਾ, ਮੀਡੀਏ 'ਚ ਲਿਖਣਾ ਜਾਂ ਛਪਣਾ ਆਮ ਲੁਕਾਈ ਦੀ ਕਚਹਿਰੀ 'ਚ ਜਾਣਾ ਹੁੰਦਾ ਹੈ । ਫਿਰ ਲੁਕਾਈ ਉਹਦਾ ਨਿਰਣਾ ਕਰਦੀ ਹੈ, ਹਕੀਕਤ ਕੀ, ਸੱਚ ਕੀ ਹੈ, ਸਾਡਾ ਹੱਕ ਕੀ ਹੈ ? ਨੁਕਤਾਚੀਨੀਆਂ ਕਰਕੇ ਜ਼ੁਲਮ ਦੀ ਤਸਵੀਰ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ ਹੈ । ਬਸ ਇੱਕ ਗੱਲ ਲੜ ਬੰਨਣ ਵਾਲੀ ਹੈ, ਜੋ ਗੁਰਬਾਣੀ 'ਚ ਲਿਖੀ ਹੈ, "ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥"
ਵੀਰ ਬਲਜੀਤ ਬੱਲੀ ਜੀ, ਮੈਂ ਫਿਲਮ ਤਾਂ ਅਜੇ ਨਹੀਂ ਵੇਖੀ, ਹਾਂ ਜਦੋਂ ਵੇਖਾਂਗਾ, ਘੋਖ ਜ਼ਰੂਰ ਕਰਾਂਗਾ, ਐਡਾ ਸੱਚ ਪੇਸ਼ ਕਰਨ ਲਈ ਇਨ੍ਹਾਂ ਨੌਜਵਾਨ ਵੀਰਾਂ, ਜਿਨ੍ਹਾਂ ਇਸ ਫਿਲਮ ਵਿੱਚ ਸੱਚ ਬਿਆਨਣ ਲਈ ਐਡਾ ਹੌਸਲਾ ਜਾਂ ਦਲੇਰੀ ਕਿੱਥੋਂ ਆਈ ਤੇ ਕੁਲਜਿੰਦਰ ਸਿੰਘ ਸਿੱਧੂ ਅਤੇ ਦਿਨੇਸ਼ ਸੂਦ ਦਾ ਇਸ ਕਰਕੇ ਹੀ ਸ਼ੁਕਰਗੁਜ਼ਾਰ ਹਾਂ, ਇਨ੍ਹਾਂ ਦੇ ਕੀਤੇ ਇਸ ਕਾਰਜ ਅਤੇ ਬਣਾਈ ਫਿਲਮ "ਸਾਡਾ ਹੱਕ" ਨੂੰ ਮੈਂ ਬਗੈਰ ਵੇਖਿਆ, ਬਗੈਰ ਘੋਖਿਆ ਹੀ ਇਹ ਲਾਇਨਾਂ ਇਸ ਕਰਕੇ ਲਿਖ ਰਿਹਾ ਹਾਂ ਕਿ ਜਦੋਂ ਅਸੀਂ ਸਾਡੀ ਵੈਬਸਾਇਟ "ਸਮੇਂ ਦੀ ਅਵਾਜ਼ ਡਾਟ ਕਾਮ" ਤੇ ਕੁੱਝ ਉਨ੍ਹਾਂ ਲੋਕਾਂ ਦੇ ਵੀਡੀਓ ਕਲਿੱਪ ਚਾੜ੍ਹੇ, ਜਿਨ੍ਹਾਂ ਸਾਡਾ ਹੱਕ ਫਿਲਮ ਕੈਨੇਡਾ, ਅਮਰੀਕਾ, ਇੰਗਲੈਂਡ, ਅਸਟਰੈਲੀਆ ਆਦਿ ਸਿਨੇਮਾਂ ਘਰਾਂ ਵਿੱਚ ਵੇਖਿਆ ਦੀਆਂ ਇਟਰਵਿਊਆਂ ਨੂੰ ਸੁਣਿਆ ਤੇ ਵੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਕਿ ਅਗਰ ਮੈਂ ਸਿੱਖਾਂ ਦੀ ਗੱਲ ਕਰਾਂਗਾ ਤਾਂ ਸਾਡੇ ਬੁੱਧੀਜੀਵੀ ਲੇਖਕਾਂ ਦੇ ਮਨ ਨੂੰ ਠੇਸ ਪਹੁੰਚੇਗੀ ਕਿ ਬੱਬਰ ਸਤਨਾਮ ਸਿੰਘ ਸਾਨੂੰ ਉਚੇੜਦਾ ਹੈ, ਮਜ਼ਬੂਰ ਹੋਇਆ ਹਾਂ, ਕੌੜਾ ਸੱਚ ਹੈ, ਜਿਨ੍ਹਾਂ ਬਹੁਤ ਸਾਰੇ ਹਿੰਦੂਆਂ ਅਤੇ ਗੈਰ ਸਿੱਖਾਂ ਵੀ ਇਸ ਫਿਲਮ ਨੂੰ ਵੇਖਕੇ ਜੋ ਵਿਚਾਰ ਦਿੱਤੇ, ਮੈਨੂੰ ਉਨ੍ਹਾਂ ਹਿੰਦੂ ਵੀਰਾਂ ਦਾ ਧੰਨਵਾਦ ਕਰਨਾ ਵਧੀਆ ਲਗਦਾ ਹੈ ਕਿ ਉਨ੍ਹਾਂ ਹਕੀਕਤ ਦੀਆਂ ਸਚਾਈਆਂ ਨੂੰ ਸਮਝਦਿਆਂ ਹੋਇਆਂ, ਸੱਚ ਨਾਲ ਖੜ੍ਹੋਣ ਦੀ ਏਡੀ ਵੱਡੀ ਜੁਅੱਰਤ ਕੀਤੀ, ਜਿੱਡੀ ਸ੍ਰੀ ਦਿਨੇਸ਼ ਸੂਦ ਜੀ ਨੇ ।
ਉਨ੍ਹਾਂ ਵੀਡੀਓ ਕਲਿੱਪਾਂ ਤੋਂ ਕੋਈ ਵੀ ਵੀਰ ਇਹ ਵੇਖਕੇ ਖੁੱਦ ਹੀ ਨਿਰਣਾ ਕਰ ਸਕਦਾ ਹੈ ਕਿ ਕਿਸੇ ਇੱਕ ਵੀ ਵੀਰ, ਭੈਣ, ਬਜ਼ੁਰਗ ਅਤੇ ਬੱਚਿਆਂ ਕਿਸੇ ਇੱਕ ਵੀ ਕਿਹਾ ਹੋਵੇ ਕਿ ਉਹਦੇ ਵਿੱਚ ਕੋਈ ਵੀ ਗੱਲ ਬੁਰਾਈ ਵਾਲੀ ਹੋਵੇ । ਜਿਸ ਕਰਕੇ ਉਸ ਫਿਲਮ ਤੇ ਪੰਜਾਬ ਵਿੱਚ ਪਾਬੰਦੀ ਲੱਗਣੀ ਜ਼ਰੂਰੀ ਸੀ, ਬਲਕਿ ਸਭਨਾਂ ਹੀ ਵੇਖਣ ਵਾਲਿਆਂ ਫਿਲਮ ਤੋਂ ਪਾਬੰਦੀ ਹਟਾਉਣ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਉਹਦੇ ਵਿੱਚ ਕੁੱਝ ਵੀ ਐਸਾ ਨਹੀਂ ਜੋ ਕਿਸੇ ਫਿਰਕੂ ਭੜਕਾਹਟ ਨੂੰ ਬੜਾਵਾ ਦਿੰਦਾ ਹੋਵੇ ।
ਇੱਕ ਬੀਬੀ ਦੀ ਇੰਟਰਵਿਊ ਮੈਨੂੰ ਏਨਾਂ ਭਾਵੁਕ ਕਰ ਗਈ ਕਿ ਜਿਨ੍ਹਾਂ ਕਿਹਾ ਕਿ ਇਹ ਇੱਕ ਹਕੀਕੀ ਸੱਚ ਹੈ, ਮੈਂ ਉਦੋਂ ਕਾਲਜ ਪੜ੍ਹਦੀ ਸਾਂ, ਅੱਜ ਅਫਸੋਸ ਹੈ ਕਿ ਮੈਂ ਕੁੱਝ ਵੀ ਨਾ ਕਰ ਸਕੀ, ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਹੀ ਕੁੱਝ ਕਰਿਓ ਇਸ ਜ਼ੁਲਮ ਦੇ ਖਿਲਾਫ । ਬਹੁਤਿਆਂ ਇਹ ਵੀ ਕਿਹਾ ਕਿ ਇਹ ਤਾਂ ਅਜੇ 1% ਹੀ ਸਚਾਈ ਹੈ, ਅਜੇ ਬਹੁਤ ਕੁੱਝ ਸਾਹਮਣੇ ਲਿਆਉਣ ਵਾਲਾ ਹੈ । ਪੰਜਾਬ ਸ੍ਰਕਾਰ ਜਾਂ ਪੰਜਾਬ ਪੁਲਿਸ ਆਪਣੇ ਜ਼ੁਲਮ ਹੁਣ ਕਿਵੇਂ ਨੰਗਿਆਂ ਕਰਨ ਦੇਵੇ !!! ਇਹ "ਸਾਡਾ ਹੱਕ" ਫਿਲਮ ਦੇ ਨਾਲ ਨਿਰਾ ਧੱਕਾ ਹੈ । ਹਰੇਕ ਵਰਗ ਨੂੰ ਵੇਖਣੀ ਚਾਹੀਦੀ ਹੈ ।
