jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 26 September 2013

ਮੁੱਖ ਮੰਤਰੀ ਦੇ ਸਮਾਗਮ ਵਿੱਚ ਅਧਿਆਪਕਾਂ ਨੂੰ ਪਹੁੰਚਣ ਦੇ ਹੁਕਮ

www.sabblok.blogspot.com

ਦਰਸ਼ਨ ਸਿੰਘ ਸੋਢੀ
ਮੁਹਾਲੀ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਪੀ.ਸੀ.ਏ. ਸਟੇਡੀਅਮ ਦੇ ਬਿਲਕੁਲ ਸਾਹਮਣੇ 50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦਾ ਉਦਘਾਟਨ 27 ਸਤੰਬਰ ਨੂੰ ਸ਼ਾਮੀ 5 ਵਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ।
ਉਧਰ ਸ੍ਰੀ ਬਾਦਲ ਦੇ ਇਸ ਸਮਾਗਮ ਵਿੱਚ ਭੀੜ ਇਕੱਠੀ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਇੱਥੋਂ ਤੱਕ ਕਿ ਮਹਿਲਾ ਅਧਿਆਪਕਾਂ ਨੂੰ ਵੀ ਸਮਾਗਮ ਵਿੱਚ ਪਹੁੰਚਣ ਲਈ ਆਖਿਆ ਗਿਆ ਹੈ। ਅਧਿਆਪਕਾਂ ਨੂੰ ਸਰਕਾਰ ਦੇ ਇਹ ਆਦੇਸ਼ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਹਵਾਲੇ ਰਾਹੀਂ ਦਫ਼ਤਰੀ ਸਟਾਫ਼ ਵੱਲੋਂ ਟੈਲੀਫੋਨ ’ਤੇ ਲਾਏ ਗਏ ਹਨ। ਇਸ ਤੋਂ ਤੁਰੰਤ ਬਾਅਦ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੇ ਸਕੂਲੀ ਅਧਿਆਪਕਾਂ ਨੂੰ ਸਖ਼ਤੀ ਨਾਲ ਆਖਿਆ ਗਿਆ ਹੈ ਕਿ ਉਹ ਸ਼ਾਮੀ 5 ਵਜੇ ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਦੇ ਬਿਲਕੁਲ ਸਾਹਮਣੇ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦੇ ਉਦਘਾਟਨੀ ਸਮਾਗਮ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਇਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਹਿਲਾ ਅਧਿਆਪਕਾਵਾਂ ਵੱਧ ਪ੍ਰੇਸ਼ਾਨ ਹਨ।
ਉਧਰ ਦਫ਼ਤਰੀ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸਤਰੀ ਮੁਲਾਜ਼ਮਾਂ ਨੂੰ ਦਫ਼ਤਰ ਸੱਦਣਾ ਵਰਜਿਤ ਹੈ। ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਕਿਸੇ ਵੀ ਇਸਤਰੀ ਮੁਲਾਜ਼ਮ ਨੂੰ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਜਾਂ ਦਫ਼ਤਰ ਬੰਦ ਹੋਣ ਤੋਂ ਬਾਅਦ ਹਾਜ਼ਰ ਹੋਣ ਲਈ ਨਹੀਂ ਕਿਹਾ ਜਾ ਸਕਦਾ ਹੈ। ਇਹੀ ਨਹੀਂ ਮਹਿਲਾਵਾਂ ਨੂੰ ਛੁੱਟੀ ਵਾਲੇ ਦਿਨ ਵੀ ਨਹੀਂ ਸੱਦਿਆ ਜਾ ਸਕਦਾ ਹੈ ਪਰ ਸ੍ਰੀ ਬਾਦਲ ਦੇ ਸਮਾਗਮ ਵਿੱਚ ਪੁੱਜਣ ਦੇ ਤਾਜ਼ਾ ਆਦੇਸ਼ਾਂ ਨੂੰ ਲੈ ਕੇ ਮਹਿਲਾ ਅਧਿਆਪਕਾਵਾਂ ਵਿੱਚ ਰੋਸ ਹੈ। ਉਂਜ ਵੀ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਸਵੇਰੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਤਾਰ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਥੱਕ ਕੇ ਘਰ ਪਹੁੰਚਦੇ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕਿਸੇ ਵੀ ਸਕੂਲੀ ਅਧਿਆਪਕ ਨੂੰ ਹਾਕੀ ਸਟੇਡੀਅਮ ਦੇ ਉਦਘਾਟਨੀ ਸਮਾਗਮ ਵਿੱਚ ਆਉਣ ਲਈ ਲਿਖਤੀ ਜਾਂ ਜ਼ੁਬਾਨੀ ਆਦੇਸ਼ ਜਾਰੀ ਨਹੀਂ ਕੀਤੇ। ਇਸ ਤੋਂ ਬਾਅਦ ਅਧਿਕਾਰੀ ਨਾਲ ਗੱਲ ਵਿਚਕਾਰੋਂ ਹੀ ਟੁੱਟ ਗਈ ਪਰ ਬਾਅਦ ਵਿੱਚ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਉਧਰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਜੀਤ ਸਿੰਘ ਨੇ ਮੰਨਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਮਾਗਮ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਪਰ ਵਿਭਾਗ ਵੱਲੋਂ ਹਾਜ਼ਰੀ ਯਕੀਨੀ ਬਣਾਉਣ ਲਈ ਨਹੀਂ ਆਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਅਧਿਆਪਕਾਂ ਦੀ ਮਰਜ਼ੀ ਹੈ ਕਿ ਸਮਾਗਮ ਵਿੱਚ ਆਉਣਾ ਚਾਹੁੰਦੇ ਹਨ ਜਾਂ ਨਹੀਂ। ਇਸੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੁੂ ਨੇ ਉਦਘਾਟਨੀ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪੰਜਾਬ ਇਲੈਵਨ ਤੇ ਰੈਸਟ ਆਫ਼ ਇੰਡੀਆ ਹਾਕੀ ਦੀਆਂ ਟੀਮਾਂ ਵਿਚਕਾਰ ਮੈਚ ਵੀ ਖੇਡਿਆਂ ਜਾਵੇਗਾ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਗਾਇਕਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾ ਸ੍ਰੀ ਬਾਦਲ ਉਦਯੋਗਿਕ ਏਰੀਆ ਫੇਜ਼-8 ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਾਮਨ ਫੈਸਲਿਟੀ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਸਿੱਧੂ ਨੇ ਦੱਸਿਆ ਕਿ ਇਸੇ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੈਕਟਰ-68 ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਰਬ ਪ੍ਰੀਮੀਅਮ ਅਪਾਟਮੈਂਟਸ ਦਾ ਨੀਂਹ ਪੱਥਰ ਰੱਖਣਗੇ। ਇਸ ਉਪਰੰਤ ਛੋਟੇ ਬਾਦਲ ਇੱਥੋਂ ਦੇ ਸੈਕਟਰ-78 ਵਿੱਚ 19.30 ਏਕੜ ਵਿੱਚ ਬਣਾਏ ਗਏ ਮਲਟੀ ਖੇਡ ਸਟੇਡੀਅਮ ਤੇ ਸੈਕਟਰ-63 ਵਿੱਚ 6.60 ਏਕੜ ਵਿੱਚ ਬਣਾਏ ਗਏ ਮਲਟੀ ਖੇਡ ਸਟੇਡੀਅਮ ਦਾ ਉਦਘਾਟਨ ਕਰਨਗੇ।

No comments: