www.sabblok.blogspot.com
ਮਿੰਟੂ ਬਰਾੜ
ਜਦੋਂ ਕਦੇ ਦੁਨੀਆਂ 'ਚ
ਪੰਜਾਬੀ ਖੇਡਾਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ
ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਬਣਦਾ ਮਾਣ ਜ਼ਰੂਰ ਮਿਲੇਗਾ। ਪਰ ਇਕ ਇਨਸਾਨੀ ਫ਼ਿਤਰਤ ਹੈ
ਕਿ ਜੋ ਅਕਸਰ ਹੀ ਸਹੇ ਨੂੰ ਨਹੀਂ ਪਹੇ ਨੂੰ ਰੋਂਦੀ ਹੈ। ਇਤਿਹਾਸ 'ਚ ਜ਼ਿਕਰ ਹੋਣਾ ਵੀ ਇਕ ਮਾਣ ਵਾਲੀ ਗੱਲ ਹੈ ਪਰ ਵਰਤਮਾਨ 'ਚ ਅਣਗੌਲਿਆ ਕਰਨਾ ਵੀ ਕਿਥੋਂ ਦਾ ਇਨਸਾਫ਼ ਹੈ ? ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕਿ ਪਿਛਲੇ 26 ਵਰ੍ਹਿਆਂ ਤੋਂ ਐਨੀਆਂ ਵਧੀਆ ਸਿੱਖ ਖੇਡਾਂ ਹੋ ਰਹੀਆਂ ਹਨ, ਫੇਰ ਅਣਗੌਲੀਆਂ ਕਿਹੜੇ ਪਾਸੇ ਤੋਂ ਹਨ?
ਮਿੰਟੂ ਬਰਾੜ
![]() |
| ਮਨਜੀਤ ਸਿੰਘ ਸਿੱਧੂ ਬੈਸਟ ਸਟੋਪਰ ਮੀਕ ਅਤੇ ਕੁਲਦੀਪ ਸਿੰਘ ਬਾਸੀ |
26 ਵਰ੍ਹੇ ਕੋਈ
ਥੋੜਾ ਵਕਤ ਨਹੀਂ ਹੁੰਦਾ। ਜਦੋਂ ਅੱਜ ਕੱਲ੍ਹ ਤਾਂ ਕੋਈ ਸਾਂਝਾ ਕੰਮ ਦੋ ਵਰ੍ਹੇ ਨੇਪਰੇ
ਚਾੜ੍ਹਨਾ ਸੁਖਾਲਾ ਨਹੀਂ ਹੈ ਤਾਂ ਸਿਲਵਰ ਜੁਬਲੀ ਮਨਾ ਚੁੱਕੀਆਂ ਇਹ ਖੇਡਾਂ ਆਪਣੇ ਆਪ 'ਚ ਇਕ ਮਿਸਾਲ ਹਨ। ਹੁਣੇ-ਹੁਣੇ ਕਾਮਯਾਬੀ ਨਾਲ ਨੇਪਰੇ ਚੜ੍ਹੀਆਂ 26ਵੀਆਂ ਸਿੱਖ ਖੇਡਾਂ ਦਾ ਵਿਸਤਾਰ ਮੇਰੇ ਬਹੁਤ ਸਾਰੇ ਕਲਮੀ ਭਰਾਵਾਂ ਨੇ ਆਪੋ ਆਪਣੇ ਨਜ਼ਰੀਏ ਨਾਲ ਕੀਤਾ ਹੈ, ਸੋ ਉਨ੍ਹਾਂ ਗਲਾਂ ਨੂੰ ਦੁਬਾਰਾ ਦੁਹਰਾਉਣਾ ਨਾਲੋਂ ਬਿਹਤਰ ਹੈ, ਇਨ੍ਹਾਂ ਦਾ ਅਣਛੋਹਿਆਂ ਪਹਿਲੂ ਛੋਹਿਆ ਜਾਵੇ। ਗੱਲ ਅੱਗੇ ਤੋਰਨ ਤੋਂ ਪਹਿਲਾਂ ਸਿੱਖ ਖੇਡਾਂ ਦੇ ਪਿਛੋਕੜ ਤੇ ਝਾਤ ਮਾਰ ਲਈ ਜਾਵੇ ਤਾਂ ਠੀਕ ਹੋਵੇਗਾ।
ਅੱਸੀ ਦੇ ਦਹਾਕੇ ਦੀ ਗੱਲ ਹੈ ਜਦੋਂ ਹਾਲੇ ਆਸਟ੍ਰੇਲੀਆ 'ਚ
ਪੰਜਾਬੀਆਂ ਦੀ ਗਿਣਤੀ ਨਾ-ਮਾਤਰ ਸੀ। ਉਸ ਵਕਤ ਮਲੇਸ਼ੀਆ ਤੋਂ ਉੱਠ ਕੇ ਬਹੁਤ ਸਾਰੇ ਪਰਵਾਰ
ਸਾਊਥ ਆਸਟ੍ਰੇਲੀਆ ਦੀ ਧਰਤੀ ਉਤੇ ਆਪਣੇ ਪੈਰ ਜਮਾਉਣ ਲੱਗੇ। ਹੌਲੀ ਹੌਲੀ ਜਦੋਂ ਮੁੱਢਲੀਆਂ
ਜ਼ਰੂਰਤਾਂ ਪੂਰੀਆਂ ਹੋਈਆਂ ਤਾਂ ਆਪਣਾ ਪਹਿਲਾ ਫ਼ਰਜ਼ ਐਡੀਲੇਡ ਵਿਖੇ "ਗੁਰੂ ਦਾ ਘਰ"
ਯਾਨੀ ਗੁਰਦੁਆਰਾ ਸਾਹਿਬ ਬਣਾਉਣ ਬਾਰੇ ਸੋਚਿਆ ਗਿਆ। ਭਾਵੇਂ ਵੱਖਰੇ ਵੱਖਰੇ ਥਾਵਾਂ ਤੇ
ਕੀਰਤਨ ਦਰਬਾਰ ਦਾ ਸਿਲਸਿਲਾ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ। ਪਰ ਸੰਗਤਾਂ ਦੀ ਆਮਦ
ਤੇ ਉਤਸ਼ਾਹ ਨੇ ਗੁਰੂ ਘਰ ਦੀ ਪੱਕੀ ਇਮਾਰਤ ਬਣਾਉਣ ਵੱਲ ਨੂੰ ਹੁੰਗਾਰਾ ਭਰਿਆ। 1988 'ਚ ਗੁਰੂ ਘਰ ਦੀ ਸ਼ੁਰੂਆਤ ਮੌਕੇ 'ਤੇ
ਖੇਡਾਂ ਕਰਵਾਉਣ ਦੀ ਗੱਲ ਹੋਈ ਤਾਂ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਚੁਣਿਆ ਗਿਆ। ਜਿਸ
ਦਾ ਇਕ ਵੱਡਾ ਕਾਰਨ ਮਲੇਸ਼ੀਆ ਦੇ ਪੰਜਾਬੀਆਂ ਵਿਚ ਵੀ ਹਾਕੀ ਕਾਫ਼ੀ ਪ੍ਰਚਲਿੱਤ ਹੋਣਾ ਵੀ
ਸੀ। ਇਹਨਾਂ ਖੇਡਾਂ ਨਾਲ ਪਹਿਲੇ ਦਿਨ ਤੋਂ ਜੁੜੇ ਮਹਾਂਬੀਰ ਸਿੰਘ ਗਰੇਵਾਲ ਦੇ ਦੱਸਣ
ਮੁਤਾਬਿਕ ਜਦੋਂ ਉਹ ਮਲੇਸ਼ੀਆ ਤੋਂ ਆਸਟ੍ਰੇਲੀਆ ਆਏ ਤਾਂ ਉਸ ਵਕਤ ਮਲੇਸ਼ੀਆ ਵਿਚ ਪੰਜਾਬੀ
ਭਾਈਚਾਰੇ ਦੀਆਂ ਖੇਡਾਂ ਤਕਰੀਬਨ 36 ਸਾਲ ਤੋਂ ਲਗਾਤਾਰ ਹੋ ਰਹੀਆਂ ਸਨ, ਜੋ ਕਿ ਹੁਣ 62 ਸਾਲ ਦਾ ਆਪਣਾ ਸਫ਼ਰ ਤਹਿ ਕਰ ਚੁੱਕੀਆਂ ਹਨ। ਸੋ, ਉਹੀ ਪਿਰਤ ਆਸਟ੍ਰੇਲੀਆ 'ਚ ਸ਼ੁਰੂ ਕਰਨ ਬਾਰੇ ਸੋਚਿਆ ਗਿਆ। ਇਹਨਾਂ ਖੇਡਾਂ ਦਾ ਨਾਂ 'ਸਿੱਖ ਖੇਡਾਂ' ਰੱਖਣ
ਬਾਰੇ ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਸੰਗਤ ਵੱਲੋਂ ਕੀਤੇ ਇਸ ਉਪਰਾਲੇ ਕਰ ਕੇ ਇਹਨਾਂ
ਦਾ ਨਾਂ ਸਿੱਖ ਖੇਡਾਂ ਰੱਖਿਆ ਗਿਆ ਤੇ ਇਸ ਪਿੱਛੇ ਦੀ ਸੋਚ ਵਿਦੇਸ਼ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਜਰੀਏ ਧਰਮ ਤੇ ਇਕ ਦੂਜੇ ਨਾਲ ਜੋੜਨਾ ਸੀ।
ਪਹਿਲੀਆਂ ਸਿੱਖ ਖੇਡਾਂ 'ਚ
ਸਾਊਥ ਆਸਟ੍ਰੇਲੀਆ ਤੋਂ ਇਲਾਵਾ ਮੈਲਬਾਰਨ ਤੋਂ ਵੀ ਕੁਝ ਟੀਮਾਂ ਨੇ ਹਿੱਸਾ ਲਿਆ। ਇਥੇ
ਜ਼ਿਕਰਯੋਗ ਹੈ ਕਿ ਉਸ ਵਕਤ ਕੁਝ ਇਕ ਗੋਰਿਆਂ ਦੀਆਂ ਟੀਮਾਂ ਨੇ ਵੀ ਇਹਨਾਂ ਪਹਿਲੀਆਂ ਸਿੱਖ
ਖੇਡਾਂ 'ਚ ਆਪਣੇ ਜੌਹਰ ਦਿਖਾਏ। ਗਰੇਵਾਲ ਹੋਰਾਂ ਦੇ ਦੱਸਣ
ਮੁਤਾਬਿਕ ਐਡੀਲੇਡ ਦੀਆਂ ਸੰਗਤਾਂ ਨੇ ਮੈਲਬਾਰਨ ਤੋਂ ਆਈਆਂ ਟੀਮਾਂ ਨੂੰ ਅਗਲੇ ਸਾਲ ਇਹ
ਖੇਡਾਂ ਕਰਵਾਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਪ੍ਰਵਾਨ ਕਰ ਲਈ। ਮੈਲਬਾਰਨ 'ਚ ਹੋਈਆਂ ਸਿੱਖ ਖੇਡਾਂ 'ਚ ਸਾਊਥ ਆਸਟ੍ਰੇਲੀਆ ਤੋਂ ਇਲਾਵਾ ਸਿਡਨੀ ਤੋਂ ਵੀ ਖਿਡਾਰੀਆਂ ਨੇ ਹਿੱਸਾ ਲਿਆ ਤੇ ਇੰਝ ਹੌਲੀ ਹੌਲੀ ਇਹ ਖੇਡਾਂ ਇਕ ਤੋਂ ਦੂਜੇ ਥਾਂ ਹੁੰਦੀਆਂ ਆਪਣੇ 26ਵੇਂ ਸਾਲ 'ਚ ਪਹੁੰਚ ਗਈਆਂ। ਹਰ ਸਾਲ ਇਹਨਾਂ ਦਾ ਵਿਸਤਾਰ ਹੁੰਦਾ ਗਿਆ ਤੇ ਹੌਲੀ ਹੌਲੀ ਫੁੱਟਬਾਲ, ਕਬੱਡੀ, ਨੈੱਟਬਾਲ ਅਤੇ ਅਥਲੈਟਿਕਸ ਆਦਿ ਇਹਨਾਂ ਖੇਡਾਂ ਦਾ ਇਕ ਅਹਿਮ ਹਿੱਸਾ ਬਣ ਗਈਆਂ।
ਹੁਣ ਗੱਲ ਕਰਦੇ ਹਾਂ ਇਹਨਾਂ ਖੇਡਾਂ ਦੇ ਅਣਗੌਲੇ ਪੱਖ 'ਤੇ ;
ਸਭ ਤੋਂ ਵੱਧ ਅਣਗੌਲੇ ਪੱਖ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਹੈ ਭਾਰਤੀ ਅਤੇ ਵਿਦੇਸ਼ੀ ਮੀਡੀਆ ਵੱਲੋਂ ਦੁਨੀਆਂ ਦੇ ਦੱਖਣੀ ਗੋਲੇ 'ਤੇ ਹੁੰਦੇ ਇਸ ਮਹਾਨ ਕੁੰਭ ਨੂੰ ਅਹਿਮੀਅਤ ਨਾ ਦੇਣਾ। ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਆਸਟ੍ਰੇਲੀਆ 'ਚ ਛਪਦੇ ਸਾਰੇ ਪੰਜਾਬੀ ਅਖ਼ਬਾਰ ਇਸ ਗੱਲੋਂ ਵਧਾਈ ਦੇ ਪਾਤਰ ਹਨ, ਜੋ ਇਹਨਾਂ ਖੇਡਾਂ ਲਈ ਮੁਫ਼ਤ ਇਸ਼ਤਿਹਾਰ ਛਾਪਣ ਤੋਂ ਇਲਾਵਾ ਇਹਨਾਂ ਦੀ ਪੂਰੀ ਕਵਰੇਜ਼ ਵੀ ਦਿਲ ਖੋਲ੍ਹ ਕੇ ਕਰਦੇ ਹਨ। 2006 'ਚ
ਹਰਮਨ ਰੇਡੀਓ ਨੇ ਪਹਿਲੀ ਵਾਰ ਸਿੱਖ ਖੇਡਾਂ ਦਾ ਲਾਈਵ ਪ੍ਰਸਾਰਨ ਕਰ ਕੇ ਇਕ ਨਵਾਂ ਅਧਿਆਇ
ਜੋੜਿਆ ਸੀ। ਆਸਟ੍ਰੇਲੀਅਨ ਪੰਜਾਬੀ ਮੀਡੀਆ ਦੀ ਇਕ ਵੱਡੀ ਮਜਬੂਰੀ ਇਹ ਹੈ ਕਿ ਇਹ ਘਰ ਫ਼ੂਕ
ਤਮਾਸ਼ਾ ਦੇਖਣ ਵਾਲਾ ਧੰਦਾ ਹੋਣ ਕਾਰਣ ਇਹਨਾਂ ਦਾ ਦਾਇਰਾ ਬਹੁਤ ਸੀਮਤ ਹੈ।
ਜੇਕਰ ਭਾਰਤੀ ਜਾਂ ਕਹਿ ਲਓ ਪੰਜਾਬ ਦੇ ਮੀਡੀਆ ਦੀ ਗੱਲ ਕੀਤੀ ਜਾਏ ਤਾਂ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਖ਼ਬਰਾਂ 'ਚ ਰਹਿਣਾ ਕਿੰਨਾ ਕੁ ਔਖਾ ਹੈ ? ਕਿਤੇ ਵੀ ਇਕ ਬਿਆਨ ਦਿਓ, ਪੱਤਰਕਾਰ
ਮਿੱਤਰ ਨੂੰ ਭੇਜ ਦਿਓ ਤੇ ਦਿਨ ਚੜ੍ਹਦੇ ਸਾਰ ਪਾ ਦਿਓ ਫੇਸ ਬੁੱਕ ਤੇ ਗਾਹ। ਵੀਹ-ਪੰਜਾਹ
ਲਾਇਕ ਤੇ ਤੀਹ ਚਾਲੀ ਕਮੈਂਟ ਤਾਂ ਆ ਹੀ ਜਾਣੇ ਹੁੰਦੇ ਹਨ। ਬੱਸ ਏਨੀ ਕੁ ਸਾਡੀ ਮਾਰ ਹੁੰਦੀ
ਹੈ ਆਪਣਾ ਆਪ ਚਿੱਤ ਪ੍ਰਚਾਉਣ ਦੀ। ਜ਼ਿੰਮੇਵਾਰੀਆਂ, ਫ਼ਰਜ਼ ਅਤੇ ਸੱਚਮੁੱਚ ਹੀ ਕੋਈ ਇਹੋ ਜਿਹਾ ਕੰਮ ਜੋ ਖ਼ੁਦ ਹੀ ਖ਼ਬਰ ਬਣੇ, ਉਸ ਵੱਲ ਸਾਡਾ ਧਿਆਨ ਘੱਟ ਹੀ ਜਾਂਦਾ ਹੈ। ਸਾਡੀ ਪੱਤਰਕਾਰੀ ਬੱਸ ਇਹਨਾਂ ਦਾਇਰਿਆਂ 'ਚ ਹੀ ਸਿਮਟੀ ਹੋਈ ਹੈ, ਜਿਸ ਦਾ ਨਤੀਜਾ ਇੱਕਾ ਦੁੱਕਾ ਪੱਤਰਕਾਰਾਂ ਨੂੰ ਛੱਡ ਕਿਸੇ ਨੂੰ ਬੇਗਾਨੀ ਧਰਤੀ 'ਤੇ 26 ਸਾਲ, ਪੰਦਰਾਂ-ਵੀਹ ਹਜ਼ਾਰ ਦਾ ਇਕੱਠ, ਦੋ ਹਜ਼ਾਰ ਦੇ ਕਰੀਬ ਖਿਡਾਰੀਆਂ 'ਚ ਕੋਈ ਖ਼ਬਰ ਦਿਖਾਈ ਨਹੀਂ ਦਿਤੀ। ਇੱਕਾ ਦੁੱਕਾ ਜੋ ਖ਼ਬਰਾਂ ਭਾਰਤੀ ਮੀਡੀਆ 'ਚ ਗਈਆਂ ਵੀ ਉਨ੍ਹਾਂ 'ਚ
ਵੀ ਦੋ ਚਾਰ ਬੰਦਿਆਂ ਨੂੰ ਖ਼ੁਸ਼ ਕਰਨ ਨੂੰ ਛੱਡ ਹੋਰ ਕੁਝ ਨਹੀਂ ਦਿਸਿਆ। ਜਿਨ੍ਹਾਂ ਕੁ
ਥਾਂ ਭਾਰਤੀ ਮੀਡੀਆ ਨੇ ਇਹਨਾਂ ਖੇਡਾਂ ਨੂੰ ਦਿੱਤਾ ਉਨੀ ਖ਼ਬਰ ਤਾਂ ਕਿਸੇ ਦੀ ਬੱਕਰੀ
ਗੁਆਚਣ ਤੇ ਛਾਪ ਦਿੱਤੀ ਜਾਂਦੀ ਹੈ।
ਇਥੇ ਕਸੂਰ ਇਕੱਲਾ ਪੱਤਰਕਾਰਾਂ ਦਾ ਹੀ ਨਹੀਂ, ਮੂਹਰਲਿਆਂ ਨੂੰ ਕਿਸੇ ਇਤਿਹਾਸ ਤਕ ਕੋਈ ਲੈਣਾ ਦੇਣਾ ਨਹੀਂ, ਉਨ੍ਹਾਂ ਨੂੰ ਤਾਂ ਕੋਈ ਚਟਪਟੀ ਖ਼ਬਰ ਭੇਜੋ, ਫੇਰ
