jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਨਸ਼ਿਆਂ ਦੀ ਖੁੱਲ੍ਹ ਨੇ ਫਰੀਦਕੋਟ ਜੇਲ੍ਹ ਵਿੱਚ ਖੋਲ੍ਹਿਆ ਬਗ਼ਾਵਤ ਦਾ ਰਾਹ

www.sabblok.blogspot.com
ਫ਼ਰੀਦਕੋਟ ਦੀ ਮਾਡਰਨ ਜੇਲ੍ਹ

ਫਰੀਦਕੋਟ, 23 ਅਪਰੈਲ(ਪੀ ਟੀ ਆਈ )
ਜੇਲ੍ਹ ਵਿੱਚ ਕੈਦੀਆਂ ਵੱਲੋਂ ਇੱਕ ਦਿਨ ਪਹਿਲਾਂ ਜੇਲ੍ਹ ਪ੍ਰਸ਼ਾਸਨ ਖਿਲਾਫ਼ ਕੀਤੀ ਗਈ ਖੁੱਲ੍ਹੀ ਬਗ਼ਾਵਤ ਦਾ ਰਾਜ਼ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਜੇਲ੍ਹ ਸੂਤਰਾਂ ਤੋਂ ਮਿਲੀ ਭਰੋਸੇਯੋਗ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਨਸ਼ਿਆਂ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਸੀ ਅਤੇ ਇਸ ਦੀ ਜਾਣਕਾਰੀ ਜੇਲ੍ਹ ਦੇ ਸਮੁੱਚੇ ਪ੍ਰਸ਼ਾਸਨ ਨੂੰ ਸੀ ਪ੍ਰੰਤੂ ਇਸ ਦੇ ਬਾਵਜੂਦ ਨਸ਼ਿਆਂ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ। ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀ ਅਤੇ ਕੈਦੀ ਸਮੈਕ ਨੂੰ ਪਾਣੀ ਵਿੱਚ ਮਿਲਾ ਕੇ ਟੀਕੇ ਰਾਹੀਂ ਨਾੜਾਂ ਵਿੱਚ ਲਾਉਂਦੇ ਸਨ। ਲਗਭਗ ਸਾਰੇ ਕੈਦੀ ਅਤੇ ਹਵਾਲਾਤੀ ਇੱਕੋ ਸੂਈ ਅਤੇ ਸਰਿੰਜ ਇਸ ਕੰਮ ਲਈ ਇਸਤੇਮਾਲ ਕਰਦੇ ਹਨ।
ਪਿਛਲੇ ਛੇ ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਇੱਕ ਹਵਾਲਾਤੀ ਨੇ ਦੱਸਿਆ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਦੋ ਕੈਦੀਆਂ ਨੂੰ ਸਮੈਕ ਦਾ ਟੀਕਾ ਨਹੀਂ ਮਿਲਿਆ ਅਤੇ ਇਨ੍ਹਾਂ ਦੋਹਾਂ ਕੈਦੀਆਂ ਨੂੰ ਸਮੈਕ ਲੈਣ ਵਾਲੇ ਕੈਦੀਆਂ ਦਾ ਖੂਨ ਟੀਕੇ ਰਾਹੀਂ ਕੱਢ ਕੇ ਨਸ਼ੇ ਦੇ ਲੋੜਵੰਦ ਕੈਦੀਆਂ ਨੂੰ ਲਾ ਦਿੱਤਾ। ਕੈਦੀਆਂ ਨੇ ਸਮੈਕ ਵਾਲਾ ਖੂਨ ਦੂਸਰੇ ਕੈਦੀ ਦੀਆਂ ਨਾੜਾਂ ਵਿੱਚ ਲਾਉਣ ਤੋਂ ਪਹਿਲਾਂ ਉਸ ਦਾ ਬਲੱਡ ਗਰੁੱਪ ਵੀ ਨਹੀਂ ਜਾਂਚਿਆ। ਇਸੇ ਕਰਕੇ ਲਗਾਤਾਰ ਤਿੰਨ ਮੌਤਾਂ ਹੋਈਆਂ ਜਦੋਂ ਕਿ ਦੋ ਕੈਦੀ ਅਜਿਹੀ ਹੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ ਜਿਨ੍ਹਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜੇਲ੍ਹ ਵਿੱਚ ਹੈਪੇਟਾਈਟਸ (ਕਾਲਾ ਪੀਲੀਆ), ਏਡਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਸੌ ਤੋਂ ਵੀ ਵੱਧ ਹੈ ਪ੍ਰੰਤੂ ਇਹ ਸਾਰੇ ਵਿਅਕਤੀ ਸਮੈਕ ਦਾ ਨਸ਼ਾ ਕਰਨ ਲਈ ਇੱਕ ਹੀ ਸੂਈ ਤੇ ਸਰਿੰਜ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਇੱਕ ਹਫ਼ਤੇ ਵਿੱਚ ਤਿੰਨ ਕੈਦੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਜੇਲ੍ਹ ਦੇ ਪ੍ਰਬੰਧ ਵਿਵਾਦਾਂ ਵਿੱਚ ਰਹੇ ਹਨ।
