www.sabblok.blogspot.com
ਚੰਡੀਗੜ੍ਹ, 24 ਸਤੰਬਰ -ਪੰਜਾਬ ਦੇ ਭਾਜਪਾ ਮੰਤਰੀਆਂ ਦੀ ਕਾਰਗੁਜ਼ਾਰੀ ਮਗਰਲੇ ਸਮੇਂ ਤੋਂ ਲਗਾਤਾਰ ਵਿਵਾਦਾਂ ਦਾ ਕਾਰਨ ਬਣੀ ਹੋਈ ਸੀ | ਭਾਜਪਾ ਮੰਤਰੀਆਂ 'ਤੇ ਲਗਾਤਾਰ ਮਾੜੀ ਕਾਰਗੁਜ਼ਾਰੀ ਅਤੇ ਭਿ੍ਸ਼ਟਾਚਾਰ ਦੇ ਲੱਗ ਰਹੇ ਦੋਸ਼ਾਂ ਤੋਂ ਚਿੰਤਤ ਭਾਜਪਾ ਹਾਈ ਕਮਾਂਡ ਨੇ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਰਾਜ ਵਿਚ ਪਾਰਟੀ ਨੂੰ ਨਵੀਂ ਦਿੱਖ ਦੇਣ ਲਈ ਮੌਜੂਦਾ ਸਾਰੇ ਮੰਤਰੀਆਂ ਦੇ ਵਿਭਾਗਾਂ ਵਿਚ ਰੱਦੋਬਦਲ ਕਰਨ ਦਾ ਫ਼ੈਸਲਾ ਲਿਆ ਹੈ | ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ, ਜਿਨ੍ਹਾਂ ਨੇ ਕੱਲ੍ਹ ਰਾਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਮੀਟਿੰਗ ਕੀਤੀ ਸੀ, ਵੱਲੋਂ ਇਨ੍ਹਾਂ ਮੰਤਰੀਆਂ ਦੇ ਵਿਭਾਗਾਂ ਵਿਚ ਕੀਤੀ ਜਾਣ ਵਾਲੀ ਤਬਦੀਲੀ ਸਬੰਧੀ ਤਜਵੀਜ਼ ਉਨ੍ਹਾਂ ਨੂੰ ਸੌਾਪ ਦਿੱਤੀ ਸੀ, ਜਿਸ ਦੇ ਅਧਾਰ 'ਤੇ ਮੁੱਖ ਮੰਤਰੀ ਵੱਲੋਂ ਅੱਜ ਰਾਜਪਾਲ ਪੰਜਾਬ ਨੂੰ ਮੰਤਰੀ ਮੰਡਲ ਵਿਚ ਉਕਤ ਰੱਦੋਬਦਲ ਸਬੰਧੀ ਤਜਵੀਜ਼ ਭੇਜੀ ਗਈ ਸੀ, ਜਿਸ ਨੂੰ ਪ੍ਰਵਾਨਗੀ ਮਿਲਣ 'ਤੇ ਅੱਜ ਸ਼ਾਮ ਇਨ੍ਹਾਂ ਮੰਤਰੀਆਂ ਦੇ ਵਿਭਾਗਾਂ ਵਿਚ ਰੱਦੋਬਦਲ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੂੰ ਹੁਣ ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਮੰਤਰਾਲੇ ਦੇ ਵਿਭਾਗ ਦਿੱਤੇ ਗਏ ਹਨ, ਜਦੋਂ ਕਿ ਸਿਹਤ , ਪਰਿਵਾਰ ਭਲਾਈ , ਸਮਾਜਿਕ ਸੁਰੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੂੰ ਸਨਅਤ, ਵਪਾਰ, ਤਕਨੀਕੀ, ਸਨਅਤੀ ਸਿੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦਿੱਤੇ ਗਏ ਹਨ | ਮੁੱਖ ਮੰਤਰੀ ਸਕੱਤਰੇਤ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜੰਗਲਾਤ , ਜੰਗਲੀ ਜੀਵ ਸੁਰੱਖਿਆ ਤੇ ਕਿਰਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਤੇ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਦੇ ਵਿਭਾਗ ਦਿੱਤੇ ਗਏ ਹਨ | ਇਸੇ ਤਰ੍ਹਾਂ ਸ੍ਰੀ ਅਨਿਲ ਜੋਸ਼ੀ ਜੋ ਇਸ ਵੇਲੇ ਸਨਅਤ, ਵਪਾਰ, ਤਕਨੀਕੀ ਤੇ ਸਨਅਤੀ ਸਿੱਖਿਆ ਮੰਤਰੀ ਸਨ ਨੂੰ ਹੁਣ ਭਗਤ ਚੂਨੀ ਲਾਲ ਦਾ ਵਿਭਾਗ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰਾਲਾ ਦਿੱਤਾ ਗਿਆ ਹੈ | ਇਨ੍ਹਾਂ ਸਾਰੇ ਮੰਤਰੀਆਂ ਦੇ ਵਿਭਾਗਾਂ ਵਿਚਲੀ ਤਬਦੀਲੀ ਤੁਰੰਤ ਲਾਗੂ ਸਮਝੀ ਜਾਵੇਗੀ | ਭਾਜਪਾ ਦੇ ਨਿਕਟਵਰਤੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਹਾਈ ਕਮਾਂਡ ਵੱਲੋਂ ਆਉਂਦੇ ਕੁਝ ਦਿਨਾਂ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵੀ ਕੁਝ ਤਬਦੀਲੀਆਂ ਹੋ ਸਕਦੀਆਂ ਹਨ ਕਿਉਂਕਿ ਕੁਝ ਸੀਨੀਅਰ ਆਗੂਆਂ ਵੱਲੋਂ ਉਨ੍ਹਾਂ ਦੇ ਹਲਕਿਆਂ ਵਿਚ ਉਨ੍ਹਾਂ ਦੇ ਵਿਰੋਧੀਆਂ ਨੂੰ ਅਹਿਮ ਨਿਯੁਕਤੀਆਂ ਦੇ ਕੇ ਪਾਰਟੀ ਵਿਚ ਟਕਰਾਅ ਦੀ ਸਥਿਤੀ ਪੈਦਾ ਕਰਨ ਦੇ ਸੰਗੀਨ ਦੋਸ਼ ਲਗਾਏ ਗਏ ਹਨ ਜਿਨ੍ਹਾਂ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਵੱਲੋਂ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ |
No comments:
Post a Comment