ਹੁਸ਼ਿਆਰਪੁਰ. ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ
8 ਮਈ P ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐਸ. ਭਿੰਡਰ ਦੀ ਅਦਾਲਤ ਨੇ ਸਾਲੀ ਨਾਲ ਰਲ ਕੇ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਮਾਮਲੇ ਦੀ ਸੁਣਵਾਈ ਉਪਰੰਤ ਦੋਸ਼ੀ ਪਾਏ ਜੀਜਾ ਅਤੇ ਸਾਲੀ ਨੂੰ ਉਮਰ ਕੈਦ (ਪੂਰੀ ਜ਼ਿੰਦਗੀ) ਦੀ ਸਜ਼ਾ ਅਤੇ 1-1 ਲੱਖ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ | ਜੁਰਮਾਨਾ ਨਾ ਦੇਣ ਦੀ ਸੂਰਤ 'ਚ 2-2 ਸਾਲ ਦੀ ਹੋਰ ਸਜ਼ਾ ਕੱਟਣੀ ਹੋਵੇਗੀ | ਜ਼ਿਕਰਯੋਗ ਹੈ ਕਿ ਪਿੰਡ ਸਕਰੂਲੀ ਦੇ ਨਿਵਾਸੀ ਗੁਰਮੇਜ਼ ਪੁੱਤਰ ਮੰਗੂ ਰਾਮ ਨੇ 1 ਅਗਸਤ 2010 ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ 'ਚ ਦੱਸਿਆ ਸੀ ਉਸ ਨੇ ਆਪਣੀ ਬੇਟੀ ਮਾਇਆ ਦਾ ਛੇ ਸਾਲ ਪਹਿਲਾਂ ਵਿਆਹ ਜਵਾਈ ਸੰਦੀਪ ਕੁਮਾਰ ਪੱੁਤਰ ਕਸ਼ਮੀਰੀ ਲਾਲ ਵਾਸੀ ਗੜ੍ਹਸ਼ੰਕਰ ਨਾਲ ਕੀਤਾ ਸੀ | ਮਾਇਆ ਦੇ ਦਿਓਰ ਵਿਜੇ ਕੁਮਾਰ ਨੇ ਇੱਕ ਦਿਨ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਮਾਇਆ ਦੀ ਮੌਤ ਹੋ ਗਈ ਹੈ | ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਜਵਾਈ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦਾ ਮਾਇਆ ਦੇ ਨਾਲ ਅਕਸਰ ਝਗੜਾ ਰਹਿੰਦਾ ਸੀ | ਦੂਸਰੇ ਪਾਸੇ ਸੰਦੀਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੀ ਪਤਨੀ ਮਾਇਆ ਅਤੇ ਬੇਟੀ ਨਾਲ ਪਿੰਡ ਰਾਮਪੁਰ ਗਨੂੰਡਾ 'ਚ ਸਥਿਤ ਇੱਕ ਧਾਰਮਿਕ ਸਥਾਨ 'ਤੇ ਮੱਥਾ ਟਕਾਉਣ ਗਿਆ ਸੀ, ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਉਨ੍ਹਾਂ ਨੁੂੰ ਕੁੱਝ ਵਿਅਕਤੀਆਂ ਨੇ ਘੇਰ ਲਿਆ ਅਤੇ ਉਸ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਨੁੰੂ ਜਖ਼ਮੀ ਕਰ ਦਿੱਤਾ | ਪੁਲਿਸ ਨੇ 2 ਅਕਤੂਬਰ 2010 ਨੂੰ ਕਥਿਤ ਦੋਸ਼ੀ ਸੰਦੀਪ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਪਿੰਡ ਸ਼ੀਖੋਵਾਲ 'ਚ ਆਪਣੀ ਪਤਨੀ ਦੀ ਤੇਜ਼ ਹਥਿਆਰਾਂ ਨਾਲ ਹੱਤਿਆ ਕਰਕੇ ਆਪਣੇ ਆਪ ਨੂੰ ਵੀ ਜਖ਼ਮੀ ਕਰ ਲਿਆ ਸੀ | ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਇਹ ਕੰਮ ਆਪਣੀ ਸਾਲੀ ਹਰਪ੍ਰੀਤ ਕੌਰ ਦੇ ਕਹਿਣ 'ਤੇ ਕੀਤਾ ਸੀ | 4 ਅਕਤੂਬਰ 2010 ਨੂੰ ਪੁਲਿਸ ਨੇ ਹਰਪ੍ਰੀਤ ਕੌਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਸੀ |