www.sabblok.blogspot.com
ਚਮੋਲੀ : ਜੂਨ 'ਚ ਆਈ ਆਫ਼ਤ ਤੋਂ ਬਾਅਦ ਬੰਦ ਹੋਈ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਮੌਸਮ ਦੀ ਬਦਲੀ ਕਰਵਟ ਵਿਚਕਾਰ ਯਾਤਰਾ ਦੇ ਮੁੱਖ ਪੜਾਅ ਗੋਵਿੰਦਘਾਟ 'ਚ ਮੁੱਖ ਮੰਤਰੀ ਬਹੁਗੁਣਾ ਨੇ 250 ਸ਼ਰਧਾਲੂਆਂ ਦੇ ਜਥੇ ਨੂੰ ਸਿਰੋਪਾਓ ਭੇਟ ਕਰਕੇ ਪਵਿੱਤਰ ਗੁਰਦੁਆਰੇ ਨੂੰ ਰਵਾਨਾ ਕੀਤਾ। ਸ਼ਰਧਾਲੂਆਂ ਨਾਲ ਸਿੱਖ ਰੈਜੀਮੈਂਟ ਦੇ 200 ਜਵਾਨ ਵੀ ਭੇਜੇ ਗਏ ਹਨ। ਇਹ ਜਵਾਨ ਯਾਤਰਾ ਮੌਸਮ 'ਚ ਹੇਮਕੁੰਟ 'ਚ ਹੀ ਰੁਕਣਗੇ। ਯਾਤਰਾ 9 ਅਕਤੂਬਰ ਤਕ ਜਾਰੀ ਰਹੇਗੀ ਅਤੇ 10 ਅਕਤੂਬਰ ਨੂੰ ਹੇਮਕੁੰਟ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਇਸ ਦੌਰਾਨ ਹੋਣ ਵਾਲੇ ਸਮਾਗਮ 'ਚ ਅਲਕਨੰਦਾ ਨਦੀ ਕਾਰਨ ਹੋਈ ਤਬਾਹੀ ਤੋਂ ਸਬਕ ਲੈਂਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੋਵਿੰਦਘਾਟ 'ਚ ਨਦੀ ਦੇ ਦੋਵੇਂ ਪਾਸੇ ਸੁਰੱਖਿਆ ਕੰਧ ਬਣਾਈ ਜਾਵੇਗੀ, ਤਾਂਜੋ ਆਬਾਦੀ ਵਾਲਾ ਖੇਤਰ ਸੁਰੱਖਿਅਤ ਰਹਿ ਸਕੇ। ਰਵਾਨਾ ਕੀਤਾ ਗਿਆ ਸ਼ਰਧਾਲੂਆਂ ਦਾ ਜਥਾ ਰਾਤ ਨੂੰ ਘਾਂਘਰੀਆ 'ਚ ਆਰਾਮ ਕਰੇਗਾ ਅਤੇ ਐਤਵਾਰ ਸਵੇਰੇ ਹੇਮਕੁੰਟ ਪਹੁੰਚੇਗਾ। ਐਤਵਾਰ ਨੂੰ ਪਰੰਪਰਾ ਮੁਤਾਬਿਕ ਹੇਮਕੁੰਟ ਸਾਹਿਬ ਅਤੇ ਲਕਸ਼ਮਣ ਮੰਦਿਰ ਦੇ ਦਰਵਾਜ਼ੇ ਖੋਲ੍ਹੇ ਜਾਣਗੇ। ਇਸ ਦੇ ਲਈ ਹੇਮਕੁੰਟ ਸਾਹਿਬ ਗੁਰਦੁਆਰੇ ਅਤੇ ਲਕਸ਼ਮਣ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਡੇਢ ਸੌ ਸੇਵਾਦਾਰ ਅਤੇ ਲਕਸ਼ਮਣ ਮੰਦਿਰ ਦੇ 25 ਮੁੱਖ ਲੋਕ ਪਹਿਲਾਂ ਹੀ ਹੇਮਕੁੰਟ ਸਾਹਿਬ ਪਹੁੰਚ ਕੇ ਵਿਵਸਥਾਵਾਂ ਨੂੰ ਦਰੁਸਤ ਕਰ ਚੁੱਕੇ ਹਨ। ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਠਹਿਰਣ ਲਈ ਗੁਰਦੁਆਰੇ 'ਚ ਪੂਰੀ ਵਿਵਸਥਾ ਕੀਤੀ ਗਈ ਹੈ।
No comments:
Post a Comment