ਦੇਖੋ ਕਿਵੇਂ ਮੂਹਰਲੇ ਪੰਨੇ ਤੇ ਲਗਦੀ ਹੈ। ਇਥੇ ਮੈਨੂੰ ਮੇਰੇ ਮਿੱਤਰ ਸੁਖਨੈਬ ਸਿੱਧੂ ਦੀ
ਗੱਲ ਚੇਤੇ ਆ ਰਹੀ ਹੈ। ਉਂਝ ਤਾਂ ਉਹ ਮੇਰੇ ਦੁੱਖ ਸੁੱਖ ਦਾ ਸਾਥੀ ਹੈ, ਅੱਧੀ ਆਵਾਜ਼ ਮਾਰੇ ਤੋਂ ਹਾਜ਼ਰ ਹੋ ਜਾਂਦਾ ਹੈ, ਪਰ ਆਹ ਪਾਣੀ ਮਾਰਨ ਵਾਲੀਆਂ ਖ਼ਬਰਾਂ ਪਿੱਛੇ ਉਹ ਕਈ ਬਾਰ ਮੇਰੀ ਲਾਹ-ਪਾਹ ਕਰ ਚੁੱਕਿਆ ਹੈ। ਪਹਿਲਾਂ ਤਾਂ ਇਕ ਦੋ ਵਾਰ ਮੈਨੂੰ ਵੀ ਬੁਰਾ ਲੱਗਿਆ ਤੇ ਉਸ 'ਤੇ ਗ਼ੁੱਸਾ ਵੀ ਆਇਆ । ਜਦੋਂ ਮੈਂ ਕੋਈ ਖ਼ਬਰ ਉਨ੍ਹਾਂ ਦੇ ਆਨਲਾਈਨ ਅਖ਼ਬਾਰ 'ਪੰਜਾਬੀ ਨਿਊਜ਼ ਆਨਲਾਈਨ' ਲਈ
ਭੇਜਣੀ ਤਾਂ ਉਸ ਨੇ ਬੜੀ ਬੇਰੁਖ਼ੀ ਜਹੀ ਨਾਲ ਛਾਪਣ ਤੋਂ ਨਾਂਹ ਕਰ ਦੇਣੀ ਤੇ ਕਹਿਣਾ ਯਾਰ
ਕੋਈ ਖ਼ਬਰ ਹੋਵੇ ਤਾਂ ਭੇਜਿਆ ਕਰੋ। ਉਹੀ ਪੰਜ ਸੱਤ ਬੰਦਿਆਂ ਦੇ ਨਾਂ ਅੱਗੇ ਪਿੱਛੇ ਕਰ ਕੇ
ਭੇਜੀ ਖ਼ਬਰ ਮੈਂ ਨਹੀਂ ਛਾਪਣੀ, ਕੱਲ੍ਹ ਨੂੰ ਨਾਰਾਜ਼ ਹੁੰਦਾ ਭਾਵੇਂ ਅੱਜ ਹੋ ਜਾ। ਪਰ ਹੁਣ ਉਸ ਤੇ ਗ਼ੁੱਸਾ ਆਉਣੋਂ ਹਟ ਗਿਆ।
ਚਲੋ ਮੁੱਦੇ 'ਤੇ
ਆਉਂਦੇ ਹਾਂ। ਹੁਣ ਆਸਟ੍ਰੇਲੀਆ ਦੇ ਮੀਡੀਆ ਤੇ ਨਜ਼ਰਸਾਨੀ ਕਰਦੇ ਹਾਂ। ਮੈਂ ਬਹੁਤ ਲੱਭਿਆ
ਪਰ ਮੈਨੂੰ ਕੋਈ ਇਹੋ ਜਿਹੀ ਖ਼ਬਰ ਜਾਂ ਰਿਪੋਰਟ ਦੇਖਣ ਨੂੰ ਨਹੀਂ ਮਿਲੀ, ਜਿਸ ਵਿਚ ਇਹਨਾਂ ਸਿੱਖ ਖੇਡਾਂ ਦਾ ਕਿਤੇ ਜ਼ਿਕਰ ਕੀਤਾ ਹੋਵੇ। ਭਾਵੇਂ ਹਰ ਵਾਰ ਉਦਘਾਟਨ ਮੌਕੇ ਕੋਈ ਨਾ ਕੋਈ ਮੰਤਰੀ ਜਾਂ ਐਮ. ਪੀ. ਇਹਨਾਂ ਖੇਡਾਂ 'ਚ ਸ਼ਿਰਕਤ ਕਰਨ ਵੀ ਆਉਂਦਾ ਹੈ ਤੇ ਕਈ ਵਾਰ ਸਰਕਾਰੀ ਮੱਦਦ ਵੀ ਉਹ ਦੇ ਚੁੱਕੇ ਹਨ। ਪਰ ਫੇਰ ਵੀ ਆਸਟ੍ਰੇਲੀਆ ਦੇ ਮੀਡੀਆ ਨੂੰ ਇਹਨਾਂ ਖੇਡਾਂ 'ਚ ਕੋਈ ਦਿਲਚਸਪੀ ਨਹੀਂ।ਜਦੋਂ ਇਸ ਦੇ ਕਾਰਣ ਪੜਚੋਲਣ ਦੀ ਕੋਸ਼ਿਸ਼ ਕੀਤੀ ਤਾਂ ਇਕ ਗੱਲ ਤਾਂ ਇਹ ਸਾਹਮਣੇ ਆਈ ਕਿ ਇਹਨਾਂ ਨਾਲ ਕੋਈ ਅਧਿਕਾਰਤ ਤੌਰ 'ਤੇ ਸੰਪਰਕ ਹੀ ਨਹੀਂ ਕੀਤਾ ਜਾਂਦਾ। ਸੋ ਇਸੇ ਲਈ ਇਹ ਖੇਡਾਂ ਦੀ ਕਵਰੇਜ਼ ਨਹੀਂ ਕਰਦੇ। ਪਰ ਇਹ ਗੱਲ ਵੀ ਪੂਰੀ ਤਰ੍ਹਾਂ ਠੀਕ ਨਹੀਂ, ਇਸ ਲਈ ਇਕ ਹੱਡ ਬੀਤੀ ਸਾਂਝੀ ਕਰਨੀ ਚਾਹੁੰਦਾ ਹਾਂ। 2011 'ਚ
ਐਡੀਲੇਡ ਇਕ ਵਾਰ ਫੇਰ ਸਿੱਖ ਖੇਡਾਂ ਦਾ ਮੇਜ਼ਬਾਨ ਸੀ। ਮੈਨੂੰ ਇਹਨਾਂ ਖੇਡਾਂ ਲਈ ਮੀਡੀਆ
ਇੰਚਾਰਜ ਦੀ ਜ਼ਿੰਮੇਵਾਰੀ ਮਿਲੀ। ਸੋ ਮੇਰਾ ਪਹਿਲਾ ਕੰਮ ਹੀ ਇਹ ਸੀ ਕਿ ਇਸ ਵਾਰ ਅਸੀਂ
ਆਸਟ੍ਰੇਲੀਅਨ ਮੀਡੀਆ ਨੂੰ ਇਸ ਕਾਰਜ ਵਿਚ ਸ਼ਾਮਿਲ ਜ਼ਰੂਰ ਕਰਾਂਗੇ। ਇਸੇ ਮੱਦੇਨਜ਼ਰ ਮੈਂ
ਕੁਝ ਇਕ ਚੈਨਲਾਂ ਅਤੇ ਅਖ਼ਬਾਰਾਂ ਦੇ ਦਫ਼ਤਰਾਂ 'ਚ ਗਿਆ। ਪਰ ਹਰ ਇਕ ਤੋਂ ਮੈਨੂੰ ਇਕੋ ਜਵਾਬ ਮਿਲਿਆ ਕਿ ਤੁਸੀਂ ਤਿੰਨ ਮਹੀਨੇ ਪਹਿਲਾਂ ਬੁੱਕ ਕਰਵਾਉਣਾ ਸੀ, ਹੁਣ ਤਾਂ ਦੇਰੀ ਹੋ ਗਈ। ਉਨ੍ਹਾਂ ਦੀ ਦਲੀਲ ਸੀ ਕਿ ਖੇਡਾਂ ਈਸਟਰ ਦੀਆਂ ਛੁੱਟੀਆਂ 'ਚ ਹੁੰਦੀਆਂ ਤੇ ਉਸ ਵਕਤ ਸਟਾਫ਼ ਬਹੁਤ ਘੱਟ ਹੁੰਦਾ ਹੈ, ਸੋ ਉਹ ਕਵਰੇਜ਼ ਨਹੀਂ ਕਰ ਸਕਦੇ। ਉਸ ਵਕਤ ਖੇਡਾਂ 'ਚ
ਦੋ ਮਹੀਨੇ ਬਾਕੀ ਸਨ। ਇਕ ਚੈਨਲ ਵਾਲੀ ਬੀਬੀ ਨਾਲ ਤਾਂ ਮੇਰੀ ਤੂੰ ਤੂੰ ਮੈਂ ਮੈਂ ਵੀ ਹੋ
ਗਈ ਸੀ ਜਦੋਂ ਮੈਂ ਉਸ ਨੂੰ ਇਹ ਕਹਿ ਬੈਠਾ ਕਿ ਜੇ ਅੱਜ ਸਾਡੇ ਕਿਸੇ ਪੰਜਾਬੀ ਕੋਲੋਂ ਕੋਈ
ਨਿੱਕੀ ਜਿਹੀ ਗ਼ਲਤੀ ਹੋ ਜਾਵੇ ਤਾਂ ਤੁਸੀਂ ਉਸੇ ਵਕਤ ਉੱਥੇ ਪਹੁੰਚ ਕੇ ਮਿੱਟੀ ਪੱਟਣ ਲੱਗ
ਜਾਵੋਗੇ। ਪਰ ਸਾਡੇ ਇਸ ਫ਼ਖ਼ਰ ਕਰਨ ਵਾਲੇ ਕੰਮ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ। ਉਹ ਤੂੰ
ਤੂੰ ਮੈਂ ਮੈਂ ਤਾਂ ਜ਼ਿਆਦਾ ਨਹੀਂ ਵਧੀ ਕਿਉਂਕਿ ਮਾਤ੍ਹੜ ਆਪਣੀ ਅੰਗਰੇਜ਼ੀ ਮੁੱਕਣ ਦੇ
ਡਰੋਂ ਉੱਥੋਂ ਖਿਸਕ ਆਇਆ। ਪਰ ਗੱਲ ਸਪੱਸ਼ਟ ਹੈ ਕਿ ਕਿਤੇ ਨਾ ਕਿਤੇ ਦਾਲ ਕਾਲੀ ਜ਼ਰੂਰ ਹੈ।
ਸਰਕਾਰ ਦੀ ਦਿਲਚਸਪੀ ਘੱਟ
ਹੋਣ ਦਾ ਕਾਰਨ ਤਾਂ ਸਪੱਸ਼ਟ ਹੀ ਹੈ ਕਿ ਹਾਲੇ ਤੱਕ ਸਾਡੇ ਭਾਈਚਾਰੇ ਕੋਲ ਵੋਟ ਦੀ ਤਾਕਤ
ਨਹੀਂ ਹੈ। ਉਮੀਦ ਹੈ ਕੁਝ ਕੁ ਸਾਲਾਂ ਨੂੰ ਇਹ ਸਾਨੂੰ ਆਪ ਮੇਲੇ ਗੇਲੇ ਕਰਦੇ ਦਿਖਾਈ ਦੇਣਗੇ, ਜਦੋਂ
ਅਸੀਂ ਵੋਟਾਂ ਵਾਲੇ ਹੋ ਗਏ। ਇਸ ਮਸਲੇ ਨੂੰ ਇਕ ਵਾਰ ਮੈਂ ਸਾਡੇ ਲੋਕਲ ਫੈਡਰਲ ਐਮ. ਪੀ.
ਨਾਲ ਸਾਂਝਾ ਕੀਤਾ ਸੀ ਤੇ ਉਸ ਨੂੰ ਅਹਿਸਾਸ ਕਰਵਾਇਆ ਸੀ ਕਿ ਅਸੀਂ ਇਹਨਾਂ ਖੇਡਾਂ ਨਾਲ
ਆਸਟ੍ਰੇਲੀਅਨ ਅਰਥਚਾਰੇ 'ਚ ਕਿੰਨਾ ਯੋਗਦਾਨ ਦਿੰਦੇ ਹਾਂ। ਕਿਉਂਕਿ ਇਹਨਾਂ ਖੇਡਾਂ ਨੂੰ ਦੇਖਣ ਵਾਲੇ ਦੂਰੋਂ-ਦੂਰੋਂ ਹਜ਼ਾਰਾਂ ਡਾਲਰ ਖ਼ਰਚ ਕੇ ਆਉਂਦੇ ਹਨ। ਜਿਹੜਾ ਕਿ ਸਿੱਧੇ ਰੂਪ 'ਚ
ਅਰਥਚਾਰੇ ਨੂੰ ਫ਼ਾਇਦਾ ਹੁੰਦਾ ਹੈ। ਪਰ ਆਪਣੀ ਆਵਾਜ਼ ਸਰਕਾਰ ਦੇ ਕੰਨੀਂ ਪਾਉਣ ਲਈ ਸਾਨੂੰ
ਰਲ ਮਿਲ ਕੇ ਹੰਭਲਾ ਮਾਰਨਾ ਪੈਣਾ ਹੈ। ਨਹੀਂ ਤਾਂ ਅਸੀਂ ਇਸੇ ਤਰ੍ਹਾਂ ਹੀ ਅਣਗੌਲੇ ਰਹਿ
ਜਾਣਾ। ਪਰ ਪਏਗਾ ਰਲ ਮਿਲ ਕੇ ਰਹਿਣਾ ! ''ਰਲ ਮਿਲ ਕੇ ਰਹਿਣਾ'' ਲਿਖਣ 'ਚ ਹੀ ਸੁਖਾਲਾ ਹੈ, ਅਸਲ 'ਚ ਤਾਂ ਸਾਡਾ ਇਕੱਲੇ ਇਕੱਲੇ ਦਾ ਹਉਮੈ ਰਲ-ਮਿਲ ਕੇ ਸਰਬੱਤ ਦੇ ਭਲੇ ਦੀ ਸੋਚਣ ਹੀ ਕਿੱਥੇ ਦਿੰਦਾ ਹੈ ?
