ਫਿਰੋਜ਼ਪੁਰ, ---- ਬੀਤੀ ਦੇਰ ਰਾਤ ਛਾਉਣੀ ਪੁਲਸ ਸ਼ਟੇਸ਼ਨ ਦੇ ਸਾਹਮਣੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਸੁਖਪਾਲ ਸਿੰਘ ਨੰਨੂੰ ਦੇ ਸਮਰਥਕਾਂ ਨੇ ਫਿਰੋਜ਼ਪੁਰ ਪੁਲਸ ਦੇ ਅਧਿਕਾਰੀਆਂ ਤੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜੋ ਅੱਜ ਸਵੇਰ ਤੱਕ ਚੱਲਦਾ ਰਿਹਾ। ਉਧਰ ਆਪਣੇ ਇਕ ਭਾਜਪਾ ਵਰਕਰ ਖਿਲਾਫ਼ ਦਰਜ ਕੀਤੇ ਗਏ ਮੁਕੱਦਮੇ ਨੂੰ ਝੂਠਾ ਦੱਸਦਿਆਂ ਉਸਨੂੰ ਰੱਦ ਕਰਵਾਉਣ ਤੇ ਪੁਲਸ ਵਲੋਂ ਹਿਰਾਸਤ ਵਿਚ ਲਏ ਗਏ ਉਸ ਵਰਕਰ ਨੂੰ ਛੁਡਾਉਣ ਲਈ ਸੁਖਪਾਲ ਸਿੰਘ ਨੰਨੂੰ ਹਵਾਲਾਤ ਨਾਲ ਹੱਥਕੜੀ ਲਾ ਕੈ ਬੈਠ ਗਏ।  ਘੰਟਿਆਂ ਤੱਕ ਹਵਾਲਾਤ 'ਚ ਬੈਠੇ ਸ਼੍ਰੀ ਨੰਨੂੰ ਨੇ ਕਿਹਾ ਕਿ ਉਹ ਆਪਣੇ ਵਰਕਰ ਨੂੰ ਲਏ ਬਿਨਾਂ ਨਹੀਂ ਜਾਣਗੇ।
ਉਧਰ ਸੁਖਪਾਲ ਸਿੰਘ ਨੰਨੂੰ ਦੇ ਸਮਰਥਕਾਂ ਨੇ ਜੀ. ਟੀ. ਰੋਡ 'ਤੇ ਧਰਨਾ ਦਿੰਦਿਆਂ ਟ੍ਰੈਫਿਕ ਜਾਮ ਕਰ ਦਿੱਤਾ। ਇਸ ਗੱਲ ਦਾ ਪਤਾ ਲੱਗਦਿਆਂ ਹੀ ਫਿਰੋਜ਼ਪੁਰ ਛਾਉਣੀ ਦਾ ਥਾਣਾ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਐੱਸ. ਪੀ. ਡਿਟੈਕਟਿਵ ਫਿਰੋਜ਼ਪੁਰ ਰਘਬੀਰ ਸਿੰਘ ਸੰਧੂ, ਐੱਸ. ਪੀ. ਹੈੱਡਕੁਆਰਟਰ ਲਖਬੀਰ ਸਿੰਘ ਤੇ ਡੀ. ਐੱਸ. ਪੀ. ਜਸਬੀਰ ਸਿੰਘ ਵੀ ਪੁਲਸ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਚ ਪਹੁੰਚ ਗਏ। ਸੁਖਪਾਲ ਸਿੰਘ ਨੰਨੂੰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਸਰਬਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਅਮਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ, ਜਗਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖੁਸ਼ਹਾਲ ਸਿੰਘ ਵਾਲਾ ਤੇ 15-20 ਅਣਪਛਾਤੇ ਲੋਕਾਂ ਦੇ ਖਿਲਾਫ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਦੇ ਦਬਾਅ ਵਿਚ ਆ ਕੇ ਪੁਲਸ ਨੇ ਫਿਰੋਜ਼ਪੁਰ ਛਾਉਣੀ ਵਿਚ ਮਾਮਲਾ ਦਰਜ ਕੀਤਾ ਹੈ। ਨੰਨੂੰ ਨੇ ਕਿਹਾ ਕਿ ਪੁਲਸ ਨੇ ਉਸ ਦੇ ਸਮਰਥਕ ਅਮਰਿੰਦਰ ਸਿੰਘ ਨਾਲ ਮਾਰਕੁੱਟ ਕੀਤੀ ਹੈ ਅਤੇ ਮੇਰੇ ਨਾਲ ਪੁਲਸ ਥਾਣੇ ਵਿਚ ਦੁਰ ਵਿਵਹਾਰ ਕੀਤਾ ਗਿਆ ਹੈ। ਉਸਦੇ ਸਮਰਥਕ ਤੋਂ ਪਿਸਤੌਲ ਖੋਹ ਕੇ ਵਿਰੋਧੀ ਪਾਰਟੀ ਨੇ ਗੋਲੀ ਚਲਾਈ ਅਤੇ ਚਲਾਉਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਜਗ੍ਹਾ ਉਲਟਾ ਉਸ ਦੇ ਸਮਰਥਕਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੀ ਦੁਪਿਹਰ ਐੱਸ. ਐੱਸ. ਪੀ. ਦਫਤਰ ਫਿਰੋਜ਼ਪੁਰ ਵਿਚ ਦੋ ਧਿਰਾਂ ਦੀ ਜ਼ਬਰਦਸਤ ਲੜਾਈ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਸ਼ਿਕਾਇਤਕਰਤਾ ਗੁਰਮੇਜ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਬਹਾਦੁਰ ਵਾਲਾ ਦੇ ਬਿਆਨਾਂ 'ਤੇ ਸਰਬਜੀਤ ਸਿੰਘ ਆਦਿ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸੁਖਪਾਲ ਸਿੰਘ ਨੰਨੂੰ ਤੇ ਉਸ ਦੇ ਸਾਥੀਆਂ ਵਲੋਂ ਕੀਤੇ ਗਏ ਵਿਰੋਧ ਨੂੰ ਚਲਦਿਆਂ ਪੁਲਸ ਨੇ ਅੱਧੀ ਰਾਤ ਦੇ ਬਾਅਦ ਅਮਰਿੰਦਰ ਸਿੰਘ ਨੂੰ ਛੱਡ ਦਿੱਤਾ ਅਤੇ ਨੰਨੂੰ ਤੇ ਉਸ ਦੇ ਸਮਰਥਕ ਵਾਪਸ ਆ ਗਏ। ਨੰਨੂੰ ਨੇ ਪੁਲਸ ਥਾਣੇ ਵਿਚ ਪੁਲਸ ਵਲੋਂ ਖੁਦ ਨਾਲ ਵੀ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ।
ਜੁਆਇੰਟ ਇਨਕੁਆਰੀ ਟੀਮ ਦਾ ਗਠਨ ਹੋਵੇਗਾ : ਐੱਸ. ਐੱਸ. ਪੀ.
ਗੱਲ ਕਰਨ 'ਤੇ ਐੱਸ. ਐੱਸ. ਪੀ. ਫਿਰੋਜ਼ਪੁਰ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ ਸੁਖਪਾਲ ਸਿੰਘ ਨੰਨੂੰ ਵਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਇਹ ਮੁਕੱਦਮਾ ਕਮਲ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ ਜਾਂ ਕਿਸੇ ਹੋਰ ਸਿਆਸੀ ਦਬਾਅ ਵਿਚ ਆ ਕੇ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਦਫਤਰ ਵਿਚ ਦੋ ਧਿਰਾਂ 'ਚ ਝਗੜਾ ਹੋਇਆ ਤੇ ਛਾਉਣੀ ਦੀ ਇਕ ਗਰਾਊਂਡ ਵਿਚ ਗੋਲੀ ਚੱਲੀ ਤੇ ਇਸ ਮਾਮਲੇ ਦੀ ਜਾਂਚ ਐੱਸ. ਪੀ. ਡਿਟੈਕਟਿਵ ਫਿਰੋਜ਼ਪੁਰ ਰਘਬੀਰ ਸਿੰਘ ਸੰਧੂ ਵਲੋਂ ਕਰਨ ਦੇ ਬਾਅਦ ਹੀ ਪੁਲਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਦਫਤਰ ਵਿਚ ਨੰਨੂੰ ਦੇ ਸਮਰਥਕ ਹਥਿਆਰ ਲੈ ਕੇ ਕਿਉਂ ਗਏ, ਜੇਕਰ ਉਹ ਹਥਿਆਰ ਲੈ ਕੇ ਨਾ ਗਏ ਹੁੰਦੇ ਤਾਂ ਗੋਲੀ ਵੀ ਨਾ ਚੱਲਦੀ। ਉਨ੍ਹਾਂ ਕਿਹਾ ਕਿ ਪੁਲਸ ਸ਼ਟੇਸ਼ਨ ਫਿਰੋਜ਼ਪੁਰ ਛਾਉਣੀ ਵਿਚ ਸਾਬਕਾ ਵਿਧਾਇਕ ਦੇ ਨਾਲ ਪੁਲਸ ਪੂਰੀ ਇੱਜਤ ਦੇ ਨਾਲ ਪੇਸ਼ ਆਈ ਅਤੇ ਉਸ ਦੇ ਨਾਲ ਕਿਸੇ ਨੇ ਵੀ ਦੁਰਵਿਵਹਾਰ ਨਹੀਂ ਕੀਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਦੋਂ ਤੱਕ ਸੁਖਪਾਲ ਸਿੰਘ ਨੰਨੂੰ ਪੁਲਸ ਸ਼ਟੇਸ਼ਨ ਵਿਚ ਰਹੇ ਉਦੋਂ ਤੱਕ ਐੱਸ. ਪੀ. (ਡੀ) ਐੱਸ. ਪੀ. ਹੈੱਡਕੁਆਰਟਰ, ਡੀ. ਐੱਸ. ਪੀ. ਜਸਬੀਰ ਸਿੰਘ ਅਤੇ ਐਗਜੈਕਟਿਵ ਮੈਜਿਸਟ੍ਰੇਟ (ਨਾਇਬ ਤਹਿਸੀਲਦਾਰ) ਵੀ ਉਥੇ ਹੀ ਰਹੇ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੇ ਨਾਲ ਕਿਸੇ ਪੁਲਸ ਕਰਮਚਾਰੀ ਨੇ ਕੋਈ ਮਾਰਕੁੱਟ ਨਹੀਂ ਕੀਤੀ। ਅਮਰਿੰਦਰ ਸਿੰਘ ਨੂੰ ਛੱਡਦੇ ਸਮੇਂ ਸਾਬਕਾ ਵਿਧਾਇਕ ਨੰਨੂੰ ਨੂੰ ਕਿਹਾ ਗਿਆ ਸੀ ਕਿ ਉਹ ਆਪਣੀ ਸ਼ੰਕਾ ਦੂਰ ਕਰਨ ਲਈ ਵਰਕਰ ਦਾ ਮੈਡੀਕਲ ਕਰਵਾ ਸਕਦੇ ਹਨ ਪਰ ਉਨ੍ਹਾਂ ਮੈਡੀਕਲ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਇਲਾਵਾ ਲਾਈਸੰਸੀਧਾਰੀ ਦੇ ਇਹ ਦੋਸ਼ ਕਿ ਉਸ ਦਾ ਪਿਸਤੌਲ ਕਿਸੇ ਨੇ ਖੋਹ ਕੇ ਫਾਇਰ ਕੀਤੇ ਹਨ, ਸਬੰਧੀ ਜਾਂਚ ਲਈ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਟੀਮ ਗਠਿਤ ਕਰਾਂਗੇ ਜੋ ਜਲਦ ਸੱਚਾਈ ਦਾ ਪਤਾ ਲਗਾਏਗੀ ਤੇ ਉਸਦੀ ਰਿਪੋਰਟ ਆਉਣ ਤੱਕ ਇਸ ਕੇਸ ਵਿਚ ਗ੍ਰਿਫਤਾਰੀ ਉਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਭੰਗ ਕਰਨ ਅਤੇ ਗੁੰਡਾਗਰਦੀ ਫੈਲਾਉਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੇਸ ਸਬੰਧੀ ਕਦੇ ਵੀ ਕਮਲ ਸ਼ਰਮਾ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ।
ਮੇਰੇ 'ਤੇ ਲਗਾਏ ਗਏ ਦੋਸ਼ ਝੂਠੇ : ਕਮਲ ਸ਼ਰਮਾ
ਇਸ ਸਬੰਧੀ ਸੰਪਰਕ ਕਰਨ 'ਤੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਸੌ ਫੀਸਦੀ ਝੂਠੇ ਹਨ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਪੁਲਸ ਦੇ ਕੰਮ ਵਿਚ ਦਖਲ ਨਹੀਂ ਦਿੰਦਾ। ਇਕ ਪ੍ਰਸ਼ਨ ਦਾ ਉਤਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਨੰਨੂੰ ਦੇ ਨਾਲ ਮੇਰੇ ਕੋਈ ਮਤਭੇਦ ਨਹੀਂ ਹਨ, ਮੈਂ ਤਾਂ ਉਨ੍ਹਾਂ ਨੂੰ ਆਪਣੇ ਭਰਾ ਦੀ ਤਰ੍ਹਾਂ ਸਮਝਦਾ ਹਾਂ।