www.sabblok.blogspot.com
*ਸਿਟੀ ਬਿਊਟੀਫ਼ੁੱਲ ‘ਚ 14 ਸਾਲਾ ਬੱਚੇ ਟਕਰਾਉਣ ਲੱਗੇ ਜਾਮ
*ਕੁੜੀਆਂ ਲਈ ਹਰ ਰੋਜ਼ 20 ਗ੍ਰਾਮ ਸ਼ਰਾਬ ਵੀ ਜਾਨਲੇਵਾ
ਚੰਡੀਗੜ੍ਹ (ਅਰਚਨਾ ਸੇਠੀ)- ਚੰਡੀਗੜ੍ਹ ‘ਚ 14 ਸਾਲ ਦੀ ਉਮਰ ‘ਚ ਹੀ ਬੱਚੇ ਜਾਮ ਨਾਲ ਜਾਮ ਟਕਰਾਉਣ ਲੱਗੇ ਹਨ। ਬੱਚਿਆਂ ਦੀ ਇਹ ਸੂਚੀ ਹੈਰਾਨ ਕਰਨ ਵਾਲੀ ਹੈ। ਇਸ ਸੂਚੀ ‘ਚ ਸਿਰਫ਼ ਮੁੰਡੇ ਹੀ ਸ਼ਾਮਲ ਨਹੀਂ ਹਨ, ਬਲਕਿ ਕੁੜੀਆਂ ਵੀ ਸ਼ੁਮਾਰ ਹਨ। ਦੇਸ਼ ‘ਚ ਕੀਤੇ ਗਏ ਸਰਵੇ ਦੀ ਰਿਪੋਰਟ ਕਹਿੰਦੀ ਹੈ ਕਿ 45 ਫ਼ੀਸਦੀ ਕੁੜੀਆਂ ਆਪਣੇ ਦਿਮਾਗ ਨੂੰ ਹਲਕਾ ਬਣਾਈ ਰੱਖਣ ਲਈ ਸ਼ਰਾਬ ਦਾ ਸਹਾਰਾ ਲੈ ਰਹੀਆਂ ਹਨ। ਇਹੀ ਨਹੀਂ ਪੀ. ਜੀ. ਆਈ. ‘ਚ ਤਾਂ ਹੁਣ ਅਜਿਹੀਆਂ ਔਰਤਾਂ ਵੀ ਖ਼ਰਾਬ ਲੀਵਰ ਦੇ ਇਲਾਜ ਲਈ ਪਹੁੰਚ ਰਹੀਆਂ ਹਨ, ਜੋ ਸ਼ਰਾਬ ਪੀ ਕੇ ਆਪਣੇ ਲੀਵਰ ਨੂੰ ਖ਼ਤਮ ਕਰ ਚੁੱਕੀਆਂ ਹਨ। ਹਾਲਾਂਕਿ ਮੁੰਡਿਆਂ ਮੁਕਾਬਲੇ ਨਸ਼ੇੜੀ ਕੁੜੀਆਂ ਦੀ ਗਿਣਤੀ ਘੱਟ ਹੈ ਪਰ ਆਉਣ ਵਾਲੇ ਸਾਲਾਂ ‘ਚ ਇਹ ਅੰਕੜੇ ਵਧਣ ‘ਤੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ ਕਿਉਂਕਿ ਕੁੜੀਆਂ ਦੇ ਸਰੀਰ ਨੂੰ ਮੁੰਡਿਆਂ ਮੁਕਾਬਲੇ ਸ਼ਰਾਬ ਦਾ ਤਿੰਨ ਗੁਣਾ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਗੈਸਟਰੋਲੋਜੀ ਮਾਹਿਰ ਡਾ. ਰਾਜੂ ਸਿੰਘ ਨੇ ਪੀ. ਜੀ. ਆਈ. ‘ਚ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਦਸ ਸਾਲਾਂ ਤਕ ਹਰ ਰੋਜ਼ 60 ਤੋਂ 80 ਗ੍ਰਾਮ ਸ਼ਰਾਬ ਪੀਣ ਤੋਂ ਬਾਅਦ ਜੇਕਰ ਮੁੰਡਿਆਂ ਦਾ ਲੀਵਰ ਖ਼ਤਮ ਹੁੰਦਾ ਹੈ ਤਾਂ ਕੁੜੀਆਂ ਦਸ ਸਾਲਾਂ ਤਕ ਸਿਰਫ਼ 20 ਤੋਂ 40 ਗ੍ਰਾਮ ਸ਼ਰਾਬ ਪੀਣ ਨਾਲ ਲੀਵਰ ਗੁਆ ਲੈਂਦੀਆਂ ਹਨ। ਡਾ. ਰਾਜੂ ਸਿੰਘ ਨੇ ਕਿਹਾ ਕਿ ਵੱਖ-ਵੱਖ ਅਧਿਐਨ ਕਹਿੰਦੇ ਹਨ ਕਿ 12ਵੀਂ ਜਮਾਤ ‘ਚ ਪੜ੍ਹਨ ਵਾਲੇ ਮੈਡੀਕਲ ਵਿਦਿਆਰਥੀ ਤਕ ਤਣਾਅ ਤੋਂ ਬਚਣ ਲਈ ਸ਼ਰਾਬ ਪੀ ਰਹੇ ਹਨ। ਚੰਡੀਗੜ੍ਹ ਦੇ ਮੈਡੀਕਲ ਵਿਦਿਆਰਥੀਆਂ ਬਾਰੇ ਫ਼ਿਲਹਾਲ ਸਰਵੇ ਨਹੀਂ ਪਤਾ ਪਰ ਦੇਸ਼ ਦੇ ਵੱਖ-ਵੱਖ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਨੇ ਸ਼ਰਾਬ ਨੂੰ ਤਣਾਅ ਦੂਰ ਕਰਨ ਦਾ ਆਸਾਨ ਤਰੀਕਾ ਬਣਾਇਆ ਹੈ। ਇਹੀ ਨਹੀਂ ਪੇਂਡੂ ਤਬਕੇ ਦੇ 32 ਫ਼ੀਸਦੀ ਲੋਕ ਘਰ ‘ਚ ਬਣੀ ਜਾਂ ਦੇਸੀ ਸ਼ਰਾਬ ਪੀ ਰਹੇ ਹਨ। ਪੇਂਡੂ ਖੇਤਰ ‘ਚ ਲੋਕਾਂ ‘ਤੇ ਕੀਤੇ ਗਏ ਅਧਿਐਨ ‘ਚ ਪਤਾ ਲੱਗਾ ਹੈ ਕਿ 400 ਦੇ ਲੱਗਭਗ ਲੋਕ ਦੇਸੀ ਸ਼ਰਾਬ ਪੀਂਦੇ ਹਨ। 49 ਲੋਕ ਵ੍ਹਿਸਕੀ, 25 ਲੋਕ ਰਮ, 10 ਲੋਕ ਘਰ ‘ਚ ਬਣੀ ਸ਼ਰਾਬ, 9 ਲੋਕ ਬੀਅਰ ਨਾਲ ਨਸ਼ਾ ਕਰਦੇ ਹਨ। 22.62 ਫ਼ੀਸਦੀ ਲੋਕ ਹਰ ਰੋਜ਼, 18.85 ਫ਼ੀਸਦੀ ਹਫ਼ਤੇ ‘ਚ ਇਕ ਵਾਰੀ, 20.62 ਫ਼ੀਸਦੀ ਲੋਕ ਮਹੀਨੇ ‘ਚ ਇਕ ਵਾਰੀ ਸ਼ਰਾਬ ਪੀਂਦੇ ਹਨ। ਸਿੰਘ ਨੇ ਕਿਹਾ ਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲਾ ਰਾਜ ਕਿਹਾ ਜਾਂਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਕੇਰਲ ਪੂਰੇ ਦੇਸ਼ ‘ਚੋਂ ਨੰਬਰ ਇਕ ‘ਤੇ ਹੈ ਅਤੇ ਦੂਜੇ ਨੰਬਰ ‘ਤੇ ਮਹਾਰਾਸ਼ਟਰ ਹੈ, ਜਦਕਿ ਤੀਜੇ ਨੰਬਰ ‘ਤੇ ਪੰਜਾਬੀ ਹਨ। ਦੇਸ਼ ‘ਚ ਸ਼ਰਾਬ ਦਾ ਕਾਰੋਬਾਰ ਵਧਦਾ ਹੀ ਜਾ ਰਿਹਾ ਹੈ। ਅੱਜ 6700 ਮਿਲੀਅਨ ਲੀਟਰ ਸ਼ਰਾਬ ਦਾ ਜੋ ਕਾਰੋਬਾਰ ਹੈ, ਉਹ 2015 ਤਕ 1.4 ਲੱਖ ਕਰੋੜ ਤਕ ਪਹੁੰਚ ਜਾਵੇਗਾ। ਪੀ. ਜੀ. ਆਈ. ਦੇ ਗੈਸਟ੍ਰੋਐਂਟੋਲੋਜੀ ਵਿਭਾਗ ਦੇ ਸਾਬਕਾ ਇੰਚਾਰਜ ਪ੍ਰੋ. ਕਰਤਾਰ ਸਿੰਘ ਨੇ ਕਿਹਾ ਕਿ ਮੁੰਡੇ ਹੀ ਨਹੀਂ, ਕੁੜੀਆਂ ਵੀ ਮਦਹੋਸ਼ ਹੋਣ ਲਈ ਸ਼ਰਾਬ ਪੀ ਰਹੀਆਂ ਹਨ ਪਰ ਇਸ ਨਸ਼ੇ ਕਾਰਨ ਉਨ੍ਹਾਂ ਦੀ ਹੀ ਨਹੀਂ ਭਵਿੱਖ ਦੀ ਪੀੜ੍ਹੀ ਦੀ ਸਿਹਤ ਵੀ ਖ਼ਤਰੇ ‘ਚ ਪੈ ਗਈ ਹੈ। ਨਸ਼ੇੜੀ ਮਾਵਾਂ ਆਪਣੀਆਂ ਕੁੱਖਾਂ ‘ਚੋਂ ਸਿਹਤਮੰਦ ਬੱਚਿਆਂ ਨੂੰ ਨਹੀਂ ਜਨਮ ਦੇ ਸਕਦੀਆਂ। ਅਜਿਹੀਆਂ ਕੁੜੀਆਂ ਦੇ ਬੱਚੇ ਜਨਮਜਾਤ ਵਿਕਾਰਾਂ ਨਾਲ ਪੈਦਾ ਹੁੰਦੇ ਹਨ। ਗੈਸਟ੍ਰੋਐਂਟੋਲੋਜੀ ਮਾਹਿਰ ਪ੍ਰੋ. ਬੀ. ਆਰ. ਥਾਪਾ ਨੇ ਕਿਹਾ ਕਿ ਪੀ. ਜੀ. ਆਈ. ‘ਚ ਅਜਿਹੀਆਂ ਔਰਤਾਂ ਇਲਾਜ ਲਈ ਪਹੁੰਚਣ ਲੱਗੀਆਂ ਹਨ, ਜੋ ਸ਼ਰਾਬ ਪੀ ਕੇ ਆਪਣਾ ਲੀਵਰ ਖ਼ਰਾਬ ਕਰ ਲੈਂਦੀਆਂ ਹਨ।
No comments:
Post a Comment