ਤਲਵੰਡੀ ਸਾਬੋ, (ਮੁਨੀਸ਼)- ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤਕ ਕੱਢੇ ਜਾਣ ਵਾਲੇ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਲਈ ਰੱਖੇ ਪ੍ਰੋਗਰਾਮ ਦੇ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਗੇ ਪੇਸ਼ ਹੋ ਕੇ ਮਾਫੀ ਮੰਗੀ। ਜਦੋਂਕਿ ਸ਼੍ਰੋਮਣੀ ਕਮੇਟੀ ਨੇ ਵੀ ਉਕਤ ਮਾਰਚ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਸਰਦਾਰੀਆ ਟਰੱਸਟ ਦਬੜੀਖਾਨਾ ਵਲੋਂ 7 ਅਪ੍ਰੈਲ ਨੂੰ ਜੈਤੋ ਤੋਂ ਮੁਕਤਸਰ ਸਾਹਿਬ ਤਕ ਦਸਤਾਰ ਚੇਤਨਾ ਮਾਰਚ ਕੱਢਿਆ ਜਾਣਾ ਸੀ, ਜਿਸ ਨੂੰ ਜੈਤੋ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਦੀ ਸਿਫਾਰਸ਼ 'ਤੇ ਸ਼੍ਰੋਮਣੀ ਕਮੇਟੀ ਵਲੋਂ ਪੰਜ ਲੱਖ ਰੁਪਏ ਨਕਦ ਅਤੇ ਦੋ ਲੱਖ ਰੁਪਏ ਦੀਆਂ ਦਸਤਾਰਾਂ ਦਿੱਤੀਆਂ ਗਈਆਂ। ਮਾਰਚ ਪ੍ਰਬੰਧਕਾਂ ਵਲੋਂ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਦੇ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਇਕ ਪਤਿਤ ਗਾਇਕ ਨੂੰ ਸਨਮਾਨਿਤ ਕਰਨ ਦਾ ਮਾਮਲਾ ਬਲਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਖਾਲਸਾ, ਸਰਦੂਲ ਸਿੰਘ ਖਾਲਸਾ, ਹਰਜਿੰਦਰ ਸਿੰਘ ਸਮੇਤ ਡੇਢ ਦਰਜਨ ਦੇ ਕਰੀਬ ਸਿੱਖ ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਦਰਖਾਸਤ ਦੇ ਕੇ ਧਿਆਨ ਵਿਚ ਲਿਆਂਦਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੰਘ ਸਾਹਿਬ ਨੇ ਮਾਮਲੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੂੰ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ । ਅੱਜ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੋਬਾ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਕਮੇਟੀ ਨੇ ਮੈਂਬਰ ਸੁਖਦੇਵ ਸਿੰਘ ਦੀ ਸਿਫਾਰਸ਼ 'ਤੇ ਦਬੜੀਖਾਨਾ ਟਰੱਸਟ ਨੂੰ ਉਕਤ ਮਾਰਚ ਲਈ ਪੈਸਾ ਤੇ ਦਸਤਾਰਾਂ ਸਿੱਖੀ ਦਾ ਪ੍ਰਚਾਰ ਅਤੇ ਲੋਕਾਂ ਨੂੰ ਸਿੱਖ ਵਿਰਾਸਤ ਨਾਲ ਜੋੜਣ ਲਈ ਧਾਰਮਿਕ ਪ੍ਰੋਗਰਾਮ ਲਈ ਦਿੱਤੀਆਂ ਸਨ, ਨਾ ਕਿ ਇਕ ਅਜਿਹੇ ਪਤਿੱਤ ਗਾਈਕ ਨੂੰ ਸਨਮਾਨਿਤ ਕਰਨ ਲਈ, ਜਿਸ ਨੂੰ ਦੇਖ ਕੇ ਨੌਜਵਾਨ ਪੀੜ੍ਹੀ ਕੇਸ-ਦਾੜੀ ਰੱਖਣ ਲਈ ਪ੍ਰੇਰਿਤ ਹੋਣ ਦੀ ਬਜਾਏ ਕੇਸ ਕਤਲ ਕਰਵਾਉਣ ਲਈ ਝੁਕਦੀ ਹੈ। ਸਿੰਘ ਸਾਹਿਬ ਨੰਦਗੜ੍ਹ ਨੇ ਉਕਤ ਮਾਮਲੇ ਦੇ ਸਬੰਧਤ ਵਿਚ ਸਰਦਾਰਾਂ ਟਰੱਸਟ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਹੋਰ ਅਹੁਦੇਦਾਰਾਂ ਨੂੰ 17 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਪੇਸ਼ ਹੋ ਕੇ ਆਪਣੇ ਸਪੱਸ਼ਟੀਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਧਰ, ਸ਼੍ਰੋਮਣੀ ਕਮੇਟੀ ਵਲੋਂ ਉਕਤ ਮਾਰਚ ਨੂੰ ਦਿੱਤੇ ਸਮੱਰਥਨ ਨੂੰ ਵਾਪਸ ਲੈ ਲਿਆ ਹੈ।