www.sabblok.blogspot.com
ਤਰਨਤਾਰਨ – ਮਾਝਾ ਖੇਤਰ ਦੇ ਬਲਾਕ ਨੌਸ਼ਹਿਰਾ ਪੰਨੂੰਆਂ ਵਿਖੇ ਸਾਬਕਾ ਐੱਮ. ਪੀ. ਜਥੇ. ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ ਕੌਮੀ ਪ੍ਰਧਾਨ ਸਿੱਖ ਮੂਵਮੈਂਟ, ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ, ਜਥੇ. ਸਤਨਾਮ ਸਿੰਘ ਮਨਾਵਾਂ, ਜ਼ਿਲਾ ਪ੍ਰਧਾਨ ਜਥੇ. ਕਰਮ ਸਿੰਘ ਭੋਈਆਂ ਤੇ ਉਨ੍ਹਾਂ ਦੇ ਅਕਾਲੀ ਜਥੇਦਾਰਾਂ ਦੀ ਟੀਮ ਵਲੋਂ ਅਣਥੱਕ ਯਤਨਾਂ ਸਦਕਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ ਕਰਵਾਈ ਗਈ ਇਨਸਾਫ ਰੈਲੀ ਜਿਸ ਵਿਚ ਹਜ਼ਾਰਾਂ ਦੇ ਆਏ ਇਕੱਠ ਦੇ ਹੜ੍ਹ ਤੋਂ ਗਦਗਦ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੋ 2 ਰਾਜਨੀਤਕ ਪਾਰਟੀਆਂ ਅਕਾਲੀ ਦਲ ਬਾਦਲ ਤੇ ਕਾਂਗਰਸ ਹਨ, ਇਨ੍ਹਾਂ ਨੇ ਤਾਂ ਸਿੱਖਾਂ ਦੀ ਪੱਗ ਰੋਲ ਕੇ ਰੱਖ ਦਿੱਤੀ ਹੈ ਅਤੇ ਹਿੰਦੂਆਂ ਦੇ ਮੰਦਰ ਢਾਹੁਣ ਤੇ ਸਿੱਖਾਂ ਦੇ ਗੁਰਦੁਆਰਿਆਂ ‘ਤੇ ਹਮਲੇ ਕਰਨ ਤੋਂ ਵੀ ਬਾਜ਼ ਨਹੀਂ ਆਏ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਬਹਾਦਰ ਪੰਜਾਬੀਆਂ ਨੂੰ ਗੁਲਾਮਾਂ ਵਾਂਗ ਰਹਿਣਾ ਪਸੰਦ ਨਹੀਂ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ’84 ਸਮੇਂ ਕਾਂਗਰਸ ਵਲੋਂ ਕੀਤੇ ਗਏ ਜ਼ਖਮ ਅਜੇ ਰਿਸ ਰਹੇ ਹਨ ਤੇ ਅਕਾਲੀ ਧਰਮ ਦਾ ਬੁਰਕਾ ਪਾ ਕੇ ਇਨ੍ਹਾਂ ਜ਼ਖਮਾਂ ਨੂੰ ਹੋਰ ਡੂੰਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਚਾਹੁੰਦੇ ਹਨ ਪਰ ਬਾਦਲਾਂ ਨੇ ਪੰਜਾਬ ਨੂੰ ਜੰਗਲ ਰਾਜ ‘ਚ ਬਦਲ ਕੇ ਰੱਖ ਦਿੱਤਾ ਹੈ ਜਿਸ ਨੂੰ ਸੱਤਾ ਤੋਂ ਲਾਹੁਣ ਲਈ ਤੀਸਰਾ ਬਦਲ ਲਿਆਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਬਾਦਲਾਂ ਵਲੋਂ ਸਿੱਖਾਂ ਦੀ ਦੁਸ਼ਮਣ ਭਾਜਪਾ ਨਾਲ ਸਾਂਝ ਨੂੰ ਪੰਜਾਬੀਆਂ ਲਈ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਅੰਮ੍ਰਿਤਸਰ ਨੂੰ ਸੂਬੇ ‘ਚ ਸਰਕਾਰ ਬਣਾਉਣ ਦਾ ਇਕ ਮੌਕਾ ਦਿਓ ਤਾਂ ਜੋ ਪਾਰਟੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਲੋਕਾਂ ਨੂੰ ਇਨਸਾਫ ਦਿਵਾ ਸਕੇ। ਇਸ ਮੌਕੇ ਜਥੇ. ਮੰਡ ਤੇ ਉਪਰੋਕਤ ਲੀਡਰਸ਼ਿਪ ਨੇ ਸੰਬੋਧਨ ਕਰਦਿਆਂ ਕਾਂਗਰਸ ਤੇ ਅਕਾਲੀਆਂ ‘ਤੇ ਦੋਸ਼ ਲਾਇਆ ਕਿ ਉਹ ਘੱਟਗਿਣਤੀ ਦੀ ਰਾਖੀ ਕਰਨ ਤੋਂ ਅਸਮਰੱਥ ਰਹੀਆਂ ਹਨ। ਇਸ ਮੌਕੇ ਪਾਰਟੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਵੱਖ-ਵੱਖ ਪਾਸ ਕੀਤੇ ਮਤਿਆਂ ਦਾ ਵੀ ਖੁਲਾਸਾ ਕੀਤਾ। ਇਸ ਮੌਕੇ ਪਾਰਟੀ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਪੰਡਾਲ ‘ਚ 60 ਹਜ਼ਾਰ ਲੋਕਾਂ ਦੇ ਆਉਣ ਦਾ ਖੁਲਾਸਾ ਵੀ ਕੀਤਾ।
No comments:
Post a Comment