ਅੰਬਾਲਾ/ਜਲੰਧਰ (ਜੁਗਿੰਦਰ ਸੰਧੂ)—ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਾੜਨ ਦੇ ਮਾਮਲੇ 'ਚ ਅੰਬਾਲਾ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਇਸ ਮਾਮਲੇ ਨੂੰ ਪੰਜਾਬ ਦੀ ਅਦਾਲਤ ਤੋਂ ਹਰਿਆਣਾ ਦੇ ਅੰਬਾਲਾ 'ਚ ਤਬਦੀਲ ਕੀਤਾ ਗਿਆ ਸੀ, ਜਿੱਥੇ ਸ਼ੁੱਕਰਵਾਰ ਨੂੰ ਮਾਣਯੋਗ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਭਨਿਆਰਾ ਵਾਲਾ ਦੇ ਨਾਲ 7 ਹੋਰ ਵਿਅਕਤੀਆਂ ਨੂੰ ਵੀ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ, ਜਦੋਂ ਕਿ ਇਸ ਤੋਂ ਇਲਾਵਾ 5 ਹੋਰ ਵਿਅਕਤੀਆਂ ਨੂੰ ਦੋਸ਼ ਮੁਕਤ ਕਰ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸਾੜੇ ਜਾਣ ਦਾ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਚਰਚਾ 'ਚ ਚੱਲਿਆ ਆ ਰਿਹਾ ਸੀ, ਜਦੋਂ ਕਿ ਭਨਿਆਰਾ ਵਾਲਾ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸ ਰਿਹਾ ਸੀ।
ਜ਼ਿਕਰਯੋਗ ਹੈ ਕਿ ਮੋਰਿੰਡਾ ਦੇ ਪਿੰਡ ਰਤਨਗੜ੍ਹ 'ਚ 12 ਜੁਲਾਈ, 2001 ਨੂੰ ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਸਮੇਤ 11 ਲੋਕਾਂ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਾੜੇ ਸਨ। ਇਹ ਮਾਮਲਾ ਸਾਹਮਣੇ ਆਉਣ 'ਤੇ ਸਿੱਖਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ।