www.sabblok.blogspot.com
ਚੰਡੀਗੜ੍ਹ : ਜੰਮੂ ਦੇ ਸਾਂਬਾ ਇਲਾਕੇ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਮੁਕਾਬਲੇ 'ਚ ਚੰਡੀਗੜ੍ਹ ਦੇ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦੇ ਹੀ ਸ਼ਹਿਰ 'ਚ ਸੰਨਾਟਾ ਛਾ ਗਿਆ। ਫੌਜੀ ਪਰਿਵਾਰ ਨਾਲ ਜੁੜੇ ਬਿਕਰਮ ਦੀ ਸੈਕਟਰ 18 ਦੀ ਕੋਠੀ ਨੰਬਰ 210 'ਚ ਉਨ੍ਹਾਂ ਦੇ ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਫ਼ੌਜ ਦੀ ਪੱਛਮੀ ਕਮਾਂਡ ਨਾਲ ਫ਼ੌਜੀ ਅਫਸਰ ਪਹੁੰਚਣੇ ਸ਼ੁਰੂ ਹੋ ਗਏ। ਵੀਰਵਾਰ ਦੇਰ ਸ਼ਾਮ ਸੱਤ ਵਜੇ ਦੇ ਕਰੀਬ ਮਰਹੂਮ ਲੈਫਟੀਨੈਂਟ ਕਰਨਲ ਬਿਕਰਮ ਜੀਤ ਦੀ ਮਿ੍ਰਤਕ ਦੇਹ ਨੂੰ ਫੌਜ ਦੇ ਹੈਲੀਕਾਪਟਰ 'ਚ ਪੱਛਮੀ ਕਮਾਂਡ ਦੇ ਹੈਡਕੁਆਰਟਰ ਚੰਡੀ ਮੰਦਰ ਛਾਊਣੀ ਲਿਆਂਦਾ ਗਿਆ। ਪੱਛਮੀ ਕਮਾਂਡ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਰਨਲ ਫਿਲਿਪ ਕਾਮਪੋਜ਼ ਦਾ ਸੰਦੇਸ਼ ਲੈ ਕੇ ਬਿ੍ਰਗੇਡੀਅਰ ਆਰ ਐਸ ਮਾਨ ਸ਼ਹੀਦ ਬਿਕਰਮ ਦੀ ਕੋਠੀ 'ਤੇ ਪਹੁੰਚੇ। ਵੀਰਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਬਿਕਰਮ ਦੇ ਘਰ 'ਚ ਛਾਏ ਸੰਨਾਟੇ ਅਤੇ ਉੱਥੇ ਮੌਜੂਦ ਗੁਆਂਢੀਆਂ ਦੇ ਚਿਹਰਿਆਂ 'ਤੇ ਦਰਦ ਦੀਆਂ ਲਕੀਰਾਂ ਸਾਫ ਪੜ੍ਹੀਆਂ ਜਾ ਸਕਦੀਆਂ ਸਨ। ਬਿਕਰਮ ਦੇ ਪਿਤਾ ਮੇਜਰ ਪਰਮਜੀਤ ਸਿੰਘ ਅਤੇ ਮਾਤਾ ਲਵਪ੍ਰੀਤ ਕੌਰ ਡੂੰਘੇ ਸਦਮੇ 'ਚ ਆ ਗਏ ਸਨ। ਉਹ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਸਨ। ਬਿਕਰਮ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਨਵਨੀਤ ਕੌਰ ਅਤੇ ਅੱਠ ਸਾਲਾ ਬੇਟੀ ਨਵਨੀਤ ਹੈ। ਬਿਕਰਮ ਦੀ ਉਮਰ 40 ਸਾਲ ਦੇ ਲਗਪਗ ਸੀ। ਪੱਛਮੀ ਕਮਾਂਡ ਦੇ ਹਵਾਲੇ ਤੋਂ ਰੱਖਿਆ ਸੂਚਨਾ ਅਧਿਕਾਰੀ ਪਵਿੱਤਰ ਸਿੰਘ ਨੇ ਕਿਹਾ ਕਿ ਬਿਕਰਮ ਫੌਜ ਦੀ 16 ਕੈਵੇਲਰੀ 'ਚ 14 ਸਾਲਾਂ ਤੋਂ ਸੇਵਾ ਕਰ ਰਹੇ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਗੰਗਾਨਗਰ ਤੋਂ ਤਬਦੀਲ ਕਰਕੇ ਜੰਮੂ ਦੇ ਸਾਂਬਾ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਸ਼ਹੀਦ ਬਿਕਰਮ ਦਾ ਅੰਤਮ ਸੰਸਕਾਰ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਚੰਡੀਗੜ੍ਹ ਦੇ ਸ਼ਮਸ਼ਾਨ ਘਾਟ, ਸੈਕਟਰ 25 'ਚ ਕੀਤਾ ਜਾਵੇਗਾ।
No comments:
Post a Comment