ਇਕ ਦੋ ਹੋਰ ਮਸਲੇ ਹਨ ਜੋ ਸੰਖੇਪ 'ਚ ਸਾਂਝੇ ਕਰਨਾ ਚਾਹਾਂਗਾ। ਇਕ ਤਾਂ ਜਦੋਂ ਸਿੱਖ ਖੇਡਾਂ 'ਚ ਸ਼ਾਮਿਲ ਖਿਡਾਰੀਆਂ 'ਤੇ ਝਾਤ ਮਾਰੀਦੀ ਹੈ ਤਾਂ ਇਕ ਵਾਰ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ, ਜਦੋਂ ਇਹਨਾਂ ਖੇਡਾਂ 'ਚ ਪੂਰਨ ਸਿੱਖੀ ਸਰੂਪ 'ਚ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਨਾ ਮਾਤਰ ਜਾਂ ਕਹਿ ਦੇਈਏ ਇੱਕਾ ਦੁੱਕਾ ਹੀ ਦਿਖਾਈ ਦਿੰਦੀ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਵੇਂ ਮੇਰੇ ਜਿਹੇ ਸਿੱਖੀ ਦੇ ਦੋਸ਼ੀਆਂ ਦੀ ਬਹੁਤਾਤ ਹੋ ਗਈ ਹੈ ਪਰ ਸੱਚ ਜਾਣਿਓ, ਬਹੁਤਿਆਂ
ਦੀਆਂ ਭਾਵਨਾਵਾਂ ਸਿੱਖੀ ਨੂੰ ਪ੍ਰਫੁੱਲਿਤ ਹੁੰਦਾ ਦੇਖਣ ਦੀਆਂ ਹਨ। ਅੱਜ ਜਦੋਂ ਗਹੁ ਨਾਲ
ਇਹਨਾਂ ਖੇਡਾਂ ਦੀਆਂ ਤਸਵੀਰਾਂ ਦੇਖ ਰਿਹਾ ਸੀ ਤਾਂ ਇਹਨਾਂ ਖੇਡਾਂ 'ਚ ਸ਼ਾਮਿਲ ਲੋਕਾਂ 'ਚ ਪੂਰਨ ਸਿੱਖੀ ਸਰੂਪ 'ਚ
ਇਕ-ਦੋ ਪ੍ਰਤੀਸ਼ਤ ਅਤੇ ਪੱਗ ਵਾਲੇ ਮਸਾਂ ਕੁ ਚਾਰ ਪ੍ਰਤੀਸ਼ਤ ਦੇਖਣ ਨੂੰ ਮਿਲ ਰਹੇ ਸਨ।
ਜੋ ਵਾਕਿਆ ਸਾਡੇ ਧਰਮ ਲਈ ਚਿੰਤਾ ਦਾ ਵਿਸ਼ਾ ਹੈ। ਸਿੱਖ ਖੇਡਾਂ ਦਾ ਸਿਰਫ਼ ਇਕ ਝਲਕਾਰਾ
ਤਿੰਨ ਦਿਨਾਂ 'ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਰਣਜੀਤ ਅਖਾੜਾ ਦੇ ਸਿੰਘਾਂ ਨੇ ਗਤਕੇ ਦੀ ਮਹਾਨ ਪਰੰਪਰਾ ਨੂੰ ਮੈਦਾਨ ਵਿਚ ਕੁਝ ਵਕਤ ਲਈ ਜਿਉਂਦਾ ਕਰ ਦਿੱਤਾ।
ਇਹਨਾਂ ਖੇਡਾਂ ਦੌਰਾਨ
ਹੁੰਦੀ ਸਿੱਖ ਫੋਰਮ ਦਾ ਇਤਿਹਾਸ ਵੀ ਇਹਨਾਂ ਖੇਡਾਂ ਜਿਨ੍ਹਾਂ ਹੀ ਪੁਰਾਣਾ ਹੋ ਚੁੱਕਿਆ ਪਰ
ਅਫ਼ਸੋਸ ਹਾਲੇ ਤੱਕ ਵੀਹ-ਤੀਹ ਬੰਦਿਆਂ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੀ।
ਕਿਸੇ ਵੀ ਧਰਮ ਲਈ ਇਹੋ ਜਿਹੇ ਫੋਰਮ ਦਾ ਮਹੱਤਵ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਪਾਸੇ
ਸਾਨੂੰ ਹੋਰ ਸੋਚਣਾ ਪਵੇਗਾ। ਚਾਹੇ ਇਸ ਦਾ ਸਮਾਂ ਅੱਗੇ ਪਿੱਛੇ ਕੀਤਾ ਜਾਵੇ ,ਚਾਹੇ
ਇਸ ਨਾਲ ਕੁਝ ਕੁ ਪ੍ਰਦਰਸ਼ਨੀਆਂ ਨੂੰ ਜੋੜਿਆ ਜਾਵੇ। ਜਿਸ ਨਾਲ ਨਵੀਂ ਪੁਰਾਣੀ ਪੀੜ੍ਹੀ
ਨੂੰ ਇਸ ਫੋਰਮ ਵਿਚ ਹੋਰ ਜਿਗਿਆਸਾ ਪੈਦਾ ਹੋਵੇ। ਇਸ ਬਾਰ ਦੀ ਫੋਰਮ ਵਿਚ ਵੀ ਲੋਕਾਂ ਦੀ
ਘਾਟ ਰੜਕੀ ਅਤੇ ਕੁਝ ਕੁ ਬੁਲਾਰੇ ਆਪਣੀ ਮਾਤ ਭਾਸ਼ਾ ਦਾ ਫ਼ਿਕਰ ਅੰਗਰੇਜ਼ੀ ਵਿਚ ਕਰਨ ਨੂੰ
ਤਰਜੀਹ ਦਿੰਦੇ ਦਿਖਾਈ ਦਿੱਤੇ।
ਬਾਬਾ ਫੌਜਾ ਸਿੰਘ ਦੀ ਹਾਜ਼ਰੀ ਵੀ ਇਹਨਾਂ ਖੇਡਾਂ 'ਚ ਕਾਫ਼ੀ ਹਲਚਲ ਪੈਦਾ ਕਰ ਗਈ। ਮੈਨੂੰ ਨਹੀਂ ਲਗਦਾ ਸਿੱਖ ਖੇਡਾਂ 'ਚ
ਆਇਆ ਕੋਈ ਵੀ ਜੀਅ (ਮੇਰੇ ਤੋਂ ਸਿਵਾਏ) ਬਾਬਾ ਜੀ ਨਾਲ ਫ਼ੋਟੋ ਨਾ ਖਿਚਵਾ ਕੇ ਗਿਆ ਹੋਵੇ।
ਐਸ. ਬੀ. ਐਸ. ਰੇਡੀਓ ਤੋਂ ਬੀਬੀ ਮਨਪ੍ਰੀਤ ਕੌਰ ਨੂੰ ਬਾਬਾ ਜੀ ਦੇ ਪ੍ਰੋਗਰਾਮ ਨੂੰ
ਸੁਚਾਰੂ ਢੰਗ ਨਾਲ ਚਲਾਉਣ ਦੀ ਕਾਫ਼ੀ ਮਸ਼ੱਕਤ ਕਰਨੀ ਪੈ ਰਹੀ ਸੀ।