ਬਲਜੀਤ ਬੱਲੀ ਜੀ, ਤੁਸੀਂ ਲਿਖਦੇ ਹੋ ਕਿ "ਫ਼ਿਲਮ "ਸਾਡਾ ਹੱਕ" ਵਿੱਚ ਪੇਸ਼ ਕਹਾਣੀ ਪੰਜਾਬ ਦੇ ਇੱਕ ਪਿੰਡ ਦੇ ਇੱਕ ਮੱਧਵਰਗੀ ਜ਼ਿੰਮੀਦਾਰ ਪਰਿਵਾਰ ਦੇ ਜੰਮਪਲ ਖਿਡਾਰੀ ਦੁਆਲੇ ਘੁੰਮਦੀ ਹੈ ਜਿਸਦਾ ਨਾਮ ਕਰਤਾਰ ਸਿੰਘ ਹੈ। ਇਹ ਰੋਲ ਖ਼ੁਦ ਕੁਲਜਿੰਦਰ ਸਿੱਧੂ ਨੇ ਬਾਖ਼ੂਬੀ ਨਿਭਾਇਆ ਹੈ। ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਨਾਲ ਪੈਦਾ ਹੋਏ ਹਾਲਾਤ ਵਜੋਂ ਉਹ ਘਰੋਂ ਭੱਜਣ, ਰੂਪੋਸ਼ ਹੋਣ ਅਤੇ ਖ਼ਾਲਿਸਤਾਨੀ ਖਾੜਕੂ ਗਰੁੱਪ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋ ਜਾਂਦਾ ਹੈ।"
ਵੀਰ ਜੀ, ਤੁਸੀਂ ਪੜਚੋਲ ਵਾਕਿਆ ਹੀ ਸਚਾਈ ਨਾਲ ਕੀਤੀ ਹੈ ਕਿ "ਸਾਡਾ ਹੱਕ" 'ਚ ਇੱਕ ਮੱਧਵਰਗ ਪ੍ਰਵਾਰ ਦਾ ਮੁੰਡਾ ਹੈ, ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਤੇ ਖਾਲਿਸਤਾਨੀ ਖਾੜਕੂ ਗਰੁੱਪ 'ਚ ਜਾ ਦਾਖਲਾ ਹੋਇਆ ਤੇ ਖੂਨੀ ਇਤਿਹਾਸ ਦਾ ਇੱਕ ਵਰਕਾ ਲਿਖ ਗਿਆ । ਬਸ, ਇੰਝ ਹੀ ਨਾ ਜਿਵੇਂ, ਇੱਕ ਮੱਧਵਰਗੀ ਪ੍ਰਵਾਰ ਦਾ ਮੁੰਡਾ ਸ਼ਹੀਦ ਭਗਤ ਸਿੰਘ ਦਾ ਬੁੱਤ ਅੱਜ ਇੰਡੀਅਨ ਪਾਰਲੀਮੈਂਟ ਦੇ ਮੂਹਰੇ ਬੁੱਤ ਬਣ ਖੜ੍ਹਿਆ ਹੈ ?
ਅੱਗੇ ਚੱਲਕੇ ਤੁਸੀਂ ਲਿਖਦੇ ਹੋ ਕਿ 'ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਾਹੀਂ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾੜਕੂ ਕਰਿੰਦਿਆਂ ਨੂੰ ਫ਼ਰਜ਼ੀ ਨਾਵਾਂ ਰਾਹੀਂ ਰੂਪਮਾਨ ਕਰਦੀ ਹੈ। ਇਸ ਫ਼ਿਲਮ ਵਿੱਚ ਵੀ ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਦਿਖਾਈ ਘਟਨਾ ਜਗਤਾਰ ਹਵਾਰਾ ਅਤੇ ਉਸਦੇ ਸਾਥੀਆਂ ਨਾਲ ਮਿਲਦੀ-ਜੁਲਦੀ ਹੈ।'
ਹਾਂਜੀ ਵੀਰ ਬੱਲੀ ਜੀ, ਤੁਹਾਡੀ ਨਿਰਪੱਖਤਾ ਦੀ ਜਾਂਚ, ਹੋ ਸਕਦਾ ਹੈ ਤੁਹਾਡੇ ਪਾਠਕਾਂ ਨੂੰ ਕੋਈ ਭੁਲੇਖਾ ਪਾਉਂਦੀ ਨਜ਼ਰ ਆਉਂਦੀ ਹੈ, ਹਾਂ ਅਗਰ ਕਰਤਾਰ ਸਿੰਘ ਦਾ ਨਾਮ ਉਸ ਘਟਨਾ ਨਾਲ ਢੁੱਕਦਾ ਨਜ਼ਰ ਨਹੀਂ ਆਉਂਦਾ ਤਾਂ ਫਿਲਮ ਨਿਰਦੇਸ਼ਕ ਨੂੰ ਸੁਝਾਅ ਦੇਣਾ ਬਣਦਾ ਸੀ ਕਿ ਢੁੱਕਵਾਂ ਨਾਮ ਜਗਤਾਰ ਸਿੰਘ ਹਵਾਰਾ ਹੋਣਾ ਚਾਹੀਦਾ ਸੀ ? ਹੈਰਾਨਗੀ ਹੈ, ਤੁਹਾਨੂੰ ਕਰਤਾਰ ਸਿੰਘ ਚੋਂ ਜਗਤਾਰ ਸਿੰਘ ਹਵਾਰਾ ਕਿਉਂ ਨਜ਼ਰ ਆਉਂਦਾ ਹੈ । ਇਹ ਸਚਾਈ ਹੈ, ਸੱਚ ਦੇ ਆਧਾਰ ਤੇ ਕੁੱਝ ਵੀ ਫਿਲਮਾਇਆ ਜਾਵੇ ਵਧੀਆ ਹੁੰਦਾ ਹੈ । ਹੌਸਲਾ ਕਰਕੇ ਕੋਈ ਐਸਾ ਸੱਚ ਲੋਕਾਂ ਸਾਹਮਣੇ ਲਿਆਓ, ਨਿਰੀਆਂ ਘੁਤਿੱਤਾਂ, ਘੜੂਸਾਂ ਜਾਂ ਕਮੀਆਂ ਤੇ ਹੀ ਜ਼ਹਿਰ ਨਾ ਕੱਢੀਏ, ਸਗੋਂ ਵਾਪਰੇ ਦੁਖਾਂਤ ਤੋਂ ਕੋਈ ਸਬਕ ਸਿੱਖਕੇ ਆਉਣ ਵਾਲੇ ਭਵਿੱਖ ਨੂੰ ਉਨ੍ਹਾਂ ਖੁਦਗਰਜ਼ ਆਗੂਆਂ, ਲੀਡਰਾਂ, ਮੰਤਰੀਆਂ ਦੀਆਂ ਧਾਂਦਲੀਆਂ, ਕੁਰੱਪਸ਼ਨਾਂ, ਘਪਲੇਬਾਜ਼ੀਆਂ, ਦਲਾਲੀਆਂ, ਕਾਲਾ ਧੰਨ ਦੀਆਂ ਵਿਦੇਸ਼ਾਂ 'ਚ ਪਈਆਂ ਤਿਜ਼ੌਰੀਆਂ ਨੂੰ ਲੁਕਾਉਣ ਲਈ ਹੀ, ਤੋਰੀ ਫੁਲਕਾ ਨਾ ਤੋਰੀਏ, ਸਗੋਂ ਉਨ੍ਹਾਂ ਅਬਲਾਵਾਂ, ਉਨ੍ਹਾਂ ਬੱਚੀਆਂ ਨੂੰ, ਉਨ੍ਹਾਂ ਦਾਮਿਨੀਆਂ ਦੀਆਂ ਹੋਈਆਂ ਹੱਤਿਆਵਾਂ, ਲੁੱਟੀਆਂ ਇੱਜ਼ਤਾਂ ਦਾ ਖਿਲਵਾੜ ਕਰਨ ਵਾਲੇ ਉਨ੍ਹਾਂ ਦਰਿੰਦਿਆਂ ਦੀ ਗੱਲ ਕਰੋ, ਜੋ ਅੱਜ ਵੀ ਸ਼ਰੇਆਮ ਲੋਕਾਂ ਦੀਆਂ ਧੀਆਂ - ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ, 65 ਸਾਲ ਦੀ ਅਜ਼ਾਦੀ ਤੋਂ ਬਾਅਦ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਸੁਖਦੇਵ ਸਿੰਘ ਸੁੱਖਾ, ਸ਼ਹੀਦ ਕਰਤਾਰ ਸਿੰਘ ਸ਼ਰਾਭਾ, ਸ਼ਹੀਦ ਉਧਮ ਸਿੰਘ ਅਤੇ ਹੋਰ ਅਨੇਕਾਂ ਸ਼ਹੀਦ ਹੋਣ ਵਾਲੇ ਬੱਬਰ ਅਕਾਲੀਆਂ, ਗਦਰੀ ਬਾਬਿਆਂ, ਨਾਮਧਾਰੀ ਕੂਕਿਆਂ, ਅਜ਼ਾਦ ਹਿੰਦ ਫੌਜ਼ ਦੇ ਸ਼ਹੀਦਾਂ ਦਾ ਕਮ - ਸੇ - ਕਮ ਇੰਝ ਤਾਂ ਅਪਮਾਨ ਨਾ ਕਰੋ । ਇਨਕਲਾਬੀ, ਕ੍ਰਾਂਤੀਕਾਰੀ ਕਲਮਾਂ ਕਮ - ਸੇ – ਕਮ ਸੱਚ ਲਿਖਣ ਲੱਗੀਆਂ ਨਿਰੀਖਣ ਤਾਂ ਸਹੀ ਕਰਨ ।
ਫਿਰ ਤੁਸੀਂ ਲਿਖਿਆ ਹੈ ਕਿ "ਫ਼ਿਲਮ ਵਿੱਚ ਗ੍ਰਹਿ ਮੰਤਰੀ ਨੂੰ ਆਤਮਘਾਤੀ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿੱਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂ ਕਿ ਅਸਲੀਅਤ ਵਿੱਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿੱਚੋਂ ਜਗਤਾਰ ਹਵਾਰਾ ਦੀ ਫ਼ਰਾਰੀ ਬਾਅਦ ਵਿੱਚ ਹੋਈ ਸੀ। ਲਗਪਗ ਉਸੇ ਤਰ੍ਹਾਂ ਹੀ ਪੰਜਾਬ ਪੁਲੀਸ ਦੇ ਕਰਿੰਦੇ ਹੀ ਆਤਮਘਾਤੀ ਬੰਬ ਬਣੇ ਦਿਖਾਏ ਗਏ ਹਨ। ਪੁਲੀਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਕਈ ਪੁਲੀਸ ਅਧਿਕਾਰੀਆਂ ਨਾਲ ਮਿਲਦੇ - ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲੀਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ।"
ਬੱਲੀ ਜੀ, ਤੁਹਾਡੀ ਲਿਖਤ ਦੇ ਇੱਕ – ਇੱਕ ਬੰਦ ਵਿੱਚ ਐਨਾਂ ਕੁੱਝ ਨਫ਼ਰਤ ਭਰਿਆ ਹੈ, ਜੋ ਫਿਲਮ "ਸਾਡਾ ਹੱਕ" ਦੇ ਕਿਰਦਾਰ ਨਾਲ ਨਿਆਂ ਨਹੀਂ ਕਰਦਾ । ਪਤਾ ਨਹੀਂ ਕਿਉਂ ਤੁਹਾਨੂੰ ਆਤਮਘਾਤੀ ਬੰਬ ਨਾਲ ਉਡਾਇਆ "ਗ੍ਰਹਿ ਮੰਤਰੀ", ਚੀਫ ਮਨਿਸਟਰ ਬੇਅੰਤ ਸਿਹੁੰ ਕਿਉਂ ਦਿਸਦਾ ਹੈ ! "ਕਰਤਾਰ ਸਿੰਘ" ਦਾ ਕਿਰਦਾਰ "ਜਗਤਾਰ ਹਵਾਰਾ" ਕਿਉਂ ਦਿਸਦਾ ਹੈ । ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖਾਂ ਨੌਜਵਾਨਾਂ ਬਾਰੇ ਖੋਜ਼ ਕਰਨ ਵਾਲਾ ਕਿਰਦਾਰ ਵੀ "ਜਸਵੰਤ ਸਿੰਘ ਖਾਲੜਾ" ਵਰਗਾ ਨਜ਼ਰ ਆਉਂਦਾ ਹੈ । ਹੈਰਾਨਗੀ ਹੈ ਇੱਥੇ :- ਕੀ ਕਿਸੇ ਪੁਲਿਸ ਅਫਸਰ ਦਾ ਜ਼ੁਲਮ ਕਰਦਾ ਚੇਹਰਾ ਨਜ਼ਰ ਕਿਉਂ ਨਹੀਂ ਪੈਂਦਾ ??? ਤੁਹਾਡੀ ਨੁਕਤਾਚੀਨੀ ਦੀ ਬਹਾਦਰੀ ਤੇ ਦਾਦ ਦੇਣੀ ਬਣਦੀ ਹੈ, ਅਹੇ 'ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ਕੱਲੇ ।'
ਤੁਸੀਂ ਲਿਖਦੇ ਹੋ ਕਿ ਸੱਚ ਜਿਹਾ ਨਹੀਂ ਲਗਦਾ ਕਿ ਪੁਲਿਸ ਵਾਲਿਆਂ ਦਾ ਕਿਰਦਾਰ ਨਿਭਾਉਂਦੇ ਵੀ ਪੁਲਸੀਏ ਨਜ਼ਰ ਆਉਂਦੇ ਸਨ, ਲੁੱਟਾਂ – ਖੋਹਾਂ ਚੋਰੀਆਂ ਅਤੇ ਧੀਆਂ - ਭੈਣਾਂ ਦੀਆਂ ਬੇਪੱਤੀਆਂ ਕਰਨ ਵਾਲੇ ਅਤੇ ਤਸ਼ੱਦਦ ਕਰਨ ਵਾਲੇ ਵੀ ਪੁਲਸੀਏ ਹੀ ਵਿਖਾਏ ਗਏ ਹਨ । ਹੁਣ ਸਮਝ ਪੈਣੀ ਚਾਹੀਦੀ ਸੀ, ਪੁਲੀਸ ਵਿੱਚ ਇਮਾਨਦਾਰੀ ਦਾ ਕਿਰਦਾਰ ਨਿਭਾਉਣ ਵਾਲਿਆਂ, ਖਾਕੀ ਵਰਦੀ ਦੀ ਕਦਰ ਕਰਨ ਵਾਲਿਆਂ, ਆਪਣੇ ਧਰਮ ਦੀ ਕਸਮ ਚੁੱਕਣ ਵਾਲਿਆਂ ਨੂੰ ਅਗਰ ਕੋਈ ਚੋਰ, ਲੁਟੇਰੇ, ਡਾਕੂ ਅਤੇ ਧੀਆਂ - ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਨੂੰ ਗੁੰਡਿਆਂ, ਬਦਮਾਸ਼ਾਂ, ਡਾਕੂਆਂ, ਲੁਟੇਰਿਆਂ ਦਾ ਕਿਰਦਾਰ ਨਿਭਾਉਣ ਲਈ ਮਜ਼ਬੂਰ ਕਰੇਗਾ, (ਅਖੌਤੀ ਖਾੜਕੂ) ਇਜ਼ਹਾਰ ਆਲਮ ਦੀ ਆਲਮ ਸੈਨਾ, ਵਿਰਕ ਦੀ ਵਿਰਕ ਸੈਨਾ, ਕੇ. ਪੀ. ਐਸ. ਗਿੱਲ ਦੇ ਲਾਲ ਬ੍ਰਿਗੇਡ, ਗੋਬਿੰਦ ਰਾਮ ਦੀਆਂ ਕਾਲੀਆਂ ਬਿੱਲੀਆਂ (Black Cats), ਸੁਮੇਧ ਸੈਣੀ, ਅਜੀਤ ਸਿੰਘ ਸੰਧੂ, ਸਵਰਨੇ ਘੋਟਣੇ ਆਦਿ ਦੀਆਂ ਵੱਖਰੀਆਂ ਫੋਰਸਾਂ, ਕਾਲੇ ਕੱਛਿਆਂ ਵਾਲਿਆਂ ਨੂੰ ਕਿਸੇ ਨਹੀਂ ਤੱਕਿਆ, ਫੇਰ ਹੁਣ ਵੇਖ ਲਓ ।
ਦੂਜੇ ਪਾਸੇ ਹੁਣ ਉਨ੍ਹਾਂ ਧਰਮੀ ਪੁਲਸੀਆਂ ਨੂੰ ਇਹ ਕਹਿਕੇ ਹੀ ਸਤਿਕਾਰ ਦਿਓ, ਜਿਨ੍ਹਾਂ ਥੋੜੀ ਬਹੁਤੀ ਨੌਜਵਾਨੀ ਨੂੰ ਝੂਠਿਆਂ ਪੁਲਿਸ ਮੁਕਾਬਲਿਆਂ 'ਚ ਮਰਨ ਤੋਂ ਬਚਾ ਲਿਆ । ਹੁਣ ਹੀ ਮੂੰਹ ਖੋਲ੍ਹੋ ਅਤੇ ਕਹਿ ਦਉ ਕਿ ਉਹ ਪੁਲਸੀਏ ਧਰਮੀ ਸਨ । ਇਮਾਨਦਾਰ ਅਤੇ ਸੱਚੇ ਸਿਪਾਹੀ ਦੀ ਸੇਵਾ ਪਰਜਾ ਦੀ ਰਖਵਾਲੀ ਹੈ । ਨਿਰਣਾ ਵੀ ਹੁਣ ਪਰਜਾ ਨੂੰ ਹੀ ਕਰਨ ਦਿਓ, ਬਲਜੀਤ ਬੱਲੀ ਜੀ । ਇਹ ਫਿਲਮ 'ਸਾਡਾ ਹੱਕ' ਤੁਹਾਡੀ ਸੋਚ ਤੋਂ ਬਹੁਤ ਉਪਰ ਹੈ । ਤੁਸੀਂ ਲੋਕ ਨਾਟਕ ਮੰਡਲੀਆਂ 'ਚ ਨਾਟਕ, ਚੇਟਕ ਅਤੇ ਡਰਾਮੇ ਕਰਨ ਵਾਲੀ ਸੋਚ ਨਾਲ ਇਸਦਾ ਮੁਲਾਂਕਣ ਨਾ ਕਰੋ, ਹੋਰ ਡੂੰਘਾ ਸੋਚੋ ! ਹੋਰ ਵੱਧ ਅਧਿਐਨ ਕਰੋ । ਫਿਰ ਲਿਖੋ ਹੋਰ ਕੱਚ – ਸੱਚ ।
ਵੀਰ ਬਲਜੀਤ ਬੱਲੀ ਜੀ, ਤੁਹਾਨੂੰ "ਸਾਡਾ ਹੱਕ" ਵਿੱਚ ਪੁਲੀਸ ਵਾਲੇ ਚੋਰ, ਲੁਟੇਰੇ, ਡਾਕੂ, ਬਦਮਾਸ਼, ਗੁੰਡੇ ਲਗਦੇ ਹਨ ਕਿਉਂਕਿ ਸ੍ਰਕਾਰ ਖੁੱਦ ਅੱਤਵਾਦ ਦੀ ਮਾਂ ਸੀ । ਦੂਜੇ ਪਾਸੇ ਇੱਕ ਧਰਮੀ ਪੁਲਿਸ ਵਾਲਾ ਅਗਰ ਅਣਖੀ ਹੈ, ਗੈਰਤਮੰਦ ਹੈ, ਬਹਾਦਰ ਹੈ, ਦਲੇਰ ਹੈ, ਇਮਾਨਦਾਰ ਹੈ, ਫਿਰ ਉਹ ਇਹ ਕਿਵੇਂ ਸੋਚ ਸਕਦਾ ਹੈ ਕਿ ਮੈਂ ਆਪਣੇ ਨੇਤਾ, ਆਗੂ, ਮੁਖੀ, ਸ੍ਰਦਾਰ, ਉਚ ਅਫਸਰ ਨੂੰ ਹੁਣ ਖਤਮ ਕਰ ਦਿਆਂ । ਇਨ੍ਹਾਂ ਬਹਾਦਰ ਪੁਲਸੀਆਂ ਆਖਿਰ ਇਹ ਫੈਸਲਾ ਕਿਉਂ ਲਿਆਂ ? ਆਓ, ਨਿਰਣਾ ਕਰੀਏ !
ਦੂਜੇ ਪਾਸੇ ਸ੍ਰਕਾਰਾਂ ਦੇ ਮੁਖੀ, ਮਨਿਸਟਰ, ਆਗੂ, ਮੰਤਰੀ ਆਪਣੀ ਰਾਜਗੱਦੀ ਨੂੰ ਬਚਾਉਣ ਲਈ ਆਪਣੇ ਅਫਸਰਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਆਪੋ ਆਪਣੀਆਂ ਫੋਰਸਾਂ ਬਣਾਕੇ, ਗੁੰਡਾਗਰਦੀ ਅਤੇ ਡਹਿਲ ਪੈਦਾ ਕਰਨ ਲਈ ਉਨ੍ਹਾਂ ਨੂੰ ਵਰਤਦੀ ਹੈ ਅਤੇ ਇਲਯਾਮ ਇੱਕ ਉਸ ਲਹਿਰ ਤੇ ਲਾਉਂਦੀ ਹੈ, ਜੋ ਆਪਣੇ ਹੱਕਾਂ ਲਈ ਇੱਕ ਸੰਘਰਸ਼ ਕਰਦੀ ਹੈ । ਉਨ੍ਹਾਂ ਅਨਸਰਾਂ ਨੂੰ ਵਰਤਕੇ ਸਿੱਖ ਨੌਜਵਾਨਾਂ ਦੇ ਕਤਲ ਕਰਵਾਉਂਦੀ ਹੈ, ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ ।
ਜਦੋਂ ਉਨ੍ਹਾਂ ਇਮਾਨਦਾਰ ਪੁਲਿਸ ਵਾਲਿਆਂ ਨੂੰ ਇਸ ਸਚਾਈ ਦਾ ਪਤਾ ਲੱਗਦਾ ਹੈ ਕਿ ਇਹ ਤਾਂ ਕਿਸੇ ਡੂੰਘੀ ਸਾਜ਼ਿਸ਼ ਤਹਿਤ "ਸਿੱਖ ਨਸਲਕੁਸ਼ੀ" ਦਾ ਓਪਰੇਸ਼ਨ ਹੋ ਰਿਹਾ ਹੈ ਤਾਂ ਉਹ ਸਿੱਦਕੀ ਸਿਪਾਹੀ ਵਾਂਗ ਉਸ ਪਾਪੀ ਦਾ ਨਾਸ ਕਰਦੇ ਹਨ ਜੋ ਅਸਲੀ ਪੁਆੜੇ ਦੀ ਜੜ੍ਹ ਸੀ । ਉਸਨੂੰ ਖਤਮ ਕਰ ਦਿੰਦੇ ਹਨ । ਉਸਤੋਂ ਬਾਅਦ ਫਿਰ ਝੂਠੇ ਪੁਲਿਸ ਮੁਕਾਬਲੇ ਵੀ ਨਹੀਂ ਹੁੰਦੇ, ਅੱਤਵਾਦ ਵੀ ਖਤਮ ਹੋ ਜਾਂਦਾ ਹੈ । ਹੁਣ ਦੱਸੋ ਕਲਮਾਂ ਵਾਲਿਓ ਜ਼ਾਲਮ ਕੌਣ ਸੀ ਅਤੇ ਅੱਤਵਾਦੀ ਕੌਣ ਸੀ ?
