www.sabblok.blogspot.com
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਸ਼ੇਸ਼ ਸਨਅਤੀ ਪੈਕੇਜ ਦੇਣ ਤੋਂ ਕੋਰੀ ਨਾਂਹ ਕਰ ਦਿੱਤਾ ਹੈ। ਇਸ ਸਬੰਧ 'ਚ ਸਨਅਤ ਮੰਤਰੀ (ਹੁਣ ਸਥਾਨਕ ਸਰਕਾਰਾਂ ਦੇ ਮੰਤਰੀ) ਅਨਿਲ ਜੋਸ਼ੀ ਕੇਂਦਰ ਸਰਕਾਰ ਨਾਲ ਲਗਾਤਾਰ ਖ਼ਤੋ-ਖ਼ਿਤਾਬਤ ਕਰ ਰਹੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਖ਼ਤ ਲਿਖ ਕੇ ਕਿਹਾ ਕਿ ਪੰਜਾਬ ਨੂੰ ਪਹਾੜੀ ਸੂਬਿਆਂ ਦੀ ਤਰ੍ਹਾਂ ਵਿਸ਼ੇਸ਼ ਰਿਆਇਤਾਂ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਸਨਅਤੀ ਤੌਰ 'ਤੇ ਪੱਛੜੇਪਨ ਦੀਆਂ ਸ਼ਰਤਾਂ ਪੰਜਾਬ 'ਤੇ ਲਾਗੂ ਨਹੀਂ ਹੁੰਦੀਆਂ। ਕੇਂਦਰ ਦੇ ਇਸ ਖ਼ਤ 'ਤੇ ਜੋਸ਼ੀ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਨੂੰ ਪੰਜਾਬ ਨਾਲ ਅਜਿਹਾ ਵਿਤਕਰੇ ਵਾਲਾ ਵਿਵਹਾਰ ਬੰਦ ਕਰਨਾ ਚਾਹੀਦਾ ਹੈ। ਜੋਸ਼ੀ ਨੇ ਕਿਹਾ ਕਿ ਭਾਰਤ ਵਾਸੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਚੋਣਾਂ ਪੂਰੇ ਦੇਸ਼ ਲਈ ਕਰਵਾਈਆਂ ਗਈਆਂ ਹਨ, ਪਰ ਬਹੁਤ ਦੱੁਖ ਦੀ ਗੱਲ ਹੈ ਕਿ ਯੂਪੀਏ ਸਰਕਾਰ ਗ਼ੈਰ- ਕਾਂਗਰਸੀ ਹੁਕਮਰਾਨ ਸੂਬਿਆਂ ਲਈ ਵੱਖਰੇ ਮਾਪਦੰਡ ਅਪਣਾ ਰਹੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਦੇ ਮਤਰਏ ਵਿਵਹਾਰ ਦੇ ਕਾਰਨ ਹੀ ਕਾਂਗਰਸ ਸ਼ਾਸਿਤ ਰਾਜਾਂ ਜਿਵੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਪੈਕੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਰਾਜ ਦੇ ਸਰਹੱਦੀ ਜ਼ਿਲ੍ਹਆਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਲਈ ਕੇਂਦਰੀ ਵਣਜ ਮੰਤਰੀ ਆਨੰਦ ਸ਼ਰਮਾ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੇ ਸਨ ਕਿਉਂਕਿ ਅੱਤਵਾਦ ਦੌਰਾਨ ਇਨ੍ਹਾਂ ਜ਼ਿਲ੍ਹਆਂ ਦੀ ਸਨਅਤ ਦਾ ਬਹੁਤ ਨੁਕਸਾਨ ਹੋਇਆ ਸੀ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਜ਼ਰਅੰਦਾਜ਼ ਕਰਕੇ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਆਪਣੀ ਉਦਾਰਵਾਦੀ ਸਨਅਤੀ ਨੀਤੀ ਦਾ ਐਲਾਨ ਕਰਕੇ ਕਈ ਰਿਆਇਤਾਂ ਦਿੱਤੀਆਂ ਹਨ। ਜਦਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗੁਆਂਢੀ ਸੂਬਿਆਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਪੰਜਾਬ ਨੂੰ ਨਹੀਂ।
No comments:
Post a Comment