ਖੇਡਾਂ ਦੌਰਾਨ ਖਾਣ-ਪੀਣ ਦੇ ਇੰਤਜ਼ਾਮ ਲਾਜਵਾਬ ਸਨ ਪਰ ਹਾਲੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ। ਖੇਡਾਂ ਦੇ ਵਿਚਕਾਰਲੇ ਦਿਨ 2015
ਦੀਆਂ ਵੂਲਗੂਲਗਾ ਵਿਖੇ ਹੋ ਰਹੀਆਂ ਖੇਡਾਂ ਦੇ ਪ੍ਰਬੰਧਕ ਸਰਦਾਰ ਮਨਜੀਤ ਸਿੰਘ ਸਿੱਧੂ ਨਾਲ
ਅਤੇ ਅਮਨਦੀਪ ਸਿੱਧੂ ਨਾਲ ਇਸ ਵਿਸ਼ੇ ਤੇ ਖੁਲ ਕੇ ਗੱਲਬਾਤ ਹੋਈ ਕਿ ਖਿਡਾਰੀਆਂ ਅਤੇ
ਪ੍ਰਬੰਧਕਾਂ ਲਈ ਅਲੱਗ ਤੋਂ ਲੰਗਰ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਕਿਉਂਕਿ ਮੈਚ ਤੋਂ
ਬਾਅਦ ਖਿਡਾਰੀ ਲੰਮੀਆਂ ਲਾਈਨਾਂ 'ਚ ਖੜ੍ਹ ਕੇ ਆਪਣੀ ਵਾਰੀ ਦੀ
ਉਡੀਕ ਕਰਦੇ ਅਕਸਰ ਹੀ ਦੇਖੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਖੇਡ ਪ੍ਰਭਾਵਿਤ ਹੁੰਦੀ
ਹੈ। ਸਾਡਾ ਗੱਲਬਾਤ ਦਾ ਦੂਜਾ ਵਿਸ਼ਾ ਮੀਡੀਆ ਲਈ ਇਕ ਸੈਂਟਰ ਪੁਆਇੰਟ ਬਣਾਉਣਾ ਸੀ, ਜਿਸ ਨਾਲ ਕਿ ਮੀਡੀਆ ਨੂੰ ਛੇਤੀ ਤੇ ਸਹੀ ਜਾਣਕਾਰੀ ਆਸਾਨੀ ਨਾਲ ਇਕੋ ਥਾਂ ਤੋਂ ਮਿਲ ਸਕੇ।
ਇਕ ਹੋਰ ਜਿਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਉਹ
ਇਹ ਹੈ ਕਿ ਸਾਡੇ ਕੁਝ ਇਕ ਅਦਾਰੇ ਆਪਸੀ ਧੜੇਬੰਦੀ ਵਿੱਚ ਆਮ ਲੋਕਾਂ ਅਤੇ ਖਿਡਾਰੀਆਂ ਦਾ
ਸ਼ਿਕਾਰ ਕਰ ਰਹੇ ਹਨ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਵੀ ਸਿੱਖ ਖੇਡਾਂ ਹੋਣ, ਉਸ ਤੋਂ ਥੋੜ੍ਹਾ ਪਹਿਲਾਂ ਕੋਈ ਹੋਰ ਟੂਰਨਾਮੈਂਟ ਰੱਖ ਲਿਆ ਜਾਂਦਾ ਹੈ, ਜੋ ਅਸਿੱਧੇ ਰੂਪ 'ਚ
ਇਹਨਾਂ ਖੇਡਾਂ ਨੂੰ ਪ੍ਰਭਾਵਿਤ ਕਰ ਜਾਂਦਾ ਹੈ। ਇਹਨਾਂ ਲੋਕਾਂ ਨੂੰ ਵੀ ਬੇਨਤੀ ਹੀ ਹੈ ਕਿ
ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਾਰਿਸੋ ਕਦੇ ਇਕੱਲੇ ਬੈਠ ਆਪਣਿਆਂ ਬਾਰੇ ਵੀ ਸੋਚ
ਕੇ ਦੇਖ ਲਵੋ ਕਿ ਭਲਾ ਮੰਗਣ ਅਤੇ ਕਰਨ ਨਾਲ ਮਨ ਨੂੰ ਕਿੰਨਾਂ ਸਕੂਨ ਮਿਲਦਾ ਹੈ !
ਇਸ ਵਾਰ ਸਾਫ਼ ਸਫ਼ਾਈ ਅਤੇ ਪਾਣੀ ਪਿਲਾਉਣ ਦੀ ਸੇਵਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਛੇ ਕੁ ਮਹੀਨੇ ਪਹਿਲਾਂ ਇਕ ਹੋਰ ਕਲੱਬ ਮੈਲਬਾਰਨ 'ਚ ਪੰਜਾਬੀ ਸਪੋਰਟਸ ਅਤੇ ਕਲਚਰਲ ਦੇ ਨਾਂ ਹੇਠ ਹੋਂਦ 'ਚ ਆਇਆ ਸੀ। ਉਸ ਵਕਤ ਮੈਂ ਵੀ ਇਹੀ ਸੋਚਦਾ ਸੀ ਕਿ ਇਹ ਵੀ ਬੱਸ ਐਵੇਂ ਇੱਕਾ ਦੁੱਕਾ ਸੁਰਖ਼ੀਆਂ ਬਟੋਰਨ ਲਈ ਬਣਿਆ ਕਲੱਬ ਹੈ। ਪਰ ਉਨ੍ਹਾਂ ਸਿੱਖ ਖੇਡਾਂ 'ਚ ਚੌਧਰ ਦੀ ਥਾਂ ਅਸਲੀ ਸੇਵਾ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਕੋਲੋਂ ਲਈ ਸੀ। ਜਿਸ ਵਿਚ ਉਹ ਪੂਰਨ ਤੌਰ 'ਤੇ
ਖਰੇ ਵੀ ਉਤਰੇ। ਤਿੰਨੇ ਦਿਨ ਇਸ ਕਲੱਬ ਦੇ ਨੌਜਵਾਨਾਂ ਨੇ ਪੀਲੀਆਂ ਟੀ ਸ਼ਰਟਾਂ ਪਾ ਕੇ
ਹਜ਼ਾਰਾਂ ਬੋਤਲਾਂ ਪਾਣੀ ਦੀਆਂ ਵੰਡੀਆਂ ਤੇ ਨਾਲ-ਨਾਲ ਸਫ਼ਾਈ ਲਈ ਬਹੁਤ ਮਿਹਨਤ ਕੀਤੀ।