ਨਵੰਬਰ 2011 ਤੋਂ ਲੈ ਕੇ ਅਪਰੈਲ 2013 ਤੱਕ 26 ਤੋਂ ਵੱਧ ਹਵਾਲਾਤੀ ਅਤੇ ਕੈਦੀ ਜੇਲ੍ਹ ਵਿੱਚ ਮਰ ਚੁੱਕੇ ਹਨ ਜਦੋਂ ਕਿ ਜੇਲ੍ਹ ਵਿੱਚ ਨਸ਼ਿਆਂ ਦੀ ਤਸਕਰੀ ਕਰਵਾਉਣ, ਕੈਦੀਆਂ ਨੂੰ ਹਿਰਾਸਤ ਵਿੱਚੋਂ ਭਜਵਾਉਣ ਦੇ ਦੋਸ਼ਾਂ ਤਹਿਤ 16 ਜੇਲ੍ਹ ਮੁਲਾਜ਼ਮਾਂ ਖਿਲਾਫ਼ ਫੌਜਦਾਰੀ ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿੱਚ ਇੱਕ ਜੇਲ੍ਹ ਅਧਿਕਾਰੀ ਵੀ ਸ਼ਾਮਲ ਹੈ। ਜੇਲ੍ਹ ਸੁਪਰਡੈਂਟ ਜੇ.ਪੀ. ਸਿੰਘ ਨੇ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਦੋਂ ਕਿ ਜੇਲ੍ਹ ਵਿੱਚ ਹੋਈ ਬਗ਼ਾਵਤ ਦੀ ਜਾਂਚ ਕਰ ਰਹੇ ਮੈਜਿਸਟਰੇਟ ਸਾਹਮਣੇ ਅਜਿਹੇ ਤੱਥ ਆਉਣ ਦੀ ਪੁਸ਼ਟੀ ਹੋਈ ਹੈ। ਇਸ ਬਗ਼ਾਵਤ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਫ਼ਰੀਦਕੋਟ ਅਤੇ ਸਬ-ਡਿਵੀਜ਼ਨਲ ਮੈਜਿਸਟਰੇਟ ਕੋਟਕਪੂਰਾ ਪੜਤਾਲ ਕਰ ਰਹੇ ਹਨ। ਇਹ ਪੜਤਾਲ ਪਿਛਲੇ 24 ਘੰਟਿਆਂ ਤੋਂ ਲਗਾਤਾਰ ਜਾਰੀ ਹੈ ਅਤੇ ਇਸ ਸਬੰਧ ਵਿਚ ਹੁਣ ਤੱਕ 130 ਵਿਅਕਤੀਆਂ ਦੇ ਬਿਆਨ ਲਿਖੇ ਜਾ ਚੁੱਕੇ ਹਨ। ਜੇਲ੍ਹ ਅਧਿਕਾਰੀਆਂ ਨੇ ਹੁਣ ਤੱਕ ਮਰੇ ਕੈਦੀਆਂ ਤੇ ਹਵਾਲਾਤੀਆਂ ਦਾ ਪੋਸਟਮਾਰਟਮ ਕਰਾਉਣ ਤੋਂ ਪਹਿਲਾਂ ਕਿਸੇ ਵੀ ਜੁਡੀਸ਼ਲ ਅਧਿਕਾਰੀ ਨੂੰ ਲਿਖਤੀ ਸੂਚਨਾ ਨਹੀਂ ਦਿੱਤੀ ਜੋ ਜੇਲ੍ਹ ਪ੍ਰਸ਼ਾਸਨ ਦੀ ਇਮਾਨਦਾਰੀ ’ਤੇ ਸ਼ੱਕ ਖੜ੍ਹੇ ਕਰਦੀ ਹੈ। ਜੇਲ੍ਹ ਅਧਿਕਾਰੀਆਂ ਨੇ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਦੀ ਮਦਦ ਨਾਲ 130 ਦੇ ਕਰੀਬ ਕੈਦੀਆਂ ਤੇ ਹਵਾਲਾਤੀਆਂ ਨੂੰ ਚੱਕੀਆਂ ਵਿੱਚ ਬੰਦ ਕਰ ਦਿੱਤਾ ਹੈ ਅਤੇ ਬਾਕੀ ਹਵਾਲਾਤੀਆਂ ਤੇ ਕੈਦੀਆਂ ਨੂੰ ਅੱਜ ਪੂਰਾ ਦਿਨ ਬੈਰਕਾਂ ’ਚੋਂ ਬਾਹਰ ਨਹੀਂ ਕੱਢਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ। ਫ਼ਰੀਦਕੋਟ ਦੀ ਮਾਡਰਨ ਜੇਲ੍ਹ ਕੈਦੀਆਂ ਦੀ ਸਹੂਲਤ ਲਈ ਨਵੰਬਰ 2011 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਨੂੰ 113 ਕਰੋੜ ਰੁਪਏ ਦੀ ਮਦਦ ਨਾਲ 78 ਕਿੱਲਿਆਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਜੇਲ੍ਹ ਵਿੱਚ 2185 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪਰੰਤੂ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ ਇਹ ਜੇਲ੍ਹ ਲਗਾਤਾਰ ਵਿਵਾਦਾਂ ਵਿੱਚ ਰਹੀ ਹੈ ਅਤੇ ਇਸ ਜੇਲ੍ਹ ਦੇ ਹਜ਼ਾਰਾਂ ਕੈਦੀ ਕਈ ਵਾਰ ਆਪਣੀਆਂ ਮੰਗਾਂ ਮਨਵਾਉਣ ਲਈ ਭੁੱਖ ਹੜਤਾਲ ਅਤੇ ਮਰਨ ਵਰਤ ’ਤੇ ਜਾ ਚੁੱਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਜੇਲ੍ਹ ਦੇ ਪ੍ਰਬੰਧਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਡਿਪਟੀ ਕਮਿਸ਼ਨਰ ਰਵੀ ਭਗਤ ਨੇ ਕਿਹਾ ਕਿ ਜੇਲ੍ਹ ਵਿੱਚ ਵਾਪਰੀ ਘਟਨਾ ਬੇਹੱਦ ਮੰਦਭਾਗੀ ਸੀ ਅਤੇ ਇਸ ਦੀ ਤਹਿ ਤੱਕ ਜਾਇਆ ਜਾਵੇਗਾ।

