ਜ਼ੀਰਾ, (ਰਜਨੀਸ਼,ਗੁਰਮੇਲ)-ਤਹਿਸੀਲ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ ਵਿਖੇ ਬੀਤੀ ਰਾਤ ਕਰੀਬ 2.30 ਵਜੇ ਲੱਗਭਗ ਅੱਧੀ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਇਕ ਨੌਜਵਾਨ ਲੜਕੀ ਨੂੰ ਅਗਵਾ ਕਰ ਲਿਆ। ਇਸ ਦੌਰਾਨ ਲੜਕੀ ਦਾ ਤਾਇਆ ਤੇ ਚਾਚਾ ਜ਼ਖ਼ਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਪਾਲ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਨੂਰਪੁਰ ਮਾਛੀਵਾੜਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਅੱਧੀ ਦਰਜਨ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵਿਚ ਆ ਵੜੇ। ਉਕਤ ਵਿਅਕਤੀਆਂ ਨੇ ਕੋਠੇ 'ਤੇ ਸੁੱਤੇ ਉਸਦੇ ਜੇਠ ਹਰਭਜਨ ਸਿੰਘ ਤੇ ਦਿਓਰ ਨਛੱਤਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਲੜਕੀ ਨੂੰ ਅਗਵਾ ਕਰ ਕੇ ਲੈ ਗਏ।
ਹਥਿਆਰਬੰਦ ਨੌਜਵਾਨ ਜਾਂਦੇ ਸਮੇਂ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਲੁੱਟ ਕੇ ਲੈ ਗਏ।
ਜ਼ਖ਼ਮੀ ਹਰਭਜਨ ਸਿੰਘ ਤੇ ਚਾਚੇ ਨਛੱਤਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ।
ਘਟਨਾ ਦਾ ਪਤਾ ਲੱਗਣ 'ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜ਼ੀਰਾ ਘਟਨਾ ਸਥਾਨ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦੇ ਹੋਏ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਐੱਸ. ਐੱਸ. ਪੀ. ਵਰਿੰਦਰਪਾਲ ਸਿੰਘ ਦੀਆਂ ਹਦਾਇਤਾਂ 'ਤੇ ਐੱਸ. ਸੀ. ਡੀ. ਫਿਰੋਜ਼ਪੁਰ  ਰਘੁਬੀਰ ਸਿੰਘ ਸਮੇਤ ਡੀ. ਐੱਸ. ਪੀ. ਜ਼ੀਰਾ ਹਰਦੇਵ ਸਿੰਘ ਬੋਪਾਰਾਏ, ਐੱਸ. ਐੱਚ. ਓ. ਸਦਰ ਸੁਰਿੰਦਰਪਾਲ ਬਾਂਸਲ ਸਮੇਤ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਐੱਸ. ਪੀ. ਡੀ. ਰਘੁਬੀਰ ਸਿੰਘ ਨੇ ਕਿਹਾ ਕਿ ਲੜਕੀ ਦੀ ਮਾਂ ਰਾਜਪਾਲ ਕੌਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।