ਆਪੂ ਮੌਤ ਨੂੰ ਗਲਵੱਕੜੀ ਕੋਈ ਨਹੀਂ ਪਾਉਂਦਾ, ਕਾਰਣ ਤਿੰਨ ਹੁੰਦੇ ਹਨ :-
ਲਾਲਚ, ਡਰ – ਭੈਅ ਜਾਂ ਪਦਵੀ
ਆਓ ! ਆਪਾਂ ਹੁਣ ਏਨਾਂ ਤਿੰਨਾਂ ਗੱਲਾਂ ਦਾ ਨਿਰੀਖਣ ਕਰੀਏ :-
ਲਾਲਚ :- ਲਾਲਚ ਵਿੱਚ ਆ ਜਾਣਾ ਕਿਸੇ ਲਈ ਵੀ ਸੁਭਾਵਿਕ ਹੈ, ਮਾਇਆ ਦੇ ਖੁੱਲ੍ਹੇ ਗੱਫੇ ਵੇਖ ਕੋਈ ਵੀ ਭਰਮਾਇਆ ਜਾ ਸਕਦਾ ਹੈ, ਡੋਲ ਸਕਦਾ ਹੈ, ਖ੍ਰੀਦਿਆ ਜਾ ਸਕਦਾ ਹੈ, ਵਿਕ ਸਕਦਾ ਹੈ । ਉਹਦੇ ਹੱਥ ਆਇਆ ਕਾਲਾ ਧੰਨ, ਬਲੈਕ ਮਨੀ ਜਾਂ ਤਸਕਰੀ ਦਾ ਪੈਸਾ ਆਖਿਰਕਾਰ ਜਾਹਰ ਹੋ ਜਾਂਦਾ ਹੈ । ਕੋਠੀਆਂ, ਬੰਗਲੇ, ਜ਼ਮੀਨ, ਜਾਇਦਾਦ, ਪਲਾਂਟ ਜਾਂ ਹੋਰ ਵਸੀਅਤ ਸਾਹਮਣੇ ਆ ਹੀ ਜਾਂਦੀ ਹੈ ? ਬੇਅੰਤ ਸਿੰਹੁ ਦੇ ਕੇਸ ਨਾਲ ਜੋੜਣ ਵਾਲਿਓ ਹੁਣ ਸੋਚੋ ਇਨ੍ਹਾਂ ਈਮਾਨਦਾਰ ਪੁਲਸੀਆਂ ਕੋਲੋਂ ਅੱਜ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ !!!
ਡਰ - ਭੈਅ :- ਅਗਰ ਬੰਦਾ ਕੋਈ ਗੁਨਾਹ, ਪਾਪ ਜਾਂ ਮਾੜਾ ਕੰਮ ਕਰ ਬੈਠਦਾ ਹੈ ਤਾਂ ਮਨ 'ਚ ਡਰ ਭਰ ਜਾਂਦਾ ਹੈ ਕਿ ਅਗਰ ਮੈਂ ਇਹਨੂੰ ਨਾ ਮਾਰਿਆ ਤਾਂ ਏਨ੍ਹੇ ਮੈਨੂੰ ਮਰਵਾ ਦੇਣਾ ਹੈ ਜਾਂ ਮਾਰ ਦੇਣਾ ਹੈ । ਨਿੱਜੀ ਦੁਸ਼ਮਣੀ, ਜ਼ਰ – ਜ਼ੋਰੂ ਜਾਂ ਲਾਗ – ਡਾਟ ਕੋਈ ਨਹੀਂ ਇਨ੍ਹਾਂ ਇਮਾਨਦਾਰ ਪੁਲਸੀਆਂ ਜਾਂ ਖਾਲਿਸਤਾਨੀ ਜੁਝਾਰੂ ਸੂਰਮਿਆਂ ਦੀ ਬੇਅੰਤ ਸਿੰਹੁ ਨਾਲ !!!
ਪਦਵੀ :- ਉਚ ਅਹੁੱਦੇ ਤੇ ਆਉਣ ਲਈ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਅਗਰ ਕਿਸੇ ਨੂੰ ਕੋਈ ਇਹ ਕਹਿਕੇ ਤਿਆਰ ਕਰੇ ਕਿ ਚੀਫ ਮਨਿਸਟਰ ਨੂੰ ਮਾਰ ਦੇਵੇ ਤਾਂ ਤੈਨੂੰ ਇਸ ਪਦਵੀ ਤੇ ਬਿਠਾਇਆ ਜਾ ਸਕਦਾ ਹੈ, ਹਾਂ ਤੈਨੂੰ ਐਹ ਬੰਬਾਂ ਦੀ ਇੱਕ ਬੈਲਟ ਜਾਂ ਜਾਕਟ ਦਿੰਦੇ ਹਾਂ, ਬਸ ਤੂੰ ਉਹਦਾ ਬਟਨ ਹੀ ਦਬਾਉਣਾ ਹੈ ਤੇ ਉਹਦਾ ਕੰਮ ਹੋ ਜਾਣਾ ਹੈ ਤੇਰੇ ਲਈ ਕੁਰਸੀ ਖਾਲੀ, ਕਾਮਰੇਡੀ ਟਰੈਂਡ । ਅਸਲ 'ਚ ਅਸਲੀ ਪੁਲਸੀਏ, ਇਮਾਨਦਾਰ, ਅਣਖੀ ਤੇ ਧਰਮੀ ਤਾਂ ਏਦਾਂ ਦੇ ਹੁੰਦੇ ਹਨ, ਜੋ ਪਰਜਾ ਦੀ ਜਾਨ – ਮਾਲ ਦੀ ਰਖਵਾਲੀ ਲਈ ਆਪਾ ਵਾਰਕੇ ਇੰਝ ਕੁਰਬਾਨ ਹੁੰਦੇ ਹਨ । ਅਗਰ ਪੁਲਸੀਏ ਇਸ ਤਰ੍ਹਾਂ ਦੇ ਹੋਣ ਤਾਂ ਬੇਇਨਸਾਫੀਆਂ ਦਾ ਦੌਰ ਧੁਰ ਅੰਦਰੋਂ ਖਤਮ ਹੋ ਜਾਂਦਾ ਹੈ । ਜਦੋਂ ਵਾੜ ਹੀ ਖੇਤ ਖਾਣ ਲੱਗ ਜਾਵੇ ਤਾਂ ਆਪਾ ਵਾਰਕੇ ਸੱਚ ਸਾਬਤ ਕੀਤਾ ਜਾਂਦਾ ਹੈ । ਪਾਪੀ ਕੈ ਮਾਰਨੇ ਕੋ ਪਾਪੀ ਮਹਾਂਬਲੀ ਹੈ
ਹਾਂ ਵੀਰ ਬਲਜੀਤ ਬੱਲੀ ਜੀ, ਤੁਹਾਡੀ ਕਲਮ ਵੀ ਏਦਾਂ ਹੀ ਖੁਲਾਸਾ ਕਰਦੀ ਹੈ ? ਆਖਿਰ ਫਿਰ ਉਹ ਕਿਹੜੀ ਸ਼ੈਅ ਹੈ, ਜੋ ਲਾਲਚ ਵਿੱਚ ਵੀ ਨਹੀਂ ਆਉਂਦੀ, ਡਰ – ਭੈਅ ਵੀ ਨਹੀਂ ਮੰਨਦੀ ਤੇ ਪੱਦਵੀ ਦੀ ਵੀ ਮਨਸ਼ਾ ਨਹੀਂ ਰੱਖਦੀ, ਇਹ ਹੈ ਅਣਖ, ਗੈਰਤ ਤੇ ਸਚਾਈ ਜੋ ਧਰਮੀ ਕੋਲ ਹੁੰਦੀ ਹੈ । ਸਾਡਿਆਂ ਪੁਰਖਿਆਂ, ਗੁਰੂਆਂ, ਪੀਰਾਂ ਜਾਂ ਬਜ਼ੁਰਗਾਂ ਕਿਵੇਂ ਪੁਗਾਇਆ ਹੈ ਧਰਮ ਤੇ ਕਿਵੇਂ ਸੱਚ ਦੀ ਪਰਖ ਲਈ ਤੱਤੀ ਤਵੀ ਹੈ, ਆਰਾ ਹੈ, ਦੇਗ਼ ਹੈ, ਰੰਬੀ ਹੈ, ਟੋਕਾ ਹੈ, ਸਰਹਿੰਦ ਦੀਆਂ ਦੀਵਾਰਾਂ ਹਨ, ਫਿਰ ਬੋਲਦੀਆਂ ਹਨ, ਜਦ ਮੇਰੀ ਵਾਰੀ ਆਵੇਗੀ ਨਜ਼ਾਰਾ ਵੱਖਰਾ ਹੋਵੇਗਾ, ਵਰਤਾਰਾ ਵੱਖਰਾ ਹੋਵੇਗਾ । ਫਿਰ ਜ਼ੰਜ਼ੀਰਾਂ ਤੇ ਬੇੜੀਆਂ 'ਚ ਜਕੜਿਆ ਸੱਚ, ਬੁਜ਼ਦਿਲਾਂ ਤੇ ਕਾਇਰਾਂ ਦੀਆਂ ਗਿੱਦੜ ਭੱਵਕੀਆਂ ਦਾ ਜਵਾਬ ਬਥੇੜਾ ਭੰਨਕੇ ਦਿੰਦਾ ਹੈ, ਬੱਬਰ ਜਗਤਾਰ ਸਿੰਘ ਹਵਾਰਾ । ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹਨ । ਬੜ੍ਹਕਾਂ ਮਾਰਕੇ ਕਿਦਾੜਦਾ ਸੱਚ ਉਸ ਅਖੌਤੀ ਅਜ਼ਾਦੀ ਦੇ ਪ੍ਰਚੰਡੇ ਉਖੇੜਕੇ ਰੱਖ ਦਿੰਦਾ ਹੈ, ਉਨ੍ਹਾਂ ਅਖੌਤੀ ਸੰਵਿਧਾਨ ਦੀਆਂ ਧਾਰਾ ਨੂੰ ਸਾੜ ਦਿਓ, ਪਾੜ ਦਿਓ, ਜੋ ਮਜ਼ਲੂਮਾਂ ਦੇ ਹੱਕ ਖੋਹਕੇ ਸਿਰਫ ਆਪਣੀਆਂ ਤਿਜੌਰੀਆਂ ਭਰਦਾ ਹੈ । ਇਨਸਾਨੀਅਤ ਦੇ ਹੱਕਾਂ ਤੇ ਡਾਕੇ ਮਾਰਦਾ ਹੈ, ਜੋ ਮਜ਼ਲੂਮ, ਗਰੀਬ, ਮਜ਼ਦੂਰ, ਕਿਸਾਨ ਨੂੰ ਉਹਦਾ ਬਣਦਾ ਹੱਕ ਵੀ ਨਹੀਂ ਦਿੰਦਾ, ੬੫ ਸਾਲਾਂ ਦੀ ਅਜ਼ਾਦੀ ਦਾ ਨਿੱਘ ਦੇਣ ਵਾਲੀ ਅਜ਼ਾਦੀ ਨੂੰ ਇੰਝ ਘੂਰਦਾ ਹੈ :-
ਸੜਕਾਂ ਤੇ ਸੁੱਤਿਆਂ ਦੇ ਕੋਲੋਂ ਲੰਘ ਜਾਂਦੀ ਏ, ਕੁੱਤਿਆਂ ਕੋਲੋਂ ।
ਪਾਟੇ ਫਟੇ ਪੁਰਾਣੇ ਝੱਗੇ ਵੱਲ ਨਹੀਂ ਤਕਦੀ ।
ਝੁੱਗੀਆਂ ਦੇ ਵਿੱਚ ਸੌਣ ਵਾਲਿਆਂ,
ਸੜਕ ਤੇ ਫੜੀਆਂ ਲਾਉਣ ਵਾਲਿਆਂ,
ਭੁੱਖਿਆਂ ਰਾਤ ਲੰਘਾਉਣ ਵਾਲਿਆਂ ਵੱਲ ਨਹੀਂ ਤਕਦੀ ।
(ਐਸ. ਐਸ. ਗਿੱਲ 20.07.2010, www.sameydiawaaz.com)
ਹੁਣ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਸਭ ਦੇ ਸਾਹਮਣੇ ਹੀ ਹੈ । ਪ੍ਰੋ: ਭੁੱਲਰ ਨੂੰ ਇੱਕ ਸ਼ੱਕ ਦੀ ਬਣਾ ਤੇ ਅੱਤਵਾਦੀ ਕਹਿਕੇ ਫੜਿਆ, ਅਸਲ ਮੁਜ਼ਰਿਮ ਕਿੱਥੇ ਗਏ ਜਾਂ ਉਹ ਕੌਣ ਸਨ ! ਅੱਜ ਤੱਕ ਵੀ ਕੋਈ ਫੜਿਆ ਨਹੀਂ ਗਿਆ । ਪ੍ਰੋ: ਭੁੱਲਰ ਦੇ ਖਿਲਾਫ 133 ਗਵਾਹ ਭੁਗਤਦੇ ਹਨ, ਕੋਈ ਇੱਕ ਵੀ ਪਛਾਣ ਨਹੀਂ ਕਰ ਸਕਿਆ । ਤਿੰਨ ਜੱਜਾਂ ਦੇ ਬੈਂਚ ਚੋਂ ਮੁੱਖੀ ਜੱਜ ਐਮ. ਬੀ. ਸ਼ਾਹ ਫਾਂਸੀ ਦਾ ਵਿਰੋਧ ਕਰਦਾ ਹੈ । ਫਿਰ ਵੀ ਸਿੱਖਾਂ ਲਈ ਫਾਂਸੀ ਹੈ, ਕਿਉਂ ?
ਨਵੰਬਰ 1984 'ਚ ਸ੍ਰਕਾਰੀ ਗਿਣਤੀ ਮੁਤਾਬਿਕ ਮਾਰੇ ਗਏ ਸਿੱਖਾਂ ਦਿਆਂ ਕਾਤਲਾਂ ਨੂੰ ਰਾਜ ਗੱਦੀਆਂ ਅਤੇ ਸ੍ਰਕਾਰੀ ਸਹੂਲਤਾਂ, ਅੱਜ ਤਾਈਂ ਕਿਸੇ ਇੱਕ ਨੂੰ ਵੀ ਫਾਂਸੀ ਨਹੀਂ ਸਗੋਂ ਕਿਸ਼ੌਰੀ ਲਾਲ ਝਟਕਈ ਜਿਸਨੇ 35 ਸਿੱਖਾਂ ਨੂੰ ਆਪਣੇ ਛੁਰੇ ਨਾਲ ਕੋਹ – ਕੋਹ ਕੇ ਕਤਲ ਕੀਤਾ ਅਦਾਲਤ ਨੇ ਉਸਨੂੰ ਸੱਤ ਫਾਂਸੀਆਂ ਸੁਣਾਈਆਂ । ਬਾਅਦ ਵਿੱਚ ਉਸਦੀਆਂ ਸੱਤੇ ਫਾਂਸੀਆਂ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ । ਪਿੱਛੇ ਜਿਹੇ ਉਹਨੂੰ ਰਹਿੰਦੀ ਸਜਾ ਤੋਂ ਵੀ ਪਹਿਲਾਂ ਰਿਹਾਅ ਕਰਨ ਦੇ ਮਨਸੂਬੇ ਘੜ ਲਏ ਗਏ ਕਿ ਜੀ ਉਹਦਾ ਜੇਲ੍ਹ ਵਿੱਚ ਚਾਲ – ਚਲਣ ਬਹੁਤ ਵਧੀਆ ਹੈ ਅਤੇ ਉਹ ਹੁਣ ਬਹੁਤ ਸੁਧਰ ਗਿਆ ਹੈ ਪਰ ਜ਼ਬਰਦਸਤ ਵਿਰੋਧ ਹੋਣ ਤੇ ਉਹਦੀ ਰਿਹਾਈ ਰੋਕ ਲਈ ਗਈ ਤੇ ਇਹ ਮਨਸੂਬਾ ਫੇਲ੍ਹ ਹੋ ਗਿਆ । ਪ੍ਰੋ: ਭੁੱਲਰ ਨੂੰ ਮਾਨਸਿਕ ਤੌਰ ਤੇ ਰੋਗੀ ਬਣਾ ਦਿੱਤਾ ਗਿਆ, ਅਪਾਹਿਜ ਕਰ ਦਿੱਤਾ ਗਿਆ । ਹੁਣ ਸ਼ੱਕ ਦੀ ਸੂਈ ਉਹਦੇ ਰਹਿਮ ਤੇ ਚਾਲ – ਚੱਲਣ ਦਾ ਨਿਰਣਾ ਕਿਉਂ ਨਹੀਂ ਕਰਦੀ ?