ਜੇਲ੍ਹ ਦਾ ਅਮਲਾ ਅੰਧ-ਵਿਸ਼ਵਾਸੀ

ਫ਼ਰੀਦਕੋਟ ਮਾਡਰਨ ਜੇਲ੍ਹ ਦਾ ਅਮਲਾ ਜੇਲ੍ਹ ਵਿੱਚ ਵਾਪਰ ਰਹੀਆਂ ਘਟਨਾਵਾਂ ਲਈ ਖੁਦ ਨੂੰ ਜ਼ਿੰਮੇਵਾਰ ਨਹੀਂ ਮੰਨਦਾ ਬਲਕਿ ਇਸ ਲਈ ‘ਓਪਰੀ ਕਸਰ’ (ਸ਼ੈਅ) ਨੂੰ ਕਸੂਰਵਾਰ ਮੰਨਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਪਿੰਡ ਹਰੀ ਨੌਂ ਦੇ ਤਾਂਤਰਿਕ ਨੂੰ ਸੱਦ ਕੇ ਜੇਲ੍ਹ ਦੇ ਸੁਧਾਰ ਲਈ ਟੂਣੇ-ਟਾਮਣੇ ਵੀ ਕਰਵਾਏ ਸਨ ਪ੍ਰੰਤੂ ਇਸ ਦੇ ਬਾਵਜੂਦ ਜੇਲ੍ਹ ਵਿੱਚ ਕੈਦੀਆਂ ਦਾ ਮਰਨਾ ਅਤੇ ਹੋਰ ਗ਼ੈਰਕਾਨੂੰਨੀ ਘਟਨਾਵਾਂ ਰੁਕਣ ਵਿੱਚ ਕੋਈ ਮਦਦ ਨਹੀਂ ਮਿਲੀ।

No comments: