www.sabblok.blogspot.com
ਬੱਲੇ ਨਾਲ ਕਦੇ ਵਿਰੋਧੀਆਂ ਦੇ ਛੱਕੇ ਛੁਡਾਉਂਣ ਵਾਲਾ ਤੇ ਟੀ.ਵੀ. ਚੈਨਲਾਂ ‘ਤੇ ‘ਠੋਕੋ ਤਾੜੀ’ ਦਾ ਨਾਅਰਾ ਲਾਉਂਣ ਵਾਲਾ ਸਾਂਸਦ ਨਵਜੋਤ ਸਿੱਧੂ ਸਿਆਸੀ ਮੇਲੇ ਵਿਚ ਅੱਜ ਅਲੱਗ-ਥਲੱਗ ਪੈ ਗਿਆ ਹੈ। ਰਾਜਨਾਥ ਸਿੰਘ ਵੱਲੋਂ ਵੀ ਕੋਈ ਪਾਜ਼ਟਿਵ ਰਿਸਪਾਂਸ ਨਾ ਮਿਲਣ ‘ਤੇ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਸਿੱਧੂ ਦੀ ਪਾਰੀ ਦਾ ਅੰਤ ਹੋ ਗਿਐ। ਕੁਝ ਦਿਨਾਂ ਤੱਕ ਸ਼ਬਦੀ-ਬਾਣ ਚਲਾਉਂਣ ਤੋਂ ਬਾਅਦ ਸਿੱਧੂ ਸਾਬ ਮੌਨ ਧਾਰ ਗਏ ਹਨ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹੁਣ ਸਿੱਧੂ ਨੂੰ ਨਾ ‘ਆਪਣਿਆਂ’ ਤੋਂ ਆਸ ਰਹੀ ਹੈ ਤੇ ਨਾ ‘ਬੇਗਾਨਿਆਂ’ ਕੋਲੋਂ ਰਹਿਮ ਦੀ ਉਮੀਦ। ‘ਸਿਕਸਰ ਸਿੱਧੂ’ ਤੇ ‘ਸ਼ੇਰੀ ਭਾਜੀ’ ਦਾ ਨਾਵਾਂ ਨਾਲ ਮਸ਼ਹੂਰ ਨਵਜੋਤ ਸਿੱਧੂ ਨੇ 1998 ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਕੇ, ਕੁਮੈਂਟਰੀ ਕਰਦਿਆਂ 2004 ਵਿਚ ਸਿਆਸੀ ਸਫ਼ਾਂ ‘ਚ ਪੈਰ ਧਰਿਆ, ਪਰ ਜੋ ਪ੍ਰਸਥਿਤੀਆਂ ਅੱਜ ਸਿੱਧੂ ਦੇ ਸਨਮੁੱਖ ਖੜੀਆਂ ਹਨ, ਉਹ ਕ੍ਰਿਕਟ ਦੇ ਮੈਦਾਨ ਵਿਚ ਵਿਰੋਧੀਆਂ ਦੀਆਂ ਤੂਫ਼ਾਨੀ ਗੇਂਦਾਂ ਤੋਂ ਕਿਤੇ ਔਖੀਆਂ ਹਨ। ਸਿੱਧੂ ਜਦੋਂ ਸਿਆਸਤ ਦੇ ਰਣ ‘ਚ ਕੁੱਦਿਆ ਸੀ ਤਾਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਅੰਬਰਸਰੀਆਂ ਦੇ ਨੈਣਾਂ ‘ਚ ਇਹ ਉਮੀਦ ਜਗੀ ਸੀ ਕਿ ਸਿੱਧੂ ਠੀਕ ਉਸੇ ਤਰਾ ਪੰਜਾਬ ਦੀ ਦਸ਼ਾ ਬਦਲ ਦੇਂਣਗੇ ਜਿਵੇਂ ਉਹ ਅਪਣੀ ਬੱਲੇਬਾਜ਼ੀ ਨਾਲ ਭਾਰਤੀ ਪਾਰੀ ਦੀ ਬਦਲ ਦਿਆ ਕਰਦੇ ਸਨ। ਸਿੱਧੂ ਨੂੰ ਜਦੋਂ ਇਕ ਕੇਸ ਦੇ ਚਲਦਿਆਂ ਅਸਤੀਫਾ ਦੇਣਾ ਪਿਆ ਤਾਂ ਉਸ ਸਮੇਂ ਵੀ ਲੋਕਾਂ ਨੇ ਸਿੱਧੂ ‘ਤੇ ਭਰੋਸਾ ਕਾਇਮ ਰੱਖਿਆ ਤੇ ਮਝੈਲਾਂ ਨੇ 2009 ਵਿਚ ਸਿੱਧੂ ਨੂੰ ਅਮ੍ਰਿਤਸਰ ਸੀਟ ਤੋਂ ਮੁੜ ਚੁਣ ਦਿੱਤਾ। ਇਹੀ ਨਹੀਂ ਉਨ੍ਹਾਂ ਦੀ ਧਰਮ ਪਤਨੀ ਨੂੰ ਵੀ ਅਮ੍ਰਿਤਸਰ ਦੇ ਲੋਕਾਂ ਨੇ ਵਧਾਇਕ ਬਣਾਇਆ। ਪਰ ਇਸ ਤੋਂ ਬਾਅਦ ਸਿੱਧੂ ਨਾ ਤਾਂ ਆਪਣੇ ਚੋਣ ਖੇਤਰ ਨੂੰ ਸਮਾਂ ਦੇ ਸਕਿਆ ਤੇ ਨਾ ਹੀ ਪੰਜਾਬ ਦੀ ਸਰਗਰਮ ਸਿਆਸਤ ਨੂੰ। ਹੋਰ ਤਾਂ ਹੋਰ ਸਿੱਧੂ ਨੇ ਸੰਸਦ ਵਿਚ ਵੀ ਜਾਣ ‘ਚ ਦੱਬ ਕੇ ਕੰਜੂਸੀ ਵਰਤੀ। 2009 ਤੋਂ ਸਤੰਬਰ 2013 ਤੱਕ ਲੋਕ ਸਭਾ ਦੇ 14 ਸ਼ੈਸਨਾਂ ਦੀਆਂ 340 ਦਿਨਾਂ ਦੀਆਂ ਬੈਠਕਾਂ ਵਿਚ ਉਹ 249 ਦਿਨ ਗਾਇਬ ਰਿਹਾ। ਹਾਂ, ਟੈਲੀਵਿਜ਼ਨ ਸ਼ੋਅ ਹੋਂਣ ਜਾਂ ਸਟਾਰਾਂ ਦੀਆਂ ਪਾਰਟੀਆਂ ਸਿੱਧੂ ਦੀ ਹਾਜ਼ਰੀ ਉੱਥੇ ਨਿਰੰਤਰ ਬਣੀ ਰਹੀ। 2014 ਦੀਆਂ ਚੋਣਾਂ ਸਿਰ ‘ਤੇ ਆਈਆਂ ਤਾਂ ਸਿੱਧੂ ਨੂੰ ਅਮ੍ਰਿਤਸਰ ਦਾ ਚੇਤਾ ਆਇਆ ਕਿ ਕੋਈ ਉਡੀਕ ਰਿਹਾ ਹੈ। ਸਿੱਧੂ ਨੇ ਸਤੰਬਰ ਦੇ ਮੱਧ ਵਿਚ ਅਮ੍ਰਿਤਸਰ ਪਰਤਣ ਦਾ ਪ੍ਰੋਗਰਾਮ ਬਣਾਇਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਦੋਂ ਤੱਕ ‘ਕਾਲੀ ਕਿੱਲ ਠੋਕ ਚੁੱਕੇ ਸਨ। ਸਿੱਧੂ ਦੇ ਸਵਾਗਤ ‘ਚ ਜੋ ਪ੍ਰੋਗਰਾਮ ਰੱਖਿਆ ਗਿਆ, ਉਹ ਸਿੱਧੂ ਦੀਆਂ ਅੱਖਾਂ ਖੋਲ੍ਹ ਗਿਆ। ਖਾਲ੍ਹੀ ਪਈਆਂ ਕੁਰਸੀਆਂ ਨੇ ਸਿੱਧੂ ਦੇ ਕੰਨ ‘ਚ ਕਹਾਣੀ ਬਿਆਨ ਕਰ ਦਿੱਤੀ ਕਿ ‘ਕਾਲੀ ਹੁਣ ਵਿਰੋਧ ‘ਚ ਕੌਡੀ ਪਾਉਂਣ ਲਈ ਤਿਆਰ ਹਨ। ਸਿੱਧੂ, ਜਿਸ ਚੀਜ਼ ਲਈ ਮਸ਼ਹੂਰ ਸੀ, ਉਸ ਨੇ ਬਿਆਨਬਾਜ਼ੀ ਦਾ ਸਹਾਰਾ ਲਿਆ ਤੇ ਦੁਹੱਥੜ ਮਾਰ ਕੇ ਦੁਆਹੀ ਦਿੱਤੀ ਕਿ ਉਸ ਦੀ ਸਰਕਾਰ ਹੀ ਉਸ ਨੂੰ ਨੁੱਕਰੇ ਲਾ ਰਹੀ ਹੈ। ਏਨੀ ਗੱਲ ਕਹਿਣ ਦੀ ਦੇਰ ਕਿ ‘ਬਾਦਲਾਂ’ ਨੇ ਅਮ੍ਰਿਤਸਰ ਵਿਚ 2000 ਕਰੋੜ ਦੇ ਮਸਾਟਰ ਪਲਾਨ ਦਾ ਨੀਂਹ ਪੱਥਰ ਜਾ ਗੱਡਿਆ। ਫ਼ਰਕ ਹੋਰ ਵੱਧ ਗਏ। ਸੁਲ੍ਹਾ ਦੀ ਕੋਸ਼ਿਸ਼ ਹੋਈ ਤਾਂ ਸੁਖਬੀਰ ਬਾਦਲ ਨਾਂਹ ਵਿਚ ਸਿਰ ਮਾਰ ਗਏ। ਆਖਰੀ ਆਸ ਰਾਜਨਾਥ ਸਿੰਘ ਦੀ ਫੇਰੀ ਸੀ, ਪਰ ਇੱਥੇ ਵੀ ਕੋਈ ਦਾਲ ਨਾ ਗਲੀ। ਹੁਣ ਸਿੱਧੂ ਉਸ ਮੋੜ ‘ਤੇ ਖੜਿਆ ਹੈ, ਜਿੱਥੇ ਉਸ ਦੇ ਨਾਲ ਫਰਜ਼ ਨਿਭਾਉਂਦੀ ਉਸ ਦੀ ਪਤਨੀ ਤੋਂ ਇਲਾਵਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ। ਸਿਆਸੀ ਮਾਹਿਰ ਇਸ ਨੂੰ ਸਿੱਧੂ ਦੀ ਸਿਆਸੀ ਓਪਨਿੰਗ ਪਾਰੀ ਦਾ ਭੋਗ ਮੰਨ ਰਹੇ ਹਨ। ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਅਮ੍ਰਿਤਸਰ ਸੀਟ ਤੋਂ ਸਿੱਧੂ ਦਾ ਪੱਤਾ ਕੱਟਿਆ ਜਾ ਚੁੱਕਾ ਹੈ ਤੇ ਅਕਾਲੀ ਦਲ ਂਿÂਸ ਸੀਟ ‘ਤੇ ਚੋਣ ਲੜਨ ਦੀ ਤਿਆਰੀ ਵੀ ਸ਼ੁਰੂ ਕਰ ਚੁੱਕਾ ਹੈ, ਅਮ੍ਰਿਤਸਰ ਨੂੰ 2000 ਕਰੋੜ ਦਾ ਮਾਸਟਰ ਪਲਾਨ ਦੇਣਾ ਚੋਣ ਮੁਹਿੰਮ ਦੇ ਆਗਾਜ਼ ਦਾ ਹਿੱਸਾ ਸੀ । ਵੈਸੇ, ਇਸ ਗੱਲ ਵਿਚ ਵਜ਼ਨ ਨਜ਼ਰ ਆਉਂਦਾ ਹੈ ਕਿਉਂਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਸ਼ਹਿਰ ਅਮ੍ਰਿਤਸਰ ਨੂੰ ਕੌਂਣ ਆਪਣੇ ਝੰਡੇ ਥੱਲੇ ਕਰਨਾ ਨਾ ਚਾਹੇਗਾ। ਨਾਲੇ, ਹੁਣ ਸਿੱਧੂ ਨਾਲੋਂ ਅਕਾਲੀਆਂ ਦਾ ਧਾਗਾ ਟੁੱਟ ਚੁੱਕਾ ਹੈ, ਜੁੜ ਵੀ ਗਿਆ ਗੰਢ ਜ਼ਰੂਰ ਰਹੇਗੀ। ਸੁਖਬੀਰ ਬਾਦਲ ਤੇ ਮਜੀਠੀਆ ਤਾਂ ਬਹੁਤ ਸਖਤ ਬੋਲ ਦਾਗ ਚੁੱਕੇ ਹਨ। ਸਿੱਧੂ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਹ ਆਪਣੇ ਆਪਣੇ ਹਲਕੇ ਦੇ ਵੋਟਰਾਂ ਦਾ ਯਕੀਨ ਗਵਾ ਚੁੱਕਿਐ। ਦੂਜਾ, ਹੁਣ ਸਿੱਧੂ ਜਿੱਥੋਂ ਮਰਜ਼ੀ ਚੋਣ ਲੜ ਲਵੇ ‘ਕਾਲੀ ਉਸ ਨੂੰ ਠਿੱਬੀ ਜ਼ਰੂਰ ਲਾਉਂਣਗੇ। ਸੀਨੀਅਰ ਬਾਦਲ ਵੀ ਸਾਰੀ ਸੁੱਟ ਜੂਨੀਅਰ ਬਾਦਲ ‘ਤੇ ਸੁੱਟ ਕੇ ਖੁਦ ਨੂੰ ਅਸੱਮਰਥ ਸਿੱਧ ਕਰ ਚੁੱਕੇ ਹਨ। ਭਾਜਪਾ ਵੀ ਸਿੱਧੂ ਬਦਲੇ ਗਠਜੋੜ-ਧਰਮ ਨੂੰ ਦਾਅ ‘ਤੇ ਲਾਉਂਣ ਦੀ ਭੁੱਲ ਕਰਨ ਦੇ ਮੂਡ ਵਿਚ ਨਹੀਂ ਹੈ। ਪੰਜਾਬ ਇੰਚਾਰਜ਼ ਸ਼ਾਂਤਾ ਕੁਮਾਰ ਦਾ ਅਕਾਲੀ ਦਲ ਦੇ ਹੱਕ ‘ਚ ਬਿਆਨ ਦੇਂਣਾ ਇਸ ਗੱਲ ‘ਤੇ ਮੋਹਰ ਹੈ ਕਿ ਸਿੱਧੂ ਲਈ ਰਸਤਾ ਕੰਡਿਆਂ ਨਾਲ ਭਰਪੂਰ ਹੈ। ਉਧਰ ਪੀ ਪੀ ਪੀ ਤੇ ਕਾਂਗਰਸ ਸਿੱਧੂ ਦੀ ਆਪਣੇ ਪਾਲੇ ‘ਚ ਆਉਂਣ ਲਈ ਘਿਉ ਦੇ ਦੀਵੇ ਬਾਲ ਰਹੀਆਂ ਹਨ। ਪਰ ਸਿੱਧੂ ਲਈ ਫੈਸਲਾ ਲੈਣਾ ਆਖਰੀ ਗੇਂਦ ‘ਤੇ ਸੱਤ ਰਨ ਬਨਾਉਂਣ ਦੇ ਬਰੋਬਰ ਹੋਵੇਗਾ।
ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307
No comments:
Post a Comment