ਗੋਲਡੀ ਬਰਾੜ, ਵਿੱਕੀ ਸੰਧੂ, ਬਲਦੇਵ ਸਿੰਘ ਹਰੀ, ਕੁਲਦੀਪ ਸਿੰਘ ਔਲਖ ਆਦਿ ਜਿੱਥੇ ਹਰ ਵਕਤ ਸੇਵਾ 'ਚ ਰੁੱਝੇ ਦਿਸੇ ਉੱਥੇ ਮਨਜਿੰਦਰ ਬਰਾੜ, ਪਾਇਲਟ ਬਰਾੜ, ਗੁਰਲਾਲ ਬਰਾੜ ਆਦਿ ਨੇ ਇਸ ਕਾਰਜ 'ਚ ਬਹੁਤ ਸਹਿਯੋਗ ਦਿੱਤਾ। ਫੋਕੀ ਬਿਆਨਬਾਜ਼ੀ ਕਰ ਕੇ ਖ਼ਬਰਾਂ 'ਚ ਰਹਿਣ ਵਾਲਿਆਂ ਲਈ ਇਹਨਾਂ ਨੌਜਵਾਨਾਂ ਨੇ ਇਕ ਚੰਗੀ ਮਿਸਾਲ ਪੇਸ਼ ਕੀਤੀ। ਗੋਲਡੀ ਬਰਾੜ ਦੀ ਇਥੇ ਖ਼ਾਸ ਪ੍ਰਸ਼ੰਸਾ ਕਰਨੀ ਬਣਦੀ ਹੈ, ਕਿਉਂਕਿ ਉਨ੍ਹਾਂ ਸਿੱਖ ਖੇਡਾਂ ਦੀ ਕਮੇਟੀ ਅਤੇ ਸਰਕਾਰ ਵਿਚਾਲੇ ਇਕ ਕੜੀ ਦੀ ਜੋ ਭੂਮਿਕਾ ਨਿਭਾਈ ਉਹ ਕਾਬਿਲ-ਏ-ਤਾਰੀਫ਼ ਹੈ। ਆਉਣ ਵਾਲੇ ਦਿਨਾਂ 'ਚ
ਇਸ ਨੌਜਵਾਨ ਤੋਂ ਪੰਜਾਬੀ ਭਾਈਚਾਰੇ ਨੂੰ ਕਾਫ਼ੀ ਉਮੀਦਾਂ ਹਨ। ਉਸ ਦਾ ਭਵਿੱਖ ਕਾਫ਼ੀ
ਉੱਜਵਲ ਲੱਗ ਰਿਹਾ ਹੈ ਪਰ ਸ਼ਰਤ ਇਹ ਹੈ ਕਿ ਜੇਕਰ ਉਹ ਧਰਤੀ ਨਾਲ ਜੁੜ ਕੇ ਅੱਗੇ ਵਧਣ ਲਈ
ਵਚਨਬੱਧ ਰਿਹਾ ਤਾਂ ।
ਮਾਇਕ ਦੀ ਜ਼ਿੰਮੇਵਾਰੀ
ਦੇਸ਼ੋਂ ਆਏ ਸੁਰਜੀਤ ਸਿੰਘ ਕਕਰਾਲੀ ਅਤੇ ਸੱਤੇ ਨਿਊਜ਼ੀਲੈਂਡੀਏ ਵੱਲੋਂ ਨਿਭਾਈ ਗਈ। ਕਿਤੇ
ਨਾ ਕਿਤੇ ਆਸਟ੍ਰੇਲੀਆ ਦੀ ਆਪਣੀ ਕਬੱਡੀ ਕੰਮੈਟੇਟਰ ਜੋੜੀ ਰਣਜੀਤ ਖੇੜਾ ਅਤੇ ਚਰਨਾਮਤ ਸਿੰਘ
ਦੀ ਗ਼ੈਰ ਹਾਜ਼ਰੀ ਰੜਕ ਰਹੀ ਸੀ। ਉਨ੍ਹਾਂ ਨੇ ਇਕ ਦਿਨ ਲਗਵਾਈ ਛੋਟੀ ਜਿਹੀ ਹਾਜ਼ਰੀ 'ਚ ਸਭ ਨੂੰ ਪ੍ਰਭਾਵਿਤ ਕੀਤਾ। ਇਸ ਵਾਰ ਵੀ ਹਰਮਨ ਰੇਡੀਓ 'ਤੇ ਲਾਈਵ ਕਮੈਂਟਰੀ ਚਲਾਈ ਗਈ ਪਰ ਗਰਾਊਂਡ ਦੇ ਰੌਲ਼ੇ ਰੱਪੇ 'ਚ ਉਹ ਸੁਆਦ ਨਹੀਂ ਆਇਆ, ਜੋ
ਆਉਣਾ ਚਾਹੀਦਾ ਸੀ। ਹਰਭਜਨ ਖੈਰ੍ਹਾ ਅਤੇ ਡਾ. ਪ੍ਰੀਤਇੰਦਰ ਗਰੇਵਾਲ ਦੀ ਮਿਹਨਤ ਦੇ ਨਤੀਜੇ
ਵਜੋਂ ਰਾਤ ਦਾ ਰੰਗਾ-ਰੰਗ ਪ੍ਰੋਗਰਾਮ ਵੀ ਹਾਊਸ ਫੁਲ ਦਾ ਬੋਰਡ ਲਗਵਾ ਗਿਆ।
ਅਖੀਰ ਵਿਚ ਲੰਮੇ ਸਮੇਂ
ਬਾਅਦ ਸਿੱਖ ਖੇਡਾਂ ਦੀ ਜ਼ਿੰਮੇਵਾਰੀ ਮਹਾਂਬੀਰ ਸਿੰਘ ਗਰੇਵਾਲ ਤੋਂ ਮਨਜੀਤ ਸਿੰਘ ਬੋਪਾਰਾਏ
ਦੇ ਮੋਢਿਆਂ ਤੇ ਆਈ ਹੈ। ਉਨ੍ਹਾਂ ਨੂੰ ਸਰਬਸੰਮਤੀ ਨਾਲ ਇਹਨਾਂ ਖੇਡਾਂ ਦਾ ਪ੍ਰਧਾਨ
ਬਣਾਇਆ ਗਿਆ ਹੈ। ਜਿਸ ਦਾ ਮੈਂ ਇਕ ਵੱਡਾ ਕਾਰਣ ਸੰਨ 2008 ਜਦੋਂ ਤੋਂ 'ਦੀ ਪੰਜਾਬ' ਅਖ਼ਬਾਰ
ਹੋਂਦ ਵਿਚ ਆਇਆ ਹੈ, ਵੱਲੋਂ ਭਾਈਚਾਰੇ ਦੀ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੰਨਦਾ
ਹਾਂ। ਹਰ ਇਨਸਾਨ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ। ਉਮੀਦ ਹੈ ਹੁਣ ਮਨਜੀਤ ਸਿੰਘ
ਬੋਪਾਰਾਏ ਇਹਨਾਂ ਖੇਡਾਂ ਦੇ ਅਣਗੌਲੇ ਪੱਖਾਂ ਵੱਲ ਧਿਆਨ ਦੇਣਗੇ, ਜਿੰਨ੍ਹਾਂ
ਵਿਚ ਮੀਡੀਆ ਕਵਰੇਜ਼ ਤੋਂ ਇਲਾਵਾ ਇਹਨਾਂ ਖੇਡਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਵੀ ਇਕ
ਅਹਿਮ ਕੰਮ ਹੈ ਤਾਂ ਕਿ ਇਤਿਹਾਸ ਨੂੰ ਸਾਂਭਿਆ ਜਾ ਸਕੇ। ਅੱਜ ਦੇ ਯੁੱਗ 'ਚ ਇਹ ਕੰਮ ਕੋਈ ਔਖਾ ਵੀ ਨਹੀਂ, ਬੱਸ
ਲੋੜ ਹੈ ਕਿਸੇ ਮਾਹਿਰ ਅਤੇ ਜ਼ਿੰਮੇਵਾਰ ਬੰਦੇ ਨੂੰ ਇਸ ਦੀ ਵਾਗਡੋਰ ਫੜਾਉਣ ਦੀ। ਜਾਂਦੇ
ਜਾਂਦੇ ਕੁਲਦੀਪ ਬਾਸੀ ਦੇ ਨਵੀਂ ਖੋਜ ਮੀਕ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਨੇ ਇਹਨਾਂ
ਖੇਡਾਂ 'ਚ ਆਪਣੀ ਧਾਕ ਜਮਾਈ।





No comments:
Post a Comment