ਵੀਰ ਬਲਜੀਤ ਬੱਲੀ ਜੀ, ਅਗਰ ਸਚਾਈ ਸਿਰਫ 1% ਹੀ ਸਾਹਮਣੇ ਲਿਆਉਣ ਦਾ ਉਪਰਾਲਾ ਸੀ, ਜਿਨ੍ਹਾਂ ਉਸ ਦਰਦ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ, ਜਿਨ੍ਹਾਂ ਨੂੰ ਪੰਜਾਬ 'ਚ ਹੋਇਆ ਕਤਲੇਆਮ ਆਪਣਿਆਂ ਦਾ ਲੱਗਾ ਤੇ ਸਚਾਈ ਪੱਖ ਦੀ ਸਿਰਫ ਇੱਕ ਦੋ ਘਟਨਾਵਾਂ ਦਾ ਹੀ ਅਜੇ ਜਿਕਰ ਆਇਆ ਹੈ, ਤਾਂ ਤੁਸੀਂ ਬੌਖਲਾ ਉਠੇ ਹੋ ਕਿ ਇਹ ਫਿਲਮ ਗਲਤ ਬਣੀ ਹੈ ਕਿ ਕਿਰਦਾਰ ਕਰਨ ਵਾਲਿਆਂ ਦੇ ਨਾਮ ਉਨ੍ਹਾਂ ਲੋਕਾਂ ਨਾਲ ਮਿਲਦੇ - ਜੁਲਦੇ ਹਨ, ਜੋ ਢੁੱਕਦੇ ਨਹੀਂ ਹਨ, ਜਿਹੜੇ ਅੱਤਵਾਦੀ ਹਨ ਜਾਂ ਐਕਸ਼ਨ ਬੇਅੰਤੇ ਵਾਲਾ ਪਹਿਲਾਂ ਹੋਇਆ ਸੀ । ਇਹ ਸਚਾਈ ਨਹੀਂ ਹੈ । ਹੁਣ ਤੁਹਾਡੀ ਸੋਚ ਤੇ ਸਵਾਲ ਖੜ੍ਹਾ ਹੁੰਦਾ ਹੈ ਜਾਂ ਤਰਕ ਹੈ ਕੀ ਅਗਰ ਫਿਲਮ ਮੇਕਰ ਐਕਸ਼ਨ ਬੇਅੰਤਾ ਪਹਿਲਾਂ ਦਿਖਾ ਦਿੰਦਾ ਤਾਂ ਕੀ ਫਿਰ ਸਚਾਈ ਸੀ ? ਫਿਰ ਤੁਹਾਨੂੰ ਲੱਗਣਾ ਸੀ ਕਿ ਫਿਲਮ ਹਕੀਕਤ ਦੇ ਆਧਾਰ ਤੇ ਬਣੀ ਹੈ । ਹਾਂ ਇੱਕ ਹੋਰ ਗੱਲ ਫਿਰ ਤਾਂ ਐਕਟਰਾਂ ਦੇ ਨਾਮ ਵੀ ਹਕੀਕਤ ਨਾਲ ਜੁੜੇ ਹੋਣੇ ਚਾਹੀਦੇ ਸਨ । ਫਿਕਰ ਨਾ ਕਰੋ ਜਦੋਂ ਹਕੀਕਤਾਂ ਦੇ ਇਤਿਹਾਸ ਲਿਖੇ ਜਾਂਦੇ ਜਾਂ ਵੀਰ ਜੀ ਤੁਹਾਡੇ ਵਰਗੇ ਬੁੱਧੀਮਾਨ ਲਿਖਾਰੀ ਹੀ ਸਚਾਈ ਤੱਥਾਂ ਨੂੰ ਤਵਾਰੀਖਾਂ ਵਿੱਚ ਬਦਲਦੇ ਹਨ !!!
ਵੀਰ ਜੀ, ਸ਼ਾਇਦ ਮੈਨੂੰ ਕੋਈ ਸਮਝਣ 'ਚ ਗਲਤੀ ਲੱਗੀ ਹੈ ਜਾਂ ਤੁਹਾਨੂੰ ਲਿਖਣ ਵਿੱਚ । ਤੁਸੀਂ ਲਿਖਿਆ ਹੈ :- 'ਕੁਲਜਿੰਦਰ ਸਿੱਧੂ ਅਤੇ ਦਿਨੇਸ਼ ਸੂਦ ਵੱਲੋਂ ਬਣਾਈ ਗਈ ਇਹ ਫ਼ਿਲਮ ਅੱਠਵੇਂ ਅਤੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਸੰਤਾਪ ਭਰੇ ਦੌਰ ਦੇ ਕੁਝ ਪੱਖਾਂ ਅਤੇ ਕੁਝ ਇੱਕ ਘਟਨਾਵਾਂ ਉੱਪਰ ਅਧਾਰਿਤ ਜਾਪਦੀ ਹੈ।'
ਲੇਖਕ ਸਾਹਿਬ ਜੀ, ਹੋ ਸਕਦਾ ਹੈ ਤੁਸੀਂ ਦਹਾਕੇ ਦੀ ਗਿਣਤੀ ਤੋਂ ਅਣਜਾਣ ਹੋ ਜਾਂ ਜਾਣ ਬੁੱਝਕੇ ਆਪਣੇ ਪਾਠਕਾਂ ਨੂੰ ਕਿਸੇ ਭੁਲੇਖੇ 'ਚ ਪਾਉਣ ਲਈ, ਅੱਠਵੇਂ - ਨੌਵੇਂ ਦਹਾਕੇ ਨਾਲ ਜੋੜਕੇ ਇੱਕ ਮਿਥਿਹਾਸ ਬਣਾਉਣ ਦੀ ਕੋਝੀ ਸਾਜਿਸ਼ ਹੈ ???
10 ਸਾਲ ਦਾ ਇੱਕ ਦਹਾਕਾ ਬਣਦਾ ਹੈ ਅਤੇ 10 ਦਹਾਕਿਆਂ ਦੀ ਇੱਕ ਸਦੀ (ਸ਼ਤਾਬਦੀ) ਬਣਦੀ ਹੈ ।
ਹੁਣ ਤੁਹਾਡੀ ਕਿਹੜੀ ਗੱਲ ਤੇ ਯਕੀਨ ਕਰੀਏ ???
