ਤਰਨਤਾਰਨ, (ਰਾਜੂ)- ਤਰਨਤਾਰਨ ਦੀ ਮਾਣਯੋਗ ਅਦਾਲਤ ਨੇ ਸੰਨ 2010 'ਚ ਆਪਣੀ 17 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਸ੍ਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 30 ਅਪ੍ਰੈਲ 2010 ਨੂੰ ਪਿੰਡ ਅਲਾਵਲਪੁਰ ਦੀ 17 ਸਾਲਾ ਲੜਕੀ ਨੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿਤਾ ਪਿਛਲੇ ਡੇਢ ਸਾਲ ਤੋਂ ਉਸ ਨਾਲ  ਜਬਰ -ਜ਼ਨਾਹ ਕਰਦਾ ਆ ਰਿਹਾ ਹੈ ਅਤੇ 29 ਅਪ੍ਰੈਲ ਦੀ ਰਾਤ ਨੂੰ ਆਪਣੀ ਭੈਣ ਨਾਲ ਸ੍ਰੀ ਗੁਰਦੁਆਰਾ ਸਾਹਿਬ 'ਚ ਸੁੱਤੀ ਪਈ ਸੀ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਸ੍ਰੀ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਰਹਿ ਰਹੇ ਸਾਂ ਕਿ ਦੂਸਰੇ ਪਾਸੇ ਉਸਦੀ ਮਾਤਾ ਸੁੱਤੀ ਪਈ ਸੀ ਜਿਸ ਨੂੰ ਕੰਨਾਂ ਤੋਂ ਘੱਟ ਸੁਣਦਾ ਹੈ, ਮੇਰਾ ਪਿਤਾ ਮੇਰੀ ਇੱਛਾ ਦੇ ਵਿਰੁੱਧ ਮੈਨੂੰ ਚੁੱਕ ਕੇ ਦੂਸਰੇ ਕਮਰੇ 'ਚ ਲੈ ਗਿਆ ਤੇ ਮੇਰੇ ਵਿਰੋਧ ਦੇ ਬਾਵਜੂਦ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਇਸ ਸਬੰਧ 'ਚ ਪੁਲਸ ਨੇ ਲੜਕੀ ਦੇ ਪਿਤਾ ਦੋਸ਼ੀ ਦਲੀਪ ਸਿੰਘ ਪੁੱਤਰ ਉੂਧਮ ਸਿੰਘ ਦੇ ਖਿਲਾਫ ਜੁਰਮ 376 ਅਤੇ 506 ਅਧੀਨ ਮਾਮਲਾ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਮਾਣਯੋਗ ਅਦਾਲਤ 'ਚ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਨੇ ਦੋਵਾਂ ਧਿਰਾਂ ਦੀਆਂ  ਦਲੀਲਾਂ ਸੁਣਨ ਤੋਂ ਬਾਅਦ ਲੜਕੀ ਦੇ ਪਿਤਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਸਰਕਾਰੀ ਵਕੀਲ ਗੁਰਪ੍ਰੀਤ ਸਿੰਘ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਜੱਜ ਵਲੋਂ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਧਾਰਾ 506 ਵਿਚ ਦੋ ਸਾਲ ਦੀ ਵੱਖਰੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤੀ ਹੈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ ਦੋ ਸਾਲ ਹੋਰ ਕੈਦ ਵੱਖਰੀ ਕੱਟਣੀ ਪਵੇਗੀ। ਇਸ ਸਜ਼ਾ ਤੋਂ ਬਾਅਦ ਵੱਖ-ਵੱਖ ਬੁੱਧੀਜੀਵੀਆਂ ਨੇ ਕੋਰਟ 'ਤੇ ਭਰੋਸਾ ਜਤਾਉਂਦੇ ਹੋਏ ਇਸ ਫੈਸਲਾ ਦਾ ਸਵਾਗਤ ਕੀਤਾ ਹੈ।