www.sabblok.blogspot.com
ਖਰੜ-ਕੁਰਾਲੀ ਸੜਕ ਉਤੇ ਪਿੰਡ ਘਟੌਰ ਨਜ਼ਦੀਕ ਅੱਜ ਸਵੇਰੇ 9.15 ਵਜੇ ਬਜਰੀ ਦੇ ਭਰੇ ਹੋਏ ਇਕ ਟਰੱਕ ਅਤੇ ਚੰਡੀਗੜ੍ਹ ਤੋਂ ਜਾ ਰਹੀ ਇਕ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਟੱਕਰ ਹੋ ਗਈ। ਟੱਕਰ ਐਨੀ ਜ਼ੋਰਦਾਰ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਮਗਰੋਂ ਇਸ ਕੌਮੀ ਮਾਰਗ ਉਤੇ ਵਾਹਨਾਂ ਦੀਆਂ ਦੂਰ-ਦੂਰ ਤਕ ਲੰਮੀਆਂ ਲਾਈਨਾਂ ਲੱਗ ਗਈਆਂ। ਹਾਦਸੇ ਵਿਚ ਮਰਨ ਵਾਲਿਆਂ ਵਿਚ ਕੁਰਾਲੀ ਦੇ ਰਹਿਣ ਵਾਲੇ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਸਮੇਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਨਿਲ ਜਿੰਦਲ, ਪਿੰਡ ਰਾਮਪੁਰ ਕਲਾਂ ਦੇ ਅਮਰਦੀਪ ਸਿੰਘ ਅਤੇ ਇਕ ਅਣਪਛਾਤੀ ਔਰਤ ਸ਼ਾਮਲ ਹਨ। ਰੋਡਵੇਜ਼ ਦੀ ਇਹ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ ਅਤੇ ਬਜਰੀ ਨਾਲ ਨੱਕੋ-ਨੱਕ ਭਰਿਆ ਇਕ ਟਰੱਕ ਖਰੜ ਨੂੰ ਆ ਰਿਹਾ ਸੀ। ਦੋਨਾਂ ਦੀ ਸਿੱਧੀ ਟੱਕਰ ਹੋਈ ਜਿਸ ਨਾਲ ਦੋਨਾਂ ਵਾਹਨਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਵੱਡੀ ਗਿਣਤੀ ਵਿਚ ਆਲੇ-ਦੁਆਲੇ ਦੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਾਹਰ ਕੱਢਿਆ। ਬੱਸ ਵਿਚ ਸਵਾਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਟੱਕਰ ਨਾਲ ਐਨੀ ਆਵਾਜ਼ ਆਈ ਜਿਵੇਂ ਬੰਬ ਫਟ ਗਿਆ ਹੋਵੇ। 5-7 ਮਿੰਟ ਤਾਂ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਇਹ ਕੀ ਹੋ ਗਿਆ। ਲੋਕ ਇਕ-ਦੂਜੇ ਉਤੇ ਡਿੱਗੇ ਹੋਏ ਸਨ। ਇਕ ਹੋਰ ਵਿਅਕਤੀ ਅਨਿਲ ਸ਼ਰਮਾ, ਜੋ ਚੰਡੀਗੜ੍ਹ ਤੋਂ ਜਲੰਧਰ ਜਾ ਰਿਹਾ ਸੀ, ਨੇ ਦੱਸਿਆ ਕਿ ਉਹ ਆਪਣੀ ਸੀਟ ਤੋਂ ਕਈ ਸੀਟਾਂ ਅੱਗੇ ਜ ਕੇ ਡਿੱਗਿਆ। ਹਰਪਾਲ ਸਿੰਘ, ਜੋ ਬਟਾਲਾ ਵੱਲ ਜਾ ਰਿਹਾ ਸੀ, ਨੇ ਦੱਸਿਆ ਕਿ ਇਹ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ।
ਖਰੜ ਸਿਵਲ ਹਸਪਤਾਲ ’ਚ ਕੁੱਲ 39 ਵਿਅਕਤੀ ਜ਼ਖਮੀ ਹਾਲਤ ਵਿਚ ਆਏ ਸੀ ਜਿਨ੍ਹਾਂ ਵਿਚੋਂ 10 ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਹੈ ਜਦੋਂਕਿ ਇਨ੍ਹਾਂ ਵਿਚੋਂ 3 ਦੀ ਮੌਤ ਹੋ ਗਈ। ਬਾਕੀ ਰਹਿ ਗਏ 26 ਮਰੀਜ਼ਾਂ ਨੂੰ ਇਥੇ ਦਾਖਲ ਕੀਤਾ ਗਿਆ। ਗੰਭੀਰ ਰੂਪ ਵਿਚ ਜ਼ਖਮੀ ਚਰਨ ਦਾਸ (ਬੱਸ ਦਾ ਡਰਾਈਵਰ), ਕਮਲ ਖੁਰਾਣਾ ਨਿਵਾਸੀ ਮੁਹਾਲੀ, ਮਨੀ ਰਾਮ, ਮੁੰਨਾ ਰਾਮ, ਜਸਪਾਲ ਕੌਰ ਨੂੰ ਪੀ.ਜੀ.ਆਈ. ਅਤੇ ਜੋਗਿੰਦਰ ਪਾਲ ਸ਼ਰਮਾ ਨੂੰ ਸੈਕਟਰ-16 ਦੇ ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਜ਼ਖਮੀਆਂ ਵਿਚ ਅੰਜੂ ਬਜਾਜ, ਸੁਰਜੀਤ ਸਿੰਘ, ਨਰਿੰਦਰ ਅਲੀ, ਰਣਧੀਰ ਸਿੰਘ, ਭਾਰਤੀ ਚੌਧਰੀ, ਦਰਸ਼ਨਾ, ਬਲਜੀਤ ਕੌਰ, ਰਾਜ ਕੁਮਾਰ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਲਹਿਣਾ ਸਿੰਘ, ਜੰਗਵੀਰ ਸਿੰਘ, ਅਨੀਤਾ, ਸੁਖਵੀਰ ਸਿੰਘ, ਅਮਰਦੀਪ ਕੌਰ, ਰਾਮ ਸਰੂਪ, ਲਾਇਕ ਰਾਮ, ਬਲਰਾਜ ਕੁਮਾਰ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ, ਮਨਜਿੰਦਰ ਕੌਰ, ਜਗਜੀਤ ਸਿੰਘ, ਨੀਰਜ ਸ਼ਰਮਾ, ਰਵਿੰਦਰਪਾਲ ਸ਼ਾਮਲ ਹਨ ਜਿਨ੍ਹਾਂ ਦਾ ਇਲਾਜ ਖਰੜ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ। ਖਰੜ ਪੁਲੀਸ ਨੇ ਟਰੱਕ ਐਚ.ਆਰ.-37ਸੀ-4951 ਦੇ ਡਰਾਈਵਰ ਵਿਰੁੱਧ ਧਾਰਾ 279/ 337/338/427 ਅਤੇ 304 ਏਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਪੰਜਾਬ ਰੋਡਵੇਜ਼ ਦੀ ਬੱਸ ਪੀ.ਬੀ.-12ਐਨ-0748 ਦੇ ਕੰਡਕਟਰ ਰਣਧੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਆਪਣੀ ਬੱਸ ਲੈ ਕੇ ਅੰਮ੍ਰਿਤਸਰ ਨੂੰ ਚੱਲੇ ਸੀ ਤੇ ਜਦੋਂ ਉਹ ਰਿਆਤ ਅਤੇ ਬਾਹਰਾ ਕਾਲਜ ਨਜ਼ਦੀਕ ਸਨ ਤਾਂ ਉਨ੍ਹਾਂ ਦੀ ਬੱਸ ਨੂੰ ਇਕ ਕਾਰ ਨੇ ਓਵਰਟੇਕ ਕੀਤਾ। ਇੰਨੇ ਨੂੰ ਸਾਹਮਣੇ ਤੋਂ ਟਰੱਕ ਦਾ ਡਰਾਈਵਰ, ਜੋ ਕਿਸੇ ਹੋਰ ਵਹੀਕਲ ਨੂੰ ਓਵਰਟੇਕ ਕਰਦਾ ਹੋਇਆ ਆਇਆ ਸੀ, ਨੇ ਟਰੱਕ ਨੂੰ ਬੱਸ ਵਿਚ ਮਾਰਿਆ।
-
No comments:
Post a Comment