ਜ਼ਿਲਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਮੁਲਤਵੀ
ਚੰਡੀਗੜ੍ਹ- ਪੰਜਾਬ 'ਚ ਜ਼ਿਲਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ ਹਨ ਜਦੋਂਕਿ ਇਸ ਫੈਸਲੇ ਨਾਲ ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਤੇ ਵੀ ਤਲਵਾਰ ਲਟਕ ਰਹੀ ਹੈ। ਇਸ ਹਿਸਾਬ ਨਾਲ ਹੁਣ ਪੰਚਾਇਤੀ ਚੋਣਾਂ ਵੀ ਪਹਿਲਾਂ ਮਿੱਥੇ ਪ੍ਰੋਗਰਾਮ ਅਨੁਸਾਰ ਨਹੀਂ ਹੋ ਸਕਣਗੀਆਂ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਪੰਜਾਬ ਦੇ ਚੋਣ ਕਮਿਸ਼ਨਰ ਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 23 ਅਪ੍ਰੈਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੰਗ ਕੀਤੀ ਸੀ ਕਿ ਜ਼ਿਲਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 'ਚ ਦੇਰੀ ਹੋਣ ਕਾਰਨ ਉਹ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹਨ। ਕਾਂਗਰਸ ਦਾ ਇਹ ਵੀ ਕਹਿਣਾ ਸੀ ਕਿ ਹਾੜੀ ਦੀਆਂ ਫਸਲਾਂ ਦੀ ਕਟਾਈ ਕਾਰਨ ਕਿਸਾਨ ਵੀ ਰੁੱਝੇ ਹੋਏ ਹਨ। ਇਸ ਲਈ ਚੋਣਾਂ ਨੂੰ ਕੁਝ ਅੱਗੇ ਪਾਇਆ ਜਾਣਾ ਚਾਹੀਦਾ ਹੈ। ਇਸ ਸਬੰਧ 'ਚ ਸ. ਬਰਾੜ ਦੀ ਪ੍ਰਧਾਨਗੀ ਹੇਠ ਹੋਈ ਵਿਕਾਸ ਅਫਸਰਾਂ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਪ੍ਰੀਸ਼ਦਾਂ ਅਤੇ ਸੰਮਤੀਆਂ ਦੀਆਂ ਚੋਣਾਂ ਲਈ 26 ਅਪ੍ਰੈਲ ਨੂੰ ਜਾਰੀ ਹੋਣ ਵਾਲਾ ਨੋਟੀਫਿਕੇਸ਼ਨ ਹੁਣ 3 ਮਈ ਨੂੰ ਜਾਰੀ ਹੋਵੇਗਾ।
ਸ. ਬਰਾੜ ਨੇ ਦੱਸਿਆ ਕਿ 7 ਮਈ ਨੂੰ ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। 8 ਮਈ ਨੂੰ ਛਾਂਟੀ ਹੋਵੇਗੀ ਅਤੇ 9 ਮਈ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੋਵੇਗੀ। ਇਸ ਉਪਰੰਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 21 ਮਈ ਨੂੰ ਵੋਟਾਂ ਦੀ ਗਿਣਤੀ ਪਿੱਛੋਂ ਨਤੀਜੇ ਐਲਾਨੇ ਜਾਣਗੇ ਅਤੇ 23 ਮਈ ਤੱਕ ਸਾਰੀ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ। ਸਪੱਸ਼ਟ ਹੈ ਕਿ ਇਸ ਲਿਹਾਜ਼ ਨਾਲ ਪੰਚਾਇਤੀ ਚੋਣਾਂ ਵੀ ਮਿੱਥੇ ਸਮੇਂ 'ਤੇ ਨਹੀਂ ਹੋ ਸਕਣਗੀਆਂ ਅਤੇ ਉਨ੍ਹਾਂ 'ਚ 15-20 ਦਿਨ ਤੱਕ ਦੇਰੀ ਹੋ ਸਕਦੀ ਹੈ।