ਸਿੱਧਵਾਂ ਬੇਟ, (ਚਾਹਲ)-ਪੰਜਵੀਂ ਵਿਚ ਪੜ੍ਹਦੀ ਇਕ ਲੜਕੀ ਨਾਲ ਉਸੇ ਪਿੰਡ ਦੇ ਅਕਾਲੀ ਦਲ ਨਾਲ ਸਬੰਧਿਤ ਮੌਜੂਦਾ ਸਰਪੰਚ ਦੇ ਲੜਕੇ ਵਲੋਂ ਹੀ ਜਬਰ-ਜ਼ਨਾਹ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਇਸ ਸਬੰਧ ਵਿਚ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਤਫਤੀਸ਼ ਆਰੰਭ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਸਬੰਧਤ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਪਰਜੀਆਂ ਬਿਹਾਰੀਪੁਰ ਦੇ ਬੂਟਾ ਸਿੰਘ ਦੀ ਪਤਨੀ ਤੇ ਪੀੜਤ ਲੜਕੀ ਦੀ ਮਾਂ ਸੁਰਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ 22 ਮਾਰਚ ਨੂੰ ਮੇਰੇ ਪਤੀ ਦੀ ਕਚਹਿਰੀ 'ਚ ਕਿਸੇ ਮਾਮਲੇ ਸਬੰਧੀ ਤਰੀਕ ਸੀ ਜਿਸ ਕਰਕੇ ਮੈਂ ਤੇ ਮੇਰਾ ਪਤੀ ਕਚਹਿਰੀ 'ਚ ਤਰੀਕ ਭੁਗਤਣ ਲਈ ਗਏ ਹੋਏ ਸੀ, ਘਰ ਵਿਚ ਮੇਰੀ ਪੰਜਵੀਂ ਵਿਚ ਪੜ੍ਹਦੀ ਇਕੱਲੀ ਲੜਕੀ ਮੌਜੂਦ ਸੀ। ਸਾਡੇ ਪਿੰਡ ਦੇ ਸਰਪੰਚ ਕੁਲਵੀਰ ਸਿੰਘ ਦੇ ਲੜਕੇ ਅੰਗਰੇਜ਼ ਸਿੰਘ (17) ਨੇ ਉਸ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਬਾਰੇ ਧਮਕੀਆਂ ਦਿੱਤੀਆਂ। ਪੀੜਤ ਲੜਕੀ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਜ਼ੇਰੇ ਇਲਾਜ ਹੈ, ਜਿੱਥੇ ਕੱਲ ਉਸ ਦਾ ਡਾਕਟਰੀ ਮੁਆਇਨਾ ਕਰਵਾਏ ਜਾਣ ਦੀ ਖਬਰ ਹੈ।