ਬਲਜੀਤ ਬੱਲੀ ਜੀ, ਤੁਹਾਨੂੰ ਇਸ ਫਿਲਮ ਵਿੱਚ ਕਿਸੇ ਵੀ ਹਕੀਕਤ ਦੀ ਤਹਿ ਤੱਕ ਕੁੱਝ ਵੀ ਨਜ਼ਰ ਨਹੀਂ ਆਇਆ ਦੀ ਝਲਕ ਇੱਥੋਂ ਸਾਬਤ ਹੋ ਜਾਂਦੀ ਹੈ, ਜਦੋਂ ਤੁਸੀਂ ਕਹਿੰਦੇ ਹੋ, ਕਿ "ਸਾਡਾ ਹੱਕ ਫ਼ਿਲਮ ਦਾ ਵਿਸ਼ਾ ਪੰਜਾਬ ਦੇ ਉਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿੱਚ ਬਣਾਈ ਗਈ ਫ਼ਿਲਮ "ਮਾਚਿਸ" ਨਾਲ ਮਿਲਦਾ-ਜੁਲਦਾ ਹੈ। ਇਸਦਾ ਪ੍ਰੇਰਨਾ ਸਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾਂ ਦੇ ਸਾਥੀ ਲੱਗਦੇ ਹਨ। ਕਲਾਕਾਰੀ, ਗੋਂਦ ਅਤੇ ਡੂੰਘਾਈ ਪੱਖੋਂ ਦੇਖਿਆਂ "ਮਾਚਿਸ" ਦਾ ਮਿਆਰ ਕਿਤੇ ਉੱਚਾ ਸੀ। ਉਸ ਵਿੱਚ ਪਾਤਰਾਂ ਦੇ ਕਿਰਦਾਰ ਵੀ ਓਮ ਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ। ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ। ਦੂਜੇ ਪਾਸੇ "ਸਾਡਾ ਹੱਕ" ਫ਼ਿਲਮ ਦੀ ਅਪੀਲ ਧਾਰਮਿਕ ਅਤੇ ਜਜ਼ਬਾਤੀ ਵਧੇਰੇ ਹੈ।"
ਫਿਲਮ 'ਮਾਚਿਸ' ਵਿੱਚ ਜਿੱਡੇ ਉਚ ਕਿਰਦਾਰ ਦੇ ਐਕਟਰਾਂ ਦੀ ਵੀ ਗੱਲ ਕਰਕੇ ਤੁਸੀਂ ਆਪਣੀ ਹੀ ਸੋਚ ਨੂੰ ਕੁੱਝ ਹੋਰ ਨੀਵਾਂ ਵਿਖਾਉਣ ਦੇ ਖੁੱਦ ਹੀ ਜ਼ੁੰਮੇਵਾਰ ਹੋ । ਤੁਹਾਡੀ ਸੋਚ ਕਿਸੇ ਰੁਮਾਂਟਿਕ ਫਿਲਮ ਨੂੰ ਜ਼ਿਆਦਾ ਤਰਜੀਹ ਦਿੰਦੀ ਲਗਦੀ ਹੈ । ਇੱਥੇ ਕਿਸੇ ਵਾਪਰੇ ਦੁਖਾਂਤ ਦੀ ਦਾਸਤਾਨ ਹੈ । ਹੋ ਸਕਦਾ ਹੈ, ਕੋਈ ਫਨਕਾਰ ਜਾਂ ਕਲਾਕਾਰ ਹੋਰ ਵੀ ਵਧੀਆ ਢੰਗ ਨਾਲ ਆਪਣੇ ਪਿੰਡੇ ਤੇ ਹੰਢਾਇਆ ਦਰਦ ਵਧੀਆ ਢੰਗ ਨਾਲ ਵੀ ਪੇਸ਼ ਕਰ ਸਕਦਾ ਹੈ । ਅੱਜ ਦੇ ਅਖੌਤੀ ਕਲਾਕਾਰ ਜਾਂ ਫਨਕਾਰ, ਜਦੋਂ ਉਹਦੇ ਤੇ ਹਕੀਕਤ ਵਿੱਚ ਕੁੱਝ ਵਾਪਰਦਾ ਹੈ ਜਾਂ ਕੋਈ ਮੁਸੀਬਤ ਆਉਂਦੀ ਹੈ ਤਾਂ ਮਿਸਾਲ ਵਜੋਂ ਸ਼ਾਹਰੁੱਖ ਖਾਨ ਅਤੇ ਸੰਜੇ ਦੱਤ ਨੂੰ ਹੀ ਲੈ ਲੈਂਦੇ ਹਾਂ । ਇੱਕ ਸਹੀ ਨਾਟਕਕਾਰੀ ਕਰਨ ਵਾਲੇ ਫਨਕਾਰ ਬੜ੍ਹਕਾਂ ਮਾਰਦੇ ਹਨ, ਚੰਘਿਆੜਦੇ ਹਨ, ਕਦੇ ਸੰਜੂ ਬਾਬਾ, ਕਦੇ ਮੁੰਨਾ ਭਾਈ ਜਾਂ ਮਾਈ ਨੇਮ ਇਜ਼ ਖਾਨ, ਬੱਚਿਆਂ ਦੇ ਨਾਮ ਮਗਰ ਖਾਨ ਇਸ ਕਰਕੇ ਨਹੀਂ ਲਾਉਣਾ ਕਿਉਂਕਿ ਉਨ੍ਹਾਂ ਦਾ ਭਵਿੱਖ ਹਿੰਦੋਸਤਾਨ ਵਿੱਚ ਅਸੁਰੱਖਿਅਤ ਹੋਵੇਗਾ ਇਤਿਆਦਿ । ਹਕੀਕਤ ਵਿੱਚ ਹੁਣ ਸੰਜੇ ਦੱਤ ਨੂੰ ਵੇਖ ਲਉ ਕਿਵੇਂ ਤਰਲੇ ਕੱਢਦਾ, ਰੋਂਦਾ, ਕੁਰਲਾਉਂਦਾ, ਲਿਲਕੜੀਆਂ ਲੈਂਦਾ ਕਦੇ ਜਗਤਾਰ ਸਿੰਘ ਹਵਾਰਾ ਨਹੀਂ ਬਣ ਸਕਦਾ । ਗੁਰਬਾਣੀ ਵਿੱਚ ਵੀ ਇਨ੍ਹਾਂ ਨਾਟਕਕਾਰਾਂ ਦੀ ਹਕੀਕਤ ਬਿਆਨ ਹੈ :- "ਬਾਜੀਗਰ ਡੰਕ ਬਜਾਈ ॥ ਸਭ ਖਲਕ ਤਮਾਸੇ ਆਈ ॥ ਬਾਜੀਗਰ ਸ੍ਵਾਂਗੁ ਸਕੇਲਾ ॥ ਅਪਨੇ ਰੰਗ ਰਵੈ ਅਕੇਲਾ ॥੨॥"
ਵੀਰ ਜੀਓ, ਤੁਹਾਡੀ ਸੋਚ ਤੇ ਅਫਸੋਸ ਇਸ ਕਰਕੇ ਵੀ ਹੈ ਕਿ ਪਹਿਲਾਂ ਫਿਲਮ ਸਾਡਾ ਹੱਕ ਤੇ ਸੈਂਸਰ ਬੋਰਡ ਵਲੋਂ 6/7 ਮਹੀਨੇ ਪਾਬੰਦੀ ਲਾਈ ਗਈ, ਫਿਰ ਪੰਜਾਬ ਸ੍ਰਕਾਰ ਵਲੋਂ ਪਾਬੰਦੀ ਲਗਾਈ ਗਈ, ਜਿਸ ਤੇ ਸੁਪਰੀਮ ਕੋਰਟ ਵਲੋਂ ਫੈਸਲਾ ਲੈਂਦਿਆਂ ਹੋਇਆ ਇਹ ਪਾਬੰਦੀ ਹੁਣ ਉਠਾਈ ਗਈ ਹੈ । ਹੁਣ ਦੱਸੋ ਸੁਰੱਖਿਆ ਪ੍ਰਬੰਧਾਂ ਨੂੰ ਕੋਈ ਖਤਰਾ ਨਹੀਂ ?
ਕਾਨੂੰਨ ਨੂੰ ਛਿੱਕੇ ਟੰਗਦਾ ਹੈ, ਸੱਚ ਨੂੰ ਫਾਂਸੀ ਲਾਉਂਦਾ ਹੈ ।
ਅਦਾਲਤਾਂ ਦੇ ਕਟਹਿਰਿਆਂ 'ਚ ਪਰਖਦਾ ਸੱਚ ਅੱਜ ਹਾਕਮਾਂ ਦੀ ਬੋਲੀ ਬੋਲਦਾ ਹੈ ।
ਜੇਲ੍ਹਾਂ 'ਚ ਲਾਸ਼ਾਂ ਦੱਬਦਾ ਹੈ, ਨਹੀਂ ਪਹਿਲਾਂ ਘੁੰਡੀ ਖੋਹਲਦਾ ਹੈ ।
ਨਾ ਸਾਕ – ਸਬੰਧੀਆਂ ਨੂੰ ਮਿਲਣ ਦੇਵੇ, ਨਾ ਕਲਮੇ ਪੜ੍ਹਕੇ ਫੋਲਦਾ ਹੈ ।
ਇੱਕ ਚੀਫ ਮਨਿਸਟਰ ਰੋਂਦਾ ਹੈ, ਸਟੇਟ ਦੀ ਘੁੰਡੀ ਖੋਹਲਦਾ ਹੈ ।
ਜ਼ੋਰਾਂ – ਵਰਾਂ ਦਾ ਸੱਤੀ ਬੀਹ ਹੁੰਦਾ, ਸੌ – ਸੌ ਪਏ ਦੁੱਖੜੇ ਫੋਲਦਾ ਹੈ ।
ਸੱਚ ਚੜ੍ਹਦਾ ਤੱਕਿਆ ਸੂਲੀ ਤੇ, 'ਗਿੱਲ' ਡਰਦਾ ਫੇਰ ਨਾ ਬੋਲਦਾ ਹੈ ।
ਆਪ ਦਾ ਸ਼ੁਭਚਿੰਤਕ
ਸਤਨਾਮ ਸਿੰਘ ਬੱਬਰ ਜਰਮਨੀ
E-Mail: ssbabbar@web.de
28.04.2013

No comments: